ਮਲੂਕਾ ਨੇ ਅਕਾਲ ਤਖ਼ਤ ‘ਤੇ ਕੋਈ ਲਿਖਤੀ ਮੁਆਫ਼ੀ ਨਹੀਂ ਭੇਜੀ

ਮਲੂਕਾ ਨੇ ਅਕਾਲ ਤਖ਼ਤ ‘ਤੇ ਕੋਈ ਲਿਖਤੀ ਮੁਆਫ਼ੀ ਨਹੀਂ ਭੇਜੀ

ਅੰਮ੍ਰਿਤਸਰ/ਬਿਊਰੋ ਨਿਊਜ਼ :
ਸਿੱਖ ਅਰਦਾਸ ਦੀ ਨਕਲ ਦੇ ਮਾਮਲੇ ਵਿੱਚ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਮੀਡੀਆ ਵਿੱਚ ਸਿੱਖ ਪੰਥ ਕੋਲੋਂ ਮਾਫੀ ਮੰਗ ਲਈ ਹੈ ਪਰ ਇਸ ਸਬੰਧੀ ਹੁਣ ਤੱਕ ਲਿਖਤੀ ਤੌਰ ‘ਤੇ ਸ੍ਰੀ ਅਕਾਲ ਤਖ਼ਤ ਵਿਖੇ ਕੋਈ ਪੱਤਰ ਨਹੀਂ ਪੁੱਜਾ ਹੈ। ਦੂਜੇ ਪਾਸੇ ਸਿੱਖ ਜਥੇਬੰਦੀ ਦਲ ਖਾਲਸਾ ਨੇ ਆਖਿਆ ਕਿ ਅਕਾਲੀ ਮੰਤਰੀ ਦੀ ਮੁਆਫੀ ਨਾਲ ਮਸਲਾ ਖ਼ਤਮ ਨਹੀਂ ਹੁੰਦਾ ਕਿਉਂਕਿ ਸਮੱਸਿਆ ਦੀ ਜੜ੍ਹ ਅਤੇ ਚਿੰਤਾ ਦਾ ਵਿਸ਼ਾ ਅਰਦਾਸ ਦੀ ਨਕਲ ਹੈ।
ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਇਸ ਮਾਮਲੇ ਦੀ ਜਾਂਚ ਲਈ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦਿੱਤੇ ਗਏ ਸਨ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜੋ 15 ਦਿਨਾਂ ਵਿੱਚ ਆਪਣੀ ਜਾਂਚ ਰਿਪੋਰਟ ਸ੍ਰੀ ਅਕਾਲ ਤਖ਼ਤ ਨੂੰ ਸੌਂਪੇਗੀ। ਇਸ ਦੌਰਾਨ ਸ੍ਰੀ ਮਲੂਕਾ ਨੇ ਮੀਡੀਆ ਵਿਚ ਆਖਿਆ ਉਹ ਇਸ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਅੱਗੇ ਨਤਮਸਤਕ ਹਨ ਪਰ ਇਸ ਮਾਮਲੇ ਸਬੰਧੀ ਸ੍ਰੀ ਅਕਾਲ ਤਖ਼ਤ ਵਿਖੇ ਉਨ੍ਹਾਂ ਵਲੋਂ ਕੋਈ ਪੱਤਰ ਨਹੀਂ ਪੁੱਜਾ ਹੈ। ਇਸ ਦੀ ਪੁਸ਼ਟੀ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਵੱਲੋਂ ਕੀਤੀ ਗਈ ਹੈ।

ਸਿਮਰਨਜੀਤ ਸਿੰਘ ਮਾਨ ਵੱਲੋਂ ਫੌਰੀ ਕਾਰਵਾਈ ਕਰਨ ਦੀ ਮੰਗ :
ਫ਼ਤਹਿਗੜ੍ਹ ਸਾਹਿਬ : ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਅਪੀਲ ਕੀਤੀ ਹੈ ਕਿ ਸਿੱਖ ਕੌਮ ਦੀ ਅਰਦਾਸ ਦੀ ਬੇਅਦਬੀ ਮੌਕੇ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਸ਼ਾਮਲ ਹੋਣ ਕਾਰਨ ਸਿੱਖ ਤਖ਼ਤਾਂ ਦੇ ਜਥੇਦਾਰ ਫ਼ੌਰੀ ਕਾਰਵਾਈ ਕਰਨ। ਉਨ੍ਹਾਂ ਸਪਸ਼ਟ ਕੀਤਾ ਕਿ ਉਹ ਹਿੰਦੂ ਧਰਮ ਗ੍ਰੰਥਾਂ ਦੇ ਵਿਰੁੱਧ ਨਹੀਂ ਹਨ ਪਰ ਸਿੱਖ ਕੌਮ ਦੀ ਅਰਦਾਸ ਜਾਂ ਸਿੱਖਾਂ ਦੀਆਂ ਮਹਾਨ ਰਵਾਇਤਾਂ, ਨਿਯਮਾਂ ਤੇ ਅਸੂਲਾਂ ਦਾ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਸਿੰਘ ਸਾਹਿਬਾਨ ਨੂੰ ਅਪੀਲ ਕੀਤੀ ਕਿ ਉਹ ਕੈਬਨਿਟ ਮੰਤਰੀ ਵੱਲੋਂ ਕੀਤੀ ਗਈ ਕੁਤਾਹੀ ਲਈ ਫੌਰੀ ਕਾਰਵਾਈ ਕਰਦੇ ਹੋਏ ਸਿੱਖੀ ਰਵਾਇਤਾਂ ਅਨੁਸਾਰ ਸਖ਼ਤ ਸਜ਼ਾ ਦੇਣ ਦਾ ਪ੍ਰਬੰਧ ਕਰਨ।