ਜਥੇਦਾਰ ਬਲਜੀਤ ਸਿੰਘ ਦਾਦੂਵਾਲ ਪਰਿਵਾਰ ਸਮੇਤ ਗ੍ਰਿਫ਼ਤਾਰ

ਜਥੇਦਾਰ ਬਲਜੀਤ ਸਿੰਘ ਦਾਦੂਵਾਲ ਪਰਿਵਾਰ ਸਮੇਤ ਗ੍ਰਿਫ਼ਤਾਰ

ਕੈਪਸ਼ਨ-ਕਾਦੀਆਂ ਵਿਚ ਪੁਲੀਸ ਹਿਰਾਸਤ ਦੌਰਾਨ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ (ਖੱਬਿਓਂ ਦੂਜੇ)
ਕਾਦੀਆਂ/ਬਿਊਰੋ ਨਿਊਜ਼ :
ਸਰਬੱਤ ਖ਼ਾਲਸਾ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਥਾਪੇ ਗਏ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਕਾਦੀਆਂ ਪੁਲੀਸ ਨੇ ਗ੍ਰਿਫ਼ਤਾਰ ਕਰਕੇ ਗੁਰਦਾਸਪੁਰ ਜੇਲ੍ਹ ਭੇਜ ਦਿੱਤਾ ਹੈ। ਥਾਣਾ ਕਾਦੀਆਂ ਦੇ ਮੁਖੀ ਹਰਦੀਪ ਸਿੰਘ ਨੇ ਦੱਸਿਆ ਕਿ ਕੋਟ ਟੋਡਰ ਮੱਲ ਰੋਡ ਤੋਂ ਬਲਜੀਤ ਸਿੰਘ ਦਾਦੂਵਾਲ ਨੂੰ ਉਨ੍ਹਾਂ ਦੇ ਸਾਥੀ ਜਗਮੀਤ ਸਿੰਘ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਖ਼ਿਲਾਫ਼ ਧਾਰਾ 107,151 ਤਹਿਤ ਪਰਚਾ ਦਰਜ ਕੀਤਾ ਹੈ। ਯੂਨਾਈਟਿਡ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਗਿਆਨੀ ਦਵਿੰਦਰ ਸਿੰਘ, ਜ਼ਿਲ੍ਹਾ ਪ੍ਰਧਾਨ ਗੁਰਦਰਸ਼ਨ ਸਿੰਘ, ਸਾਬਕਾ ਵਿਧਾਇਕ ਮਾਸਟਰ ਜੌਹਰ ਸਿੰਘ, ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਗੁਰਬਿੰਦਰ ਸਿੰਘ ਜੌਲੀ ਨੇ ਅਕਾਲੀ ਹਕੂਮਤ ਦੀ ਇਸ ਕਾਰਵਾਈ ਦੀ ਨਿੰਦਾ ਕਰਦਿਆਂ ਇਸ ਨੂੰ ਸਰਕਾਰ ਦੀ ਬੌਖਲਾਹਟ ਦਾ ਸਬੂਤ ਦੱਸਿਆ।
ਜਥੇਦਾਰ ਦਾਦੂਵਾਲ ਨੇ ਮੌਕੇ ‘ਤੇ ਦੱਸਿਆ ਕਿ ਉਹ ਪਿੰਡ ਠੀਕਰੀਵਾਲ ਵਿਚ ਹੋ ਰਹੇ ਸਮਾਗਮ ਵਿਚ ਸ਼ਾਮਲ ਹੋਣ ਲਈ ਇਥੇ ਆਏ ਸਨ ਤੇ ਜਦੋਂ ਉਹ ਆਪਣੇ ਪਰਿਵਾਰ ਨਾਲ ਹਰਿਆਣਾ ਸਥਿਤ ਆਪਣੇ ਡੇਰੇ ‘ਤੇ ਵਾਪਸ ਜਾ ਰਹੇ ਸਨ ਤਾਂ ਰੇਲਵੇ ਰੋਡ ‘ਤੇ ਕਾਦੀਆਂ ਪੁਲੀਸ ਨੇ ਉਨ੍ਹਾਂ ਦੀ ਗੱਡੀ ਰੋਕ ਲਈ ਤੇ ਪਰਿਵਾਰ ਸਮੇਤ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਨਵੇਂ ਸਾਲ ਦਾ ਤੋਹਫ਼ਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਸੰਤ ਹਨ ਤੇ ਧਾਰਮਿਕ ਸਥਾਨ ਦੇ ਪ੍ਰਚਾਰਕ ਤੇ ਸੰਤ ਸਮਾਜ ਦੇ ਮੁਖੀ ਹੋਣ ਕਾਰਨ ਹਮੇਸ਼ਾ ਸੰਤਾਂ ਵਿਚ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਪੁਲੀਸ ਨੇ ਨਹੀਂ ਦੱਸਿਆ ਕਿ ਉਨ੍ਹਾਂ ਨੂੰ ਕਿਸ ਕੇਸ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਦੂਜੇ ਪਾਸੇ ਕਾਦੀਆਂ ਪੁਲੀਸ ਨੇ ਉਨ੍ਹਾਂ ਦੀ ਪਤਨੀ ਸੁਖਮੀਤ ਕੌਰ ਤੇ ਪੁੱਤਰ ਕੁਰਬਾਨ ਸਿੰਘ ਨੂੰ ਕੁਝ ਦੇਰ ਬਾਅਦ ਛੱਡ ਦਿੱਤਾ। ਇਸ ਸੰਬੰਧੀ ਕਾਦੀਆਂ ਪੁਲੀਸ ਮੁਖੀ ਨੇ ਦੱਸਿਆ ਕਿ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ 7/51 ਦਾ ਕੇਸ ਦਰਜ ਕਰਕੇ ਐਸ.ਡੀ.ਐਮ. ਬਟਾਲਾ ਦੀ ਕੋਰਟ ਵਿਚ ਪੇਸ਼ ਕੀਤਾ ਜਾਵੇਗਾ।

ਗ੍ਰਿਫ਼ਤਾਰੀ ਵਿਰੁੱਧ ਸਮਰਥਕਾਂ ਵਲੋਂ ਪ੍ਰਦਰਸ਼ਨ :
ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਜੇਲ੍ਹ ਭੇਜੇ ਜਾਣ ਕਾਰਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਅਹੁਦੇਦਾਰਾਂ ਨੇ ਜੇਲ੍ਹ ਸਾਹਮਣੇ ਪਹੁੰਚ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਪਵਾਰ ਨੇ ਕਿਹਾ ਕਿ ਜਥੇਦਾਰ ਦਾਦੂਵਾਲ ਨੂੰ ਗ੍ਰਿਫਤਾਰ ਕਰਨ ਦੀ ਇਹ ਕਾਰਵਾਈ ਸਰਕਾਰ ਦੀ ਬੁਖਲਾਹਟ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਆਏ ਦਿਨ ਕਿਸੇ ਵੀ ਤਰ੍ਹਾਂ ਦੇ ਵਾਰੰਟ ਤੋਂ ਬਗੈਰ ਹੀ ਬੇਕਸੂਰ ਲੋਕਾਂ ਨੂੰ ਇਸ ਢੰਗ ਨਾਲ ਜੇਲ੍ਹਾਂ ਵਿਚ ਬੰਦ ਕਰਨ ਨਾਲ ਪੰਜਾਬ ਵਿਚ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡ ਰਹੀਆਂ ਹਨ, ਜਿਸ ਦਾ ਖਮਿਆਜ਼ਾ ਸਰਕਾਰ ਨੂੰ ਭੁਗਤਣਾ ਪਵੇਗਾ। ਇਸ ਮੌਕੇ ਪਠਾਨਕੋਟ ਜ਼ਿਲ੍ਹੇ ਦੇ ਪ੍ਰਧਾਨ ਗੁਰਮੀਤ ਸਿੰਘ, ਸ਼ਹਿਰੀ ਪ੍ਰਧਾਨ ਸਤਨਾਮ ਸਿੰਘ, ਦਲਜੀਤ ਸਿੰਘ, ਰਤਨ ਸਿੰਘ ਵਿਰਕ, ਅਮਰੀਕ ਸਿੰਘ, ਗੁਰਮੇਜ ਸਿੰਘ ਸਰ੍ਹਾਂ, ਹਰਵੰਤ ਸਿੰਘ ਨਬੀਪੁਰ, ਸੁਖਦੇਵ ਸਿੰਘ, ਬੀਬੀ ਸੁਖਮੀਤ ਕੌਰ, ਦਰਸ਼ਨ ਸਿੰਘ, ਸੇਵਕ ਸਿੰਘ, ਭਗਵਾਨ ਸਿੰਘ, ਬਲਰਾਜ ਸਿੰਘ ਕੋਟ ਧੰਦਲ, ਪਲਵਿੰਦਰ ਸਿੰਘ, ਕੁਲਵੰਤ ਸਿੰਘ ਹਾਜ਼ਰ ਸਨ।