ਮੁਲਾਇਮ ਨੂੰ ਹਟਾ ਕੇ ਅਖਿਲੇਸ਼ ਕੌਮੀ ਪ੍ਰਧਾਨ ਬਣੇ

ਮੁਲਾਇਮ ਨੂੰ ਹਟਾ ਕੇ ਅਖਿਲੇਸ਼ ਕੌਮੀ ਪ੍ਰਧਾਨ ਬਣੇ

ਪਰਿਵਾਰਕ ਜੰਗ : ਪੁੱਤ ਨੇ ਕੌਮੀ ਕਨਵੈਨਸ਼ਨ ਸੱਦ ਕੇ ਕੀਤਾ ਪਿਤਾ ਦੀ ਸੱਤਾ ਦਾ ਤਖ਼ਤਾ ਪਲਟ
ਸ਼ਿਵਪਾਲ ਤੋਂ ਅਹੁਦਾ ਖੋਹਿਆ, ਅਮਰ ਸਿੰਘ ਨੂੰ ਕੀਤਾ ਪਾਰਟੀ ‘ਚੋਂ ਬਾਹਰ
ਲਖਨਊ/ਬਿਊਰੋ ਨਿਊਜ਼ :
ਉੱਤਰ ਪ੍ਰਦੇਸ਼ ਵਿਚ ਸੱਤਾਧਾਰੀ ਸਮਾਜਵਾਦੀ ਪਾਰਟੀ ਵਿੱਚ ਅਖਿਲੇਸ਼ ਯਾਦਵ ਤੇ ਰਾਮ ਗੋਪਾਲ ਯਾਦਵ ਦੀ ਵਾਪਸੀ ਬਾਅਦ ਮੱਠੀ ਹੁੰਦੀ ਲੱਗ ਰਹੀ ਜੰਗ ਨੇ ਉਸ ਵੇਲੇ ਨਵਾਂ ਮੋੜ ਲੈ ਲਿਆ ਜਦੋਂ ਪਾਰਟੀ ਦੀ ਕੌਮੀ ਕਨਵੈਨਸ਼ਨ ਵਿੱਚ ਮੁਲਾਇਮ ਸਿੰਘ ਯਾਦਵ ਦੀ ਜਗ੍ਹਾ ਅਖਿਲੇਸ਼ ਯਾਦਵ ਨੂੰ ਕੌਮੀ ਪ੍ਰਧਾਨ ਥਾਪ ਦਿੱਤਾ ਗਿਆ। ਮੁਲਾਇਮ ਸਿੰਘ ਨੇ ਪਾਰਟੀ ਦੀ ਕੌਮੀ ਕਨਵੈਨਸ਼ਨ ਵਿੱਚ ਮੁੱਖ ਮੰਤਰੀ ਅਖਿਲੇਸ਼ ਯਾਦਵ ਨੂੰ ਕੌਮੀ ਪ੍ਰਧਾਨ ਨਿਯੁਕਤ ਕਰਨ ਸਮੇਤ ਕੀਤੇ ਗਏ ਸਾਰੇ ਫ਼ੈਸਲਿਆਂ ਨੂੰ ਗ਼ੈਰਸੰਵਿਧਾਨਕ ਕਰਾਰ ਦਿੰਦਿਆਂ ਕਨਵੈਨਸ਼ਨ ਦੇ ਕਰਤਾ-ਧਰਤਾ ਤੇ ਪਾਰਟੀ ਦੇ ਜਨਰਲ ਸਕੱਤਰ ਰਾਮ ਗੋਪਾਲ ਯਾਦਵ ਨੂੰ ਮੁੜ ਪਾਰਟੀ ਵਿੱਚੋਂ ਕੱਢ ਦਿੱਤਾ ਹੈ। ਇਸ ਤੋਂ ਪਹਿਲਾਂ ਕਨਵੈਨਸ਼ਨ ਵਿਚ ਸ਼ਿਵਪਾਲ ਸਿੰਘ ਯਾਦਵ ਨੂੰ ਪਾਰਟੀ ਦੇ ਸੂਬਾਈ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਤੋਂ ਇਲਾਵਾ ਅਮਰ ਸਿੰਘ ਨੂੰ ਪਾਰਟੀ ਤੋਂ ‘ਬਾਹਰੀ’ ਕਰਾਰ ਦਿੰਦਿਆਂ ਉਸ ਨੂੰ ਬਰਖ਼ਾਸਤ ਕਰਨ ਲਈ ਮਤਾ ਪਾਸ ਕੀਤਾ ਗਿਆ ਸੀ।
ਇਨ੍ਹਾਂ ਫ਼ੈਸਲਿਆਂ ਤੋਂ ਭਖੇ ਮੁਲਾਇਮ ਸਿੰਘ ਨੇ ਜਵਾਬੀ ਕਾਰਵਾਈ ਕਰਦਿਆਂ ਸਖ਼ਤ ਪੱਤਰ ਜਾਰੀ ਕੀਤਾ ਕਿ ਕੌਮੀ ਕਨਵੈਨਸ਼ਨ ਪਾਰਟੀ ਦੇ ਕੌਮੀ ਪ੍ਰਧਾਨ ਦੀ ਆਗਿਆ ਬਗ਼ੈਰ ਸੱਦੀ ਗਈ ਹੈ, ਜਿਸ ਕਾਰਨ ਇਸ ਵਿੱਚ ਲਏ ਗਏ ਫ਼ੈਸਲੇ ਗ਼ੈਰਕਾਨੂੰਨੀ ਤੇ ਅਸੰਵਿਧਾਨਕ ਹਨ। ਇਸ ਪੱਤਰ ਮੁਤਾਬਕ, ‘ਪਾਰਟੀ ਦੇ ਪਾਰਲੀਮੈਂਟਰੀ ਬੋਰਡ ਕਨਵੈਨਸ਼ਨ ਵਿੱਚ ਪਾਸ ਕੀਤੇ ਮਤਿਆਂ, ਫੈਸਲਿਆਂ ਨੂੰ ਗ਼ੈਰਕਾਨੂੰਨੀ ਐਲਾਨਣ ਤੋਂ ਇਲਾਵਾ ਰਾਮ ਗੋਪਾਲ ਨੂੰ ਛੇ ਸਾਲਾਂ ਲਈ ਬਰਖ਼ਾਸਤ ਕਰਦਾ ਹੈ, ਜਿਸ ਨੇ ਕਨਵੈਨਸ਼ਨ ਬੁਲਾਈ ਸੀ।’ ਪਾਰਟੀ ਵਿਚਲੀ ਦਰਾੜ ਨੂੰ ਹੋਰ ਵੱਡੀ ਕਰਦਿਆਂ ਮੁਲਾਇਮ ਸਿੰਘ ਨੇ ਪੰਜ ਜਨਵਰੀ ਨੂੰ ਇਸੇ ਥਾਂ ‘ਤੇ ਪਾਰਟੀ ਦੀ ਕੌਮੀ ਕਨਵੈਨਸ਼ਨ ਸੱਦ ਲਈ ਹੈ। ਜੈਨੇਸ਼ਵਰ ਮਿਸ਼ਰਾ ਪਾਰਕ ਵਿੱਚ ਹੋਈ ਕਨਵੈਨਸ਼ਨ ਵਿੱਚ ਪੰਜ ਹਜ਼ਾਰ ਦੇ ਕਰੀਬ ਪਾਰਟੀ ਵਰਕਰਾਂ ਨੇ ਅਖਿਲੇਸ਼ ਨੂੰ ਪਾਰਟੀ ਮੁਖੀ ਬਣਾਏ ਜਾਣ ਵਾਲੇ ਮਤੇ ਦਾ ਹੱਥ ਖੜ੍ਹੇ ਕਰ ਕੇ ਸਵਾਗਤ ਕੀਤਾ। ਰਾਮ ਗੋਪਾਲ ਨੇ ਸ਼ਿਵਪਾਲ ਯਾਦਵ ਨੂੰ ਸੂਬਾਈ ਪ੍ਰਧਾਨ ਦੇ ਅਹੁਦੇ ਤੋਂ ਹਟਾਉਂਦਿਆਂ ਪਾਰਟੀ ਦੇ ਬਾਨੀ ਪ੍ਰਧਾਨ ਮੁਲਾਇਮ ਸਿੰਘ ਨੂੰ ਪਾਰਟੀ ਸਰਪ੍ਰਸਤ ਤੇ ਮਾਰਗਦਰਸ਼ਕ ਬਣਾਉਣ ਸਬੰਧੀ ਮਤਾ ਪੇਸ਼ ਕੀਤਾ। ਇਸ ਕਨਵੈਨਸ਼ਨ ਦੌਰਾਨ ਅਖ਼ਿਲੇਸ਼ ਨੂੰ ਕੌਮੀ ਕਾਰਜਕਾਰਨੀ, ਪਾਰਲੀਮੈਂਟਰੀ ਬੋਰਡ ਅਤੇ ਸੂਬਾਈ ਇਕਾਈਆਂ ਦੇ ਗਠਨ ਦੇ ਅਧਿਕਾਰ ਵੀ ਦਿੱਤੇ ਗਏ ਹਨ। ਪਾਰਟੀ ਵੱਲੋਂ ਇਸ ਘਟਨਾਕ੍ਰਮ ਬਾਰੇ ਚੋਣ ਕਮਿਸ਼ਨ ਨੂੰ ਜਲਦੀ ਸੂਚਿਤ ਕੀਤਾ ਜਾਵੇਗਾ। ਪਾਰਟੀ ਸੁਪਰੀਮੋ ਦੀ ਘੁਰਕੀ ਦੇ ਬਾਵਜੂਦ ਸੀਨੀਅਰ ਆਗੂਆਂ ਦੇ ਇਸ ਕਨਵੈਨਸ਼ਨ ਵਿਚ ਹਾਜ਼ਰੀ ਭਰਨ ਬਾਅਦ ਮੁਲਾਇਮ ਤੇ ਉਨ੍ਹਾਂ ਦਾ ਭਰਾ ਸ਼ਿਵਪਾਲ ਇਕੱਲੇ ਰਹਿ ਗਏ ਹਨ। ਪਾਰਟੀ ਆਗੂ ਰਾਜੇਂਦਰ ਚੌਧਰੀ ਨੇ ਦੱਸਿਆ ਕਿ ਅਖਿਲੇਸ਼ ਨੇ ਐਮਐਲਸੀ ਨਰੇਸ਼ ਉੱਤਮ ਨੂੰ ਸ਼ਿਵਪਾਲ ਦੀ ਜਗ੍ਹਾ ਪਾਰਟੀ ਦਾ ਨਵਾਂ ਸੂਬਾਈ ਪ੍ਰਧਾਨ ਨਿਯੁਕਤ ਕੀਤਾ ਹੈ। ਸ੍ਰੀ ਉੱਤਮ ਦੀ ਨਿਯੁਕਤੀ ਦੇ ਤੁਰੰਤ ਬਾਅਦ ਅਖਿਲੇਸ਼ ਦੇ ਸਮਰਥਕਾਂ ਨੇ ਪਾਰਟੀ ਦਫ਼ਤਰ ‘ਤੇ ਕੰਟਰੋਲ ਕਰ ਲਿਆ ਅਤੇ ਸ਼ਿਵਪਾਲ ਦੇ ਨਾਂ ਵਾਲੀ ਤਖ਼ਤੀ ਉਸ ਦੇ ਕਮਰੇ ਬਾਹਰੋਂ ਹਟਾ ਦਿੱਤੀ, ਭਾਵੇਂ ਇਸ ਮੌਕੇ ਵੱਡੀ ਗਿਣਤੀ ਵਿੱਚ ਪੁਲੀਸ ਵੀ ਤਾਇਨਾਤ ਸੀ।
ਇਸ ਦੌਰਾਨ ਮੁਲਾਇਮ ਸਿੰਘ ਨੇ ਜਵਾਬੀ ਕਾਰਵਾਈ ਕਰਦਿਆਂ ਪਾਰਟੀ ਦੇ ਕੌਮੀ ਉਪ ਪ੍ਰਧਾਨ ਕਿਰਨਮੋਏ ਨੰਦਾ ਅਤੇ ਸੀਨੀਅਰ ਆਗੂ ਨਰੇਸ਼ ਅਗਰਵਾਲ ਨੂੰ ਅਖਿਲੇਸ਼ ਕੈਂਪ ਵੱਲੋਂ ਸੱਦੀ ਕਨਵੈਨਸ਼ਨ ਵਿੱਚ ਹਿੱਸਾ ਲੈਣ ਕਾਰਨ ਬਰਖ਼ਾਸਤ ਕਰ ਦਿੱਤਾ। ਪਾਰਟੀ ਮੁਖੀ ਲਈ ਪ੍ਰਸਤਾਵਿਤ ਕੀਤੇ ਜਾਣ ਬਾਅਦ ਅਖਿਲੇਸ਼ ਨੇ ਕਿਹਾ, ‘ਜਿਨ੍ਹਾਂ ਨੇ ਪਾਰਟੀ ਖ਼ਿਲਾਫ਼ ਸਾਜ਼ਿਸ਼ ਰਚੀ, ਇਸ ਦਾ ਨੁਕਸਾਨ ਕੀਤਾ ਅਤੇ ਕੌਮੀ ਪ੍ਰਧਾਨ ਅੱਗੇ ਔਕੜਾਂ ਖੜ੍ਹੀਆਂ ਕੀਤੀਆਂ ਹਨ, ਉਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਮੇਰੇ ਦਿਲ ਵਿੱਚ ਕੌਮੀ ਪ੍ਰਧਾਨ (ਮੁਲਾਇਮ) ਪ੍ਰਤੀ ਸਤਿਕਾਰ ਪਹਿਲਾਂ ਨਾਲੋਂ ਵੀ ਵੱਧ ਹੈ। ਮੈਂ ਇਹ ਪਹਿਲਾਂ ਵੀ ਕਿਹਾ ਸੀ ਅਤੇ ਹੁਣ ਫਿਰ ਕਹਿੰਦਾ ਹਾਂ ਕਿ ਉਨ੍ਹਾਂ ਦਾ ਪੁੱਤਰ ਹੋਣ ਨਾਤੇ ਜੇਕਰ ਪਾਰਟੀ ਅਤੇ ਉਨ੍ਹਾਂ ਖ਼ਿਲਾਫ਼ ਸਾਜ਼ਿਸ਼ ਹੋਈ ਤਾਂ ਉਸ ਖ਼ਿਲਾਫ਼ ਖੜ੍ਹਨਾ ਮੇਰਾ ਫ਼ਰਜ਼ ਹੈ।’