ਵਿਸ਼ਵ ਰੈਂਕਿੰਗ ਵਿੱਚ ਸਿੰਧੂ ਨੂੰ ਦੂਜਾ ਸਥਾਨ

ਵਿਸ਼ਵ ਰੈਂਕਿੰਗ ਵਿੱਚ ਸਿੰਧੂ ਨੂੰ ਦੂਜਾ ਸਥਾਨ

ਨਵੀਂ ਦਿੱਲੀ/ਬਿਊਰੋ ਨਿਊਜ਼ :
ਰੀਓ ਓਲੰਪਿਕ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੀ ਪੀਵੀ ਸਿੰਧੁ ਇੱਥੇ ਜਾਰੀ ਬੈਡਮਿੰਟਨ ਵਿਸ਼ਵ ਫੈਡਰੇਸ਼ਨ (ਬੀਡਬਲਿਊਐਫ) ਰੈਂਕਿੰਗ ਵਿੱਚ ਤਿੰਨ ਪੁਜ਼ੀਸ਼ਨਾਂ ਉੱਪਰ ਜਾਂਦਿਆਂ ਕਰੀਅਰ ਦੀ ਸਰਬੋਤਮ ਦੂਜੇ ਨੰਬਰ ਦੀ ਵਿਸ਼ਵ ਰੈਂਕਿੰਗ ‘ਤੇ ਪੁੱਜ ਗਈ ਹੈ।
ਹੈਦਾਰਾਬਾਦ ਦੀ ਇਹ ਸ਼ਟਲਰ ਸਾਇਨਾ ਨੇਹਵਾਲ ਤੋਂ ਬਾਅਦ ਵਿਸ਼ਵ ਰੈਂਕਿੰਗ ਵਿੱਚ ਪਹਿਲੇ ਪੰਜਾਂ ਵਿੱਚ ਥਾਂ ਬਣਾਉਣ ਵਾਲੀ ਦੂਜੀ ਭਾਰਤੀ ਖਿਡਾਰਨ ਬਣ ਗਈ ਹੈ। ਉਸ ਦੇ 75759 ਅੰਕ ਹਨ। ਉਸ ਨੇ ਜਪਾਨ ਦੀ ਅਕਾਨੇ ਯਾਮੁਗਾਚੀ ਨੂੰ ਦੂਜੇ ਸਥਾਨ ਤੋਂ ਹਟਾਇਆ ਹੈ। ਸਿੰਧੂ ਨੇ ਹਾਲ ਹੀ ਵਿੱਚ ਸਪੇਨ ਦੀ ਕੈਰੋਲੀਨਾ ਮਾਰਿਨ ਨੂੰ ਫਾਈਨਲ ਵਿੱਚ ਹਰਾ ਕੇ ਇੰਡੀਆ ਓਪਨ ਖ਼ਿਤਾਬ ‘ਤੇ ਕਬਜ਼ਾ ਕੀਤਾ ਸੀ। ਪਰ ਉਹ ਮਲੇਸ਼ੀਆ ਓਪਨ ਸੁਪਰ ਸਿਰੀਜ਼ ਦੇ ਸ਼ੁਰੂਆਤੀ ਦੌਰ ਵਿਚੋਂ ਬਾਹਰ ਹੋ ਗਈ ਸੀ। ਭਾਰਤ ਦੀ ਸਾਇਨਾ ਨੇਹਵਾਲ ਵੀ ਮਲੇਸ਼ੀਆ ਓਪਨ ਦੇ ਪਹਿਲੇ ਗੇੜ ਵਿੱਚ ਹੀ ਹਾਰ ਗਈ ਸੀ। ਉਹ ਰੈਂਕਿੰਗ ਵਿੱਚ ਇੱਕ ਪੁਜ਼ੀਸ਼ਨ ਦੇ ਨੁਕਸਾਨ ਨਾਲ 64279 ਅੰਕ ਲੈ ਕੇ ਨੌਵੇਂ ਸਥਾਨ ‘ਤੇ ਪੁੱਜ ਗਈ ਹੈ। ਮਹਿਲਾ ਸਿੰਗਲਜ਼ ਰੈਂਕਿੰਗ ਵਿੱਚ ਚੀਨੀ ਤੇਪਈ ਦੀ ਤਾਈ ਜੁ ਯਿੰਗ ਸਿਖਰਲੇ ਸਥਾਨ ‘ਤੇ ਹੈ। ਉਸ ਦੇ 87911 ਅੰਕ ਹਨ। ਪੁਰਸ਼ ਭਾਰਤੀ ਸ਼ਟਲਰਾਂ ਵਿੱਚੋਂ ਕੋਈ ਵੀ ਪਹਿਲੇ ਦਸਾਂ ਵਿੱਚ ਥਾਂ ਬਣਾਉਣ ਵਿੱਚ ਕਾਮਯਾਬ ਨਹੀਂ ਹੋ ਸਕਿਆ।