ਨਹੀਂ ਰਹੇ ਕਿਊਬਾ ਦੇ ਸਾਬਕਾ ਰਾਸ਼ਟਰਪਤੀ ਫ਼ਿਦੇਲ ਕਾਸਤਰੋ

ਨਹੀਂ ਰਹੇ ਕਿਊਬਾ ਦੇ ਸਾਬਕਾ ਰਾਸ਼ਟਰਪਤੀ ਫ਼ਿਦੇਲ ਕਾਸਤਰੋ

ਹਵਾਨਾ/ਬਿਊਰੋ ਨਿਊਜ਼ :
ਕਿਊਬਾ ਦੇ ਸਾਬਕਾ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਫਿਦੇਲ ਕਾਸਤਰੋ ਦਾ ਸ਼ਨਿੱਚਰਵਾਰ ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਦੇ ਭਰਾ ਤੇ ਰਾਸ਼ਟਰਪਤੀ ਰਾਉਲ ਕਾਸਤਰੋ ਨੇ ਇਸ ਦਾ ਐਲਾਨ ਕੀਤਾ। 90 ਸਾਲ ਦੇ ਕਾਸਤਰੋ ਕਾਫ਼ੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਸਾਲ 2008 ਵਿਚ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਰਾਸ਼ਟਰਪਤੀ ਦਾ ਅਹੁਦਾ ਛੱਡ ਦਿੱਤਾ ਸੀ। ਪਰ ਉਹ ਕਿਊਬਾ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਬਣੇ ਹੋਏ ਸਨ। ਕਾਸਤਰੋ 1959 ਤੋਂ ਦਸੰਬਰ 1976 ਤਕ ਕਿਊਬਾ ਦੇ ਪ੍ਰਧਾਨ ਮੰਤਰੀ ਅਤੇ ਫਿਰ ਕਿਊਬਾ ਦੀ ਰਾਜ ਪ੍ਰੀਸ਼ੱਦ ਦੇ ਰਾਸ਼ਟਰਪਤੀ ਰਹੇ। ਫਿਦੇਲ ਕਰਾਂਤੀਕਾਰੇ ਨੇਤਾ ਸਨ।
ਉਹ ਇਕ ਅਮੀਰ ਪਰਿਵਾਰ ਵਿਚ ਪੈਦਾ ਹੋਏ ਅਤੇ ਕਾਨੂੰਨ ਦੀ ਡਿਗਰੀ ਹਾਸਲ ਕੀਤੀ, ਜਦਕਿ ਹਵਾਨਾ ਯੂਨੀਵਰਸਿਟੀ ਵਿਚ ਅਧਿਐਨ ਕਰਦਿਆਂ ਉਨ੍ਹਾਂ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਕੀਤੀ ਅਤੇ ਕਿਊਬਾ ਦੀ ਸਿਆਸਤ ਵਿਚ ਇਕ ਮਾਨਤਾ ਪ੍ਰਾਪਤ ਵਿਅਕਤੀ ਬਣ ਗਏ। ਉਨ੍ਹਾਂ ਦਾ ਸਿਆਸੀ ਜੀਵਨ ਫੁਲਗੇਕਿਓ ਬਤਿਸਤਾ ਸ਼ਾਸਨ ਅਤੇ ਸੰਯੁਕਤ ਰਾਜ ਅਮਰੀਕਾ ਦਾ ਕਿਊਬਾ ਦੇ ਰਾਸ਼ਟਰ ਹਿਤ ਵਿਚ ਸਿਆਸੀ ਤੇ ਕਾਰਪੋਰੇਟ ਕੰਪਨੀਆਂ ਦੇ ਪ੍ਰਭਾਵ ਦੇ ਆਲੋਚਕ ਵਾਲਾ ਰਿਹਾ ਹੈ।
ਉਨ੍ਹਾਂ ਨੂੰ ਉਤਸ਼ਾਹੀ ਪਰ ਸੀਮਤ ਸਮਰਥਕ ਮਿਲੇ ਅਤੇ ਉਨ੍ਹਾਂ ਨੇ ਅਧਿਕਾਰੀਆਂ ਦਾ ਧਿਆਨ ਆਕਰਸ਼ਤ ਕੀਤਾ। ਉਨ੍ਹਾਂ ਨੇ ਮੋਂਕਾਡਾ ਬੈਰਕੋ ‘ਤੇ 1953 ਵਿਚ ਅਸਫਲ ਹਮਲੇ ਦੀ ਅਗਵਾਈ ਕੀਤੀ, ਜਿਸ ਮਗਰੋਂ ਉਹ ਗ੍ਰਿਫ਼ਤਾਰ ਹੋ ਗਏ, ਉਨ੍ਹਾਂ ‘ਤੇ ਮੁਕੱਦਮਾ ਚੱਲਿਆ, ਉਹ ਜੇਲ੍ਹ ਵਿਚ ਰਹੇ ਤੇ ਬਾਅਦ ਵਿਚ ਰਿਹਾਅ ਕਰ ਦਿੱਤੇ ਗਏ। ਕਾਸਤਰੋ ਕਿਊਬਾ ਦੀ ਕਰਾਂਤੀ ਰਾਹੀਂ ਅਮਰੀਕਾ ਸਮਰਥਿਤ ਫੁਲਗੇਕਿਓ ਬਤਿਸਤਾ ਦੀ ਤਾਨਾਸ਼ਾਹੀ ਨੂੰ ਉਖਾੜ ਕੇ ਸੱਤਾ ਵਿਚ ਆਏ ਅਤੇ ਉਸ ਤੋਂ ਬਾਅਦ ਕਿਊਬਾ ਦੇ ਪ੍ਰਧਾਨ ਮੰਤਰੀ ਬਣੇ। 1965 ਵਿਚ ਉਹ ਕਿਊਬਾ ਦੀ ਕਮਿਊਨਿਸਟ ਪਾਰਟੀ ਦੇ ਪਹਿਲੇ ਸਕੱਤਰ ਬਣ ਗਏ ਅਤੇ ਕਿਊਬਾ ਨੂੰ ਇਕ-ਦਲੀ ਸਮਾਜਵਾਦੀ ਗਣਤੰਤਰ ਬਣਾਉਣ ਵਿਚ ਅਗਵਾਈ ਕੀਤੀ। 1976 ਵਿਚ ਉਹ ਰਾਜ ਪ੍ਰੀਸ਼ੱਦ ਤੇ ਮੰਤਰੀ ਪ੍ਰੀਸ਼ੱਦ ਦੇ ਮੁਖੀ ਬਣ ਗਏ। ਉਨ੍ਹਾਂ ਨੇ ਕਿਊਬਾ ਦੇ ਸਸ਼ਤਰ ਬਲਾਂ ਦੇ ਕਮਾਂਡਰ ਇਨ ਚੀਫ਼ ਦਾ ਅਹੁਦਾ ਵੀ ਆਪਣੇ ਕੋਲ ਹੀ ਰੱਖਿਆ। ਕਾਸਤਰੋ ਵਲੋਂ ਤਾਨਾਸ਼ਾਹੀ ਦੀ ਆਲੋਚਨਾ ਦੇ ਬਾਵਜੂਦ ਉਨ੍ਹਾਂ ਨੂੰ ਤਾਨਾਸ਼ਾਹ ਵਜੋਂ ਹੀ ਦੇਖਿਆ ਗਿਆ। ਸਿਹਤ ਠੀਕ ਨਾ ਹੋਣ ਕਾਰਨ ਉਨ੍ਹਾਂ ਨੇ ਆਪਣੇ ਪਹਿਲੇ ਉਪ ਰਾਸ਼ਟਰਪਤੀ ਰਾਉਲ ਕਾਸਤਰੋ, ਉਨ੍ਹਾਂ ਦੇ ਛੋਟੇ ਭਰਾ ਹਨ, ਨੂੰ 31 ਜੁਲਾਈ 2006 ਦੇ ਦਿਨ ਆਪਣੀਆਂ ਜ਼ਿੰਮੇਵਾਰੀਆਂ ਦੇ ਦਿੱਤੀਆਂ।