ਜੰਗੀ ਨਾਇਕ ਯਾਦਗਾਰ ਤੇ ਸਮਾਰਕ ਦੇਸ਼ ਵਾਸੀਆਂ ਨੂੰ ਸਮਰਪਿਤ

ਜੰਗੀ ਨਾਇਕ ਯਾਦਗਾਰ ਤੇ ਸਮਾਰਕ ਦੇਸ਼ ਵਾਸੀਆਂ ਨੂੰ ਸਮਰਪਿਤ

ਲਗਭਗ 130 ਫੁੱਟ ਉੱਚੀ ਅਤੇ 54 ਟਨ ਭਾਰੀ ਕਿਰਪਾਨ ਦੀ ਧਾਰ ਪਾਕਿਸਤਾਨ ਵੱਲ
ਅੰਮ੍ਰਿਤਸਰ/ਬਿਊਰੋ ਨਿਊਜ਼ :
ਭਵਨ ਨਿਰਮਾਣਕਾਰ ਕਪੂਰ ਐਂਡ ਐਸੋਸੀਏਸ਼ਨ ਦੇ ਮੁਖੀ ਰਕੇਸ਼ ਕਪੂਰ ਨੇ ਦੱਸਿਆ ਕਿ ਪੰਜਾਬ ਰਾਜ ਜੰਗੀ ਨਾਇਕ ਯਾਦਗਾਰ ਤੇ ਸਮਾਰਕ ਵਿੱਚ ਬਣਾਈ ਲਗਭਗ 130 ਫੁੱਟ ਉੱਚੀ ਅਤੇ 54 ਟਨ ਭਾਰੀ ਕਿਰਪਾਨ ਫ਼ੌਜਾਂ ਦੇ ਮਾਣ ਸਨਮਾਨ ਅਤੇ ਬਹਾਦਰੀ ਦੀ ਪ੍ਰਤੀਕ ਹੈ, ਜੋ ਦੇਸ਼ ਵਾਸੀਆਂ ਦੀ ਰੱਖਿਆ ਲਈ ਕਿਸੇ ਵੇਲੇ ਵੀ ਚੁੱਕੀ ਜਾ ਸਕਦੀ ਹੈ। ਯਾਦਗਾਰ ਵਿੱਚ ਸਥਾਪਤ ਕੀਤੀ ਇਹ ਕਿਰਪਾਨ ਦੁਸ਼ਮਣ ਤਾਕਤਾਂ ਨੂੰ ਇਹ ਸੁਨੇਹਾ ਦਿੰਦੀ ਹੈ। ਇਹ ਸਮਾਰਕ ਪੰਜਾਬ ਸਰਕਾਰ ਵੱਲੋਂ ਲਗਭਗ 130 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਹੈ, ਜਿਸ ਨੂੰ ਲੋਕ ਅਰਪਣ ਕੀਤਾ ਹੈ।
ਦਿੱਲੀ ਆਧਾਰਤ ਭਵਨ ਨਿਰਮਾਣ ਕੰਪਨੀ ਦੇ ਮੁਖੀ ਰਕੇਸ਼ ਕਪੂਰ ਨੇ ਖ਼ੁਲਾਸਾ ਕੀਤਾ ਕਿ ਯਾਦਗਾਰ ਦੀ ਉਸਾਰੀ ਦਾ ਕੰਮ ਉਨ੍ਹਾਂ ਦੀ ਕੰਪਨੀ ਨੂੰ ਇਸ ਸਬੰਧੀ ਕਰਾਏ ਮੁਕਾਬਲੇ ਵਿੱਚ ਜੇਤੂ ਹੋਣ ‘ਤੇ ਦਿੱਤਾ ਗਿਆ ਸੀ। ਰਕੇਸ਼ ਕਪੂਰ ਨੇ ਦੱਸਿਆ ਕਿ ਸਮਾਰਕ ਵਿੱਚ ਕਿਰਪਾਨ ਨੂੰ ਮੁੱਖ ਤੌਰ ‘ਤੇ ਕੇਂਦਰਤ ਕੀਤਾ ਗਿਆ ਹੈ। ਯਾਦਗਾਰ ਵਜੋਂ ਕਿਰਪਾਨ ਦੀ ਚੋਣ ਇਸ ਲਈ ਕੀਤੀ ਗਈ, ਕਿਉਂਕਿ ਕਿਰਪਾਨ ਫ਼ੌਜ ਅਤੇ ਖ਼ਾਸ ਕਰਕੇ ਪੰਜਾਬੀਆਂ ਦੇ ਮਾਣ ਤੇ ਸ਼ਾਨ ਦੀ ਪ੍ਰਤੀਕ ਹੈ। ਉਨ੍ਹਾਂ ਦੱਸਿਆ ਕਿ 45 ਮੀਟਰ ਉੱਚੀ ਇਹ ਕਿਰਪਾਨ ਸਟੇਨਲੈੱਸ ਸਟੀਲ ਦੀ ਬਣੀ ਹੋਈ ਹੈ, ਜਿਸ ਦੇ ਹੇਠਲੇ ਹਿੱਸੇ ਵਿੱਚ ਚਾਰ ਸ਼ੇਰ ਦਿਖਾਏ ਗਏ ਹਨ। ਇਹ ਸ਼ੇਰ ਚਾਰੇ ਦਿਸ਼ਾਵਾਂ ਵੱਲ ਹਨ, ਜੋ ਇਹ ਸੰਕੇਤ ਕਰਦੇ ਹਨ ਕਿ ਦੁਸ਼ਮਣ ਕਿਸੇ ਵੀ ਦਿਸ਼ਾ ਵੱਲੋਂ ਆਵੇ, ਇਹ ਕਿਰਪਾਨ ਮੁਕਾਬਲੇ ਲਈ ਤਿਆਰ ਹੈ। ਉਨ੍ਹਾਂ ਦੱਸਿਆ ਕਿ ਕਿਰਪਾਨ ਦਾ ਡਿਜ਼ਾਈਨ ਤਿਆਰ ਕਰਨ ਅਤੇ ਇਸ ਦੇ ਹੇਠਾਂ ਸ਼ੇਰ ਬਣਾਉਣ ਤੋਂ ਪਹਿਲਾਂ ਲੰਮਾ ਅਧਿਐਨ ਕੀਤਾ ਗਿਆ। ਨਿਰਮਾਣਕਾਰਾਂ ਨੇ ਭਾਵੇਂ ਕਿਰਪਾਨ ਦੀ ਧਾਰ ਦੀ ਦਿਸ਼ਾ ਪਾਕਿਸਤਾਨ ਵੱਲ ਕੀਤੇ ਜਾਣ ਬਾਰੇ ਕੁਝ ਨਹੀਂ ਕਿਹਾ ਪਰ ਥਲ ਸੈਨਾ ਦੇ ਸਾਬਕਾ ਮੁਖੀ ਜਨਰਲ ਜੇ. ਜੇ. ਸਿੰਘ ਨੇ ਆਖਿਆ ਕਿ ਕਿਰਪਾਨ ਦੀ ਧਾਰ ਪਾਕਿਸਤਾਨ ਵੱਲ ਇਸ ਲਈ ਕੀਤੀ ਗਈ ਹੈ ਤਾਂ ਜੋ ਉਸ ਨੂੰ ਯਾਦ ਰਹੇ ਕਿ ਜੇਕਰ ਭਾਰਤ ਵੱਲ ਟੇਢੀ ਅੱਖ ਕੀਤੀ ਤਾਂ ਮੂੰਹ ਤੋੜਵਾਂ ਜਵਾਬ ਮਿਲੇਗਾ।
ਭਵਨ ਨਿਰਮਾਣਕਾਰਾਂ ਨੇ ਆਖਿਆ ਕਿ ਵੱਖ ਵੱਖ ਜੰਗਾਂ ਨਾਲ ਸਬੰਧਤ ਸੱਤ ਗੈਲਰੀਆਂ ਵਿੱਚ ਜੰਗਾਂ ਦਾ ਇਤਿਹਾਸ ਨਵੇਂ ਢੰਗ ਤਰੀਕਿਆਂ ਨਾਲ ਦਿਖਾਇਆ ਗਿਆ ਹੈ। ਇਕ ਗੈਲਰੀ ਵਿੱਚ 7ਡੀ ਤਕਨੀਕ ਦੀ ਵਰਤੋਂ ਕੀਤੀ ਗਈ ਹੈ। ਵਿੱਚ ਕੰਧ ਚਿੱਤਰ ਕਲਾ, ਬੁੱਤ ਤੇ ਇਲੈਕਟ੍ਰਾਨਿਕ ਸਕਰੀਨਾਂ ਰਾਹੀਂ ਜੰਗੀ ਇਤਿਹਾਸ ਨੂੰ ਦਰਸਾਇਆ ਗਿਆ ਹੈ।

ਬਾਦਲ ਬੋਲੇ-ਫੌਜੀਆਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਸ਼ੁਰੂ ਹੋਵੇਗੀ ਹੈਲਪਲਾਈਨ :
ਅੰਮ੍ਰਿਤਸਰ : ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਚੋਣਾਂ ਦੇ ਮੱਦੇਨਜ਼ਰ ਇਥੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਫੌਜੀਆਂ ਅਤੇ ਸਾਬਕਾ ਫੌਜੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਾਸਤੇ ਜਲਦੀ ਹੀ ਹੈਲਪਲਾਈਨ ਸ਼ੁਰੂ ਕਰੇਗੀ। ਉਨ੍ਹਾਂ ਹਦਾਇਤ ਕੀਤੀ ਕਿ ਸਰਕਾਰੀ ਦਫਤਰਾਂ ਵਿੱਚ ਆਉਣ ਵਾਲੇ ਹਰੇਕ ਫੌਜੀ ਅਤੇ ਸਾਬਕਾ ਫੌਜੀ ਨੂੰ ਢੁਕਵਾਂ ਸਨਮਾਨ ਦਿੱਤਾ ਜਾਵੇ ਤੇ ਉਨ੍ਹਾਂ ਨੂੰ ਸਲੂਟ ਮਾਰਿਆ ਜਾਵੇ। ਉਹ ਇਥੇ 130 ਕਰੋੜ ਰੁਪਏ ਨਾਲ ਬਣਾਈ ਗਈ ਪੰਜਾਬ ਰਾਜ ਜੰਗੀ ਨਾਇਕ ਯਾਦਗਾਰ ਦਾ ਉਦਘਾਟਨ ਕਰਨ ਲਈ ਆਏ ਸਨ।
ਲੋਕਾਂ ਦੇ ਇਕੱਠ ਵਿੱਚ ਮੁੱਖ ਮੰਤਰੀ ਨੇ ਪੰਜਾਬ ਨੂੰ ਦੇਸ਼ ਦੀ ਖੜਗ ਭੁਜਾ ਕਰਾਰ ਦਿੰਦਿਆਂ ਕਿਹਾ ਕਿ ਪੰਜਾਬੀਆਂ ਨੇ ਸ਼ੁਰੂ ਤੋਂ ਧਾੜਵੀਆਂ ਨੂੰ ਰੋਕਿਆ ਹੈ। ਉਨ੍ਹਾਂ ਇਸ ਮੌਕੇ ਬਹਾਦਰ ਫੌਜੀ ਅਧਿਕਾਰੀਆਂ ਨਾਇਕ ਕਰਮ ਸਿੰਘ, ਮੇਜਰ ਸੋਮਨਾਥ ਸ਼ਰਮਾ, ਏਅਰ ਕਮਾਂਡਰ ਬਾਬਾ ਮੇਹਰ ਸਿੰਘ, ਜਨਰਲ ਹਰਬਖਸ਼ ਸਿੰਘ, ਏਅਰ ਚੀਫ ਮਾਰਸ਼ਲ ਅਰਜਨ ਸਿੰਘ ਤੇ ਕੈਪਟਨ ਬਾਣਾ ਸਿੰਘ ਦੇ ਕਾਰਨਾਮਿਆਂ ਦਾ ਜ਼ਿਕਰ ਕੀਤਾ।
ਮੁੱਖ ਮੰਤਰੀ ਨੇ ਆਖਿਆ ਕਿ ਕਰਤਾਰਪੁਰ ਨੇੜੇ ਜੰਗ-ਏ-ਆਜ਼ਾਦੀ ਯਾਦਗਾਰ ਬਣਾਈ ਗਈ ਹੈ, ਜੋ 6 ਨਵੰਬਰ ਨੂੰ ਕੌਮ ਨੂੰ ਸਮਰਪਿਤ ਕੀਤੀ ਜਾਵੇਗੀ। ਉਨ੍ਹਾਂ ਖੁਲਾਸਾ ਕੀਤਾ ਕਿ ਕੁੱਝ ਸਮੇਂ ਤੋਂ ਪੰਜਾਬੀਆਂ ਦੀ ਫੌਜ ਤੇ ਨੀਮ ਫੌਜੀ ਬਲਾਂ ਵਿੱਚ ਭਰਤੀ ਵਿੱਚ ਕਮੀ ਆਈ ਹੈ, ਜਿਸ ਨੂੰ ਦੂਰ ਕਰਨ ਲਈ ਪੰਜਾਬ ਸਰਕਾਰ ਵੱਲੋਂ ਅਕੈਡਮੀਆਂ ਸਥਾਪਤ ਕੀਤੀਆਂ ਗਈਆਂ ਹਨ।
ਉਨ੍ਹਾਂ ਸਾਬਕਾ ਸੈਨਿਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਰਾਜ ਸਰਕਾਰ ਵੱਲੋਂ ਚੁੱਕੇ ਕਦਮਾਂ ਦਾ ਜ਼ਿਕਰ ਵੀ ਕੀਤਾ। ਇਸ ਮੌਕੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਪੰਜਾਬੀ ਨੌਜਵਾਨਾਂ ਨੇ ਦੇਸ਼ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਪਾਇਆ ਹੈ ਪਰ ਕੁੱਝ ਪੰਜਾਬ ਵਿਰੋਧੀ ਤਾਕਤਾਂ ਇਨ੍ਹਾਂ ਨੌਜਵਾਨਾਂ ਨੂੰ ਨਸ਼ੇੜੀ ਕਹਿ ਕੇ ਬਦਨਾਮ ਕਰ ਰਹੀਆਂ ਹਨ। ਸਮਾਗਮ ਨੂੰ ਕੇਂਦਰੀ ਰਾਜ ਮੰਤਰੀ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਵਿਜੈ ਸਾਂਪਲਾ ਨੇ ਵੀ ਸੰਬੋਧਨ ਕੀਤਾ।
ਮੁੱਖ ਮੰਤਰੀ ਨੇ 15 ਸਖਸ਼ੀਅਤਾਂ, ਜਿਨ੍ਹਾਂ ਵਿੱਚ ਜਨਰਲ ਜੇਜੇ ਸਿੰਘ, ਏਅਰ ਚੀਫ ਮਾਰਸ਼ਲ ਐਸਕੇ ਸਰੀਨ, ਜਨਰਲ ਦੀਪਕ ਕਪੂਰ, ਆਨਰੇਰੀ ਕੈਪਟਨ ਬਾਨਾ ਸਿੰਘ, ਦੂਜੇ ਵਿਸ਼ਵ ਯੁੱਧ ਦੇ ਮੇਜਰ ਥਾਮਸ ਕਾਨਵੇ, ਸਿੱਖ ਲਾਈਟ ਇਨਫੈਂਟਰੀ ਐਸੋਸੀਏਸ਼ਨ ਯੂਕੇ ਦੇ ਤਾਲਮੇਲ ਅਫਸਰ ਹੱਗ ਮੈਕੇ, ਰਿਚਰਡ ਹਿੱਲ, ਦਵਿੰਦਰ ਸਿੰਘ ਢਿੱਲੋਂ, ਬ੍ਰਿਗੇਡੀਅਰ ਕੇਐਸ ਚਾਂਦਪੁਰੀ ਤੋਂ ਇਲਾਵਾ ਫਲਾਇੰਗ ਅਫਸਰ ਨਿਰਮਲਜੀਤ ਸਿੰਘ ਸੇਖੋਂ, ਕੈਪਟਨ ਕਰਮ ਸਿੰਘ, ਸੂਬੇਦਾਰ ਜੋਗਿੰਦਰ ਸਿੰਘ, ਕੈਪਟਨ ਵਿਕਰਮ ਬੱਤਰਾ, ਲਾਂਸ ਨਾਇਕ ਸ਼ਿੰਗਾਰਾ ਸਿੰਘ ਅਤੇ ਸੂਬੇਦਾਰ ਮਲਕੀਤ ਸਿੰਘ ਦੇ ਪਰਿਵਾਰਾਂ ਨੂੰ ਲੋਈ ਤੇ ਤਲਵਾਰ ਨਾਲ ਸਨਮਾਨਤ ਕੀਤਾ। ਉਪ ਮੁੱਖ ਮੰਤਰੀ ਨੇ ਸਮਾਗਮ ਵਿਚ ਆਈਆਂ ਫੌਜੀ ਵਿਧਵਾਵਾਂ ਨੂੰ ਸ਼ਾਲ ਦੇ ਕੇ ਸਨਮਾਨਿਤ ਕੀਤਾ। ਸਮਾਗਮ ਵਿੱਚ ਤਿੰਨ ਪੰਡਾਲ ਬਣਾਏ ਗਏ ਸਨ, ਜਿਨ੍ਹਾਂ ਵਿਚੋਂ ਇਕ ਵਿੱਚ ਫੌਜੀ ਵਿਧਵਾਵਾਂ, ਦੂਜੇ ਵਿੱਚ ਮੁੱਖ ਮੰਤਰੀ ਸਮੇਤ ਮੰਤਰੀ ਮੰਡਲ ਅਤੇ ਸਾਬਕਾ ਫੌਜੀ ਅਧਿਕਾਰੀ ਹਾਜ਼ਰ ਸਨ। ਤੀਜੇ ਪੰਡਾਲ ਵਿਚ ਅਕਾਲੀ-ਭਾਜਪਾ ਆਗੂ ਹਾਜ਼ਰ ਸਨ।
ਜੇਜੇ ਸਿੰਘ ਨੇ ਕਿਹਾ-ਮੁੱਖ ਮੰਤਰੀ ਫੌਜੀਆਂ ਨਾਲ ਸਾਲ ‘ਚ ਇਕ ਦਿਨ ਚਾਹ ਪੀਣ :
ਭਾਰਤੀ ਥਲ ਸੈਨਾ ਦੇ ਸਾਬਕਾ ਮੁਖੀ ਜਨਰਲ ਜੇਜੇ ਸਿੰਘ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸੁਝਾਅ ਦਿੱਤਾ ਕਿ ਉਹ ਸਾਲ ਵਿੱਚ ਇਕ ਦਿਨ ਫੌਜੀਆਂ ਤੇ ਸਾਬਕਾ ਫੌਜੀਆਂ ਨੂੰ ਆਪਣੇ ਘਰ ਚਾਹ ‘ਤੇ ਸੱਦਣ। ਇਸ ਨਾਲ ਲੋਕਾਂ ਅਤੇ ਸਰਕਾਰੇ-ਦਰਬਾਰੇ ਫੌਜੀਆਂ ਦਾ ਮਾਣ ਸਨਮਾਨ ਵਧੇਗਾ। ਉਨ੍ਹਾਂ ਇੰਗਲੈਂਡ ਦੀ ਮਹਾਰਾਣੀ ਦੀ ਮਿਸਾਲ ਦਿੱਤੀ ਕਿ ਉਹ ਸਾਲ ਵਿੱਚ ਇਕ ਦਿਨ ਆਪਣੇ ਫੌਜੀਆਂ ਨਾਲ ਬਿਤਾਉਂਦੇ ਹਨ, ਇਸੇ ਤਰਜ ‘ਤੇ ਪੰਜਾਬ ਸਰਕਾਰ ਵੀ ਉਪਰਾਲਾ ਕਰੇ। ਹਵਾਈ ਸੈਨਾ ਦੇ ਸਾਬਕਾ ਮੁਖੀ ਐਸਕੇ ਸਰੀਨ ਨੇ ਦਾਅਵਾ ਕੀਤਾ ਕਿ ਯਾਦਗਾਰ ਬਣਵਾ ਕੇ ਪੰਜਾਬ ਸਰਕਾਰ ਨੇ ਸੁਰੱਖਿਆ ਬਲਾਂ ਦਾ ਦਿਲ ਜਿੱਤ ਲਿਆ ਹੈ।