ਐਡਮਿੰਟਨ ਯੁਨੀਵਰਿਸਟੀ ਵਿੱਚ ਲੱਗੇ ਸਿੱਖਾਂ ਵਿਰੋਧੀ ਪੋਸਟਰਾਂ ਦਾ ਰਾਜਨੀਤਕ ਲੀਡਰਾਂ ਨੇ ਪੱਗਾਂ ਬੰਨ੍ਹ ਕੇ ਵਿਰੋਧ ਕੀਤਾ

ਐਡਮਿੰਟਨ ਯੁਨੀਵਰਿਸਟੀ ਵਿੱਚ ਲੱਗੇ ਸਿੱਖਾਂ ਵਿਰੋਧੀ ਪੋਸਟਰਾਂ ਦਾ ਰਾਜਨੀਤਕ ਲੀਡਰਾਂ ਨੇ ਪੱਗਾਂ ਬੰਨ੍ਹ ਕੇ ਵਿਰੋਧ ਕੀਤਾ

ਕੈਲਗਰੀ/ਹਰਬੰਸ ਬੁੱਟਰ:
ਯੂਨੀਵਰਿਸਟੀ ਆਫ ਅਲਬਰਟਾ ਵਿਖੇ ਬੀਤੇ ਦਿਨੀ ਨਸਲੀ ਵਿਤਕਰੇ ਵਾਲੇ ਪੋਸਟਰ ਚਿਪਕਾਏ ਜਾਣ ਉਪਰੰਤ ਸਿੱਖ ਭਾਈਚਾਰੇ ਅੰਦਰ ਰੋਹ ਭਰੀ ਗੁੱਸੇ ਦੀ ਲਹਿਰ ਫੈਲ ਗਈ ਸੀ। ਪੰਜਾਬੀਆਂ ਨੇ ਹਰ ਪਲੇਟਫਾਰਮ ਉੱਪਰ ਇਸ ਨਸਲੀ ਵਿਤਕਰੇ ਵਾਲੇ ਸ਼ਰਾਰਤੀ ਕਾਰੇ ਦਾ ਵਿਰੋਧ ਕੀਤਾ। ਕੈਲਗਰੀ ਦੇ ਹਲਕਾ ਗਰੀਨਵੇਅ ਤੋਂ ਐਮ ਐਲ ਏ ਪ੍ਰਭ ਗਿੱਲ ਨੇ ਵੀ ਆਪਣੇ ਰਾਜਨੀਤਕ ਪਲੇਟ ਫਾਰਮ ਨੂੰ ਇਸ ਨਸਲੀ ਵਿਤਕਰੇ ਦਾ ਜਵਾਬ ਦੇਣ ਲਈ ਵਰਤਿਆ। ਯੂਨੀਵਰਿਸਟੀ ਆਫ ਐਡਮਿੰਟਨ ਵਿਖੇ ਪ੍ਰਭ ਗਿੱਲ ਐਮ ਐਲ ਏ , ਪੀ ਸੀ ਪਾਰਟੀ ਅਲਬਰਟਾ  ਦੇ ਮੁਖੀ ਰਿੱਕ ਮਕਾਈਵਰ, ਸਾਬਕਾ ਐਮ ਪੀ ਅਤੇ ਫੈਡਰਲ ਮੰਤਰੀ ਰਹੇ ਟਿੱਮ ਉੱਪਲ ਨੇ ਬੀਤੇ ਦਿਨੀ ਹੋਰ ਗੋਰੇ ਵਿਧਾਇਕਾਂ ਨੂੰ ਨਾਲ ਲੈ ਕੇ ਪਗੜੀ ਦਿਵਸ ਮਨਾਇਆ। ਇਸ ਮੌਕੇ ਯੂਨੀਵਰਿਸਟੀ ਦੇ ਤਕਰੀਬਨ 400 ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੂੰ ਪੱਗਾਂ ਮੁਫਤ ਬੰਨੀਆਂ ਗਈਆਂ ਅਤੇ ਨਾਲ ਹੀ ਪਗੜੀ ਅਤੇ ਪੰਜਾਬੀ ਸੱਭਿਆਚਾਰ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ ਗਈ। ਪੀਸੀ ਪਾਰਟੀ ਦੇ ਮੁਖੀ  ਰਿੱਕ ਮਕਾਈਵਰ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸਿੱਖ ਕਨੇਡੀਅਨ ਸਮਾਜ ਦਾ ਖਾਸ ਹਿੱਸਾ ਹਨ। ਜੇ ਇਸ ਨਸਲੀ ਵਿਤਕਰੇ ਵਾਲੇ ਪ੍ਰਚਾਰ ਰਾਹੀ ਕਿਸੇ ਨੇ ਇਹਨਾਂ ਉੱਪਰ ਇਹ ਹਮਲਾ ਕਰਨ ਦੀ ਕੋਸਿਸ ਕੀਤੀ ਹੈ ਤਾਂ ਪੱਗਾਂ ਬੰਨ੍ਹ ਕੇ ਆਪਣੇ ਬਾਰੇ ਜਾਣਕਾਰੀ ਦੇਣ ਵਾਲਾ ਇਹ ਕੈਂਪ ਉਸਦਾ ਮੂਹ ਤੋੜਵਾਂ ਅਤੇ ਢੁਕਵਾਂ ਜਵਾਬ ਹੈ। ਇਸ ਮੌਕੇ ਐਡਮਿੰਟਨ ਦੇ ਉੱਘੇ ਬਿਜਨਿਸਮੈਨ ਸ: ਕਰਨਪਾਲ ਸਿੰਘ ਪਰਮਾਰ, ਗੁਰੂਘਰ ਦੇ ਸੇਵਾਦਾਰ ਸ: ਸਕੱਤਰ ਸਿੰਘ ਸੰਧੂ,ਗੁਲਜਾਰ ਨਿਰਮਾਣ  ਅਤੇ ਹੋਰ ਬਹੁਤ ਸਾਰੇ ਲੋਕਾਂ ਇਸ ਈਵੈਂਟ ਦਾ ਹਿਸਾ ਬਣੇ।