ਨਾਭਾ ਦੀ ਉੱਚ ਸੁਰਖਿਆ ਜੇਲ੍ਹ ਵਿਚੋਂ ਫਰਾਰ ਚੋਟੀ ਦਾ ਖਾੜਕੂ ਹਰਮਿੰਦਰ ਸਿੰਘ ਮਿੰਟੂ ਦਿੱਲੀ ‘ਚੋਂ ਗ੍ਰਿਫ਼ਤਾਰ

ਨਾਭਾ ਦੀ ਉੱਚ ਸੁਰਖਿਆ ਜੇਲ੍ਹ ਵਿਚੋਂ ਫਰਾਰ ਚੋਟੀ ਦਾ ਖਾੜਕੂ ਹਰਮਿੰਦਰ ਸਿੰਘ ਮਿੰਟੂ ਦਿੱਲੀ ‘ਚੋਂ ਗ੍ਰਿਫ਼ਤਾਰ

ਬਦਮਾਸ਼ਾਂ ਨੇ ਜੇਲ੍ਹ ‘ਤੇ ਹਮਲਾ ਕਰਕੇ ਛੁਡਾ ਲਏ ਸਨ ਹਰਮਿੰਦਰ ਮਿੰਟੂ ਤੇ ਵਿੱਕੀ ਗੌਂਡਰ ਸਮੇਤ 6 ਗੈਂਗਸਟਰ
ਨਵੀਂ ਦਿੱਲੀ/ਬਿਊਰੋ ਨਿਊਜ਼ :
ਪੰਜਾਬ ਵਿਚ ਨਾਭਾ ਜੇਲ੍ਹ ਤੋਂ ਫਰਾਰ ਖ਼ਾਲਿਸਤਾਨੀ ਸਮਰਥਕ ਖਾੜਕੂ ਹਰਮਿੰਦਰ ਸਿੰਘ ਮਿੰਟੂ ਨੂੰ ਦਿੱਲੀ ਰੇਲਵੇ ਸਟੇਸ਼ਨ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮਿੰਟੂ ਦੇ ਨਾਲ ਭੱਜੇ ਹੋਰ ਪੰਜ ਗੈਂਗਸਟਰ ਹਾਲੇ ਵੀ ਫਰਾਰ ਹਨ। ਪੰਜਾਬ ਵਿਚ ਹੁਣ ਤਕ ਦਾ ਸਭ ਤੋਂ ਵੱਡਾ ਜੇਲ੍ਹ ਬਰੇਕ ਕਾਂਡ ਦੋ ਗੈਂਗਸਟਰ ਗਰੁੱਪਾਂ ਦੀ ਆਪਸੀ ਸੌਦੇਬਾਜ਼ੀ ਦਾ ਨਤੀਜਾ ਹੈ। ਪਲਵਿੰਦਰ ਪਿੰਦਾ ਤੇ ਗੌਂਡਰ-ਸੇਖੋਂ ਗਰੁੱਪ। ਇਸ ਜੇਲ੍ਹ ਬਰੇਕ ਯੋਜਨਾ ਦਾ ਲਾਹਾ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਹਰਮਿੰਦਰ ਸਿੰਘ ਮਿੰਟੂ ਤੇ ਖਾੜਕੂ ਕਸ਼ਮੀਰ ਸਿੰਘ ਨੇ ਵੀ ਲਿਆ। ਜਦੋਂ ਉਨ੍ਹਾਂ ਨੂੰ ਗੈਂਗਸਟਰਾਂ ਦੀ ਇਸ ਯੋਜਨਾ ਦਾ ਪਤਾ ਲੱਗਾ ਤਾਂ ਉਹ ਵੀ ਇਸ ਦਾ ਹਿੱਸਾ ਬਣ ਗਏ।
ਦਰਅਸਲ, ਹਰਮਿੰਦਰ ਸਿੰਘ ਮਿੰਟੂ ਜੇਲ੍ਹ ਵਿਚ ਗੌਂਡਰ ਦਾ ਨਜ਼ਦੀਕੀ ਹੋ ਗਿਆ ਸੀ। ਮਿੰਟੂ ਨੇ ਉਨ੍ਹਾਂ ਨੂੰ ਫ਼ੰਡ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਸੀ। ਜਦੋਂ ਉਹ ਕੈਥਲ ਪੁੱਜੇ ਤਾਂ ਗੌਂਡਰ ਗਰੁੱਪ ਨੇ ਮਿੰਟੂ-ਕਸ਼ਮੀਰ ਨੂੰ ਗੱਡੀ ‘ਚੋਂ ਲਾਹ ਦਿੱਤਾ। ਉਸ ਤੋਂ ਬਾਅਦ ਮਿੰਟੂ ਦਿੱਲੀ ਪੁੱਜ ਗਿਆ। ਉਸ ਨੇ ਉਥੋਂ ਅੱਗੇ ਗੋਆ ਜਾਣਾ ਸੀ ਪਰ ਫੜਿਆ ਗਿਆ। ਕੈਥਲ ਵਿਚ ਕੇਸ ਕਤਲ ਕਰਵਾਉਣ ਮਗਰੋਂ ਮਿੰਟੂ ਕਸ਼ਮੀਰ ਨਾਲ ਹੀ ਬੱਸ ਰਾਹੀਂ ਦਿੱਲੀ ਪਹੁੰਚਿਆ ਸੀ। ਦਿੱਲੀ ਪੁਲੀਸ ਸਪੈਸ਼ਲ ਸੈੱਲ ਦੇ ਕਮਿਸ਼ਨਰ ਅਰਵਿੰਦ ਦੀਪ ਨੇ ਦੱਸਿਆ ਕਿ ਮਿੰਟੂ ਨੂੰ ਨਿਜਾਮੁਦੀਨ ਰੇਲਵੇ ਸਟੇਸ਼ਨ ਦੀ ਪਾਰਕਿੰਗ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਸ੍ਰੀ ਅਰਵਿੰਦ ਦੀਪ ਨੇ ਦੱਸਿਆ ਕਿ ਪੰਜਾਬ ਪੁਲੀਸ ਨੂੰ ਸ਼ੱਕ ਸੀ ਕਿ ਮਿੰਟੂ ਦਿੱਲੀ ਆ ਸਕਦਾ ਹੈ ਅਤੇ ਉਨ੍ਹਾਂ ਇਸ ਦੀ ਜਾਣਕਾਰੀ ਦਿੱਲੀ ਪੁਲੀਸ ਨੂੰ ਪਹਿਲਾਂ ਹੀ ਦੇ ਦਿੱਤੀ ਸੀ। ਉਸ ਤੋਂ ਬਾਅਦ ਰੱਖੀ ਗਈ ਚੌਕਸੀ ਅਤੇ ਚੈਕਿੰਗ ਕਾਰਨ ਮਿੰਟੂ ਕਾਬੂ ਆ ਗਿਆ। ਪੁਲੀਸ ਨੇ ਉਸ ਦੇ ਕਬਜ਼ੇ ਵਿਚੋਂ ਇਕ ਭਰਿਆ ਹੋਇਆ ਪਿਸਤੌਲ ਅਤੇ ਛੇ ਕਾਰਤੂਸ ਵੀ ਬਰਾਮਦ ਕੀਤੇ ਹਨ। ਮਿੰਟੂ ਨੂੰ ਦਿੱਲੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਉਸ ਨੂੰ 5 ਦਸੰਬਰ ਤਕ 7 ਦਿਨਾਂ ਲਈ ਪੁਲੀਸ ਹਿਰਾਸਤ ਵਿਚ ਭੇਜ ਦਿੱਤਾ ਗਿਆ।
ਕਈ ਦਹਿਸ਼ਤੀ ਕਾਰਵਾਈਆਂ ਵਿਚ ਸ਼ਾਮਲ ਹੋਣ ਦੇ ਦੋਸ਼ੀ 47 ਸਾਲਾ ਮਿੰਟੂ ਨੂੰ ਨਵੰਬਰ 2014 ਵਿਚ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੂੰ 2008 ਵਿਚ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ‘ਤੇ ਹੋਏ ਹਮਲੇ ਅਤੇ 2010 ਵਿਚ ਹਲਵਾਰਾ ਹਵਾਈ ਅੱਡੇ ਵਿਚ ਧਮਾਕਾਖੇਜ਼ ਸਮੱਗਰੀ ਮਿਲਣ ਸਮੇਤ 10 ਮਾਮਲਿਆਂ ਦੇ ਸਬੰਧਤ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਹੁਲੀਆ ਬਦਲ ਕੇ ਵਿਦੇਸ਼ ਭੱਜਣ ਦੀ ਫਿਰਾਕ ਵਿੱਚ ਸੀ ਮਿੰਟੂ
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮਿੰਟੂ ਨੇ ਪਨਵੇਲ (ਮਹਾਰਾਸ਼ਟਰ) ਲਈ ਟਰੇਨ ਦੀ ਟਿਕਟ ਖ਼ਰੀਦੀ ਸੀ ਅਤੇ ਉਸ ਦੀ ਮੁੰਬਈ ਅਤੇ ਫਿਰ ਗੋਆ ਜਾਣ ਦੀ ਯੋਜਨਾ ਸੀ। ਉਸ ਦੇ ਗੋਆ ਵਿਚ ਚੰਗੇ ਸੰਪਰਕ ਹਨ ਕਿਉਂਕਿ ਉਹ 1989 ਤੋਂ 2007 ਤਕ 18 ਸਾਲ ਇਥੇ ਰਿਹਾ ਸੀ। ਸੂਤਰਾਂ ਮੁਤਾਬਕ ਮਿੰਟੂ ਬਾਅਦ ਵਿਚ ਜਰਮਨੀ ਜਾਂ ਮਲੇਸ਼ੀਆ ਭੱਜਣ ਦੀ ਫਿਰਾਕ ਵਿਚ ਸੀ। ਪੁੱਛ-ਗਿੱਛ ਵਿਚ ਉਸ ਨੇ ਕਬੂਲਿਆ ਕਿ ਜੇਲ੍ਹ ਵਿਚੋਂ ਭੱਜਣ ਦੀ ਯੋਜਨਾ ਪਿਛਲੇ ਛੇ ਮਹੀਨਿਆਂ ਤੋਂ ਬਣਾਈ ਜਾ ਰਹੀ ਸੀ।
ਸ੍ਰੀ ਦੀਪ ਨੇ ਦੱਸਿਆ ਕਿ ਫ਼ਰਾਰ ਹੋਣ ਤੋਂ ਬਾਅਦ ਮਿੰਟੂ ਨੇ ਹਰਿਆਣਾ ਵਿਚ ਦਾਖ਼ਲ ਹੋਣ ਸਾਰ ਕੁਰੂਕਸ਼ੇਤਰ ਤੋਂ ਪਾਣੀਪਤ ਲਈ ਬੱਸ ਫੜੀ ਅਤੇ ਫਿਰ ਉਥੋਂ ਦਿੱਲੀ ਲਈ ਬੱਸ ਫੜੀ ਸੀ। ਡੀਸੀਪੀ (ਸਪੈਸ਼ਲ ਸੈੱਲ) ਪੀ ਐਸ ਕੁਸ਼ਵਾਹਾ ਨੇ ਦੱਸਿਆ ਕਿ ਸਟੇਸ਼ਨ ‘ਤੇ ਚੌਕਸ ਪੁਲੀਸ ਮੁਲਾਜ਼ਮਾਂ ਨੇ ਸਿਰ ‘ਤੇ ਪਟਕਾ ਬੰਨ੍ਹੀ ਸਿੱਖ ਵਿਅਕਤੀ ਨੂੰ ਦੇਖਿਆ ਜਿਸ ਦੀ ਦਾੜ੍ਹੀ ਬੇਤਰਤੀਬ ਨਾਲ ਕੱਟੀ ਹੋਈ ਸੀ ਅਤੇ ਦਿਖ ਤੋਂ ਉਹ ਸ਼ੱਕੀ ਜਾਪ ਰਿਹਾ ਸੀ। ਉਹ ਟਿਕਟ ਖ਼ਰੀਦਣ ਤੋਂ ਬਾਅਦ ਬਾਹਰ ਆਇਆ ਤਾਂ ਪੁਲੀਸ ਮੁਲਾਜ਼ਮਾਂ ਨੇ ਉਸ ਨੂੰ ਫੜ ਲਿਆ।
ਸੂਤਰਾਂ ਮੁਤਾਬਕ ਜੇਲ੍ਹ ਵਿਚੋਂ ਫ਼ਰਾਰ ਹੋਣ ਤੋਂ ਬਾਅਦ ਹਰਮਿੰਦਰ ਮਿੰਟੂ, ਕਸ਼ਮੀਰ ਸਿੰਘ, ਗੁਰਪ੍ਰੀਤ ਸਿੰਘ ਸੇਖੋਂ ਅਤੇ ਅਮਨਦੀਪ ਸਿੰਘ ਫਾਰਚੂਨਰ ਵਿਚ ਸਵਾਰ ਸਨ ਅਤੇ ਸੇਖੋਂ ਕਾਰ ਚਲਾ ਰਿਹਾ ਸੀ। ਕੁਰੂਕਸ਼ੇਤਰ ਤੋਂ 24 ਕਿਲੋਮੀਟਰ ਪਹਿਲਾਂ ਮਿੰਟੂ ਅਤੇ ਕਸ਼ਮੀਰ ਸਿੰਘ ਗੱਡੀ ਵਿਚੋਂ ਉਤਰ ਗਏ। ਉਨ੍ਹਾਂ ਨੂੰ ਸੇਖੋਂ ਦੇ ਭਰਾ ਮਨੀ ਨੇ 19 ਹਜ਼ਾਰ ਰੁਪਏ ਦਿੱਤੇ। ਇਸ ਤੋਂ ਬਾਅਦ ਦੋਵੇਂ ਜਣੇ ਕਮਾਦ ਦੇ ਖੇਤਾਂ ਵਿਚ ਛਿਪ ਗਏ। ਕਸ਼ਮੀਰ ਸਿੰਘ ਨੇੜਲੇ ਪਿੰਡ ਵਿਚ ਗਿਆ ਅਤੇ ਉਥੋਂ ਕੈਂਚੀਆਂ ਖ਼ਰੀਦ ਕੇ ਲਿਆਇਆ। ਦੋਹਾਂ ਨੇ ਆਪਣਾ ਹੁਲੀਆ ਬਦਲਣ ਲਈ ਦਾੜ੍ਹੀ ਕੱਟੀ ਅਤੇ ਕੁਰੂਕਸ਼ੇਤਰ ਜਾਣ ਲਈ ਜੀਪ ਵਿਚ ਬੈਠੇ। ਸੂਤਰਾਂ ਮੁਤਾਬਕ ਕਸ਼ਮੀਰ ਅਤੇ ਹਰਮਿੰਦਰ ਕਸ਼ਮੀਰੀ ਗੇਟ ਬੱਸ ਟਰਮੀਨਲ ਤੋਂ ਵੱਖ ਹੋਏ।
ਨਾਭਾ ਜੇਲ੍ਹ ‘ਤੇ ਹਮਲਾ ਕਰਨ ਵਾਲੇ ਬੰਦੂਕਧਾਰੀਆਂ ਵਿਚੋਂ ਇਕ ਪਲਵਿੰਦਰ ਪਿੰਦਾ ਨੂੰ ਉਤਰ ਪ੍ਰਦੇਸ਼ ਦੇ ਸ਼ਾਮਲੀ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਪਲਵਿੰਦਰ ਨਾਂ ਦੇ ਇਸ ਅਪਰਾਧੀ ਕੋਲੋਂ ਕਾਫ਼ੀ ਮਾਤਰਾ ਵਿਚ ਹਥਿਆਰ ਵੀ ਬਰਾਮਦ ਹੋਏ ਹਨ। ਪੁਲੀਸ ਮੁਤਾਬਕ ਪਲਵਿੰਦਰ ਖ਼ਿਲਾਫ਼ ਪਹਿਲਾਂ ਤੋਂ ਕਈ ਕੇਸ ਦਰਜ ਹਨ। ਪੁਲੀਸ ਹੁਣ ਉਸ ਤੋਂ ਪੁਛਗਿਛ ਕਰਕੇ ਉਸ ਦੇ ਬਾਕੀ ਸਾਥੀਆਂ ਤੇ ਉਨ੍ਹਾਂ ਦੇ ਟਿਕਾਣਿਆਂ ਦਾ ਪਤਾ ਕਰਨ ਵਿਚ ਲੱਗੀ ਹੈ।  ਉਤਰ ਪ੍ਰਦੇਸ਼ ਦੇ ਵਧੀਕ ਪੁਲੀਸ ਕਮਿਸ਼ਨਰ ਦਲਜੀਤ ਸਿੰਘ ਚੌਧਰੀ ਨੇ ਦੱਸਿਆ ਕਿ ਸ਼ਾਮਲੀ ਵਿਚ ਤਲਾਸ਼ੀ ਦੌਰਾਨ ਪਲਵਿੰਦਰ ਦੀ ਟਿਓਟਾ ਫਾਰਚੂਨਰ ਗੱਡੀ ਤੋਂ ਇਕ ਸੈਲਫ਼ ਲੋਡਿੰਗ ਰਾਈਫ਼ਲ, ਤਿੰਨ ਰਫ਼ਲਾਂ ਤੇ ਕਈ ਹੋਰ ਹਥਿਆਰ ਬਰਾਮਦ ਕੀਤੇ ਗਏ ਹਨ। ਉਸ ਨੇ ਸ਼ਾਮਲੀ ਦੇ ਐਸ.ਪੀ. ਡਾ. ਅਜੈ ਸ਼ਰਮਾ ਅੱਗੇ ਕਬੂਲ ਕੀਤਾ ਕਿ ਜੇਲ੍ਹ ਬਰੇਕ ਦੀ ਯੋਜਨਾ ਉਸ ਨੇ ਪ੍ਰੇਮਾ ਲਾਹੌਰੀਆ ਨਾਲ ਮਿਲ ਕੇ ਰਚੀ ਸੀ। ਪ੍ਰੇਮਾ ਗੌਂਡਰ ਗਰੁੱਪ ਦਾ ਮੈਂਬਰ ਹੈ। ਪਿੰਦਾ ਫਗਵਾੜਾ ਵਿਚ ਏ.ਐਸ.ਆਈ. ਗੁਰਦੇਵ ਸਿੰਘ ਦਾ ਕਤਲ ਕਰਨ ਮਗਰੋਂ ਹਿਰਾਸਤ ਵਿਚ ਸੀ ਤਾਂ ਗੌਂਡਰ ਗਰੁੱਪ ਨੇ ਉਸ ਨੂੰ ਛੁਡਾਇਆ ਸੀ। ਇਸ ਦੇ ਬਦਲੇ ਉਸ ਨੇ ਵਿੱਕੀ ਗੌਂਡਰ, ਕੁਲਪ੍ਰੀਤ ਨੀਟਾ ਦਿਓਲ, ਗੁਰਪ੍ਰੀਤ ਸੇਖੋਂ ਤੇ ਅਮਨਦੀਪ ਨੂੰ ਛੁਡਾਉਣ ਦੀ ਯੋਜਨਾ ਬਣਾਈ ਸੀ। ਪਿੰਦਾ ਨਾਭਾ ਜੇਲ੍ਹ ਵਿਚ ਬੰਦ ਰਹਿ ਚੁੱਕਾ ਹੈ, ਇਸ ਲਈ ਉਥੋਂ ਦੇ ਚੱਪੇ-ਚੱਪੇ ਤੋਂ ਵਾਕਿਫ਼ ਹੈ। ਰੇਂਜ ਦੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੇ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਨੂੰ ਜਲੰਧਰ ਤੋਂ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੰਜਾਬ ਪੁਲੀਸ ਨੇ ਕਿਹਾ ਹੈ ਕਿ ਹੁਣ ਤਕ ਦੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਫ਼ਰਾਰ ਹੋਏ ਖ਼ਤਰਨਾਕ ਗੈਂਗਸਟਰ ਗੁਰਪ੍ਰੀਤ ਸੇਖੋਂ ਜੇਲ੍ਹ ਬਰੇਕ ਕਾਂਡ ਦਾ ਮੁੱਖ ਸਰਗਨਾ ਹੈ। ਪਟਿਆਲਾ ਦੇ ਐਸਐਸਪੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਸੇਖੋਂ ਨੇ ਇਕ ਹੋਰ ਗੈਂਗਸਟਰ ਪ੍ਰੇਮ ਲਾਹੌਰੀਆ ਨਾਲ ਮਿਲ ਕੇ ਜੇਲ੍ਹ ਵਿਚੋਂ ਫ਼ਰਾਰ ਹੋਣ ਦੀ ਸਾਜ਼ਿਸ਼ ਘੜੀ ਸੀ ਅਤੇ ਪਲਵਿੰਦਰ ਸਿੰਘ ਪਿੰਦਾ ਨੇ ਯੋਜਨਾ ਨੂੰ ਅੰਜਾਮ ਦਿੱਤਾ। ਸੇਖੋਂ ਕਤਲ, ਅਗ਼ਵਾ, ਫਿਰੌਤੀ ਵਸੂਲਣ ਕੇਸਾਂ ਵਿਚ ਸ਼ਾਮਲ ਹੈ।
ਜ਼ਿਕਰਯੋਗ ਹੈ ਕਿ ਐਤਵਾਰ ਸਵੇਰੇ 8: 30 ਵਜੇ 10 ਬਦਮਾਸ਼ਾਂ ਨੇ ਨਾਭਾ ਦੀ ਉਚ ਸੁਰੱਖਿਆ ਵਾਲੀ ਜੇਲ੍ਹ ‘ਤੇ ਹਮਲਾ ਕੀਤਾ ਸੀ। ਬਦਮਾਸ਼ਾਂ ਨੇ ਦੋ ਖਾਲਿਸਤਾਨੀ ਖਾੜਕੂਆਂ ਸਮੇਤ 4 ਗੈਂਗਸਟਰਾਂ ਨੂੰ ਸਿਰਫ਼ 13 ਮਿੰਟਾਂ ਵਿਚ ਹੀ ਛੁਡਾ ਲਿਆ। ਸੂਤਰਾਂ ਅਨੁਸਾਰ 6 ਹਮਲਾਵਰ ਪੁਲੀਸ ਦੀ ਵਰਦੀ ਵਿਚ ਸਨ। ਇਨ੍ਹਾਂ ਨੇ 100 ਰਾਉਂਡ ਚਲਾਏ ਤੇ ਜੇਲ੍ਹ ਗਾਰਡ ਵਲੋਂ ਸਿਰਫ਼ ਇਕ ਗੋਲੀ ਚਲਾਈ ਗਈ। ਪੁਲੀਸ ਵਾਲਿਆਂ ਤੋਂ ਐਸ.ਐਲ.ਆਰ ਖੋਹ ਲਈ ਗਈ। ਬਦਮਾਸ਼ਾਂ ਨੇ ਗੇਟ ‘ਤੇ ਖੜ੍ਹੇ ਗਾਰਡ ਦੇ ਮੂੰਹ ‘ਤੇ ਚਾਕੂ ਨਾਲ ਵਾਰ ਕੀਤਾ। ਇਕ ਦੂਸਰਾ ਪੁਲੀਸ ਵਾਲਾ ਧੱਕਾਮੁੱਕੀ ਦੌਰਾਨ ਬੇਹੋਸ਼ ਹੋ ਗਿਆ।
ਹਰਮਿੰਦਰ ਸਿੰਘ ਤੋਂ ਇਲਾਵਾ ਇਨ੍ਹਾਂ ਵਿਚ ਕਸ਼ਮੀਰ ਸਿੰਘ ਜੋ ਦਹਿਸ਼ਤੀ ਗਤੀਵਿਧੀਆਂ ਵਿਚ ਸ਼ਾਮਲ ਰਿਹਾ ਹੈ, ਤੇ ਇਸ ਦੀ ਜੇਲ੍ਹ ਵਿਚ ਹੀ ਹਰਮਿੰਦਰ ਮਿੰਟੂ ਨਾਲ ਦੋਸਤੀ ਹੋਈ। ਹਰਜਿੰਦਰ ਸਿੰਘ ਉਰਫ਼ ਵਿੱਕੀ ਗੌਂਡਰ ਜਲੰਧਰ ਵਿਚ ਇਕ ਕਤਲ ਤੋਂ ਬਾਅਦ ਗੈਂਗਸਟਰ ਬਣਿਆ। 2015 ਵਿਚ ਸੁੱਖਾ ਕਾਲਵਾਂ ਨੂੰ ਹਿਰਾਸਤ ਦੌਰਾਨ ਕਤਲ ਕੀਤਾ। ਕੁਲਪ੍ਰੀਤ ਸਿੰਘ ਦਿਓਲ ਨੀਟਾ ( ਜ਼ਿਆਦਾਤਰ ਦੁਬਈ ਵਿਚ ਰਿਹਾ) ਸੁੱਖੇ ਨੂੰ ਮਾਰਨ ਲਈ ਦੁਬਈ ਤੋਂ ਆਇਆ। ਫਿਰ ਚਲਾ ਗਿਆ। ਕੁਝ ਮਹੀਨੇ ਪਹਿਲਾਂ ਆਤਮ ਸਮਰਪਣ ਕੀਤਾ। ਗੁਰਪ੍ਰੀਤ ਸਿੰਘ ਸੇਖੋਂ, ਚੰਡੀਗੜ੍ਹ ਪੜ੍ਹਨ ਗਿਆ, ਸ਼ੇਰਾ ਖੁੱਬਨ ਨਾਲ ਦੋਸਤੀ ਕੀਤੀ। ਸ਼ੇਰਾ ਦੇ ਐਨਕਾਉਂਟਰ ਤੋਂ ਬਾਅਦ ਗਿਰੋਹ ਸੰਭਾਲ ਲਿਆ। ਅਮਨਦੀਪ ਸਿੰਘ ਦੀ ਨੀਟਾ ਦਿਓਲ ਤੇ ਗੁਰਪ੍ਰੀਤ ਸੇਖੋਂ ਨਾਲ ਜੇਲ੍ਹ ਵਿਚ ਦੋਸਤੀ ਹੋਈ। ਕਈ ਅਪਰਾਧਕ ਮਾਮਲਿਆਂ ਵਿਚ ਸ਼ਾਮਲ ਹੈ।
ਬਦਮਾਸ਼ਾਂ ਨੇ ਹਰਮਿੰਦਰ ਸਿੰਘ ਮਿੰਟੂ, ਕਸ਼ਮੀਰ ਗਲਵੱਟੀ, ਗੈਂਗਸਟਰ ਹਰਜਿੰਦਰ ਸਿੰਘ ਉਰਫ਼ ਵਿੱਕੀ ਗੌਂਡਰ, ਗੁਰਪ੍ਰੀਤ ਸੇਖੋਂ, ਕੁਲਪ੍ਰੀਤ ਨੀਟਾ ਦਿਓਲ ਤੇ ਅਮਨਦੀਪ ਹੁੱਡਾ ਨੂੰ ਛੁਡਾ ਲਿਆ। ਘਟਨਾ ਮਗਰੋਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਡੀ.ਜੀ.ਪੀ. ਸੁਰੇਸ਼ ਅਰੋੜ ਸਮੇਤ ਕਈ ਅਫ਼ਸਰ ਪਹੁੰਚੇ। ਰੈਪਿਡ ਐਕਸ਼ਨ ਫੋਰਸ ਬੁਲ ਕੇ ਜੇਲ੍ਹ ਦੇ ਬਾਹਰ ਤੈਨਾਤ ਕੀਤਾ। ਸਰਕਾਰ ਨੇ ਇਸ ਘਟਨਾ ਲਈ ਜ਼ਿੰਮੇਵਾਰ ਬਣਦੇ ਹੋਏ ਡੀ.ਜੀ.ਪੀ. ਜੇਲ੍ਹ ਸੰਜੀਵ ਗੁਪਤਾ ਨੂੰ ਸਸਪੈਂਡ ਕਰ ਦਿੱਤਾ ਜਦਕਿ ਜੇਲ੍ਹ ਸੁਪਰਡੈਂਟ ਪਰਮਜੀਤ ਸਿੰਘ ਤੇ ਡਿਪਟੀ ਸੁਪਰਡੈਂਟ ਨੂੰ ਡਿਸਮਿਸ ਕਰ ਦਿੱਤਾ।

ਸੁਖਬੀਰ ਬਾਦਲ ਦੇ ਕਰੀਬੀ ਤੇ ਗੌਂਡਰ ਦੇ ਦੁਸ਼ਮਣ ਮੀਤ ਨੇ ਰਾਤੋ-ਰਾਤ ਕੀਤਾ ਆਤਮ ਸਮਰਪਣ
ਚੰਡੀਗੜ੍ਹ/ਬਿਊਰੋ ਨਿਊਜ਼ :
ਵਿੱਕੀ ਗੌਂਡਰ ਸਵੇਰੇ ਫਰਾਰ ਹੋਇਆ ਅਤੇ ਦੇਰ ਰਾਤ 20 ਦਿਨ ਤੋਂ ਵਾਨਟਡ ਅਮਿਤ ਉਰਫ਼ ਮੀਤ ਨੇ ਆਤਮ ਸਮਰਪਣ ਕਰ ਦਿੱਤਾ। ਉਸ ਨੂੰ ਲਗਦਾ ਹੈ ਕਿ ਗੌਂਡਰ ਉਸ ਨੂੰ ਮਾਰਨ ਲਈ ਹੀ ਜੇਲ੍ਹ ਤੋਂ ਭਜਿਆ ਹੈ। ਗੌਂਡਰ ਨਾਭਾ ਜੇਲ੍ਹ ਤੋਂ ਪਹਿਲਾਂ ਸਤੰਬਰ ਤਕ ਰੋਪੜ ਜੇਲ੍ਹ ਵਿਚ ਸੀ। ਉਸ ਦੇ ਨਾਲ ਬਾਉਂਸਰ ਗਗਨ ਵੀ ਸੀ। ਗਗਨ ਨੇ ਬਾਉਂਸਰ ਮੀਤ ‘ਤੇ ਹਮਲਾ ਕਰਨ ਲਈ ਸੈਕਟਰ-26 ਦੇ ਜਿਮ ਵਿਚ ਅਗਸਤ ਵਿਚ ਗੋਲੀਆਂ ਚਲਾਈਆਂ ਸਨ, ਜਿਸ ਵਿਚ ਬਾਉਂਸਰ ਅਖਿਲ ਜਖਮੀ ਹੋਇਆ ਸੀ। ਇਸ ਦਾ ਬਦਲਾ ਲੈਣ ਲਈ ਦਿਓਲ ਗਰੁੱਪ ਅਤੇ ਰਵੀਰਾਜ ਨੇ ਬਾਉਂਸਰ ਗਗਨ ‘ਤੇ ਰੋਪੜ ਜੇਲ੍ਹ ਵਿਚ ਹਮਲਾ ਕੀਤਾ। ਦੋਵੇਂ ਗਰੁੱਪ ਜੇਲ੍ਹ ਵਿਚ ਸਨ। ਗੌਂਡਰ ਨੇ ਜੇਲ੍ਹ ਵਿਚੋਂ ਹੀ ਫੇਸਬੁੱਕ ‘ਤੇ ਲਿਖਿਆ ਸੀ ਕਿ ਉਸ ‘ਤੇ ਜੋ ਹਮਲਾ ਹੋਇਆ ਹੈ, ਉਸ ਪਿਛੇ ਮੀਤ ਹੈ। ਉਦੋਂ ਤੋਂ ਦੋਵੇਂ ਗਰੁੱਪਾਂ ਵਿਚਾਲੇ ਟਕਰਾਅ ਹੈ। ਸਤੰਬਰ ਦੇ ਆਖ਼ਰੀ ਹਫ਼ਤੇ ਗੌਂਡਰ ਅਤੇ ਗਗਨ ਨੂੰ ਰੋਪੜ ਜੇਲ੍ਹ ਤੋਂ ਨਾਭਾ ਜੇਲ੍ਹ ਟਰਾਂਸਫਰ ਕੀਤਾ ਗਿਆ। ਜੇਲ੍ਹ ਸੁਪਰਡੈਂਟ ਨੇ ਲਿਖਿਆ ਸੀ ਕਿ ਦੋਵੇਂ ਗਰੁੱਪਾਂ ਦਾ ਇਕ ਹੀ ਜੇਲ੍ਹ ਵਿਚ ਰਹਿਣ ਨਾਲ ਕੁਝ ਵੀ ਹੋ ਸਕਦਾ ਹੈ। ਉਸ ਤੋਂ ਬਾਅਦ 6 ਨਵੰਬਰ ਨੂੰ ਮੀਤ ਗੈਂਗ ਤੇ ਸੋਨੂ ਸ਼ਾਹ ਵਿਚਾਲੇ ਮੋਹਾਲੀ ਫੇਜ਼-8 ਦੇ ਦੁਸਹਿਰਾ ਗਰਾਉਂਡ ਵਿਚ ਫਾਇਰਿੰਗ ਵੀ ਹੋਈ। ਉਦੋਂ ਤੋਂ ਮੀਤ ਫਰਾਰ ਸੀ। ਐਤਵਾਰ ਨੂੰ ਜਿਵੇਂ ਹੀ ਗੌਂਡਰ ਭੱਜਿਆ, ਮੀਤ ਗੈਂਗ ਵਿਚ ਖਲਬਲੀ ਮੱਚ ਗਈ। ਦਰਅਸਲ, ਗੌਂਡਰ ਅਤੇ ਗਗਨ ਇਕ ਹੀ ਬੈਰਕ ਵਿਚ ਸਨ। ਦੇਰ ਰਾਤ ਮੀਤ ਨੇ ਅਚਾਨਕ ਮੋਹਾਲੀ ਸੀ.ਆਈ.ਏ. ਸਟਾਫ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ। ਪੁਲੀਸ ਨੇ ਉਸ ਦੀ ਗ੍ਰਿਫ਼ਾਤਰੀ ਮਨੀਮਾਜਰਾ ਸਥਿਤ ਉਸ ਦੇ ਘਰ ਕੋਲੋਂ ਦਿਖਾਈ। ਦੂਸਰੇ ਪਾਸੇ ਨਾਭਾ ਜੇਲ੍ਹ ਵਿਚ ਕੈਦ ਗਗਨ ਤੋਂ ਪੁਛਗਿਛ ਜਾਰੀ ਹੈ। ਕੁਝ ਦਿਨ ਪਹਿਲਾਂ ਫੇਸਬੁੱਕ ‘ਤੇ ਗਗਨ ਨੇ ਕਿਹਾ ਸੀ-ਜ਼ਮਾਨਤ ਕਰਵਾਓ, ਨਹੀਂ ਤਾਂ ਭੱਜ ਜਾਵਾਂਗਾ। ਜਵਾਲ ਮਿਲਿਆ ਜ਼ਮਾਨਤ ਹੋ ਜਾਵੇਗੀ। ਇਸਲਈ ਉਹ ਨਹੀਂ ਭੱਜਿਆ। ਜ਼ਿਕਰਯੋਗ ਹੈ ਕਿ ਸੁਖਬੀਰ ਬਾਦਲ ਦਾ ਕਰੀਬੀ ਹੋਣ ਕਾਰਨ ਮੀਤ ‘ਤੇ ਕੇਸ ਦਰਜ ਨਹੀਂ ਹੋ ਰਿਹਾ ਸੀ। ਪਰ ਜਦੋਂ ਰੋਜ਼ਾਨਾ ਹਿੰਦੀ ਅਖ਼ਬਾਰ ਨੇ ਇਸ ਦਾ ਖ਼ੁਲਾਸਾ ਕੀਤਾ ਤਾਂ ਪੁਲੀਸ ਨੇ ਕੇਸ ਦਰਜ ਕਰ ਲਿਆ।

ਕੈਦੀ ਤਾਂ ਫੜੇ ਨਾ ਗਏ, ਪੁਲੀਸ ਨੇ ਐਨਕਾਉਂਟਰ ਕਰਕੇ ਬੇਕਸੂਰ ਲੜਕੀ ਨੂੰ ਹੀ ਮਾਰਿਆ
ਸਮਾਣਾ/ਬਿਊਰੋ ਨਿਊਜ਼ :
ਕੈਦੀਆਂ ਦੇ ਭੱਜਣ ਦਾ ਖਮਿਆਜ਼ਾ ਬੇਕਸੂਰ ਕੁੜੀ ਨੇਹਾ ਨੂੰ ਭੁਗਤਣਾ ਪਿਆ। ਚੀਕਾ ਰੋਡ ‘ਤੇ ਪੁਲੀਸ ਨੇ ਆਰਕੈਸਟਰਾ ਦੀ ਗੱਡੀ ‘ਤੇ ਇਸ ਲਈ ਫਾਇਰਿੰਗ ਕਰ ਦਿੱਤੀ, ਕਿਉਂਕਿ ਗੱਡੀ ਚਾਲਕ ਨੇ ਉਨ੍ਹਾਂ ਦੇ ਰੁਕਣ ਦੇ ਇਸ਼ਾਰੇ ‘ਤੇ ਗੱਡੀ ਥੋੜ੍ਹੀ ਅੱਗੇ ਰੋਕਣੀ ਚਾਹੀ। ਪੁਲੀਸ ਵਾਲਿਆਂ ਦਾ ਤਰਕ ਹੈ ਕਿ ਉਨ੍ਹਾਂ ਨੂੰ ਲੱਗਾ ਕਿ ਗੱਡੀ ਵਿਚ ਭੱਜੇ ਹੋਏ ਕੈਦੀ ਹਨ। ਜਦਕਿ ਗੱਡੀ ਚਾਲਕ ਤੇ ਆਰਕੈਸਟਰਾ ਗਰੁੱਪ ਦੇ ਮਾਲਕ ਸਰਬਜੀਤ ਸਿੰਘ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਗੱਡੀ ਭਜਾਈ ਨਹੀਂ। ਪੁਲੀਸ ਨੇ ਗੱਡੀ ਦੇ ਅੱਗਿਓਂ ਫਾਇਰਿੰਗ ਕਰ ਦਿੱਤੀ, ਜਿਸ ਕਾਰਨ ਫਰੰਟ ਸੀਟ ‘ਤੇ ਬੈਠੀ ਨੇਹਾ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਕੋਲੋਂ ਲੰਘ ਰਹੇ ਦਿੜਬਾ ਦੇ ਬ੍ਰਿਜਮੋਹਨ ਦੀ ਲੱਤ ‘ਤੇ ਗੋਲੀ ਲੱਗੀ, ਜਿਸ ਨੂੰ ਸਮਾਣਾ ਦੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਅਣਸੁਲਝੇ ਸਵਾਲ :
ਘਟਨਾ ਦਿਨ ਦੀ ਹੈ। ਰਾਤ ਦਾ ਸਮਾਂ ਨਹੀਂ ਸੀ ਕਿ ਕਾਰ ਵਿਚ ਬੈਠੇ ਲੋਕ ਪੁਲੀਸ ਨੂੰ ਦਿਖਾਈ ਨਹੀਂ ਦਿੱਤੇ ਕਿ ਔਰਤਾਂ ਹਨ ਜਾਂ ਮਰਦ?
ਕਾਰ ਦੇ ਸ਼ੀਸ਼ੇ ਕਾਲੇ ਨਹੀਂ ਸਨ, ਸ਼ੱਕ ਕਿਵੇਂ ਹੋ ਗਿਆ?
ਕਾਰ ਰੁਕਣ ਤੋਂ ਪਹਿਲਾਂ ਹੀ ਕਾਰ ਦੇ ਫਰੰਟ ਤੋਂ ਫਾਇਰਿੰਗ ਕਿਉਂ ਕੀਤੀ ਗਈ?
ਹੱਕ ਸੀ ਤਾਂ ਪਹਿਲਾਂ ਟਾਇਰਾਂ ਵਿਚ ਗੋਲੀ ਕਿਉਂ ਨਹੀਂ ਮਾਰੀ?

ਘਟਨਾ ਪਿਛੇ ਪਾਕਿਸਤਾਨ ਦਾ ਹੱਥ : ਸੁਖਬੀਰ ਬਾਦਲ
ਚੰਡੀਗੜ੍ਹ/ਬਿਊਰੋ ਨਿਊਜ਼ :
ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਸ ਘਟਨਾ ਪਿਛੇ ਪਾਕਿਸਤਾਨ ਦਾ ਹੱਥ ਹੋਣ ਦਾ ਖ਼ਦਸ਼ਾ ਜ਼ਾਹਰ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਜ਼ਿਸ਼ ਦੇਸੀ ਹੋਵੇ ਜਾਂ ਵਿਦੇਸ਼ੀ, ਪੰਜਾਬ ਸਰਕਾਰ ਇਸ ਨੂੰ ਹਰ ਹਾਲ ਵਿਚ ਨਾਕਾਮ ਕਰੇਗੀ। ਉਧਰ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇਸ ਮਾਮਲੇ ‘ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਫ਼ੋਨ ‘ਤੇ 15 ਮਿੰਟ ਗੱਲਬਾਤ ਕਰਕੇ ਜੇਲ੍ਹਾਂ ਦੀ ਸੁਰੱਖਿਆ ਵਧਾਉਣ ਲਈ ਕਿਹਾ।
ਕੈਪਟਨ ਬੋਲੇ-ਗੈਂਗਸਟਰ ਦਾ ਇਸਤੇਮਾਲ ਕਰੇਗੀ ਸਰਕਾਰ :
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੈਦੀਆਂ ਦਾ ਇਸ ਤਰ੍ਹਾਂ ਭੱਜ ਜਾਣਾ ਸਰਕਾਰੀ ਰਜ਼ਾਮੰਦ ਦੇ ਬਿਨਾਂ ਸੰਭਵ ਨਹੀਂ ਹੋ ਸਕਦਾ। ਬਾਦਲ ਸਰਕਾਰ ਭਗੋੜੇ ਗੈਂਗਸਟਰਾਂ ਦਾ ਇਸਤੇਮਾਲ ਚੋਣਾਂ ਵਿਚ ਕਰ ਸਕਦੀ ਹੈ। ਆਮ ਆਦਮੀ ਪਾਰਟੀ ਦੇ ਸੰਜੇ ਸਿੰਘ ਨੇ ਸੁਖਬੀਰ ਬਾਦਲ ਤੋਂ ਅਸਤੀਫ਼ੇ ਦੀ ਮੰਗ ਕੀਤੀ ਹੈ।

ਹਫ਼ਤਾਭਰ ਪਹਿਲਾਂ ਹੀ ਪਤਾ ਚੱਲ ਚੁੱਕਾ ਸੀ-ਇਹ ਲੋਕ ਹੋਣਗੇ ਫਰਾਰ
ਨੀਟਾ ਤੇ ਗੌਂਡਰ ਗਿਰੋਹ ਨੇ ਵਾਇਸ ਕਾਲਿੰਗ ਨਾਲ ਰਚੀ ਸਾਜ਼ਿਸ਼
ਬਠਿੰਡਾ/ਬਿਊਰੋ ਨਿਊਜ਼ :
ਬਠਿੰਡਾ ਪੁਲੀਸ ਵਲੋਂ ਹਫਤਾਭਰ ਪਹਿਲਾਂ ਫੜੇ ਗਏ ਗੈਂਗਸਟਰ ਦੇ ਫ਼ੋਨ ਤੋਂ ਮਿਲੀ ਜਾਣਕਾਰੀ ‘ਤੇ ਧਿਆਨ ਦਿੱਤਾ ਜਾਂਦਾ ਤਾਂ ਨਾਭਾ ਤੋਂ ਅਪਰਾਧੀ ਭੱਜ ਨਹੀਂ ਸਕਦੇ ਸਨ। ਇਸ ਦੀ ਸਾਜ਼ਿਸ਼ ਜੇਲ੍ਹ ਵਿਚ ਬੰਦ ਵਿੱਕੀ ਗੌਂਡਰ ਤੇ ਨੀਟਾ ਦਿਓ ਨੇ ਰਚੀ ਸੀ। ਬਠਿੰਡਾ ਪੁਲੀਸ ਨੂੰ ਪਤਾ ਸੀ ਕਿ ਗੌਂਡਰ ਤੇ ਨੀਟਾ ਜੇਲ੍ਹ ਵਿਚ ਬੈਠੇ ਗਿਰੋਹ ਦੇ ਮੈਂਬਰਾਂ ਨੂੰ ਵਾਇਸ ਕਾਲਿੰਗ ਅਤੇ ਵੱਟਸਐਪ ਕਾਲ ਕਰ ਰਹੇ ਹਨ। 20 ਨਵੰਬਰ ਨੂੰ ਸੀ.ਆਈ.ਏ. ਨੇ 3 ਗੈਂਗਸਟਰਾਂ ਨੂੰ ਫੜਿਆ। ਇਨ੍ਹਾਂ ਵਿਚੋਂ ਇਕ ਦੇ ਫ਼ੋਨ ਤੋਂ ਕੁਲਪ੍ਰੀਤ, ਨੀਟਾ ਦਿਓਲ ਦੇ ਨਾਲ ਵਾਟਸਐਪ ‘ਤੇ ਗੱਲ ਹੋਈ। ਇਕ ਮਹੀਨਾ ਪਹਿਲਾਂ ਬਠਿੰਡਾ ਵਿਚ ਗ੍ਰਿਫ਼ਤਾਰ ਗੈਂਗਸਟਰ ਨਵਦੀਪ ਚੱਠਾ ਦੇ ਫ਼ੋਨ ਤੋਂ ਵੀ ਨਾਭਾ ਵਿਚ ਬੰਦ ਗੌਂਡਰ ਦਾ ਵਾਇਸ ਮੈਸੇਜ ਮਿਲਿਆ ਸੀ। ਸਿਰਫ਼ 7 ਦਿਨ ਬਾਅਦ ਗੈਂਗਸਟਰ ਏਨਾ ਵੱਡਾ ਕਰ ਦੇਣਗੇ, ਪੁਲੀਸ ਇਸ ਦਾ ਅੰਦਾਜ਼ਾ ਨਹੀਂ ਲਗਾ ਸਕੀ। ਪੁਲੀਸ ਗੌਂਡਰ ਤੇ ਨੀਟਾ ਦਾ ਮੋਬਾਈਲ ਬਰਾਮਦ ਕਰਕੇ ਜਾਂਚ ਕਰਦੀ ਤਾਂ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵੱਡਾ ਜੇਲ੍ਹ ਬਰੇਕ ਨਾ ਹੁੰਦਾ।

ਕਿਹੜਾ ਰੋਕ ਲਊ ‘ਮਾਈ ਦਾ ਲਾਲ’
ਖਸਤਾ ਜੇਲ੍ਹਾਂ, ਬੁੱਢੀ ਗਾਰਦ ਤੇ ਨਿਕੰਮੇ ਹਥਿਆਰ
ਢਾਈ ਸੌ ਕੈਦੀ ਹੋ ਚੁੱਕੇ ਨੇ ਫਰਾਰ!
ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਦੀਆਂ ਜੇਲ੍ਹਾਂ ਚੋਂ ਔਸਤਨ ਹਰ ਮਹੀਨੇ ਦੋ ਕੈਦੀ ਫਰਾਰ ਹੋ ਰਹੇ ਹਨ। ਲੰਘੇ 10 ਵਰ੍ਹਿਆਂ ਵਿਚ ਜੇਲ੍ਹਾਂ ਚੋਂ 243 ਕੈਦੀ ਤੇ ਬੰਦੀ ਫਰਾਰ ਹੋ ਚੁੱਕੇ ਹਨ। ਇਨ੍ਹਾਂ ਵਰ੍ਹਿਆਂ ਵਿਚ ਕੈਦੀ ਤੇ ਬੰਦੀ 7 ਦਫ਼ਾ ਜੇਲ੍ਹ ਤੋੜ ਕੇ ਫਰਾਰ ਹੋਏ ਹਨ। ਜੇਲ੍ਹ ਵਿਭਾਗ ਪੰਜਾਬ ਨੇ ਕਦੇ ਵੀ ਇਨ੍ਹਾਂ ਮਾਮਲਿਆਂ ਨੂੰ ਬਹੁਤੀ ਸੰਜੀਦਗੀ ਨਾਲ ਨਹੀਂ ਲਿਆ ਹੈ। ਭਾਵੇਂ ਅੱਜ ਨਾਭਾ ਜੇਲ੍ਹ ਦੀ ਘਟਨਾ ਨੇ ਪੂਰਾ ਸਿਸਟਮ ਲਿਆਇਆ ਹੈ ਪਰ ਪੰਜਾਬ ਸਰਕਾਰ ਨੇ ਪਿਛਲੇ ਵਰ੍ਹਿਆਂ ਦੀਆਂ ਘਟਨਾਵਾਂ ਤੋਂ ਕਦੇ ਸਬਕ ਨਹੀਂ ਲਿਆ ਸੀ। ਦੇਸ਼ ਭਰ ਵਿਚ ਇਨ੍ਹਾਂ ਦਸ ਵਰ੍ਹਿਆਂ ਵਿਚ 108 ਵਾਰਦਾਤਾਂ ਜੇਲ੍ਹ ਤੋੜਨ ਦੀਆਂ ਵਾਪਰੀਆਂ ਹਨ ਅਤੇ 4815 ਬੰਦੀ ਤੇ ਕੈਦੀ ਫਰਾਰ ਹੋਏ ਹਨ। ਪੰਜਾਬ ਵਿਚ ਸਾਲ 2015 ਵਿਚ ਵੀ ਜੇਲ੍ਹ ਤੋੜ ਕੇ ਫਰਾਰ ਹੋਣ ਦੀ ਇੱਕ ਵਾਰਦਾਤ ਵਾਪਰੀ ਸੀ। ਕੇਂਦਰੀ ਗ੍ਰਹਿ ਮੰਤਰਾਲੇ ਦੇ ਵੇਰਵਿਆਂ ਅਨੁਸਾਰ ਸਾਲ 2005 ਤੋਂ ਸਾਲ 2015 ਤੱਕ ਪੰਜਾਬ ਚੋਂ 243 ਬੰਦੀ ਤੇ ਕੈਦੀ ਜੇਲ੍ਹਾਂ ਚੋਂ ਫਰਾਰ ਹੋਏ ਹਨ। ਅਕਾਲੀ ਭਾਜਪਾ ਗਠਜੋੜ ਸਰਕਾਰ ਦੇ ਨੌ ਵਰ੍ਹਿਆਂ ਦੌਰਾਨ ਜੇਲ੍ਹਾਂ ਚੋਂ 189 ਬੰਦੀ ਫਰਾਰ ਹੋਏ ਹਨ। ਜਦੋਂ ਸਾਲ 2007 ਵਿਚ ਗਠਜੋੜ ਸਰਕਾਰ ਬਣੀ ਸੀ ਤਾਂ ਉਦੋਂ ਇੱਕੋ ਜੇਲ੍ਹ ਵਿਚ 36 ਕੈਦੀ ਤੇ ਬੰਦੀ ਫਰਾਰ ਹੋਏ ਸਨ ਅਤੇ ਉਸ ਮਗਰੋਂ ਸਾਲ 2010 ਵਿਚ ਵੀ 39 ਜਣੇ ਫਰਾਰ ਹੋਏ ਸਨ।
ਸਾਲ 2014 ਅਤੇ ਸਾਲ 2015 ਵਿਚ ਅੱਧੀ ਦਰਜਨ ਕੈਦੀ ਤੇ ਹਵਾਲਾਤੀ ਫਰਾਰ ਹੋਏ ਹਨ। ਸਭ ਤੋਂ ਜਿਆਦਾ ਸਾਲ 2012 ਵਿਚ ਜੇਲ੍ਹ ਤੋੜ ਕੇ ਫਰਾਰ ਹੋਣ ਦੀਆਂ ਤਿੰਨ ਵਾਰਦਾਤਾਂ ਹੋਈਆਂ ਹਨ ਅਤੇ ਇਸੇ ਜੇਲ੍ਹ ਵਿਚ 11 ਬੰਦੀ ਫਰਾਰ ਹੋਏ ਹਨ। ਫਿਰੋਜ਼ਪੁਰ ਜੇਲ੍ਹ ਚੋਂ ਲੰਘੇ 10 ਵਰ੍ਹਿਆਂ ਵਿਚ ਅੱਧੀ ਦਰਜਨ ਬੰਦੀ ਫਰਾਰ ਹੋਏ ਹਨ। ਸਾਲ 2003 ਵਿਚ ਇਸ ਜੇਲ੍ਹ ਚੋਂ ਬਾਂਸ ਦੀ ਮਦਦ ਨਾਲ ਹੀਰਾ ਲਾਲ ਤੇ ਸੋਨੂੰ ਹਵਾਲਾਤੀ ਫਰਾਰ ਹੋ ਗਏ ਸਨ ਜਦੋਂ ਕਿ ਸਾਲ 1984 ਵਿਚ ਵੀ ਇਸ ਜੇਲ੍ਹ ਚੋਂ ਇੱਕ ਖਾੜਕੂ ਅਤੇ ਉਸ ਦੇ ਦੋ ਸਾਥੀ ਬਾਂਸ ਦੀ ਮਦਦ ਨਾਲ ਜੇਲ੍ਹ ਚੋਂ ਫਰਾਰ ਹੋਏ ਸਨ। ਨਾਭੇ ਦੀ ਖੁੱਲ੍ਹੀ ਜੇਲ੍ਹ ਚੋਂ ਵੀ ਤਿੰਨ ਵਰ੍ਹਿਆਂ ਦੌਰਾਨ ਤਿੰਨ ਬੰਦੀ ਫਰਾਰ ਹੋਏ ਹਨ। ਗੁਰਦਾਸਪੁਰ ਜੇਲ੍ਹ ਚੋਂ ਸਾਲ 2012 ਵਿਚ ਤਿੰਨ ਬੰਦੀ ਰਾਤ ਨੂੰ ਕਰੀਬ 2:30 ਵਜੇ ਸਲਾਖਾ ਕੱਟ ਕੇ ਫਰਾਰ ਹੋ ਗਏ ਸਨ।  ਹਾਲਾਂਕਿ ਜੇਲ੍ਹਾਂ ਵਿਚ ਸੀ.ਸੀ.ਟੀ.ਵੀ. ਕੈਮਰੇ ਵੀ ਲਾਏ ਹਨ ਪ੍ਰੰਤੂ ਫਰਾਰੀ ਦੇ ਮਾਮਲਿਆਂ ਵਿਚ ਕੋਈ ਕਮੀ ਨਹੀਂ ਆਈ ਹੈ। ਸੂਤਰ ਦੱਸਦੇ ਹਨ ਕਪੂਰਥਲਾ ਅਤੇ ਫਰੀਦਕੋਟ ਜੇਲ੍ਹ ਵਿਚ ਤਾਂ ਬੰਦੀਆਂ ਨੇ ਬੈਰਕਾਂ ਵਿਚਲੇ ਸੀ.ਸੀ.ਟੀ.ਵੀ. ਕੈਮਰੇ ਹੀ ਤੋੜ ਦਿੱਤੇ ਸਨ।
ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਸ੍ਰੀ ਛਿੰਦਰਪਾਲ ਸਿੰਘ ਬਰਾੜ ਦਾ ਕਹਿਣਾ ਸੀ ਕਿ ਅਸਲ ਵਿਚ ਜੇਲ੍ਹ ਪ੍ਰਸ਼ਾਸਨ ਦੀ ਕੋਤਾਹੀ ਕਾਰਨ ਅਜਿਹੇ ਮਾਮਲੇ ਵਾਪਰਦੇ ਹਨ ਜਿਨ੍ਹਾਂ ਨੂੰ ਸਖਤੀ ਬਿਨ੍ਹਾਂ ਰੋਕਣਾ ਮੁਸ਼ਕਲ ਹੈ। ਉਨ੍ਹਾਂ ਆਖਿਆ ਕਿ ਨਵੀਂ ਤਕਨਾਲੋਜੀ ਦੀ ਮਦਦ ਵੀ ਲਈ ਜਾਣੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਜੇਲ੍ਹਾਂ ਦੇ ਸੁਰੱਖਿਆ ਪ੍ਰਬੰਧਾਂ ਨੂੰ ਵੀ ਮਜ਼ਬੂਤ ਬਣਾਏ ਜਾਣ ਦੀ ਲੋੜ ਹੈ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਹੁਣ ਨਵੀਆਂ ਜੇਲ੍ਹਾਂ ਵੀ ਬਣਾਈਆਂ ਹਨ ਜਿਨ੍ਹਾਂ ਵਿਚ ਬਠਿੰਡਾ, ਮੁਕਤਸਰ ਅਤੇ ਅੰਮ੍ਰਿਤਸਰ ਜੇਲ੍ਹ ਵੀ ਸ਼ਾਮਿਲ ਹਨ।
ਬੁੱਢਾ ਅਸਲਾ, ਬੁੱਢੀ ਗਾਰਦ
ਜੇਲ੍ਹਾਂ ਦੀ ਰਾਖੀ ਲਈ ਹਥਿਆਰ ਵੀ ਬੁੱਢੇ ਹਨ ਤੇ ਜੇਲ੍ਹ ਗਾਰਦ ਵੀ। ਤਾਹੀਓ ਜੇਲ੍ਹਾਂ ਦੀ ਸੁਰੱਖਿਆ ਤੇ ਉਂਗਲ ਉਠਣ ਲੱਗੀ ਹੈ। ਸਾਲ 1992 ਤੋਂ ਮਗਰੋਂ ਜੇਲ੍ਹਾਂ ਵਿਚ ਗਾਰਦ ਦੀ ਨਵੀਂ ਭਰਤੀ ਨਹੀਂ ਹੋਈ ਹੈ। ਪੰਜਾਬ ਸਰਕਾਰ ਵਲੋਂ ਨਵੇਂ ਹਥਿਆਰ ਹੀ ਨਹੀਂ ਦਿੱਤੇ ਗਏ ਹਨ। ਜੋ ਅਸਾਲਟਾਂ ਜੇਲ੍ਹਾਂ ਵਿਚ ਹਨ, ਉਹ ਪੁਲੀਸ ਤੋਂ ਉਧਾਰੀਆਂ ਲਈਆਂ ਹਨ। ਕਈ ਜੇਲ੍ਹਾਂ ਵਿਚ ਤਾਂ ਮਾਸਕਟ ਰਾਈਫਲਾਂ ਹਨ ਅਤੇ ਬਹੁਤੀਆਂ ਜੇਲ੍ਹਾਂ ਵਿਚ ਪੁਰਾਣੀਆਂ ਥ੍ਰੀ ਨਟ ਥ੍ਰੀ ਰਫ਼ਲਾਂ ਹਨ ਜੋ ਕੰਡਮ ਹਾਲਤ ਵਿਚ ਹਨ। ਬਠਿੰਡਾ,ਫਰੀਦਕੋਟ, ਮਾਨਸਾ ਅਤੇ ਫਿਰੋਜ਼ਪੁਰ ਜੇਲ੍ਹਾਂ ਵਿਚ ਜਿਆਦਾ ਥ੍ਰੀ ਨਟ ਥ੍ਰੀ ਰਫ਼ਲਾਂ ਹੀ ਹਨ। ਇਨ੍ਹਾਂ ਜੇਲ੍ਹਾਂ ਵਲੋਂ ਨਵੇਂ ਅਸਲੇ ਦੀ ਮੰਗ ਕੀਤੀ ਗਈ ਹੈ ਜਿਸ ਤੇ ਸਰਕਾਰ ਨੇ ਗੌਰ ਨਹੀਂ ਕੀਤੀ ਹੈ।
ਬਠਿੰਡਾ,ਫਰੀਦਕੋਟ ਅਤੇ ਮੁਕਤਸਰ ਵਿਚ ਨਵੀਆਂ ਜੇਲ੍ਹਾਂ ਤਾਂ ਬਣ ਗਈਆਂ ਹਨ ਪਰ ਇਨ੍ਹਾਂ ਜੇਲ੍ਹਾਂ ਵਿਚ ਹਥਿਆਰ ਪੁਰਾਣੇ ਹੀ ਹਨ। ਜੇਲ੍ਹਾਂ ਚੋਂ ਟਾਵਰਾਂ ਤੇ ਹੋਮਗਾਰਡ ਜਵਾਨ ਤਾਇਨਾਤ ਕੀਤੇ ਹੋਏ ਹਨ ਜਿਨ੍ਹਾਂ ਕੋਲ ਐੋਸ.ਐਲ.ਆਰ. ਰਫ਼ਲਾਂ ਹਨ ਜਦੋਂ ਕਿ ਬਾਕੀ ਗਾਰਦ ਤੋਂ ਥ੍ਰੀ ਨਟ ਥ੍ਰੀ ਰਫ਼ਲਾਂ ਹੀ ਹਨ।
ਇਵੇਂ ਜੋ ਜੇਲ੍ਹਾਂ ਵਿਚ ਪੈਸਕੋ ਦੇ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ, ਉਨ੍ਹਾਂ ਨੂੰ ਡੰਡੇ ਦਿੱਤੇ ਹੋਏ ਹਨ। ਨਿਯਮਾਂ ਅਨੁਸਾਰ ਇਨ੍ਹਾਂ ਮੁਲਾਜ਼ਮਾਂ ਨੂੰ ਜੇਲ੍ਹ ਪ੍ਰਸ਼ਾਸਨ ਤਰਫ਼ੋਂ ਅਸਲਾ ਨਹੀਂ ਦਿੱਤਾ ਜਾ ਸਕਦਾ ਹੈ। ਉਂਜ ਵੀ ਪੈਸਕੋ ਮੁਲਾਜ਼ਮਾਂ ਦੀ ਤਨਖਾਹ ਕਾਫੀ ਘੱਟ ਹੈ ਜੋ ਕਿ ਕੋਈ ਖਤਰਾ ਮੁੱਲ ਲੈਣ ਤੋਂ ਡਰਦੇ ਹਨ। ਇੱਕ ਜੇਲ੍ਹ ਅਧਿਕਾਰੀ ਨੇ ਦੱਸਿਆ ਕਿ ਜੋ ਮੌਜੂਦਾ ਜੇਲ੍ਹ ਗਾਰਦ ਹੈ, ਉਹ ਸੇਵਾ ਮੁਕਤੀ ਨੇੜੇ ਹੈ।    ਉਨ੍ਹਾਂ ਦੱਸਿਆ ਕਿ ਨਵੇਂ ਗੈਂਗਸਟਰਾਂ ਦਾ ਮੁਕਾਬਲਾ ਇਹ ਪੁਰਾਣੇ ਮੁਲਾਜ਼ਮ ਕਰਨੋਂ ਬੇਵੱਸ ਹਨ। ਸੂਤਰ ਦੱਸਦੇ ਹਨ ਕਿ ਤਾਹੀਂ ਨੌਜਵਾਨ ਗੈਂਗਸਟਰਾਂ ਦੇ ਜੇਲ੍ਹਾਂ ਵਿਚ ਹੌਸਲੇ ਵਧ ਜਾਂਦੇ ਹਨ। ਮਾਨਸਾ ਜੇਲ੍ਹ ਵਿਚ ਥ੍ਰੀ ਨਟ ਥ੍ਰੀ ਰਫ਼ਲਾਂ ਹਨ। ਫਰੀਦਕੋਟ ਜੇਲ੍ਹ ਦੇ ਸੁਪਰਡੈਂਟ ਬਲਕਾਰ ਸਿੰਘ ਭੁੱਲਰ ਦਾ ਕਹਿਣਾ ਸੀ ਕਿ ਹੋਮਗਾਰਡ ਜਵਾਨਾਂ ਕੋਲ ਐੱਸ.ਐਲ.ਆਰ. ਹਨ ਜਦੋਂ ਕਿ ਜ਼ਿਲ੍ਹਾ ਪੁਲੀਸ ਤੋਂ ਵੀ ਪਿਛਲੇ ਸਮੇਂ ਦੌਰਾਨ ਅਸਲਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਮੇਂ ਸਮੇਂ ਤੇ ਹਥਿਆਰਾਂ ਦੀ ਮੰਗ ਵੀ ਮੁੱਖ ਦਫ਼ਤਰ ਨੂੰ ਭੇਜੀ ਗਈ ਹੈ। ਵੇਰਵਿਆਂ ਅਨੁਸਾਰ ਬਠਿੰਡਾ ਜੇਲ੍ਹ ਨੂੰ ਵੀ ਨਵੇਂ ਹਥਿਆਰ ਨਹੀਂ ਮਿਲੇ ਹਨ ਅਤੇ ਇਸ ਜੇਲ੍ਹ ਕੋਲ 22 ਥ੍ਰੀ ਨਟ ਥ੍ਰੀ ਰਫ਼ਲਾਂ ਹੀ ਹਨ।
ਜੇਲ੍ਹ ਗਾਰਦ ਐਸੋਸੀਏਸ਼ਨ ਨੇ ਦੱਸਿਆ ਕਿ ਜੇਲ੍ਹਾਂ ਵਿਚ ਕਰੀਬ ਤਿੰਨ ਹਜ਼ਾਰ ਮੁਲਾਜ਼ਮਾਂ ਦੀ ਲੋੜ ਹੈ ਕਿਉਂਕਿ ਪਿਛਲੇ ਸਮੇਂ ਵਿਚ ਸੇਵਾ ਮੁਕਤੀ ਜਿਆਦਾ ਹੋਈ ਹੈ ਅਤੇ ਨਵੀਂ ਭਰਤੀ ਨਹੀਂ ਹੋਈ ਹੈ। ਪੰਜਾਬ ਵਿਚ ਅੱਧੀ ਦਰਜਨ ਜੇਲ੍ਹਾਂ ਕੋਲ ਤਾਂ ਮਾਸਕਟ ਰਾਈਫਲਾਂ ਹੀ ਹਨ ਜੋ ਕਾਫ਼ੀ ਪੁਰਾਣੀਆਂ ਹਨ। ਕਾਫ਼ੀ ਜੇਲ੍ਹਾਂ ਵਿਚ ਪੁਲੀਸ ਦੀਆਂ ਉਧਾਰੀਆਂ ਏ.ਕੇ 47 ਰਾਈਫਲਾਂ ਹਨ। ਫਿਰੋਜ਼ਪੁਰ ਜੇਲ੍ਹ ਵਿਚ 8 ਟਾਵਰ ਹਨ ਅਤੇ ਇਸ ਜੇਲ੍ਹ ਕੋਲ ਵੀ ਥ੍ਰੀ ਨਟ ਥ੍ਰੀ ਰਾਈਫਲਾਂ ਹਨ। ਸਬ ਜੇਲ੍ਹ ਮੋਗਾ ਅਤੇ ਫਾਜਿਲਕਾ ਕੋਲ ਵੀ ਇਹੋ ਰਾਈਫਲਾਂ ਹੀ ਹਨ। ਸੰਗਰੂਰ ਜੇਲ੍ਹ ਜੋ ਪਹਿਲਾਂ ਸੱਤ ਮਸਕਟ ਰਫ਼ਲਾਂ ਸਨ, ਜੋ ਹੁਣ ਜਮਢਾਂ ਕਰਾ ਦਿੱਤੀਆਂ ਗਈਆਂ ਹਨ ਅਤੇ ਬਦਲੇ ਵਿਚ ਕੋਈ ਨਵਾਂ ਅਸਲਾ ਨਹੀਂ ਮਿਲਿਆ ਹੈ। ਹਾਲਾਂਕਿ ਜੇਲ੍ਹਾਂ ਵਿਚ ਪਿਛਲੇ ਸਮੇਂ ਦੌਰਾਨ ਗੈਂਗਸਟਰਾਂ ਦੀ ਗਿਣਤੀ ਵਧੀ ਹੈ। ਜੇਲ੍ਹਾਂ ਕੋਲ ਤਾਂ ਸਰਕਾਰੀ ਵਾਹਨ ਵੀ ਨਹੀਂ ਹਨ। ਜਿਨ੍ਹਾਂ ਜੇਲ੍ਹਾਂ ਕੋਲ ਪੁਰਾਣੀਆਂ ਜਿਪਸੀਆਂ ਸਨ, ਉਹ ਕੰਡਮ ਹੋ ਚੁੱਕੀਆਂ ਹਨ।