ਕੇਜਰੀਵਾਲ ਹੋਣਗੇ ਪੰਜਾਬ ਦੇ ਮੁੱਖ ਮੰਤਰੀ?

ਕੇਜਰੀਵਾਲ ਹੋਣਗੇ ਪੰਜਾਬ ਦੇ ਮੁੱਖ ਮੰਤਰੀ?

ਕੈਪਸ਼ਨ-ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਸੰਤ ਅਜੀਤ ਸਿੰਘ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕਰਦੇ ਹੋਏ।
ਸਿਸੋਦੀਆ ਦੀ ਟਿੱਪਣੀ ਨੇ ਮਚਾਈ ਹਲਚਲ
ਸ੍ਰੀ ਆਨੰਦਪੁਰ ਸਾਹਿਬ/ਬਿਊਰੋ ਨਿਊਜ਼ :
ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਰਹੇ ਤੇ ਸਾਬਕਾ ਵਿਧਾਇਕ ਸੰਤ ਅਜੀਤ ਸਿੰਘ ਨਾਲ ਮੀਟਿੰਗ ਲਈ ਪਹੁੰਚੇ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅਸਿੱਧੇ ਤੌਰ ਉੱਤੇ ਸੰਕੇਤ ਦਿੱਤੇ ਹਨ ਕਿ ਜੇਕਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਸੂਬੇ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੀ ਹੋਣਗੇ। ਇੱਥੇ ਕਰੀਬ 15-20 ਮਿੰਟ ਤੱਕ ਚੱਲੀ ਮੀਟਿੰਗ ਉਪਰੰਤ ਦਿੱਲੀ ਦੇ ਉੱਪ ਮੁੱਖ ਮੰਤਰੀ ਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਕਰੀਬੀ ਸਾਥੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਪੰਜਾਬ ਦੇ ਲੋਕ ਅਰਵਿੰਦ ਕੇਜਰੀਵਾਲ ਉੱਤੇ ਭਰੋਸਾ ਰੱਖ ਕੇ ਹੀ ਆਪਣੀ ਵੋਟ ਆਮ ਆਦਮੀ ਪਾਰਟੀ ਨੂੰ ਪਾਉਣ। ਕੇਜਰੀਵਾਲ ਜੋ ਵਾਅਦਾ ਪੰਜਾਬ ਦੀ ਜਨਤਾ ਨਾਲ ਕਰ ਰਹੇ ਹਨ, ਉਸ ਨੂੰ ਹਰ ਹਾਲ ਵਿੱਚ ਪੂਰਾ ਕਰਨਗੇ। ਸਿਸੋਦੀਆ ਨੇ ਸਾਫ਼ ਕਰ ਦਿੱਤਾ ਕਿ ਪੰਜਾਬ ਵਿੱਚ ਮੁੱਖ ਮੰਤਰੀ ਦੇ ਨਾਂ ਦਾ ਐਲਾਨ ਪਾਰਟੀ ਵੱਲੋਂ ਜਾਣਬੁੱਝ ਕੇ ਸੋਚੀ ਸਮਝੀ ਰਣਨੀਤੀ ਤਹਿਤ ਨਹੀਂ ਕੀਤਾ ਗਿਆ ਹੈ।
ਪੰਜਾਬ ਵਿੱਚ ਸਨਅਤ ਦਾ ਲੱਕ ਟੁੱਟਣ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਯੋਗ ਉਮੀਦਵਾਰਾਂ ਦੀ ਚੋਣ ਕਰਕੇ ਉਨ੍ਹਾਂ ਨੂੰ ਵਿਧਾਨ ਸਭਾ ਵਿੱਚ  ਭੇਜੇ, ਮਗਰੋਂ ਇੱਕ ਚੰਗੇ ਵਪਾਰੀ ਨੂੰ ਰਾਜ ਦਾ ਵਿੱਤ ਮੰਤਰੀ ਬਣਾਉਣਾ ਉਨ੍ਹਾਂ ਦੀ ਜ਼ਿੰਮੇਵਾਰੀ ਰਹੇਗੀ।
‘ਆਪ’ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਲੋਕਾਂ ਨੂੰ ਪੱਥਰ ਮਾਰਨ ਲਈ ਉਕਸਾਉਣ ਦੇ ਸਾਹਮਣੇ ਆ ਰਹੇ ਮਾਮਲੇ ਬਾਰੇ ਸ੍ਰੀ ਸਿਸੋਦੀਆ ਨੇ ਕਿਹਾ ਕਿ ਫਿਲਹਾਲ ਉਨ੍ਹਾਂ ਦੇ ਧਿਆਨ ਵਿਚ ਅਜਿਹਾ ਕੋਈ ਬਿਆਨ ਨਹੀਂ ਹੈ, ਪਰ ਉਂਜ ਉਨ੍ਹਾਂ ਪੱਥਰਬਾਜ਼ੀ ਕੀਤੇ ਜਾਣ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਆਪਣਾ ਗੁੱਸਾ 4 ਫਰਵਰੀ ਨੂੰ ਵੋਟ ਪਾ ਕੇ ਕੱਢਣ ਫਿਰ ਚਾਹੇ ਉਨ੍ਹਾਂ ਦਾ ਗੁੱਸਾ ਅਕਾਲੀ ਦਲ, ਭਾਜਪਾ ਜਾਂ ਕਾਂਗਰਸ ਖ਼ਿਲਾਫ਼ ਹੀ ਕਿਉਂ ਨਾ ਹੋਵੇ। ਕਾਂਗਰਸ ਪਾਰਟੀ ਦੇ ਚੋਣ ਮਨੋਰਥ ਪੱਤਰ ਬਾਰੇ ਬੋਲਦਿਆਂ ਸਿਸੋਦੀਆ ਨੇ ਕਿਹਾ ਕਿ ਕਈ ਦਹਾਕਿਆਂ ਤੋਂ ਕਾਂਗਰਸ ਪਾਰਟੀ ਦੇਸ਼ ਦੀ ਜਨਤਾ ਨੂੰ ਲੁੱਟ ਰਹੀ ਹੈ, ਇਸ ਲਈ ਪੰਜਾਬ ਦੇ ਲੋਕ ਹੁਣ ਝੂਠ ਦੇ ਪੁਲੰਦੇ ‘ਤੇ ਵਿਸ਼ਵਾਸ ਨਹੀਂ ਕਰਨਗੇ। ਇਸ ਮੌਕੇ ਉਨ੍ਹਾਂ ਨਾਲ ਸ੍ਰੀ ਆਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਸੰਜੀਵ ਗੌਤਮ, ਮਾਸਟਰ ਹਰਦਿਆਲ ਸਿੰਘ, ਹਰਤੇਗਵੀਰ ਸਿੰਘ ਤੇਗੀ, ਜਸਵੀਰ ਸਿੰਘ ਜੱਸੂ, ਰਾਜਾ ਹਾਜ਼ਰ ਸਨ।
ਸਿਸੋਦੀਆ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵੀ ਮੱਥਾ ਟੇਕਿਆ। ਇਸ ਮੌਕੇ ਉਨ੍ਹਾਂ ਦਾ ਟਾਕਰਾ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਵੀ ਹੋਇਆ। ਹਾਲਾਂਕਿ ਗਿਆਨੀ ਗੁਰਬਚਨ ਸਿੰਘ ਨੇ ਸਿਸੋਦੀਆ ਨੂੰ ਸਿਰੋਪਾਓ ਤਾਂ ਨਹੀਂ ਦਿੱਤਾ, ਪਰ ਦੋਵਾਂ ਨੇ ਇੱਕ ਦੂਜੇ ਨਾਲ ਹੱਥ ਜ਼ਰੂਰ ਮਿਲਾਏ।

ਬਾਦਲ ਬੋਲੇ- ਪੰਜਾਬੀ ਕਿਸੇ ਹਰਿਆਣਵੀ ਨੂੰ ਸਹਿਣ ਨਹੀਂ ਕਰਨਗੇ :
ਚੰਡੀਗੜ੍ਹ : ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਇਹ ਗੱਲ ਆਪਣੇ ਧਿਆਨ ਵਿਚ ਰੱਖਣ ਕਿ ਪੰਜਾਬ ਦੇ ਲੋਕ ਪੰਜਾਬ ਤੋਂ ਬਾਹਰ ਦੇ ਵਿਅਕਤੀ ਨੂੰ ਕਦੇ ਵੀ ਸਹਿਣ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਜਦੋਂ ਕੋਈ ਹਰਿਆਣਵੀ ਇਹ ਸਹਿਣ ਨਹੀਂ ਕਰ ਸਕਦਾ ਕਿ ਕੋਈ ਪੰਜਾਬੀ ਜਾਂ ਗੈਰ-ਹਰਿਆਣਵੀ ਵਿਅਕਤੀ ਉਸ ‘ਤੇ ਰਾਜ ਕਰੇ ਤਾਂ ਪੰਜਾਬੀ ਇਹ ਗੱਲ ਕਿਵੇਂ ਸਹਿਣ ਕਰ ਸਕਦਾ ਹੈ ਕਿ ਕੋਈ ਹਰਿਆਣਵੀ ਉਸ ‘ਤੇ ਰਾਜ ਕਰੇ। ਸ. ਬਾਦਲ ਨੇ ਕਿਹਾ ਕਿ ਪੰਜਾਬੀਆਂ ਨੇ ਤਾਂ ਮੁਗਲਾਂ ਤੇ ਅੰਗਰੇਜ਼ਾਂ ਨੂੰ ਆਪਣੇ ਸ਼ਾਸਕਾਂ ਵਜੋਂ ਪ੍ਰਵਾਨ ਨਹੀਂ ਕੀਤਾ। ਸਿਸੋਦੀਆ, ਕੇਜਰੀਵਾਲ ਤੇ ਉਨ੍ਹਾਂ ਦਾ ਸਾਰਾ ਗੈਰ-ਪੰਜਾਬੀ ਗੈਂਗ ਇਸ ਇਸ ਗੱਲ ਤੋਂ ਵਾਕਿਫ਼ ਨਹੀਂ ਕਿ ਪੰਜਾਬੀਆਂ ਨੇ ਆਪਣੀ ਖ਼ੁਦ ਦੀ ਸਰਕਾਰ ਦਾ ਹੱਕ ਹਾਸਲ ਕਰਨ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ।

ਸੁਖਬੀਰ ਨੇ ਕਿਹਾ- ਬਿੱਲੀ ਥੈਲਿਓਂ ਬਾਹਰ ਆਈ :
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਬਾਹਰੀ ਵਿਅਕਤੀ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਸਿਰ ਮੜ੍ਹਨ ਦੀ ਸਾਜ਼ਿਸ਼ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੱਲੋਂ ਐਲਾਨ ਕਰਨ ਨਾਲ ਬੇਨਕਾਬ ਹੋ ਗਈ ਹੈ। ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਬਿੱਲੀ ਹੁਣ ਥੈਲਿਓਂ ਬਾਹਰ ਆ ਗਈ ਹੈ। ਕੇਜਰੀਵਾਲ ਪਿਛਲੇ ਦੋ ਸਾਲਾਂ ਤੋਂ ਪੰਜਾਬ ਦਾ ਮੁੱਖ ਮੰਤਰੀ ਬਣਨ ਦੀ ਲਾਲਸਾ ਰੱਖ ਰਿਹਾ ਸੀ ਤੇ ਹੁਣ ਪਾਰਟੀ ਨੇ ਇਸ ਮਾਮਲੇ ਵਿਚ ਸਾਰੇ ਅੜਿੱਕੇ ਦੂਰ ਹੋਣ ਤੋਂ ਬਾਅਦ ਐਲਾਨ ਕਰ ਦਿੱਤਾ ਹੈ। ਸੁਖਬੀਰ ਨੇ ਕਿਹਾ ਕਿ ਪਹਿਲਾਂ ਪਾਰਟੀ ਨੇ ਸੂਬਾ ਕਨਵੀਨਰ ਤੇ ਸਭ ਤੋਂ ਸੀਨੀਅਰ ਨੇਤਾ ਸੁੱਚਾ ਸਿੰਘ ਛੋਟੇਪੁਰ ਨੂੰ ਬਾਹਰ ਕੱਢਿਆ ਕਿਉਂਕਿ ਉਹ ਸਿੱਖ ਚਿਹਰਾ ਸਨ ਅਤੇ ਸ੍ਰੀ ਕੇਜਰੀਵਾਲ ਲਈ ਚੁਣੌਤੀ ਬਣ ਰਹੇ ਸਨ। ਇਸ ਮਗਰੋਂ ਪਾਰਟੀ ਨੇ ਭਗਵੰਤ ਮਾਨ ਤੇ ਹਿੰਮਤ ਸਿੰਘ ਸ਼ੇਰਗਿੱਲ ਦੀ ਸੰਭਾਵਨਾ ਨੂੰ ਉਨ੍ਹਾਂ ਦੇ ਅਤੇ ਸ. ਬਿਕਰਮ ਸਿੰਘ ਮਜੀਠੀਆ ਦੇ ਖ਼ਿਲਾਫ਼ ਖੜ੍ਹੇ ਕਰਕੇ ਖ਼ਤਮ ਕਰ ਦਿੱਤੀ। ਹੁਣ ਜਦੋਂ ਸਾਰੀਆਂ ਰੁਕਾਵਟਾਂ ਦੂਰ ਹੋ ਗਈਆਂ ਤਾਂ ਫਿਰ ਸਿਸੋਦੀਆ ਨੇ ਪੰਜਾਬ ਆ ਕੇ ਇਸ ਸਬੰਧੀ ਬਹੁਤ ਹੀ ਗਿਣੇ ਮਿੱਥੇ ਢੰਗ ਨਾਲ ਇਸ ਦਾ ਐਲਾਨ ਕਰ ਦਿੱਤਾ ਜਿਸ ਦਾ ਪਾਰਟੀ ਕੇਡਰ ਨੇ ਢੋਲ ਢਮੱਕਿਆਂ ਨਾਲ ਸਵਾਗਤ ਕੀਤਾ।

ਕੈਪਟਨ ਬੋਲੇ-ਕੇਜਰੀਵਾਲ ਦੀ ਲਾਲਸਾ ਜੱਗ ਜ਼ਾਹਰ ਹੋਈ :
ਨਵੀਂ ਦਿੱਲੀ : ਅਰਵਿੰਦ ਕੇਜਰੀਵਾਲ ‘ਤੇ ਹਮਲਾ ਕਰਦਿਆਂ ਸੂਬਾ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਸੂਬੇ ਦੇ ਇਤਿਹਾਸ ਵਿਚ ਪਹਿਲੀ ਵਾਰ ਭੈੜੇ ਮਨਸੂਬੇ ਕਾਮਯਾਬ ਹੋ ਗਏ ਤਾਂ ਹਰਿਆਣਵੀ ਮੁੱਖ ਮੰਤਰੀ ਬਣ ਜਾਵੇਗਾ। ਉਨ੍ਹਾਂ ਇਕ ਬਿਆਨ ਵਿਚ ਕਿਹਾ ਕਿ ਕੇਜਰੀਵਾਲ ਦੇ ਮਾੜੇ ਇਰਾਦੇ ਪੂਰੀ ਤਰ੍ਹਾਂ ਸਾਹਮਣੇ ਆ ਗਏ ਹਨ ਜਿਸ ਨੇ ਦੱਸ ਦਿੱਤਾ ਹੈ ਕਿ ਉਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਦੀ ਕਿੰਨੀ ਭੈੜੀ ਲਾਲਸਾ ਹੈ। ਕੈਪਟਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਸੂਬੇ ਵਿਚ ਸੱਤਾ ‘ਤੇ ਕਾਬਜ਼ ਹੋਣ ਅਤੇ ਨਿੱਜੀ ਲਾਭ ਲੈਣ ਲਈ ਸੂਬੇ ਦੇ ਲੋਕਾਂ ਨੂੰ ਮੂਰਖ ਬਣਾਉਣ ਦਾ ਯਤਨ ਕਰ ਰਿਹਾ ਹੈ।