ਮੋਦੀ ਨੇ ਅਮਰਤਿਆ ਸੇਨ ਦਾ ਉਡਾਇਆ ਮਜ਼ਾਕ, ਕਿਹਾ-ਸਖ਼ਤ ਮਿਹਨਤ ਹਾਰਵਰਡ ਨਾਲੋਂ ਵੱਧ ਪ੍ਰਭਾਵਸ਼ਾਲੀ

ਮੋਦੀ ਨੇ ਅਮਰਤਿਆ ਸੇਨ ਦਾ ਉਡਾਇਆ ਮਜ਼ਾਕ, ਕਿਹਾ-ਸਖ਼ਤ ਮਿਹਨਤ ਹਾਰਵਰਡ ਨਾਲੋਂ ਵੱਧ ਪ੍ਰਭਾਵਸ਼ਾਲੀ

ਮਹਿਰਾਜਗੰਜ (ਉੱਤਰ ਪ੍ਰਦੇਸ਼)/ਬਿਊਰੋ ਨਿਊਜ਼ :
ਜੀਡੀਪੀ ਦੇ ਤਾਜ਼ਾ ਅੰਕੜਿਆਂ ਉਤੇ ਨੋਟਬੰਦੀ ਦਾ ਅਸਰ ਨਾ ਪੈਣ ਉਤੇ ਅਰਥ ਸ਼ਾਸਤਰੀਆਂ ਦੀ ਖਿੱਲੀ ਉਡਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ”ਸਖ਼ਤ ਮਿਹਨਤ ਹਾਰਵਰਡ ਨਾਲੋਂ ਵੱਧ ਪ੍ਰਭਾਵਸ਼ਾਲੀ ਹੈ।” ਇੱਥੇ ਇਕ ਚੋਣ ਮੀਟਿੰਗ ਵਿੱਚ ਉਨ੍ਹਾਂ ਕਿਹਾ ਕਿ ਇਕ ਪਾਸੇ ਨੋਟਬੰਦੀ ਦੇ ਵਿਰੋਧੀ ਹਨ, ਜੋ ਹਾਰਵਰਡ ਦੇ ਲੋਕਾਂ ਦੇ ਵਿਚਾਰਾਂ ਦੀ ਗੱਲ ਕਰਦੇ ਹਨ, ਜਦੋਂ ਕਿ ਦੂਜੇ ਪਾਸੇ ਇਕ ਗਰੀਬ ਆਦਮੀ ਦਾ ਪੁੱਤਰ ਹੈ, ਜਿਹੜਾ ਆਪਣੀ ਸਖ਼ਤ ਮਿਹਨਤ ਨਾਲ ਅਰਥਚਾਰੇ ਵਿੱਚ ਸੁਧਾਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਸਖ਼ਤ ਮਿਹਨਤ ਹਾਰਵਰਡ ਨਾਲੋਂ ਕਿਤੇ ਵੱਧ ਪ੍ਰਭਾਵਸ਼ਾਲੀ ਹੈ।’
ਇਹ ਟਿੱਪਣੀ ਹਾਰਵਰਡ ਯੂਨੀਵਰਸਿਟੀ ਦੇ ਅਰਥ ਸ਼ਾਸਤਰ ਤੇ ਫਲਸਫੇ ਬਾਰੇ ਪ੍ਰੋਫੈਸਰ ਅਤੇ ਨੋਬੇਲ ਪੁਰਸਕਾਰ ਜੇਤੂ ਅਮਰਤਿਆ ਸੇਨ ਦੇ ਉਸ ਕਥਨ ਦੇ ਪਿਛੋਕੜ ਵਿੱਚ ਆਈ, ਜਿਸ ਵਿੱਚ ਉਨ੍ਹਾਂ ਨੋਟਬੰਦੀ ਨੂੰ ਭਰੋਸੇ ਉਤੇ ਆਧਾਰਤ ਅਰਥਚਾਰੇ ਦੀਆਂ ਜੜ੍ਹਾਂ ਪੁੱਟਣ ਵਾਲਾ ਤਾਨਾਸ਼ਾਹੀ ਕਦਮ ਦੱਸਿਆ ਸੀ। ਸਰਕਾਰ ਨੇ ਨੋਟਬੰਦੀ ਦੇ ਬਾਵਜੂਦ 2016-17 ਵਿੱਚ ਦੇਸ਼ ਦੇ ਕੁੱਲ ਘਰੇਲੂ ਉਤਪਾਦਨ (ਜੀਡੀਪੀ) ਦੀ ਵਿਕਾਸ ਦਰ 7.1 ਫੀਸਦੀ ਤੋਂ ਵੱਧ ਰਹਿਣ ਦੀ ਪੇਸ਼ੀਨਗੋਈ ਕੀਤੀ, ਜੋ ਚੀਨ ਦੀ ਅਕਤੂਬਰ-ਦਸੰਬਰ 2016 ਦੇ ਸਮੇਂ ਵਿੱਚ 6.8 ਫੀਸਦੀ ਰਹੀ ਵਿਕਾਸ ਦਰ ਨਾਲੋਂ ਕਿਤੇ ਵੱਧ ਹੈ। ਇਸ ਨਾਲ ਭਾਰਤ ਵਿਸ਼ਵ ਦੇ ਸਭ ਤੋਂ ਤੇਜ਼ੀ ਨਾਲ ਵਧਦੇ ਅਰਥਚਾਰੇ ਵਾਲਾ ਮਾਰਕਾ ਬਰਕਰਾਰ ਰੱਖੇਗਾ।
ਉੱਤਰ ਪ੍ਰਦੇਸ਼ ਦੀ ਚੋਣ ਸਿਆਸਤ ਵੱਲ ਪਰਤਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਵੋਟਰਾਂ ਨੇ ਪਹਿਲੇ ਪੰਜ ਗੇੜਾਂ ਵਿੱਚ ਭਾਜਪਾ ਦੀ ਜਿੱਤ ਪਹਿਲਾਂ ਹੀ ਯਕੀਨੀ ਬਣਾ ਦਿੱਤੀ ਹੈ ਅਤੇ ਹੁਣ ਵੋਟਰ ਬਾਕੀ ਬਚਦੇ ਦੋ ਗੇੜਾਂ ਵਿੱਚ ਉਨ੍ਹਾਂ ਨੂੰ ‘ਤੋਹਫ਼ੇ ਤੇ ਬੋਨਸ’ ਵਜੋਂ ਵਾਧੂ ਵੋਟਾਂ ਦੇਣਗੇ। ਉੁਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਇਕ ਸਬਜ਼ੀ ਵਿਕਰੇਤਾ ਆਪਣੇ ਗਾਹਕਾਂ ਨੂੰ ਰੂੰਗੇ ਵਜੋਂ ਮਿਰਚਾਂ ਤੇ ਧਣੀਆ ਦਿੰਦੇ ਹਨ, ਉਸੇ ਤਰ੍ਹਾਂ ਵੋਟਰ ਹੁਣ ਬਾਕੀ ਗੇੜਾਂ ਵਿੱਚ ਸਾਨੂੰ ਪਹਿਲਾਂ ਮਿਲੀਆਂ ਵੋਟਾਂ ਦਾ ਰੂੰਗਾ ਦੇਣਗੇ।
ਪ੍ਰਧਾਨ ਮੰਤਰੀ ਨੇ ਕੁੱਝ ਦਿਨ ਪਹਿਲਾਂ ਰਾਜ ਵਿੱਚ ਤ੍ਰਿਸ਼ੰਕੂ ਵਿਧਾਨ ਸਭਾ ਦੀ ਸੰਭਾਵਨਾ ਪ੍ਰਗਟਾਈ ਸੀ। ਉਨ੍ਹਾਂ ਕਿਹਾ ਸੀ ਕਿ ਸਮਾਜਵਾਦੀ ਪਾਰਟੀ ਅਤੇ ਬਸਪਾ ਖ਼ਰੀਦੋ-ਫਰੋਖ਼ਤ ਕਰਨ ਦੇ ਅਜਿਹੇ ਮੌਕੇ ਦਾ ਇੰਤਜ਼ਾਰ ਕਰ ਰਹੀਆਂ ਹਨ। ਇਸ ਉਤੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਟਿੱਪਣੀ ਕੀਤੀ ਕਿ 300 ਤੋਂ ਵੱਧ ਸੀਟਾਂ ਜਿੱਤਣ ਦੇ ਸੁਪਨੇ ਮਗਰੋਂ ਹੁਣ ਸ੍ਰੀ ਮੋਦੀ ਟੁੱਟਵੇਂ ਫਤਵੇ ਦੀ ਗੱਲ ਕਰਨ ਲੱਗੇ ਹਨ।

ਕਾਂਗਰਸ ਬੋਲੀ-ਜੀਡੀਪੀ ਵਿਕਾਸ ਦਰ ਬਾਰੇ ਅੰਕੜੇ ਗੁਮਰਾਹਕੁਨ :
ਨਵੀਂ ਦਿੱਲੀ : ਕਾਂਗਰਸ ਨੇ ਜੀਡੀਪੀ ਵਿਕਾਸ ਦਰ ਦੇ ਅੰਕੜਿਆਂ ਉਤੇ ਹੈਰਾਨੀ ਪ੍ਰਗਟਾਉਂਦਿਆਂ ਇਨ੍ਹਾਂ ਨੂੰ ਸ਼ੱਕੀ ਦੱਸਿਆ। ਉਨ੍ਹਾਂ ਕਿਹਾ ਕਿ ਇਸ ਨਾਲ ਦੁਨੀਆ ਵਿੱਚ ਭਾਰਤ ਦੀ ਭਰੋਸੇਯੋਗਤਾ ਨੂੰ ਨੁਕਸਾਨ ਪੁੱਜ ਸਕਦਾ ਹੈ। ਪਾਰਟੀ ਨੇ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਉਤੇ ਲੋਕਾਂ ਨੂੰ ‘ਗੁਮਰਾਹ’ ਕਰਨ ਦਾ ਦੋਸ਼ ਲਾਇਆ। ਕਾਂਗਰਸ ਬੁਲਾਰੇ ਆਨੰਦ ਸ਼ਰਮਾ ਨੇ ਕਿਹਾ ਕਿ ਕੇਂਦਰੀ ਅੰਕੜਾ ਵਿਭਾਗ (ਸੀਐਸਓ) ਵੱਲੋਂ ਜੀਡੀਪੀ ਬਾਰੇ ਜਾਰੀ ਤੱਥ ਗੁਮਰਾਹਕੁਨ ਹਨ ਕਿਉਂਕਿ ਇਸ ਵਿੱਚ ਨੋਟਬੰਦੀ ਨਾਲ ਨੌਕਰੀਆਂ ਤੇ ਉਤਪਾਦਨ ਦੇ ਨੁਕਸਾਨ ਉਤੇ ਪਿਆ ਮਾਰੂ ਪ੍ਰਭਾਵ ਸ਼ਾਮਲ ਨਹੀਂ ਹੈ।