ਸ਼ਸ਼ੀ ਥਰੂਰ ਬੋਲੇ-ਜਲਿਆਂਵਾਲਾ ਕਾਂਡ ਲਈ ਬਰਤਾਨੀਆ ਮੁਆਫ਼ੀ ਮੰਗੇ

ਸ਼ਸ਼ੀ ਥਰੂਰ ਬੋਲੇ-ਜਲਿਆਂਵਾਲਾ ਕਾਂਡ ਲਈ ਬਰਤਾਨੀਆ ਮੁਆਫ਼ੀ ਮੰਗੇ

ਕੋਲਕਾਤਾ/ਬਿਊਰੋ ਨਿਊਜ਼ :
ਕਾਂਗਰਸ ਸੰਸਦ ਮੈਂਬਰ ਅਤੇ ਲੇਖਕ ਸ਼ਸ਼ੀ ਥਰੂਰ ਨੇ ਕਿਹਾ ਹੈ ਕਿ ਜਲਿਆਂਵਾਲਾ ਬਾਗ਼ ਕਾਂਡ ਦੀ 2019 ਵਿਚ ਸ਼ਤਾਬਦੀ ਮੌਕੇ ਬਰਤਾਨੀਆ ਵੱਲੋਂ ਭਾਰਤੀਆਂ ਕੋਲੋਂ ਮੁਆਫ਼ੀ ਮੰਗਣ ਦਾ ਸਹੀ ਸਮਾਂ ਹੈ। ਸਾਬਕਾ ਕੂਟਨੀਤਕ, ਜੋ ਆਪਣੀ ਕਿਤਾਬ ‘ਐਨ ਇਰਾ ਆਫ਼ ਡਾਰਕਨੈੱਸ : ਦਿ ਬ੍ਰਿਟਿਸ਼ ਐਂਪਾਇਰ ਇਨ ਇੰਡੀਆ’ ਬਾਰੇ ਬੋਲ ਰਹੇ ਸਨ, ਨੇ ਕੋਲਕਾਤਾ ਸਾਹਿਤ ਮੇਲੇ-2017 ਦੇ ਉਦਘਾਟਨ ਤੋਂ ਪਹਿਲਾਂ ਕਿਹਾ, ”ਬ੍ਰਿਟਿਸ਼ ਪ੍ਰਧਾਨ ਮੰਤਰੀ ਜਾਂ ਸ਼ਾਹੀ ਖਾਨਦਾਨ ਦਾ ਮੈਂਬਰ ਇਥੇ ਆ ਕੇ ਨਾ ਸਿਰਫ਼ ਜਲਿਆਂਵਾਲਾ ਬਾਗ਼ ਕਾਂਡ ਸਗੋਂ ਬਰਤਾਨਵੀ ਰਾਜ ਵੇਲੇ ਕੀਤੀਆਂ ਗਈਆਂ ਵਧੀਕੀਆਂ ਲਈ ਮੁਆਫ਼ੀ ਮੰਗਣ।” ਉਨ੍ਹਾਂ ਕਿਹਾ ਕਿ ਇਸ ਮੌਕੇ ਦਾ ਲਾਹਾ ਲਿਆ ਜਾਣਾ ਚਾਹੀਦਾ ਹੈ ਕਿਉਂਕਿ ਸਾਰੇ ਗ਼ਲਤ ਕੰਮ ਬ੍ਰਿਟਿਸ਼ ਤਾਜ ਦੇ ਨਾਮ ਹੇਠਾਂ ਕੀਤੇ ਗਏ ਸਨ। ਸ੍ਰੀ ਥਰੂਰ ਨੇ ਕਿਹਾ ਕਿ ਜਲਿਆਂਵਾਲਾ ਬਾਗ਼ ਵਿਚ ਬੇਕਸੂਰਾਂ ਨੂੰ ਮਾਰਨ ਲਈ ਅਫ਼ਸੋਸ ਕਰਨ ਅਤੇ ਮੁਆਫ਼ੀ ਮੰਗਣ ਵਿਚ ਕੋਈ ਦੇਰ ਨਹੀਂ ਹੋਈ ਹੈ ਪਰ ਅਸਲੀਅਤ ਇਹ ਹੈ ਕਿ ਬਰਤਾਨੀਆ ਨੇ ਹਮੇਸ਼ਾ ਇਸ ਮੁੱਦੇ ਨੂੰ ਅਣਗੌਲਿਆ ਕਰ ਦਿੱਤਾ।