ਦਿੱਲੀ ਕਮੇਟੀ ਚੋਣਾਂ ‘ਚ ਹੇਰਾਫੇਰੀ ਹੋਣ ਦਾ ਖ਼ਦਸ਼ਾ : ਸਰਨਾ

ਦਿੱਲੀ ਕਮੇਟੀ ਚੋਣਾਂ ‘ਚ ਹੇਰਾਫੇਰੀ ਹੋਣ ਦਾ ਖ਼ਦਸ਼ਾ : ਸਰਨਾ

ਅੰਮ੍ਰਿਤਸਰ/ਬਿਊਰੋ ਨਿਊਜ਼ :
ਹਾਕਮ ਧਿਰ ਵਿਰੋਧੀ ਲਹਿਰ ਦੇ ਬਾਵਜੂਦ ਦਿੱਲੀ ਗੁਰਦੁਆਰਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿਰੋਧੀ ਧਿਰਾਂ ਦੀ ਹਾਰ ਦਾ ਵੱਡਾ ਕਾਰਨ ਆਪਸੀ ਇੱਕਜੁਟਤਾ ਦੀ ਘਾਟ ਅਤੇ ਆਪੋ-ਧਾਪੀ  ਰਿਹਾ ਹੈ। ਇਸ ਦੌਰਾਨ ਸਰਨਾ ਧੜੇ ਵੱਲੋਂ ਗੁਰਦੁਆਰਾ ਚੋਣ ਕਮਿਸ਼ਨ ਕੋਲ ਅਰਜ਼ੀ ਦਾਇਰ ਕਰਕੇ ਬੈਲਟ ਬਾਕਸ ਰੱਖਣ ਵਾਲੀ ਥਾਂ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਮੰਗ ਕੀਤੀ ਗਈ ਹੈ।
ਦਿੱਲੀ ਗੁਰਦੁਆਰਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ 46 ਸੀਟਾਂ ਵਿਚੋਂ 35 ਸੀਟਾਂ ਪ੍ਰਾਪਤ ਕਰਕੇ ਜਿੱਤ ਪ੍ਰਾਪਤ ਕੀਤੀ ਹੈ, ਜਦੋਂਕਿ ਸਰਨਾ ਧੜੇ ਨੂੰ ਸਿਰਫ਼ 7 ਸੀਟਾਂ ਮਿਲੀਆਂ ਹਨ। ਅਕਾਲ ਸਹਾਇ ਵੈਲਫੇਅਰ ਸੁਸਾਇਟੀ ਅਤੇ ਆਜ਼ਾਦ ਉਮੀਦਵਾਰਾਂ ਨੂੰ ਚਾਰ ਸੀਟਾਂ ਮਿਲੀਆਂ ਹਨ। ਇਸ ਵਾਰ ਚੋਣਾਂ ਵਿੱਚ ਲਗਭਗ 45 ਫ਼ੀਸਦ ਮਤਦਾਨ ਹੋਇਆ ਹੈ। ਵੇਰਵਿਆਂ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਨੂੰ ਲਗਭਗ 43 ਫ਼ੀਸਦ ਵੋਟਾਂ ਮਿਲੀਆਂ ਹਨ, ਜਦੋਂਕਿ ਵਿਰੋਧੀ ਧਿਰਾਂ 57 ਫ਼ੀਸਦ ਵੋਟਾਂ ਲੈ ਕੇ ਵੀ ਚੋਣਾਂ ਹਾਰ ਗਈਆਂ ਹਨ। ਵਿਰੋਧੀ ਧਿਰਾਂ ਦੀ ਹਾਰ ਦਾ ਮੁੱਖ ਕਾਰਨ ਆਪਸੀ ਇੱਕਜੁਟਤਾ ਨਾ ਹੋਣਾ ਹੈ। ਦਿੱਲੀ ਚੋਣਾਂ ਵਿੱਚ ਹਾਰ ਦੇ ਕਾਰਨ ਬਿਆਨ ਕਰਦਿਆਂ ਸਰਨਾ ਧੜੇ ਦੇ ਮੁਖੀ ਪਰਮਜੀਤ ਸਿੰਘ ਸਰਨਾ ਨੇ ਦੋਸ਼ ਲਾਇਆ ਕਿ ਹਾਕਮ ਧਿਰ ਨੇ ਬੇਈਮਾਨੀ ਕੀਤੀ ਗਈ ਹੈ। ਵੋਟਾਂ ਪੈਣ ਤੋਂ ਬਾਅਦ ਬੈਲਟ ਪੇਪਰ ਬਕਸਿਆਂ ਨਾਲ ਛੇੜਛਾੜ ਦਾ ਖ਼ਦਸ਼ਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਵੱਲੋਂ ਗੁਰਦੁਆਰਾ ਚੋਣ ਕਮਿਸ਼ਨ ਨੂੰ ਅਰਜ਼ੀ ਦੇ ਕੇ ਅਪੀਲ ਕੀਤੀ ਗਈ ਹੈ, ਜਿਸ ਰਾਹੀਂ ਉਨ੍ਹਾਂ ਬੈਲਟ ਬਕਸੇ ਰੱਖਣ ਵਾਲੀ ਥਾਂ ‘ਤੇ ਲਾਏ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਮੁਹੱਈਆ ਕਰਾਉਣ ਦੀ ਮੰਗ ਕੀਤੀ ਹੈ। ਇਹ ਫੁਟੇਜ ਘੋਖਣ ਮਗਰੋਂ ਇਸ ਸਬੰਧੀ ਅਗਲੀ ਕਾਰਵਾਈ ਬਾਰੇ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਕਈ ਥਾਵਾਂ ਤੋਂ ਹਾਕਮ ਧਿਰ ਦੀ ਸ਼ੈਅ ‘ਤੇ ਵੋਟਾਂ ਕੱਟੀਆਂ ਗਈਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਆਖ਼ਰੀ ਦਿਨ ਹਾਕਮ ਧਿਰ ਨੇ ਵੋਟਰਾਂ ਨੂੰ ਪੈਸੇ ਅਤੇ ਸ਼ਰਾਬ ਵੰਡ ਕੇ ਆਪਣੇ ਹੱਕ ਵਿੱਚ ਭੁਗਤਾਇਆ।
ਅਕਾਲ ਸਹਾਇ ਪਾਰਟੀ ਦੇ ਮੁਖੀ ਤੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਹਾਰ ਦੇ ਕਾਰਨ ਦੱਸਦਿਆਂ ਆਖਿਆ ਕਿ ਬਾਦਲ ਵਿਰੋਧੀ ਧੜਿਆਂ ਵਿੱਚ ਆਪੋਧਾਪੀ ਤੇ ਸਵਾਰਥ ਕਾਰਨ ਹਾਰ ਹੋਈ ਹੈ। ਉਨ੍ਹਾਂ ਆਖਿਆ ਕਿ ਵਿਰੋਧੀ ਧਿਰਾਂ 57 ਫ਼ੀਸਦ ਵੋਟਾਂ ਲੈ ਕੇ ਵੀ ਬਾਦਲ ਦਲ ਕੋਲੋਂ ਹਾਰ ਗਈਆਂ ਹਨ। ਉਨ੍ਹਾਂ ਆਖਿਆ ਕਿ ਲੋਕਾਂ ਵਿੱਚ ਦਿੱਲੀ ਕਮੇਟੀ ਚੋਣਾਂ ਪ੍ਰਤੀ ਉਤਸ਼ਾਹ ਵੀ ਮੱਠਾ ਰਿਹਾ ਹੈ। ਇਸ ਦੌਰਾਨ ਕਾਂਗਰਸੀ ਆਗੂ ਅਮਰਜੀਤ ਸਿੰਘ ਟਿੱਕਾ ਨੇ ਦਿੱਲੀ ਚੋਣਾਂ ਸਬੰਧੀ ਆਖਿਆ ਕਿ ਇਹ ਚੋਣਾਂ ਵਿੱਚ ਦਿੱਲੀ ਦੇ ਸਿੱਖਾਂ ਨੇ ਰਵਾਇਤੀ ਸਿੱਖ ਆਗੂਆਂ ਦੀ ਥਾਂ ‘ਮੌਡਰੇਟ’ ਆਗੂਆਂ ਨੂੰ ਤਰਜੀਹ ਦਿੱਤੀ। ਉਨ੍ਹਾਂ ਹਾਕਮ ਧਿਰ ਦੇ ਆਗੂ ਮਨਜੀਤ ਸਿੰਘ ਜੀਕੇ ਤੇ ਮਨਜਿੰਦਰ ਸਿੰਘ ਸਿਰਸਾ ਨੂੰ ‘ਮੌਡਰੇਟ’ ਸਿੱਖ ਦੱਸਿਆ।

ਕੋਛੜ ਨੇ ਕਿਹਾ, ਜਿੱਤ-ਹਾਰ ਮਸਲਾ ਨਹੀਂ :
ਪੰਥਕ ਸੇਵਾ ਦਲ ਦੇ ਕਰਤਾਰ ਸਿੰਘ ਕੋਛੜ ਨੇ ਆਖਿਆ ਕਿ ਉਨ੍ਹਾਂ ਦੀ ਜਥੇਬੰਦੀ ਪਹਿਲੀ ਵਾਰ ਚੋਣ ਮੈਦਾਨ ਵਿੱਚ ਆਈ ਸੀ। ਇਸ ਲਈ ਉਨ੍ਹਾਂ ਵਾਸਤੇ ਜਿੱਤ-ਹਾਰ ਕੋਈ ਮਸਲਾ ਨਹੀਂ ਸੀ ਤੇ ਚੋਣਾਂ ਦੌਰਾਨ ਸੰਗਤ ਵਲੋਂ ਭਰਵਾਂ ਸਹਿਯੋਗ ਮਿਲਿਆ ਹੈ।