ਸਿੱਧੂ ਨੇ ਕੈਪਟਨ ਨੂੰ ਕਿਹਾ-ਡੈਡੀ ਜੀ ਮੈਂ ਤੁਹਾਡੀ ਢਾਲ ਬਣਾਂਗਾ

ਸਿੱਧੂ ਨੇ ਕੈਪਟਨ ਨੂੰ ਕਿਹਾ-ਡੈਡੀ ਜੀ ਮੈਂ ਤੁਹਾਡੀ ਢਾਲ ਬਣਾਂਗਾ

ਕੈਪਟਨ ਬੋਲੇ-ਨਸ਼ਿਆਂ ਦੇ ਮਾਮਲੇ ਵਿੱਚ ਦਿੱਤੀ ਕਲੀਨ ਚਿੱਟ ਦੀ ਮੁੜ ਜਾਂਚ ਕਰਾਵਾਂਗੇ
ਅੰਮ੍ਰਿਤਸਰ/ਬਿਊਰੋ ਨਿਊਜ਼ :
ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਵਿੱਚ ਸ਼ਾਮਲ ਹੋਏ ਨਵਜੋਤ ਸਿੰਘ ਸਿੱਧੂ ਨੇ ਆਪਣਾ ਰਿਸ਼ਤਾ ਪਿਓ-ਪੁੱਤਰ ਵਾਲਾ  ਦੱਸਿਆ ਹੈ। ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਪਹਿਲੀ ਵਾਰ ਜਨਤਕ ਤੌਰ ‘ਤੇ ਇਕੱਠੇ ਨਜ਼ਰ ਆਏ। ਕੈਪਟਨ ਜਦੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਤਾਂ ਸਿੱਧੂ ਨੇ ਆਉਂਦਿਆਂ ਹੀ ਉਨ੍ਹਾਂ ਨੂੰ ਫਤਹਿ ਬੁਲਾਉਂਦਿਆਂ ਕਿਹਾ-”ਡੈਡੀ ਜੀ ਪੈਰੀ ਪੈਣਾ…ਮੈਂ ਤੁਹਾਡੀ ਢਾਲ ਬਣਾਂਗਾ।” ਕੈਪਟਨ ਨੇ ਸਿੱਧੂ ਦੀ ਗਲ੍ਹ ‘ਤੇ ਥਪਕੀ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ। ਉਧਰ ਇਸ ‘ਤੇ ਪ੍ਰਤੀਕਿਰਿਆ ਦਿੰਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਵਾਬ ਆਇਆ-‘ਸਿੱਧੂ ਕਦੇ ਮੈਨੂੰ ਵੀ ਪਿਓ ਕਹਿੰਦਾ ਸੀ।’
ਜ਼ਿਕਰਯੋਗ ਹੈ ਕਿ ਕੈਪਟਨ ਤੇ ਸਿੱਧੂ ਵੱਲੋਂ ਇੱਥੇ ਸਾਂਝਾ ਪੱਤਰਕਾਰ ਸੰਮੇਲਨ ਸੱਦਿਆ ਗਿਆ ਸੀ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਸੱਤਾ ਵਿੱਚ ਆਉਣ ਮਗਰੋਂ ਨਸ਼ਿਆਂ ਦੇ ਕਾਰੋਬਾਰ ਮਾਮਲੇ ਵਿਚ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਦਿੱਤੀ ਕਲੀਨ ਚਿੱਟ ਦੀ ਮੁੜ ਜਾਂਚ ਕਰਵਾਈ ਜਾਵੇਗੀ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ।
ਸੰਮੇਲਨ ਦੌਰਾਨ ਜਦੋਂ ਦੋਵਾਂ ਦੇ ਆਪਸੀ ਸਬੰਧ ਬਾਰੇ ਸਵਾਲ ਕੀਤਾ ਗਿਆ ਤਾਂ ਕਾਂਗਰਸੀ ਪ੍ਰਧਾਨ ਨੇ ਸ੍ਰੀ ਸਿੱਧੂ ਨੂੰ ਆਪਣੇ ਬੇਟੇ ਅਤੇ ਸ੍ਰੀ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਪਿਤਾ ਸਮਾਨ ਦੱਸਿਆ। ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਸਿੱਧੂ ਪਰਿਵਾਰ ਨਾਲ ਉਨ੍ਹਾਂ ਦਾ ਪੁਰਾਣਾ ਸਬੰਧ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸ੍ਰੀ ਸਿੱਧੂ ਕਾਂਗਰਸ ਵਿੱਚ ਬਿਨਾਂ ਕਿਸੇ ਸ਼ਰਤ ਸ਼ਾਮਲ ਹੋਏ ਹਨ। ਇਸ ਮੌਕੇ ਸ੍ਰੀ ਸਿੱਧੂ ਨੇ ਵੀ ਕਾਂਗਰਸ ਵਿੱਚ ਅਹੁਦਾ ਲੈਣ ਦੀਆਂ ਕਿਆਸਅਰਾਈਆਂ ਨੂੰ ਖਾਰਜ ਕਰ ਦਿੱਤਾ। ਕੈਪਟਨ ਅਮਰਿੰਦਰ ਸਿੰਘ ਕੋਲੋਂ ਜਦੋਂ ਇਹ ਪੁੱਛਿਆ ਗਿਆ ਕਿ ਕੀ ਉਹ ਕਾਂਗਰਸ ਸਰਕਾਰ ਆਉਣ ‘ਤੇ ਸ੍ਰੀ ਸਿੱਧੂ ਨੂੰ ਮੁੱਖ ਮੰਤਰੀ ਵਜੋਂ ਸਵੀਕਾਰ ਕਰਨਗੇ ਤਾਂ ਪੱਤਰਕਾਰ ਨੂੰ ਟੋਕਦਿਆਂ ਸ੍ਰੀ ਸਿੱਧੂ ਨੇ ਇਸ ਸਵਾਲ ਦਾ ਜਵਾਬ ਜੁਮਲੇ ਵਿੱਚ ਦਿੱਤਾ। ਕਾਂਗਰਸੀ ਪ੍ਰਧਾਨ ਨੇ ਸ੍ਰੀ ਸਿੱਧੂ ਦੀ ਕਾਂਗਰਸ ਵਿੱਚ ਸ਼ਮੂਲੀਅਤ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਖੁਦ ਨੂੰ ਸਾਬਕਾ ਕ੍ਰਿਕਟਰ ਦਾ ਵਿਕਟ ਕੀਪਰ ਦੱਸਿਆ ਜਦਕਿ ਕੋਲ ਬੈਠੀ ਕਾਂਗਰਸ ਦੀ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਨੇ ਖ਼ੁਦ ਨੂੰ ਅੰਪਾਇਰ ਆਖਿਆ। ਪੱਤਰਕਾਰ ਸੰਮੇਲਨ ਵਿੱਚ ਵਧੇਰੇ ਤੌਰ ‘ਤੇ ਸ੍ਰੀ ਸਿੱਧੂ ਚੁੱਪ ਰਹੇ ਅਤੇ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਪੱਤਰਕਾਰਾਂ ਨਾਲ ਗੱਲ ਕਰਨ ਦਾ ਮੌਕਾ ਦਿੱਤਾ ਤੇ ਪੁੱਛੇ ਕਈ ਸਵਾਲਾਂ ਨੂੰ ਟਾਲ ਵੀ ਦਿੱਤਾ। ਇਸ ਮੌਕੇ ਸਾਬਕਾ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਕਾਂਗਰਸ ਸਰਕਾਰ ਆਉਣ ‘ਤੇ ਵੱਖ-ਵੱਖ ਸ਼ਹਿਰਾਂ ਵਿੱਚ ਵਿਕਾਸ ਅਥਾਰਟੀਆਂ ਮੁੜ ਬਹਾਲ ਹੋਣਗੀਆਂ ਅਤੇ ਉਨ੍ਹਾਂ ਨੂੰ ਸ਼ਹਿਰੀ ਵਿਕਾਸ ਲਈ ਵੱਡੇ ਫੰਡ ਵੀ ਦਿੱਤੇ ਜਾਣਗੇ। ਬਾਦਲਾਂ ਖ਼ਿਲਾਫ਼ ਨਰਮ ਰੁਖ ਅਖ਼ਤਿਆਰ ਕਰਨ ਦੇ ਲੱਗ ਰਹੇ ਦੋਸ਼ਾਂ ਦਾ ਜਵਾਬ ਦਿੰਦਿਆਂ ਕਾਂਗਰਸੀ ਆਗੂ ਨੇ ਆਖਿਆ ਕਿ ਮੀਡੀਆ ਇਹ ਚਾਹੁੰਦਾ ਹੈ ਕਿ ਹੁਣ ਬਾਦਲਾਂ ਨੂੰ ਕੁੱਟਿਆ ਜਾਵੇ। ਉਨ੍ਹਾਂ ਆਖਿਆ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਸਤੇ ਹੀ ਉਹ ਲੰਬੀ ਤੋਂ ਚੋਣ ਲੜ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਲੰਬੀ ਹਲਕੇ ਦੇ ਪਿੰਡਾਂ ਵਿੱਚ ਅਕਾਲੀਆਂ ਪ੍ਰਤੀ ਭਾਰੀ ਰੋਸ ਹੈ ਅਤੇ ਲੋਕ ਇਸ ਵਾਰ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾਉਣਗੇ। ‘ਆਪ’ ਅਤੇ ਅਰਵਿੰਦ ਕੇਜਰੀਵਾਲ ਬਾਰੇ ਗੱਲ ਕਰਦਿਆਂ ਉਨ੍ਹਾਂ ਆਖਿਆ ਕਿ ਉਹ ਅਸਪਸ਼ਟ ਵਿਅਕਤੀ ਹਨ ਜੋ ਪੰਜਾਬ ਚੋਣਾਂ ਵਿੱਚ ਬੌਖਲਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਸਮੇਂ ਸਨਅਤ ਨੂੰ ਭਾਰੀ ਢਾਹ ਲੱਗੀ ਹੈ ਜਿਸ ਨੂੰ ਕਾਂਗਰਸੀ ਸਰਕਾਰ ਆਉਣ ‘ਤੇ ਮੁੜ ਪੈਰਾਂ ਸਿਰ ਕੀਤਾ ਜਾਵੇਗਾ।