ਦਿੱਲੀ ਗੁਰਦੁਆਰਾ ਕਮੇਟੀ : ਕੋ-ਆਪਟ ਮੈਂਬਰਾਂ ਵਲੋਂ ਹੀ ਇਕ-ਦੂਜੇ ਨੂੰ ਚੁਣੌਤੀ

ਦਿੱਲੀ ਗੁਰਦੁਆਰਾ ਕਮੇਟੀ : ਕੋ-ਆਪਟ ਮੈਂਬਰਾਂ ਵਲੋਂ ਹੀ ਇਕ-ਦੂਜੇ ਨੂੰ ਚੁਣੌਤੀ

ਨਵੀਂ ਦਿੱਲੀ/ਬਿਊਰੋ ਨਿਊਜ਼ :
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਕੋ-ਆਪਟ (ਨਾਮਜ਼ਦ) ਹੋਣ ਲਈ ਪਰਚਾ ਭਰਨ ਵਾਲੇ ਤਿੰਨੇ ਉਮੀਦਵਾਰਾਂ ਵੱਲੋਂ ਗੁਰਦੁਆਰਾ ਐਕਟ ਦੇ ਨਿਯਮਾਂ ਦੀ ਉਲੰਘਣਾ ਨੂੰ ਆਧਾਰ ਬਣਾ ਕੇ ਇਕ-ਦੂਜੇ ਨੂੰ ਚੁਣੌਤੀ ਦਿੱਤੇ ਜਾਣ ਕਾਰਨ 2 ਮੈਂਬਰਾਂ ਨੂੰ ਕੋ-ਆਪਟ ਕਰਨ ਦਾ ਮਾਮਲਾ ਕਾਫੀ ਦਿਲਚਸਪ ਤੇ ਗੁੰਝਲਦਾਰ ਸਥਿਤੀ ਵਿਚ ਪੁੱਜ ਗਿਆ ਹੈ, ਜਿਸ ਬਾਰੇ ਆਖਰੀ ਫੈਸਲਾ ਗੁਰਦੁਆਰਾ ਚੋਣ ਵਿਭਾਗ ਵੱਲੋਂ ਤਿੰਨਾਂ ਉਮੀਦਵਾਰਾਂ ਵੱਲੋਂ ਜਵਾਬ ਦਾਖਲ ਕਰਨ ਉਪਰੰਤ ਕੀਤਾ ਜਾਵੇਗਾ। ਦਰਅਸਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰ ਬਣਾਏ ਗਏ ਬੀਬੀ ਰਣਜੀਤ ਕੌਰ ਤੇ ਸਰਬਜੀਤ ਸਿੰਘ ਵਿਰਕ ਨੇ ਕੋ-ਆਪਟ ਮੈਂਬਰ ਵਾਸਤੇ ਪਰਚਾ ਭਰਿਆ ਸੀ ਤੇ ਇਨ੍ਹਾਂ ਦੋਵਾਂ ਦਾ ਨਿਰਵਿਰੋਧ ਚੁਣਿਆ ਜਾਣਾ ਲਗਭਗ ਤੈਅ ਹੀ ਸੀ ਕਿਉਂਕਿ ਬਾਦਲ ਦਲ ਕੋਲ ਕੁੱਲ 46 ਵਿਚੋਂ 37 ਸੀਟਾਂ ਹੋਣ ਕਾਰਨ ਦਿੱਕਤ ਵਾਲੀ ਕੋਈ ਗੱਲ ਨਹੀਂ ਸੀ, ਪਰ ਦੂਜੇ ਪਾਸੇ ਹੈਰਾਨੀ ਜਨਕ ਤਰੀਕੇ ਨਾਲ ਵਿਰੋਧੀ ਧਿਰ ਨਾਲ ਸਬੰਧਤ ਇੰਦਰਮੋਹਨ ਸਿੰਘ ਵੱਲੋਂ ਨਾਮਜ਼ਦਗੀ ਪਰਚਾ ਦਾਖਲ ਕੀਤੇ ਜਾਣ ਕਾਰਨ ਕੋ-ਆਪਟ ਮੈਂਬਰਾਂ ਦੇ ਨਿਰਵਿਰੋਧ ਚੁਣੇ ਜਾਣ ਦਾ ਰਸਤਾ ਜਿਥੇ ਬੰਦ ਹੋ ਗਿਆ, ਉਥੇ ਹੀ ਇੰਦਰਮੋਹਨ ਸਿੰਘ ਵੱਲੋਂ ਦਿੱਲੀ ਗੁਰਦੁਆਰਾ ਐਕਟ ਦੇ ਨਿਯਮਾਂ ਨੂੰ ਆਧਾਰ ਬਣਾ ਕੇ ਬਾਦਲ ਦਲ ਦੇ ਦੋਵੇਂ ਆਗੂਆਂ ਦੀ ਉਮੀਦਵਾਰੀ ਨੂੰ ਚੁਣੌਤੀ ਦਿੱਤੀ ਗਈ ਤੇ ਉਸ ਤੋਂ ਬਾਅਦ ਬਾਦਲ ਦਲ ਦੇ ਉਮੀਦਵਾਰਾਂ ਨੇ ਵੀ ਇੰਦਰਮੋਹਨ ਸਿੰਘ ਉਮੀਦਵਾਰੀ ਨੂੰ ਚੁਣੌਤੀ ਦੇ ਦਿੱਤੀ। ਇੰਦਰਮੋਹਨ ਸਿੰਘ ਦਾ ਕਹਿਣਾ ਹੈ ਕਿ ਬੀਬੀ ਰਣਜੀਤ ਕੌਰ ਦਿੱਲੀ ਕਮੇਟੀ ਅਧੀਨ ਵਿਦਿਅਕ ਅਦਾਰੇ ਦੀ ਮੁਲਾਜ਼ਮ ਹੈ ਤੇ ਦਿੱਲੀ ਗੁਰਦੁਆਰਾ ਐਕਟ-1971 ਦੇ ਨਿਯਮਾਂ ਮੁਤਾਬਕ ਉਹ ਇਨ੍ਹਾਂ ਚੋਣਾਂ ਵਿਚ ਉਮੀਦਵਾਰ ਨਹੀਂ ਬਣ ਸਕਦੀ। ਇਸ ਤੋਂ ਇਲਾਵਾ ਕੇਸ ਰੰਗੇ ਹੋਣ ਕਾਰਨ ਬੀਬੀ ਰਣਜੀਤ ਕੌਰ ਸਮੇਤ ਦੂਜੇ ਉਮੀਦਵਾਰ ਸਰਬਜੀਤ ਸਿੰਘ ਵਿਰਕ ਵੀ ਦਿੱਲੀ ਕਮੇਟੀ ਲਈ ਮੈਂਬਰ ਨਹੀਂ ਚੁਣੇ ਜਾ ਸਕਦੇ। ਇੰਦਰਮੋਹਨ ਸਿੰਘ ਵੱਲੋਂ ਦੋਵਾਂ ਦੀ ਉਮੀਦਵਾਰੀ ਨੂੰ ਚੁਣੌਤੀ ਤੋਂ ਬਾਅਦ ਉਕਤ ਦੋਵੇਂ ਉਮੀਦਵਾਰਾਂ ਵੱਲੋਂ ਵੀ ਇੰਦਰਮੋਹਨ ਸਿੰਘ ‘ਤੇ ਕੇਸਾਂ ਦੀ ਬੇਅਦਬੀ ਤੇ ਨਸ਼ੇ ਦਾ ਸੇਵਨ ਕਰਨ ਦਾ ਦੋਸ਼ ਲਗਾ ਕੇ ਉਨ੍ਹਾਂ ਦੀ ਉਮੀਦਵਾਰੀ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਹੁਣ ਦੋਵੇਂ ਧਿਰਾਂ ਵੱਲੋਂ ਗੁਰਦੁਆਰਾ ਚੋਣ ਵਿਭਾਗ ਕੋਲ ਜਵਾਬ ਦਾਖਲ ਕਰਨਾ ਹੈ ਤੇ ਇਨ੍ਹਾਂ ਦੇ ਜਵਾਬ ਤੋਂ ਬਾਅਦ ਹੀ ਗੁਰਦੁਆਰਾ ਚੋਣ ਵਿਭਾਗ ਕੋਈ ਅਗਲੇਰੀ ਕਾਰਵਾਈ ਕਰੇਗਾ। ਦੱਸਣਯੋਗ ਹੈ ਕਿ ਦਿੱਲੀ ਗੁਰਦੁਆਰਾ ਐਕਟ-1971 ਮੁਤਾਬਿਕ ਦਿੱਲੀ ਕਮੇਟੀ ਦੇ 55 ਮੈਂਬਰੀ ਹਾਊਸ ਵਾਸਤੇ 2 ਮੈਂਬਰਾਂ ਨੂੰ ਕੋ-ਆਪਟ (ਨਾਮਜ਼ਦ) ਕੀਤਾ ਜਾਂਦਾ ਹੈ ਤੇ ਜੇਕਰ ਨਾਮਜ਼ਦਗੀ ਲਈ ਉਮੀਦਵਾਰਾਂ ਦੀ ਗਿਣਤੀ 2 ਤੋਂ ਜ਼ਿਆਦਾ ਹੋਵੇ ਤਾਂ ਫਿਰ ਸਿੱਖ ਸੰਗਤ ਦੀਆਂ ਵੋਟਾਂ ਰਾਹੀਂ ਚੁਣੇ ਗਏ ਦਿੱਲੀ ਕਮੇਟੀ ਦੇ 46 ਮੈਂਬਰ ਆਪਣੀ ਵੋਟ ਪਾ ਕੇ 2 ਕੋ-ਆਪਟ (ਨਾਮਜ਼ਦ) ਮੈਂਬਰਾਂ ਦੀ ਚੋਣ ਕਰਦੇ ਹਨ। ਵੋਟਾਂ ਰਾਹੀਂ ਚੋਣ ਹੋਣ ਦੀ ਸੂਰਤ ਵਿਚ ਵੀ ਬਾਦਲ ਦਲ ਦੇ ਉਮੀਦਵਾਰ ਹੀ ਕੋ-ਆਪਟ ਮੈਂਬਰ ਵਜੋਂ ਚੁਣੇ ਜਾਣਗੇ, ਪਰ ਇਨ੍ਹਾਂ ਦੀ ਉਮੀਦਵਾਰਾਂ ਨੂੰ ਚੁਣੌਤੀ ਦਿੱਤੇ ਜਾਣ ਕਾਰਨ ਮਾਮਲਾ ਕਾਫੀ ਦਿਲਚਸਪ ਸਥਿਤੀ ਵਿਚ ਪੁੱਜ ਗਿਆ ਹੈ।