ਧਰਮਸ਼ਾਲਾ ਟੈਸਟ ਦੌਰਾਨ ਲਿਓਨ ਦੀ ਗੇਂਦ ਨੇ ਆਸਟ੍ਰੇਲੀਆ ਦੀ ਕਰਵਾਈ ਵਾਪਸੀ

ਧਰਮਸ਼ਾਲਾ ਟੈਸਟ ਦੌਰਾਨ ਲਿਓਨ ਦੀ ਗੇਂਦ ਨੇ ਆਸਟ੍ਰੇਲੀਆ ਦੀ ਕਰਵਾਈ ਵਾਪਸੀ

ਧਰਮਸ਼ਾਲਾ/ਬਿਊਰੋ ਨਿਊਜ਼ :
ਆਸਟ੍ਰੇਲੀਆ ਖਿਲਾਫ ਹਿਮਾਚਲ ਪ੍ਰਦੇਸ਼ ਕ੍ਰਿਕਟ ਸੰਘ ਸਟੇਡੀਅਮ ਵਿਚ ਚੱਲ ਰਹੇ ਚੌਥੇ ਟੈਸਟ ਦੇ ਦੂਜੇ ਦਿਨ ਭਾਰਤੀ ਟੀਮ ਨੇ 6 ਵਿਕਟਾਂ ਗੁਆ ਕੇ 248 ਦੌੜਾਂ ਬਣਾਈਆਂ। ਆਸਟ੍ਰੇਲੀਆ ਦੇ ਫਿਰਕੀ ਗੇਂਦਬਾਜ਼ ਨਾਥਨ ਲਿਓਨ ਨੇ ਦੂਸਰੇ ਸੈਸ਼ਨ ਤੱਕ ਦੋ ਵਿਕਟਾਂ ‘ਤੇ 153 ਦੌੜਾਂ ਬਣਾ ਕੇ ਮਜ਼ਬੂਤ ਨਜ਼ਰ ਆ ਰਹੀ ਭਾਰਤੀ ਟੀਮ ਦੇ ਤੀਜੇ ਸੈਸ਼ਨ ਵਿਚ 4 ਵਿਕਟਾਂ ਝਟਕਾ ਕੇ ਮੈਚ ਨੂੰ ਸੰਘਰਸ਼ਪੂਰਨ ਬਣਾ ਦਿੱਤਾ। ਰਿਧੀਮਾਨ ਸਾਹਾ 10 ਤੇ ਰਵਿੰਦਰ ਜਡੇਜਾ 16 ਦੌੜਾਂ ਬਣਾ ਕੇ ਨਾਬਾਦ ਪਰਤੇ। ਭਾਰਤ ਅਜੇ ਵੀ ਪਹਿਲੀ ਪਾਰੀ ਦੇ ਆਧਾਰ ‘ਤੇ ਆਸਟ੍ਰੇਲੀਆ ਤੋਂ 52 ਦੌੜਾਂ ਪਿੱਛੇ ਹੈ। ਭਾਰਤੀ ਪਾਰੀ ਚਿ ਮੁਰਲੀ ਵਿਜੇ (11), ਲੋਕੇਸ਼ ਰਾਹੁਲ (60) ਨੇ 21 ਦੌੜਾਂ ਹੀ ਜੋੜੀਆਂ ਸਨ ਕਿ ਵਿਜੇ ਜੋਸ਼ ਹਾਜਲੇਵੁੱਡ ਦੀ ਗੇਂਦ ‘ਤੇ ਵਿਕਟ ਦੇ ਪਿੱਛੇ ਮੈਥਿਊ ਵੇਡ ਦੇ ਹੱਥੋਂ ਆਊਟ ਹੋ ਗਏ। ਇਸ ਦੇ ਬਾਅਦ ਰਾਹੁਲ ਨੇ ਚੇਤੇਸ਼ਵਰ ਪੁਜਾਰਾ (57) ਨਾਲ ਮਿਲ ਕੇ ਟੀਮ ਦੇ ਸਕੋਰ ਨੂੰ 64 ਤੱਕ ਪਹੁੰਚਾਇਆ। ਰਾਹੁਲ ਤੇ ਪੁਜਾਰਾ ਨੇ ਦੂਸਰੇ ਵਿਕਟ ਲਈ 87 ਦੌੜਾਂ ਜੋੜੀਆਂ ਤੇ ਟੀਮ ਦਾ ਸਕੋਰ 100 ਦੇ ਪਾਰ ਪਹੁੰਚਾਇਆ। ਲੜੀ ਵਿਚ ਚੌਥਾ ਅਰਧ ਸੈਂਕੜਾ ਲਗਾਉਣ ਵਾਲੇ ਰਾਹੁਲ ਇਸ ਨੂੰ ਸੈਂਕੜੇ ਵਿਚ ਨਹੀਂ ਬਦਲ ਸਕੇ ਅਤੇ ਪੈਟ ਕੁਮਿੰਸ ਦੀ ਗੇਂਦ ਕੈਚ ਕਰਨ ਦੀ ਕੋਸ਼ਿਸ਼ ਵਿਚ ਡੇਵਿਡ ਵਾਰਨਰ ਦੇ ਹੱਥੋਂ ਆਊਟ ਹੋ ਗਏ। ਰਾਹੁਲ ਨੇ 124 ਗੇਂਦਾਂ ਦੀ ਪਾਰੀ ਵਿਚ 9 ਚੌਕੇ ਤੇ ਇਕ ਛੱਕਾ ਲਗਾਇਆ। ਉਸ ਦੇ ਆਊਟ ਹੋਣ ਬਾਅਦ ਪੁਜਾਰਾ ਦਾ ਸਾਥ ਦੇਣ ਆਏ ਰਹਾਣੇ ਨੇ 45 ਦੌੜਾਂ ਜੋੜ ਕੇ ਟੀਮ ਦਾ ਸਕੋਰ 153 ਤੱਕ ਪਹੁੰਚਾਇਆ। ਇਸ ਵਿਚਾਲੇ 55ਵੇਂ ਓਵਰ ਦੀ ਤੀਸਰੀ ਗੇਂਦ ‘ਤੇ ਲਗਾਏ ਗਏ ਚੌਕੇ ਦੇ ਨਾਲ ਹੀ ਪੁਜਾਰਾ ਨੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਭਾਰਤੀ ਟੀਮ ਲਈ ਤੀਸਰਾ ਸੈਸ਼ਨ ਖਰਾਬ ਰਿਹਾ। ਪੁਜਾਰਾ ਨੇ ਟੀਮ ਦੇ ਖਾਤੇ ਵਿਚ 4 ਦੌੜਾਂ ਹੋਰ ਜੋੜੀਆਂ ਸਨ ਕਿ 157 ਦੇ ਕੁੱਲ ਯੋਗ ‘ਤੇ ਲਿਓਨ ਨੇ ਉਸ ਨੂੰ ਪੀਟਰ ਹਾਡਸਕਾਂਬ ਦੇ ਹੱਥੋਂ ਕੈਚ ਆਊਟ ਕਰਵਾਇਆ। ਉਨ੍ਹਾਂ ਆਪਣੀ ਪਾਰੀ ਵਿਚ ਖੇਡੀਆਂ 151 ਗੇਂਦਾਂ ‘ਤੇ 6 ਚੌਕੇ ਲਗਾਏ। ਕਰੁਣ ਨਾਇਰ ਵੀ ਲਿਓਨ ਦੀ ਗੇਂਦ ‘ਤੇ ਵੇਡ ਹੱਥੋਂ ਆਊਟ ਹੋ ਗਏ। ਰਵੀਚੰਦਰਨ ਅਸ਼ਵਿਨ (30) ਨੇ ਰਹਾਣੇ ਨਾਲ 49 ਦੌੜਾਂ ਜੋੜੀਆਂ ਪਰ ਇਸ ਸਾਂਝੇਦਾਰੀ ਨੂੰ ਵੀ ਲਿਓਨ ਨੇ ਤੋੜ ਦਿੱਤਾ। ਰਹਾਣੇ 216 ਦੇ ਕੁੱਲ ਯੋਗ ‘ਤੇ 5ਵੇਂ ਵਿਕਟ ਦੇ ਤੌਰ ‘ਤੇ ਪਵੇਲੀਅਨ ਪਰਤੇ। ਲਿਓਨ ਨੇ ਅਸ਼ਵਿਨ ਨੂੰ ਵੀ ਜਲਦ ਹੀ ਪਵੇਲੀਅਨ ਦੀ ਰਾਹ ਵਿਖਾ ਦਿੱਤੀ। ਲਿਓਨ ਦੇ ਇਲਾਵਾ ਹਾਜਲੇਵੁਡ ਤੇ ਕਮਿੰਸ ਨੇ ਵੀ ਇਕ ਇਕ ਵਿਕਟ ਲਿਆ।