ਭਾਜਪਾ ਦੇ ਮਨੋਹਰ ਪਰੀਕਰ ਗੋਆ ਦੇ ਮੁੱਖ ਮੰਤਰੀ ਨਿਯੁਕਤ

ਭਾਜਪਾ ਦੇ ਮਨੋਹਰ ਪਰੀਕਰ ਗੋਆ ਦੇ ਮੁੱਖ ਮੰਤਰੀ ਨਿਯੁਕਤ

ਪਣਜੀ/ਬਿਊਰੋ ਨਿਊਜ਼ :
ਰੱਖਿਆ ਮੰਤਰੀ ਮਨੋਹਰ ਪਰੀਕਰ ਦੀ ਅਗਵਾਈ ਵਿੱਚ ਭਾਜਪਾ ਵੱਲੋਂ ਗੋਆ ਵਿੱਚ ਨਵੀਂ ਸਰਕਾਰ ਦੀ ਕਾਇਮੀ ਲਈ ਦਾਅਵਾ ਪੇਸ਼ ਕਰਨ ਮਗਰੋਂ ਸੂਬੇ ਦੀ ਰਾਜਪਾਲ ਮ੍ਰਿਦੁਲਾ ਸਿਹਨਾ ਨੇ ਮਨੋਹਰ ਪਰੀਕਰ ਨੂੰ ਗੋਆ ਦਾ ਮੁੱਖ ਮੰਤਰੀ ਨਿਯੁਕਤ ਕਰਦਿਆਂ ਅਹੁਦੇ ਦਾ ਹਲਫ਼ ਲੈਣ ਮਗਰੋਂ 15 ਦਿਨਾਂ ਦੇ ਅੰਦਰ ਅੰਦਰ ਬਹੁਮਤ ਸਾਬਤ ਕਰਨ ਲਈ ਕਿਹਾ ਹੈ। ਪਾਰਟੀ ਨੇ ਐਨਸੀਪੀ, ਕੁੱਝ ਛੋਟੀਆਂ ਜਥੇਬੰਦੀਆਂ ਤੇ ਆਜ਼ਾਦ ਵਿਧਾਇਕਾਂ ਦੀ ਹਮਾਇਤ ਦਾ ਦਾਅਵਾ ਕੀਤਾ ਹੈ। ਸ੍ਰੀ ਪਰੀਕਰ ਗੋਆ ਫਾਰਵਰਡ ਪਾਰਟੀ (ਜੀਐਫਪੀ) ਤੇ ਮਹਾਰਾਸ਼ਟਰਵਾਦੀ ਗੋਮਾਂਤਕ ਪਾਰਟੀ (ਐਮਜੀਪੀ) ਦੇ ਤਿੰਨ-ਤਿੰਨ ਵਿਧਾਇਕਾਂ, ਦੋ ਆਜ਼ਾਦ ਵਿਧਾਇਕਾਂ, ਐਨਸੀਪੀ ਦੇ ਇਕ ਵਿਧਾਇਕ ਦੀ ਹਮਾਇਤ ਵਾਲਾ ਪੱਤਰ ਲੈ ਕੇ ਰਾਜਪਾਲ ਮ੍ਰਿਦੁਲਾ ਸਿਨਹਾ ਨੂੰ ਮਿਲਣ ਗਏ। ਇਸ ਹਮਾਇਤ ਨਾਲ ਹੁਣ ਇਸ ਗਠਜੋੜ ਦੀਆਂ ਸੀਟਾਂ ਦੀ ਗਿਣਤੀ 22 ਹੋ ਗਈ। 40 ਮੈਂਬਰੀ ਵਿਧਾਨ ਸਭਾ ਵਿੱਚ ਭਾਜਪਾ ਕੋਲ 13 ਸੀਟਾਂ ਹਨ, ਜਦੋਂ ਕਿ ਕਾਂਗਰਸ 17 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ। ਇਸ ਦੌਰਾਨ ਕਾਂਗਰਸ ਦੇ ਜਨਰਲ ਸਕੱਤਰ ਦਿਗਵਿਜੈ ਸਿੰਘ ਸਣੇ ਹੋਰ ਸੀਨੀਅਰ ਆਗੂਆਂ ਨੇ ਪਾਰਟੀ ਦੇ ਨਵੇਂ ਚੁਣੇ ਵਿਧਾਇਕਾਂ ਨਾਲ ਇੱਥੇ ਇਕ ਹੋਟਲ ਵਿੱਚ ਮੁਲਾਕਾਤ ਕੀਤੀ, ਜਿੱਥੇ ਉਨ੍ਹਾਂ ਪਾਰਟੀ ਵਿਧਾਇਕ ਦਲ ਦੇ ਆਗੂ ਦੇ ਨਾਂ ਬਾਰੇ ਵਿਚਾਰ-ਵਟਾਂਦਰਾ ਕੀਤਾ।
ਦੂਜੇ ਪਾਸੇ ਕੇਂਦਰੀ ਮੰਤਰੀ ਤੇ ਗੋਆ ਭਾਜਪਾ ਮਾਮਲਿਆਂ ਦੇ ਇੰਚਾਰਜ ਨਿਤਿਨ ਗਡਕਰੀ ਨੇ ਕਿਹਾ ਕਿ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਪਹਿਲਾਂ ਸ੍ਰੀ ਪਰੀਕਰ ਰੱਖਿਆ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਗੇ। ਜੀਐਫਪੀ ਆਗੂ ਵਿਜੈ ਸਰਦੇਸਾਈ ਨੇ ਕਿਹਾ ਕਿ ਉਨ੍ਹਾਂ ਰਾਜ ਵਿੱਚ ਸਥਿਰ ਸਰਕਾਰ ਲਈ ਭਾਜਪਾ ਨੂੰ ਹਮਾਇਤ ਦਿੱਤੀ ਹੈ। ਐਮਜੀਪੀ ਆਗੂ ਸੁਦੀਨ ਧਾਵਲੀਕਰ ਨੇ ਕਿਹਾ ਕਿ ਪਾਰਟੀ ਨੇ ਇਸ ਸ਼ਰਤ ਉਤੇ ਹਮਾਇਤ ਦਿੱਤੀ ਕਿ ਸਿਰਫ਼ ਪਰੀਕਰ ਮੁੱਖ ਮੰਤਰੀ ਬਣਨਗੇ।