ਪਿੰਡ ਹਾਕੂਵਾਲਾ ‘ਚ ਨੋਟ ‘ਵੰਡਣ’ ਗਏ ਮਿੱਡੂਖੇੜਾ ਨੂੰ ਘੇਰਿਆ

ਪਿੰਡ ਹਾਕੂਵਾਲਾ ‘ਚ ਨੋਟ ‘ਵੰਡਣ’ ਗਏ ਮਿੱਡੂਖੇੜਾ ਨੂੰ ਘੇਰਿਆ

ਕੈਪਸ਼ਨ- ਹਾਕੂਵਾਲਾ ਵਿਚ ਅਕਾਲੀ ਚੇਅਰਮੈਨ ਮਿੱਡੂਖੇੜਾ ਦੀ ਗੱਡੀ ‘ਤੇ ਕਾਂਗਰਸੀ ਸਮਰਥਕਾਂ ਨਾਲ ਚੜ੍ਹੇ ਰਣਇੰਦਰ ਸਿੰਘ।
ਲੰਬੀ/ਬਿਊਰੋ ਨਿਊਜ਼ :
ਪੰਚਾਇਤ ਸਮਿਤੀ ਲੰਬੀ ਦੇ ਚੇਅਰਮੈਨ ਤੇ ਅਕਾਲੀ ਆਗੂ ਗੁਰਬਖਸ਼ੀਸ਼ ਸਿੰਘ ਵਿੱਕੀ ਮਿੱਡੂਖੇੜਾ ਨੂੰ ਪਿੰਡ ਹਾਕੂਵਾਲਾ ਵਿਚ ਕਥਿਤ ਤੌਰ ‘ਤੇ ਵੋਟਾਂ ਖ਼ਾਤਰ ਨੋਟ ਵੰਡਣ ਗਏ ਨੂੰ ਘੇਰਾ ਪੈ ਗਿਆ। ਕਾਂਗਰਸੀ ਵਰਕਰਾਂ ਨੇ ਸ੍ਰੀ ਮਿੱਡੂਖੇੜਾ ਦੀ ਫਾਰਚੂਨਰ ਗੱਡੀ ਘੇਰ ਕੇ ਧਰਨਾ ਲਗਾ ਦਿੱਤਾ। ਕਾਂਗਰਸੀ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ, ਉਸ ਦੇ ਪੁੱਤਰ ਰਣਇੰਦਰ ਸਿੰਘ ਅਤੇ ‘ਆਪ’ ਉਮੀਦਵਾਰ ਜਰਨੈਲ ਸਿੰਘ ਵੀ ਧਰਨੇ ਵਿਚ ਸ਼ਾਮਲ ਹੋਏ। ਚੇਅਰਮੈਨ ਮਿੱਡੂਖੇੜਾ ਤੇ ਉਸ ਦਾ ਲੜਕਾ ਗੁਰਲਾਲ ਸਿੰਘ ਮੌਕੇ ਤੋਂ ਖਿਸਕ ਗਏ। ਚੋਣ ਅਮਲੇ ਦੀ ਵੀਡੀਓਗ੍ਰਾਫ਼ੀ ਟੀਮ-3 ਦੇ ਮੁਖੀ ਪ੍ਰਵੀਨ ਮਿੱਡਾ ਤੇ ਕਿੱਲਿਆਂਵਾਲੀ ਚੌਕੀ ਦੇ ਇੰਚਾਰਜ ਸੁਖਦੇਵ ਸਿੰਘ ਨੇ ਕਾਂਗਰਸੀ ਤੇ ਅਕਾਲੀ ਵਰਕਰਾਂ ਦੀ ਮੌਜੂਦਗੀ ਵਿਚ ਪੀਜੇਬੀ 13 ਨੰਬਰ ਗੱਡੀ ਦੀ ਤਲਾਸ਼ੀ ਲਈ, ਜਿਸ ਵਿਚੋਂ ਕੁਝ ਨਹੀਂ ਮਿਲਿਆ। ਗ਼ੌਰਤਲਬ ਹੈ ਕਿ ਵਿੱਕੀ ਮਿੱਡੂਖੇੜਾ ਅਕਾਲੀ ਦਲ ਵੱਲੋਂ ਪਿੰਡ ਹਾਕੂਵਾਲਾ ਦੇ ਇੰਚਾਰਜ ਹਨ। ਉਨ੍ਹਾਂ ਕਿਹਾ ਕਿ ਉਹ ਤਾਂ ਇੱਕ ਬਜ਼ੁਰਗ ਦੀ ਮੌਤ ‘ਤੇ ਗੋਡਾ ਨਿਵਾਉਣ ਹਾਕੂਵਾਲਾ ਆਏ ਸਨ ਪਰ ਕਾਂਗਰਸੀਆਂ ਨੇ ਉਨ੍ਹਾਂ ‘ਤੇ ਜਾਨਲੇਵਾ ਹਮਲਾ ਕਰ ਦਿੱਤਾ। ਘਟਨਾ ਬਾਰੇ ਪਿੰਡ ਵਿਚ ਹੋਕਾ ਦੇਣ ‘ਤੇ ਵੱਡੀ ਗਿਣਤੀ ਵਿਚ ਲੋਕ ਇਕੱਤਰ ਹੋ ਗਏ। ਗੱਡੀ ਘੇਰਨ ਦੀ ਸੂਚਨਾ ਮਿਲਣ ‘ਤੇ ਕੈਪਟਨ ਅਮਰਿੰਦਰ ਸਿੰਘ ਤੇ ਜਰਨੈਲ ਸਿੰਘ ਕੁੱਝ ਮਿੰਟਾਂ ਦੇ ਫਾਸਲੇ ‘ਤੇ ਪੁੱਜੇ ਪਰ ਦੋਵੇਂ ਆਹਮੋ-ਸਾਹਮਣੇ ਨਹੀਂ ਹੋਏ। ਕੈਪਟਨ ਅਮਰਿੰਦਰ ਸਿੰਘ ਦੇ ਪੁੱਜਣ ‘ਤੇ ਕਾਫ਼ੀ ਗਿਣਤੀ ਪਿੰਡ ਵਾਸੀ ਫਾਰਚੂਨਰ ਗੱਡੀ ‘ਤੇ ਚੜ੍ਹ ਗਏ, ਜਿਨ੍ਹਾਂ ਵਿਚ ਰਣਇੰਦਰ ਸਿੰਘ ਵੀ ਸ਼ਾਮਲ ਸੀ।
ਕਾਂਗਰਸੀ ਵਰਕਰਾਂ ਮਲਕੀਤ ਸਿੰਘ ਹਾਕੂਵਾਲਾ ਤੇ ਮਨਜੀਤ ਸਿੰਘ ਨੇ ਦੱਸਿਆ ਕਿ ਵਿੱਕੀ ਮਿੱਡੂਖੇੜਾ, ਉਸ ਦਾ ਲੜਕਾ ਗੁਰਲਾਲ ਅਤੇ 3 ਹੋਰ ਵਿਅਕਤੀ ਫਾਰਚੂਨਰ ਵਿਚ ਵੋਟਰਾਂ ਨੂੰ ਪੈਸੇ ਵੰਡਣ ਆਏ ਸਨ। ਮਲਕੀਤ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਗੁਰਲਾਲ ਨੇ ਗਾਲੀ-ਗਲੋਚ ਕੀਤਾ ਅਤੇ ਉਸ ‘ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਹੋਰ ਪਿੰਡ ਵਾਸੀਆਂ ਦੇ ਇਕੱਠੇ ਹੋਣ ‘ਤੇ ਵਿੱਕੀ ਮਿੱਡੂਖੇੜਾ, ਗੁਰਲਾਲ ਸਿੰਘ ਵਗੈਰਾ ਗੱਡੀ ਵਿਚੋਂ ਕਾਲੇ ਰੰਗ ਦਾ ਰਾਸ਼ੀ ਵਾਲਾ ਛੋਟਾ ਬੈਗ ਲੈ ਕੇ ਖਿਸਕ ਗਏ। ਗੁਰਲਾਲ ਸਿੰਘ ਨੇ ਦੋਸ਼ ਲਾਇਆ ਕਿ ਮਨਜੀਤ, ਇਕਬਾਲ, ਸੁਖਵਿੰਦਰ, ਜਗਸੀਰ, ਜਰਨੈਲ ਤੇ 15-20 ਹੋਰਾਂ ਨੇ ਉਨ੍ਹਾਂ ‘ਤੇ ਜਾਨਲੇਵਾ ਹਮਲਾ ਕੀਤਾ ਅਤੇ ਬਾਅਦ ਵਿਚ ਰਣਇੰਦਰ ਨੇ ਆਪਣੇ ਸਮਰਥਕਾਂ ਨਾਲ ਗੱਡੀ ਦੀ ਛੱਤ ਤੇ ਸ਼ੀਸ਼ਾ ਭੰਨ ਦਿੱਤਾ।
ਧਰਨੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਅਕਾਲੀ ਵੋਟਾਂ ਲਈ ਪੈਸੇ ਵੰਡਣਗੇ ਤਾਂ ਲੋਕਾਂ ਦਾ ਗੱਡੀਆਂ ਭੰਨਣਾ ਜਾਇਜ਼ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦਾ ਨੇੜਲਾ ਤੇਜਿੰਦਰ ਸਿੰਘ ਮਿੱਡੂਖੇੜਾ ਪਿੰਡ ਕੱਖਾਂਵਾਲੀ ਦੇ ਲੋਕਾਂ ਨੂੰ ਕਥਿਤ ਤੌਰ ‘ਤੇ ਪੈਸੇ ਵੰਡਦਾ ਰੰਗੇ ਹੱਥੀਂ ਫੜਿਆ ਗਿਆ ਸੀ। ਉਸ ਨੂੰ ਸ਼ਰੇਆਮ ਮੁਆਫ਼ੀ ਮੰਗਣ ਬਾਅਦ ਹੀ ਜਾਣ ਦਿੱਤਾ ਗਿਆ। ‘ਆਪ’ ਉਮੀਦਵਾਰ ਜਰਨੈਲ ਸਿੰਘ ਨੇ ਕਿਹਾ ਕਿ ਹਾਕੂਵਾਲਾ ਵਾਸੀਆਂ ਨੇ ਅਕਾਲੀਆਂ ਦੀ ਗੁੰਡਾਗਰਦੀ ਖ਼ਿਲਾਫ਼ ਹੋਕਾ ਦੇ ਕੇ ਹੌਸਲੇ ਵਾਲਾ ਕੰਮ ਕੀਤਾ ਹੈ। ਜ਼ਿਲ੍ਹਾ ਪੁਲੀਸ ਮੁਖੀ ਧਰੁਮਣ ਐਚ ਨਿੰਬਲੇ ਨੇ ਕਿਹਾ ਕਿ ਦੋਵੇਂ ਧਿਰਾਂ ਦੀਆਂ ਸ਼ਿਕਾਇਤ ਪੁੱਜੀਆਂ ਹਨ ਅਤੇ ਪੜਤਾਲ ਕੀਤੀ ਜਾ ਰਹੀ ਹੈ। ਅਕਾਲੀ ਦਲ ਦੇ ਕੌਮੀ ਜਥੇਬੰਦਕ ਸਕੱਤਰ ਤੇਜਿੰਦਰ ਸਿੰਘ ਮਿੱਡੂਖੇੜਾ ਨੇ ਅਮਰਿੰਦਰ ਸਿੰਘ ਦੇ ਕੱਖਾਂਵਾਲੀ ਪਿੰਡ ਬਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ।