ਪਹਿਲਵਾਨ ਮੌਸਮ ਖੱਤਰੀ ਨੇ ਜਿੱਤਿਆ ਭਾਰਤ ਕੇਸਰੀ ਦਾ ਖ਼ਿਤਾਬ

ਪਹਿਲਵਾਨ ਮੌਸਮ ਖੱਤਰੀ ਨੇ ਜਿੱਤਿਆ ਭਾਰਤ ਕੇਸਰੀ ਦਾ ਖ਼ਿਤਾਬ

ਅੰਬਾਲਾ/ਬਿਊਰੋ ਨਿਊਜ਼ :
ਹਰਿਆਣਾ ਦੇ ਮੌਸਮ ਖੱਤਰੀ ਨੇ ਰੇਲਵੇ ਦੇ ਕ੍ਰਿਸ਼ਨ ਨੂੰ ਮਾਤ ਦੇ ਕੇ ਭਾਰਤ ਕੇਸਰੀ ਦਾ ਖਿਤਾਬ ਜਿੱਤ ਲਿਆ ਹੈ। 97 ਕਿਲੋਗ੍ਰਾਮ ਭਾਰ ਵਰਗ ਵਿੱਚ ਦੇਸ਼ ਦੀ ਸਭ ਤੋਂ ਵੱਡੀ ਇਸ ਕੁਸ਼ਤੀ ਦਾ ਆਨੰਦ ਮਾਣਨ ਲਈ ਅੰਬਾਲਾ ਛਾਉਣੀ ਦੇ ਵਾਰ ਹੀਰੋਜ਼ ਸਟੇਡੀਅਮ ਵਿੱਚ ਤਿਲ ਸੁੱਟਣ ਨੂੰ ਵੀ ਥਾਂ ਨਹੀ ਸੀ। ਸਮਾਪਤੀ ਸਮਾਰੋਹ ਦੌਰਾਨ ਸੂਬੇ ਤੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਮੁੱਖ ਮਹਿਮਾਨ ਸਨ। ਇਸ ਤੋਂ ਇਲਾਵਾ ਖੇਡ ਮੰਤਰੀ ਅਨਿਲ ਵਿੱਜ ਅਤੇ ਹੋਰ ਮੰਤਰੀ ਵੀ ਹਾਜ਼ਰ ਸਨ।
ਮੌਸਮ ਖੱਤਰੀ ਨੇ ਇਹ ਕੁਸ਼ਤੀ 3-0 ਅੰਕਾਂ ਦੇ ਨਾਲ ਜਿੱਤੀ। ਕ੍ਰਿਸ਼ਨ ਨੇ ਕਈ ਵਾਰ ਖੱਤਰੀ ਨੂੰ ਦਾਅ ਮਾਰਨ ਦੀ ਕੋਸ਼ਿਸ਼ ਕੀਤੀ ਪਰ ਖੱਤਰੀ ਅੱਗੇ ਉਸ ਦੀ ਪੇਸ਼ ਨਹੀ ਗਈ। ਹਰਿਆਣਾ ਦੀ ਰਿੱਤੂ ਅਤੇ ਮਹਾਰਾਸ਼ਟਰ ਦੀ ਨੰਦਨੀ ਵਿਚਕਾਰ ਮੁਕਾਬਲਾ ਰੌਚਿਕ ਰਿਹਾ। ਇਸ ਵਿੱਚ ਹਰਿਆਣਾ ਦੀ ਰਿੱਤੂ ਜੇਤੂ ਰਹੀ। ਯੂਪੀ ਦਾ ਸੰਦੀਪ ਤੋਮਰ ਹਰਿਆਣਾ ਦੇ ਅਮਿਤ ਦਹੀਆ ਨੂੰ ਹਰਾ ਕੇ ਜੇਤੂ ਰਿਹਾ। ਰੇਲਵੇ ਦੇ ਬਜਰੰਗ ਨੇ ਯੂਪੀ ਦੇ ਮਨੋਜ ਨੂੰ 7- 0 ਨਾਲ ਕਰਾਰੀ ਹਾਰ ਦਿੱਤੀ। ਹਰਿਆਣਾ ਦੇ ਜਿਤੇਂਦਰ ਅਤੇ ਰੇਲਵੇ ਦੇ ਪ੍ਰਵੀਨ  ਵਿਚਕਾਰ ਫਸਵੇਂ ਮੁਕਾਬਲੇ ਵਿੱਚ 7 6 ਅੰਕਾਂ ਨਾਲ ਰੇਲਵੇ ਦਾ ਪ੍ਰਵੀਨ ਜੇਤੂ ਰਿਹਾ।