ਸਮਾਜਿਕ ਕਦਰਾਂ-ਕੀਮਤਾਂ ਨਾਲ ਹੀ ਸਿਰਜਿਆ ਜਾ ਸਕਦੈ ਬਿਹਤਰੀਨ ਸਮਾਜ: ਸ਼ਬਾਨਾ ਆਜ਼ਮੀ

ਸਮਾਜਿਕ ਕਦਰਾਂ-ਕੀਮਤਾਂ ਨਾਲ ਹੀ ਸਿਰਜਿਆ ਜਾ ਸਕਦੈ ਬਿਹਤਰੀਨ ਸਮਾਜ: ਸ਼ਬਾਨਾ ਆਜ਼ਮੀ

ਕੌਮਾਂਤਰੀ ਇਸਤਰੀ ਦਿਹਾੜੇ ‘ਤੇ ‘ਹਾਊਸ ਆਫ਼ ਕਾਮਨਜ਼’ ਵਿਖੇ ਆਈ.ਐਲ.ਯੂ.ਕੇ. ਦੇ ਸੱਦੇ ‘ਤੇ ਦਿੱਤੇ ਭਾਸ਼ਣ ਦੇ ਕੁਝ ਅੰਸ਼
ਲੰਡਨ/ਬਿਊਰੋ ਨਿਊਜ਼ :
ਬਾਲੀਵੁੱਡ ਦੀ ਅਦਾਕਾਰਾ ਅਤੇ ਰਾਜ ਸਭਾ ਮੈਂਬਰ ਸ਼ਬਾਨਾ ਆਜ਼ਮੀ ਨੇ ਕੌਮਾਂਤਰੀ ਇਸਤਰੀ ਦਿਹਾੜੇ ‘ਤੇ ਬਰਤਾਨਵੀ ਸੰਸਦ ਵਿਚ ‘ਹਾਊਸ ਆਫ਼ ਕਾਮਨਜ਼’ ਵਿਖੇ ਸੰਬੋਧਨ ਕੀਤਾ। ਸ਼ਬਾਨਾ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਸ ਨੂੰ ਭਾਰਤੀ ਜਮਹੂਰੀਅਤ ‘ਤੇ ਮਾਣ ਹੈ ਕਿਉਂਕਿ ਬੋਲਣ ਦੀ ਆਜ਼ਾਦੀ ਦੇ ਮਿਲੇ ਅਧਿਕਾਰਾਂ ਕਾਰਨ  ਹੀ ਉਹ ਇੱਥੇ ਬੋਲ ਰਹੀ ਹੈ। ਉਨ੍ਹਾਂ ਇਸ ਗੱਲ ‘ਤੇ ਖ਼ੁਸ਼ੀ ਪ੍ਰਗਟਾਈ ਕਿ ਬਰਤਾਨਵੀ ਸੰਸਦ ਵੀ ਆਪਣੇ ਸਾਰੇ ਨਾਗਰਿਕਾਂ ਨੂੰ ਬੋਲਣ ਦੀ ਆਜ਼ਾਦੀ ਦਿੰਦਾ ਹੈ।
ਇਤਿਹਾਸਕ ਸੰਘਰਸ਼ ਦੀਆਂ ਮੋਢੀ ਔਰਤਾਂ ਨੂੰ ਸਲਾਮ ਕਰਦਿਆਂ ਸ਼ਬਾਨਾ ਨੇ ਕਿਹਾ ਕਿ ਜੋ ਰਸਤਾ ਉਨ੍ਹਾਂ ਨੇ ਚੁਣਿਆ ਅਤੇ ਆਜ਼ਾਦੀ ਲਈ ਰਾਹ ਪੱਧਰਾ ਕੀਤਾ, ਉਸ ਸਦਕਾ ਅੱਜ ਅਸੀਂ ਆਜ਼ਾਦੀ ਮਾਣ ਰਹੇ ਹਾਂ। ਉਨ੍ਹਾਂ ਕਿਹਾ ਕਿ ਅੱਜ ਵਿਸ਼ਵ ਪੱਧਰ ‘ਤੇ ਸਮਾਜ ਨੂੰ ਅਸਲ ਵਿਚ ਕੁੱਲ ਘਰੇਲੂ ਉਤਪਾਦ ਦੇ ਮਾਪਦੰਡਾਂ ਨਾਲ ਪਰਖਿਆ ਜਾਂਦਾ ਹੈ ਜਦਕਿ ਮਨੁੱਖੀ ਕਦਰਾਂ-ਕੀਮਤਾਂ ਨਾਲ ਹੀ ਬਿਹਤਰੀਨ ਸਮਾਜ ਸਿਰਜਿਆ ਅਤੇ ਵਿਕਸਤ ਕੀਤਾ ਜਾ ਸਕਦਾ ਹੈ। ਜਿਵੇਂ ਪ੍ਰੋ. ਅਮਰਤਿਆ ਸੇਨ ਕਹਿੰਦੇ ਹਨ ਕਿ ਸਿੱਖਿਆ ਅਤੇ ਸਿਹਤ ਦੀਆਂ ਮੁਢਲੀਆਂ ਲੋੜਾਂ ਪੂਰੀਆਂ ਕਰਨ ਅਤੇ ਔਰਤਾਂ ਦੇ ਸ਼ਕਤੀਕਰਨ ਨਾਲ ਹੀ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ।
ਜ਼ਿਕਰਯੋਗ ਹੈ ਕਿ ਆਈ.ਐਲ.ਯੂ.ਕੇ. ਦੇ ਕੁਲ 16000 ਮੈਂਬਰ ਹਨ ਤੇ ਇਸ ਦਾ ਮਕਸਦ ਔਰਤਾਂ ਦੇ ਸ਼ਕਤੀਕਰਨ ਨੂੰ ਹੱਲਾਸ਼ੇਰੀ ਦੇਣਾ ਹੈ। ਆਈ.ਐਲ.ਯੂ.ਕੇ. ਦਾ ਮੰਨਣਾ ਹੈ ਕਿ ਕਿਸੇ ਵੀ ਮੁਲਕ ਦੇ ਸਭਿਆਚਾਰ ਨੂੰ ਸਮਝਣ ਲਈ ਆਪਣੇ ਸਭਿਆਚਾਰ ਨਾਲ ਜੁੜਨਾ ਬੇਹੱਦ ਜ਼ੂਰਰੀ ਹੈ, ਕਿਉਂਕਿ ਮੁੱਖਧਾਰਾ ਦੇ ਨਾਲ ਨਾਲ ਪਰਵਾਸੀਆਂ ਦੇ ਏਕੀਕਰਨ ਨੂੰ ਬਿਹਤਰ ਬਣਾਉਣ ਅਤੇ ਮਜ਼ਬੂਤ ਕਰਨ ਵਿਚ ਮਦਦ ਮਿਲਦੀ ਹੈ।
ਇਸ ਵਿਸ਼ੇ ‘ਤੇ ਗੱਲ ਕਰਦਿਆਂ ਸ਼ਬਾਨਾ ਆਜ਼ਮੀ ਨੇ ਕਿਹਾ, ”ਪਰ ਇਸ ਗੱਲ ਦੀ ਪਛਾਣ ਕਰਨ ਦੀ ਲੋੜ ਹੈ ਕਿ ਅੱਜ ਦੇ ਪਰਵਾਸੀਆਂ ਨੂੰ ਮੁੱਖਧਾਰਾ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਸੱਚ ਤਾਂ ਇਹ ਹੈ ਕਿ ਬਹੁਤੇ ਮੁਲਕਾਂ ਵਿਚ ਉਹ ਮੁੱਖਧਾਰਾ ਨਾਲ ਜੁੜੇ ਹੋਏ ਹਨ, ਇਸ ਲਈ ਸਾਨੂੰ ਉਨ੍ਹਾਂ ਨੂੰ ਵੱਖ ਕਰਕੇ ਨਹੀਂ ਦੇਖਣਾ ਚਾਹੀਦਾ ਅਤੇ ਜੇਕਰ ਅਸੀਂ ਪਛਾਣ ਅਤੇ ਏਕਤਾ ਦੀਆਂ ਗੁੰਝਲਾਂ ਬਾਰੇ ਸਮਝਣਾ ਹੈ ਤਾਂ ਸਾਨੂੰ ਉਨ੍ਹਾਂ ਨੂੰ ‘ਦੂਸਰਿਆਂ’ ਵਜੋਂ ਨਹੀਂ ਦੇਖਣਾ ਚਾਹੀਦਾ। ”
ਮੌਜੂਦਾ ਵਿਸ਼ਵੀ ਸਿਆਸੀ ਢਾਂਚੇ ਵਿਚ ਡੋਨਲਡ ਟਰੰਪ ਦਾ ਏਕੀਕਰਨ ਦਾ ਨਜ਼ਰੀਆ ਜਾਂ ਬਰੈਗਜ਼ਿਟ ਦਾ ਆਉਣਾ ਜਾਂ ਭਾਜਪਾ ਦਾ ਸੱਤਾ ਵਿਚ ਆਉਣਾ, ਅਜਿਹੇ ਅਹਿਮ ਸਵਾਲ ਹਨ ਕਿ ਅਸੀਂ ਵੱਖਰਤਾ ਨੂੰ ਕਿਸ ਤਰ੍ਹਾਂ ਲੈਂਦੇ ਹਾਂ ਤੇ ਬਹੁ-ਸਭਿਆਚਾਰ ਦਾ ਕਿਵੇਂ ਆਨੰਦ ਮਾਣਦੇ ਹਾਂ। ਸ਼ਬਾਨਾ ਨੇ ਕਿਹਾ, ‘ਮੇਰੇ ਲਈ ਕਿਸੇ ਵੀ ਜਮਹੂਰੀਅਤ ਦੀ ਮਜ਼ਬੂਤੀ ਇਸ ਤੱਥ ਨਾਲ ਮਾਪੀ ਜਾ ਸਕਦੀ ਹੈ ਕਿ ਇਹ ਆਪਣੇ ਘੱਟ ਗਿਣਤੀਆਂ ਅਤੇ ਬਹੁ-ਗਿਣਤੀਆਂ ਨੂੰ ਕਿਸ ਤਰ੍ਹਾਂ ਬਰਾਬਰ ਦੇ ਮੌਕੇ ਪ੍ਰਦਾਨ ਕਰਦੀ ਹੈ। ਦੂਜੇ ਅਰਥਾਂ ਵਿਚ ਵੱਖਰਤਾ ਨੂੰ ਸਨਮਾਨ ਦਿੱਤਾ ਜਾਂਦਾ ਹੈ, ਸਿਰਫ਼ ਉਨ੍ਹਾਂ ਨੂੰ ਸਹਿਣ ਕਰਨ ਤਕ ਸੀਮਤ ਨਹੀਂ ਹੋਣਾ ਚਾਹੀਦਾ, ਸਗੋਂ ਅਮਨ ਅਤੇ ਕਾਨੂੰਨ ਦੀਆਂ ਹੱਦਾਂ ਅੰਦਰ ਇਹ ਅਧਿਕਾਰ ਹਾਸਲ ਹੋਣੇ ਚਾਹੀਦੇ ਹਨ।’
ਸ਼ਬਾਨਾ ਨੇ ਕਿਹਾ, ‘ਅਸੀਂ ਅਜਿਹੇ ਸੰਸਾਰ ਵਿਚ ਵਿਚਰ ਰਹੇ ਹਾਂ ਜੋ ਵਿਕਾਰਾਂ ਨਾਲ ਵਧਦਾ ਜਾ ਰਿਹਾ ਹੈ। ਅਜਿਹਾ ਸੰਸਾਰ ਜਿੱਥੇ ਪੈਸੇ ਦੀ ਗ਼ਲਤ ਵੰਡ ਵੱਡੇ ਪੱਧਰ ‘ਤੇ ਹੈ। ਸਾਡਾ ਸੰਸਾਰ ਕਦੇ ਅਮੀਰ ਨਹੀਂ ਰਿਹਾ ਪਰ ਗ਼ਰੀਬੀ ਦੀ ਕੋਈ ਹੱਦ ਨਹੀਂ ਰਹੀ। ਗੈਰ ਬਰਾਬਰੀ ਵਰਗੇ ਵਿਕਾਰਾਂ ਨਾਲ ਅਸੀਂ ਸਮਾਜ ਨੂੰ ਬਿਹਤਰ ਕਿਵੇਂ ਬਣਾ ਸਕਦੇ ਹਾਂ?’
ਉਨ੍ਹਾਂ ਕਿਹਾ, ‘ਸੱਤਾ ਦੇ ਸੰਤੁਲਨ ਦੀ ਵਿਸ਼ਵੀ ਪ੍ਰਣਾਲੀ ਫ਼ੌਜਾਂ ‘ਤੇ ਆਧਾਰਤ ਨਹੀਂ ਹੁੰਦੀ ਅਤੇ ਨਾ ਹੀ ਉਨ੍ਹਾਂ ਨੂੰ ਇਕੱਲਿਆਂ ਆਰਥਿਕਤਾ ਦੇ ਆਧਾਰ ‘ਤੇ ਸੰਤੁਲਨ ਕੀਤਾ ਜਾ ਸਕਦਾ ਹੈ। ਇਕ ਜਮਹੂਰੀਅਤ ਦੇਸ਼ ਬਰਾਬਰਤਾ, ਨਿਆਂ ਅਤੇ ਆਜ਼ਾਦੀ ਦੀ ਗਾਰੰਟੀ ਹੋਣਾ ਚਾਹੀਦਾ ਹੈ। ਇਹ ਵਚਨਬੱਧਤਾ ਹਰ ਸੂਰਤ ਵਿਚ ਕਾਇਮ ਰਹਿਣੀ ਚਾਹੀਦੀ ਹੈ। ਇਹ ਪ੍ਰਣਾਲੀ ਸਾਨੂੰ ਅਧਿਕਾਰਾਂ ਅਤੇ ਮੰਗਾਂ ਦੀ ਪੂਰਤੀ ਕਰਨ ਦੀ ਜ਼ਿੰਮੇਵਾਰੀ ਪ੍ਰਦਾਨ ਕਰਦੀ ਹੈ। ਇਕ ਨਾਗਰਿਕ ਹੋਣ ਦੇ ਨਾਤੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੀ ਸੰਸਾਰ ਨੂੰ ਇਕ ਦੇਖਣ ਦੀ ਸਮਰਥਾ ਦਾ ਵਿਕਾਸ ਕਰੀਏ।’
ਉਨ੍ਹਾਂ ਕਿਹਾ, ‘ਕੀ ਸਾਨੂੰ ਦੁਨੀਆ ਵਿਚ ਅਜਿਹੀ ਕਿਸੇ ਗੱਲ ਦੀ ਗਵਾਹੀ ਮਿਲਦੀ ਹੈ ਕਿ ਇਹ ਮਹੱਤਵਪੂਰਨ ਸੰਤੁਲਨ ਬਣਾ ਕੇ ਰੱਖਿਆ ਜਾ ਰਿਹਾ ਹੈ? ਮੈਨੂੰ ਡਰ ਹੈ ਕਿ ਇਸ ਦਾ ਜਵਾਬ ਸੰਤੁਸ਼ਟੀ ਵਾਲਾ ਨਹੀਂ ਹੈ। ਬਹੁਤਾਤ ਵਿਚ ਘੱਟ ਗਿਣਤੀਆਂ ਨੂੰ ਮਹਿਸੂਸ ਹੋ ਰਿਹਾ ਹੈ ਕਿ ਉਹ ਆਜ਼ਾਦ ਨਹੀਂ ਹਨ, ਉਨ੍ਹਾਂ ਨੂੰ ਮਹਿਸੂਸ ਹੋ ਰਿਹਾ ਹੈ ਕਿ ਉਨ੍ਹਾਂ ਨੂੰ ਦੂਰ ਧੱਕਿਆ ਜਾ ਰਿਹਾ ਹੈ- ਭਾਵ ਜਾਂ ਤੁਸੀਂ ਸਾਡੇ ਨਾਲ ਹੋ ਜਾਂ ਤੁਸੀਂ ਸਾਡੇ ਖ਼ਿਲਾਫ਼ ਹੋ। ਕਿਸੇ ਵੀ ਤਰ੍ਹਾਂ ਦੀ ਆਲੋਚਨਾ ਕਰਨ ‘ਤੇ ਰਾਸ਼ਟਰ ਵਿਰੋਧੀ ਦਾ ਠੱਪਾ ਲਾ ਦਿੱਤਾ ਜਾਂਦਾ ਹੈ। ਅਸੀਂ ਮਹੱਤਵਪੂਰਨ ਆਵਾਜ਼ਾਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਉਨ੍ਹਾਂ ਨੂੰ ਕਤਾਰ ਵਿਚ ਦਾਖ਼ਲ ਕਰਨ ਲਈ ਧਮਕੀ ਦਿੰਦੇ ਹਾਂ। ਇਹ ਰਵੱਈਆ ਸਾਡੇ ਭਵਿੱਖ ਲਈ ਚੰਗਾ ਨਹੀਂ ਹੈ।’
ਅੰਤ ਵਿਚ ਸ਼ਬਾਨਾ ਨੇ ਕਿਹਾ, ‘ਅੱਜ ਏਕਤਾ ਦੇ ਅਜਿਹੇ ਸੁਨੇਹੇ ਦੀ ਜ਼ਰੂਰਤ ਹੈ ਜੋ ਜਿਸ ਦੀਆਂ ਕਈ ਪਰਤਾਂ ਹੁੰਦੀਆਂ ਹਨ। ਇਹ ਸਮਝ ਬਣਾਉਣੀ ਪਏਗੀ ਕਿ ਪਛਾਣ ਸਥਿਰ ਨਹੀਂ ਹੈ-ਇਹ ਵਹਿੰਦੀ ਹੈ ਤੇ ਲਗਾਤਾਰ ਬਦਲਦੀ ਹੈ। ਪਛਾਣ ਪਿਘਲਣ ਵਾਲੇ ਭਾਂਡੇ ਵਾਂਗ ਨਹੀਂ ਜਿਸ ਵਿਚ ਵਿਅਕਤੀਗਤ ਪਛਾਣ ਸ਼ਾਮਲ ਹੈ। ਇਹ ਰੰਗੀਨ ਗੁਲਦਸਤਾ ਹੋਣਾ ਚਾਹੀਦਾ ਹੈ, ਜਿਥੇ ਹਰੇਕ ਟੁੱਕੜਾ ਆਪਣੀ ਸੰਪੂਰਨਤਾ ਨੂੰ ਬਰਕਰਾਰ ਰੱਖਦਾ ਹੈ, ਜਦਕਿ ਵੱਡੇ ਹਿੱਸੇ ਵਿਚ ਯੋਗਦਾਨ ਦਿੰਦਾ ਹੈ।’