ਦਿੱਲੀ ਗੁਰਦੁਆਰਾ ਕਮੇਟੀ ਚੋਣਾਂ : ਸ਼੍ਰੋਮਣੀ ਅਕਾਲੀ ਦਲ ਨੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ

ਦਿੱਲੀ ਗੁਰਦੁਆਰਾ ਕਮੇਟੀ ਚੋਣਾਂ : ਸ਼੍ਰੋਮਣੀ ਅਕਾਲੀ ਦਲ ਨੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ

ਨਵੀਂ ਦਿੱਲੀ/ਬਿਊਰੋ ਨਿਊਜ਼ :
ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ 36 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ। ਇਸ ਸੂਚੀ ਵਿਚ ਕਮੇਟੀ ਦੇ ਮੌਜੂਦਾ ਪੰਜ ਅਹੁਦੇਦਾਰਾਂ ਸਣੇ 18 ਮੌਜੂਦਾ ਕਮੇਟੀ ਮੈਂਬਰਾਂ ਦੇ ਨਾਂਅ ਸ਼ਾਮਲ ਹਨ। ਗ੍ਰੇਟਰ ਕੈਲਾਸ਼ ਵਾਰਡ ਤੋਂ ਮਨਜੀਤ ਸਿੰਘ ਜੀ.ਕੇ., ਪੰਜਾਬੀ ਬਾਗ ਤੋਂ ਮਨਜਿੰਦਰ ਸਿੰਘ ਸਿਰਸਾ, ਪੀਤਮਪੁਰਾ ਤੋਂ ਮਹਿੰਦਰ ਪਾਲ ਸਿੰਘ ਚੱਢਾ, ਤ੍ਰੀਨਗਰ ਤੋਂ ਸਤਪਾਲ ਸਿੰਘ ਅਤੇ ਫ਼ਤਹਿ ਨਗਰ ਵਾਰਡ ਤੋਂ ਅਮਰਜੀਤ ਸਿੰਘ ਫਤਹਿ ਨਗਰ ਚੋਣ ਮੈਦਾਨ ਵਿਚ ਉਤਰਨ ਵਾਲੇ ਕਮੇਟੀ ਅਹੁਦੇਦਾਰ ਹਨ। ਅਕਾਲੀ ਦਲ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਦੱਸਿਆ ਕਿ ਬਾਕੀ ਰਹਿ ਗਏ 20 ਉਮੀਦਵਾਰਾਂ ਦੀ ਦੂਜੀ ਸੂਚੀ ਵੀ ਛੇਤੀ ਜਾਰੀ ਕੀਤੀ ਜਾਵੇਗੀ। ਮੌਜੂਦਾ ਕਮੇਟੀ ਮੈਂਬਰਾਂ ਵਿਚ ਹਰੀ ਨਗਰ ਵਾਰਡ ਤੋਂ ਅਵਤਾਰ ਸਿੰਘ ਹਿਤ, ਸ਼ਿਵ ਨਗਰ ਤੋਂ ਉਂਕਾਰ ਸਿੰਘ ਥਾਪਰ, ਕਾਲਕਾ ਜੀ ਤੋਂ ਹਰਮੀਤ ਸਿੰਘ ਕਾਲਕਾ, ਸਰੂਪ ਨਗਰ ਤੋਂ ਰਵਿੰਦਰ ਸਿੰਘ ਖੁਰਾਣਾ, ਮਾਡਨ ਟਾਊਨ ਤੋਂ ਕੈਪਟਨ ਇੰਦਰਪ੍ਰੀਤ ਸਿੰਘ, ਸ਼ਕਤੀ ਨਗਰ ਤੋਂ ਹਰਵਿੰਦਰ ਸਿੰਘ ਕੇ.ਪੀ., ਦੇਵ ਨਗਰ ਤੋਂ ਪਰਮਜੀਤ ਸਿੰਘ ਰਾਣਾ, ਰਜਿੰਦਰ ਨਗਰ ਤੋਂ ਪਰਮਜੀਤ ਸਿੰਘ ਚੰਢੋਕ, ਰਮੇਸ਼ ਨਗਰ ਤੋਂ ਤਨਵੰਤ ਸਿੰਘ, ਉਤਮ ਨਗਰ ਤੋਂ ਗੁਰਮੀਤ ਸਿੰਘ ਮੀਤਾ, ਸਫ਼ਦਰਜੰਗ ਐਨਕਲੇਵ ਤੋਂ ਕੁਲਦੀਪ ਸਿੰਘ ਸਾਹਨੀ, ਨਵੀਂਨ ਸ਼ਾਹਦਰਾ ਤੋਂ ਕੁਲਵੰਤ ਸਿੰਘ ਬਾਠ ਅਤੇ ਖੁਰੈਜ਼ੀ ਖਾਸ ਤੋਂ ਜਤਿੰਦਰ ਪਾਲ ਸਿੰਘ ਗੋਲਡੀ ਦੇ ਨਾਂਅ ਸ਼ਾਮਲ ਹਨ। ਇਸ ਤੋਂ ਇਲਾਵਾ ਜੰਗਪੁਰਾ ਵਾਰਡ ਤੋਂ ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਭੋਗਲ, ਰਾਜੌਰੀ ਗਾਰਡਨ ਤੋਂ ਹਰਮਨਜੀਤ ਸਿੰਘ, ਵਿਸ਼ਨੂੰ ਗਾਰਡਨ ਤੋਂ ਮਨਜੀਤ ਸਿੰਘ ਔਲਖ, ਸ਼ਾਮ ਨਗਰ ਤੋਂ ਹਰਜੀਤ ਸਿੰਘ ਪੱਪਾ, ਤਿਲਕ ਨਗਰ ਤੋਂ ਦਲਜੀਤ ਸਿੰਘ ਸਰਨਾ, ਜਨਕਪੁਰੀ ਤੋਂ ਇਕਬਾਲ ਸਿੰਘ ਸ਼ੇਰਾ, ਮਾਲਵੀਆ ਨਗਰ ਤੋਂ ਉਂਕਾਰ ਸਿੰਘ ਰਾਜਾ ਅਤੇ ਗੀਤਾ ਕਾਲੋਨੀ ਤੋਂ ਹਰਿੰਦਰਪਾਲ ਸਿੰਘ ਦੇ ਨਾਂਅ ਸ਼ਾਮਲ ਹਨ। ਕਨਾਟ ਪਲੇਸ ਵਾਰਡ ਤੋਂ ਮੌਜੂਦਾ ਕਮੇਟੀ ਮੈਂਬਰ ਅਮਰਜੀਤ ਸਿੰਘ ਪਿੰਕੀ, ਟੈਗੋਰ ਗਾਰਡਨ ਤੋਂ ਕਮੇਟੀ ਦੇ ਬੁਲਾਰੇ ਪਰਮਿੰਦਰਪਾਲ ਸਿੰਘ, ਚੰਦਰ ਵਿਹਾਰ ਤੋਂ ਨਿਸ਼ਾਨ ਸਿੰਘ ਮਾਨ, ਗੁਰੂ ਹਰਿਕ੍ਰਿਸ਼ਨ ਨਗਰ ਤੋਂ ਸਤਨਾਮ ਸਿੰਘ, ਖਿਆਲਾ ਤੋਂ ਰਜਿੰਦਰ ਸਿੰਘ, ਤਿਲਕ ਵਿਹਾਰ ਤੋਂ ਆਤਮਾ ਸਿੰਘ ਲੁਬਾਣਾ, ਲਾਜਪਤ ਨਗਰ ਤੋਂ ਜਸਵੰਤ ਸਿੰਘ ਬਿੱਟੂ, ਪ੍ਰੀਤ ਵਿਹਾਰ ਤੋਂ ਭੁਪਿੰਦਰ ਸਿੰਘ ਭੁੱਲਰ, ਰਘੁਬੀਰ ਨਗਰ ਤੋਂ ਚੰਦਰਪਾਲ ਸਿੰਘ ਨਾਗੀ, ਰਵੀ ਨਗਰ ਤੋਂ ਗੁਰਮੀਤ ਸਿੰਘ ਅਤੇ ਕ੍ਰਿਸ਼ਨਾ ਪਾਰਕ ਤੋਂ ਜਗਦੀਪ ਸਿੰਘ ਕਾਹਲੋਂ ਦੇ ਨਾਂਅ ਸ਼ਾਮਲ ਹਨ।

ਦਿੱਲੀ ਗੁਰਦੁਆਰਾ ਚੋਣਾਂ ਵਿਚ ਛਾਇਆ ਰਹੇਗਾ ਡੇਰਾਵਾਦ ਤੇ ਬੇਅਦਬੀ ਦਾ ਮੁੱਦਾ
ਜੀ.ਕੇ. ਦੇ ਵਿਰੋਧੀ ਪੰਜਾਬ ਦੇ ਮਾਹੌਲ ਦਾ ਦਿੱਲੀ ‘ਚ ਲੈ ਰਹੇ ਲਾਭ; ਤਿਕੋਣੀ ਟੱਕਰ ਦੇ ਆਸਾਰ
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਬਣੇ ਮਾਹੌਲ ਦਾ ਅਸਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਦੀਆਂ 26 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਉੱਤੇ ਵੀ ਦਿਖਾਈ ਦੇਵੇਗਾ। ਸ਼੍ਰੋਮਣੀ ਅਕਾਲੀ ਦਲ ਵੱਲੋਂ ਡੇਰਾ ਸਿਰਸਾ ਤੋਂ ਪੰਜਾਬ ਵਿੱਚ ਲਿਆ ਸਮਰਥਨ ਦਿੱਲੀ ਕਮੇਟੀ ਦੀਆਂ ਚੋਣਾਂ ਵਿੱਚ ਵੱਡਾ ਮੁੱਦਾ ਬਣਨ ਜਾ ਰਿਹਾ ਹੈ। ਇਨ੍ਹਾਂ ਚੋਣਾਂ ਵਿੱਚ ਵੀ ਪੰਜਾਬ ਵਿਧਾਨ ਸਭਾ ਚੋਣਾਂ ਵਾਂਗ ਤਿਕੋਣੀ ਟੱਕਰ ਦੇ ਆਸਾਰ ਹਨ।
ਡੀਐਸਜੀਐਮਸੀ ਦੀਆਂ ਚੋਣਾਂ ਲਈ 8 ਫਰਵਰੀ ਤੱਕ ਨਾਮਜ਼ਦਗੀਆਂ ਭਰੀਆਂ ਜਾਣੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਪ੍ਰਧਾਨ ਹਨ। ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਓਐਸਡੀ ਮਨਜਿੰਦਰ ਸਿੰਘ ਸਿਰਸਾ ਕਮੇਟੀ ਦੇ ਜਨਰਲ ਸਕੱਤਰ ਹਨ। ਸ਼੍ਰੋਮਣੀ ਅਕਾਲੀ ਦਲ ਦਾ ਮੁਕਾਬਲਾ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਵਤਾਰ ਸਿੰਘ ਵੱਲੋਂ ਬਣਾਏ ਪੰਥਕ ਸੇਵਾ ਦਲ, ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੇ ਗਰੁੱਪ ਅਤੇ ਅਕਾਲੀ ਦਲ ਤੋਂ ਵੱਖ ਹੋਏ ਆਮ ਅਕਾਲੀ ਦਲ ਨਾਲ ਹੋਣ ਦੇ ਆਸਾਰ ਹਨ। ਆਮ ਆਦਮੀ ਪਾਰਟੀ ਦੇ ਇਕ ਸੀਨੀਅਰ ਆਗੂ ਨੇ ਕਿਹਾ ਕਿ ਪਾਰਟੀ ਦਿੱਲੀ ਗੁਰਦੁਆਰਾ ਚੋਣਾਂ ਵਿੱਚ ਸਿੱਧੇ ਤੌਰ ਉੱਤੇ ਹਿੱਸਾ ਨਹੀਂ ਲਵੇਗੀ ਪਰ ਨਾਲ ਜੁੜੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਕੋਈ ਰਾਹ ਲੱਭਿਆ ਜਾ ਰਿਹਾ ਹੈ।
ਅਕਾਲੀ ਦਲ ਵੱਲੋਂ ਡੇਰਾ ਸਿਰਸਾ ਦੀ ਹਮਾਇਤ ਲੈਣ ਵਾਲੇ ਦਿਨ ਹੀ ਪਰਮਜੀਤ ਸਿੰਘ ਸਰਨਾ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਚਿੱਠੀ ਲਿਖ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੂੰ ਅਕਾਲ ਤਖ਼ਤ ਦੇ ਹੁਕਮਨਾਮੇ ਦਾ ਉਲੰਘਣ ਕਰਨ ਦੇ ਦੋਸ਼ ਵਿੱਚ ਸਜ਼ਾ ਲਾਉਣ ਦੀ ਮੰਗ ਕੀਤੀ ਸੀ। ਸ੍ਰੀ ਸਰਨਾ ਨੇ ਕਿਹਾ ਕਿ ਡੇਰਾ ਇਨ੍ਹਾਂ ਚੋਣਾਂ ਵਿੱਚ ਵੱਡਾ ਮੁੱਦਾ ਹੋਵੇਗਾ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਚਾਰ ਸਾਲ ਪਹਿਲਾਂ ਦਿੱਲੀ ਕਮੇਟੀ ਦੀਆਂ ਚੋਣਾਂ ਵਿੱਚ ਲਾਏ ਝੂਠੇ ਦੋਸ਼ ਵੀ ਮੁੱਦੇ ਬਣਨਗੇ। ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਬਾਦਲਾਂ ਨੇ ਅਕਾਲ ਤਖ਼ਤ ਉੱਤੇ ਕਬਜ਼ਾ ਕਰ ਰੱਖਿਆ ਹੈ, ਜਿਸ ਕਰ ਕੇ ਜਥੇਦਾਰਾਂ ਵਿੱਚ ਬੋਲਣ ਦੀ ਹਿੰਮਤ ਨਹੀਂ ਹੈ। ਜਦੋਂ ਵੀ ਮੌਕਾ ਆਇਆ ਅਤੇ ਸੰਗਤ ਨੇ ਸਿੱਖ ਸਿਧਾਂਤ ਮੁਤਾਬਕ ਤਾਕਤ ਦਿੱਤੀ ਤਾਂ ਬਾਦਲਾਂ ਨੂੰ ਸੱਦ ਕੇ ਸਿੱਖ ਮਰਿਆਦਾ ਮੁਤਾਬਕ ਸਜ਼ਾ ਦਿੱਤੀ ਜਾਵੇਗੀ। ਦਿੱਲੀ ਕਮੇਟੀ ਦੀਆਂ ਚੋਣਾਂ ਵਿੱਚ ਆਪਣੇ ਕੁੱਝ ਉਮੀਦਵਾਰ ਖੜ੍ਹੇ ਕਰਨ ਤੋਂ ਬਾਅਦ ਬਾਕੀ ਥਾਵਾਂ ਉੱਤੇ ਪੰਥਕ ਸੇਵਾ ਦਲ, ਧਰਮ ਪ੍ਰਚਾਰਕ ਭਾਈ ਬਲਦੇਵ ਸਿੰਘ ਵਡਾਲਾ ਦੇ ਉਮੀਦਵਾਰਾਂ ਜਾਂ ਆਮ ਅਕਾਲੀ ਦਲ ਦੇ ਉਮੀਦਵਾਰਾਂ ਵਿਚੋਂ ਜੋ ਵੀ ਸਹੀ ਹੋਣਗੇ, ਉਨ੍ਹਾਂ ਦੀ ਸਹਾਇਤਾ ਕੀਤੀ ਜਾਵੇਗੀ।
ਇਕ ਸੀਨੀਅਰ ਆਗੂ ਨੇ ਕਿਹਾ ਕਿ ਪਾਰਟੀ ਇਸ ਵਾਰ ਬਾਦਲਾਂ ਅਤੇ ਪੰਜਾਬ ਦੇ ਹੋਰ ਆਗੂਆਂ ਵੱਲੋਂ ਦਿੱਲੀ ਕਮੇਟੀ ਦੀਆਂ ਚੋਣਾਂ ਵਿੱਚ ਪ੍ਰਚਾਰ ਦੇ ਅਸਰ ਬਾਰੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ।
ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਰਹੇ ਸੁਖਦੇਵ ਸਿੰਘ ਭੌਰ ਆਮ ਆਦਮੀ ਪਾਰਟੀ ਵਿੱਚ ਚਲੇ ਗਏ ਹਨ, ਉਹ ਵੀ ਸਰਨਿਆਂ ਦੀ ਤਰ੍ਹਾਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਨਜ਼ਦੀਕੀ ਰਹੇ ਹਨ। ਦਿੱਲੀ ਕਮੇਟੀ ਦੀਆਂ ਚੋਣਾਂ ਵਿੱਚ ਭੂਮਿਕਾ ਨਿਭਾਉਣ ਲਈ ਉਹ ਵੀ ਦਿੱਲੀ ਜਾ ਰਹੇ ਹਨ। ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਅਤੇ ਪੰਥਕ ਤਾਲਮੇਲ ਸੰਗਠਨ ਦੇ ਆਗੂ ਗਿਆਨੀ ਕੇਵਲ ਸਿੰਘ ਵੀ ਦਿੱਲੀ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਸਾਰੀਆਂ ਧਿਰਾਂ ਨਾਲ ਗੱਲਬਾਤ ਕਰ ਕੇ ਡੇਰੇਦਾਰਾਂ ਨਾਲ ਸਾਂਝ ਰੱਖਣ ਵਾਲਿਆਂ, ਗੁਰੂ ਦੀ ਬੇਅਦਬੀ ਕਰਵਾਉਣ ਵਾਲਿਆਂ ਅਤੇ ਸਿੱਖ ਰਹਿਤ ਮਰਿਯਾਦਾ ਨੂੰ ਢਾਹ ਲਾਉਣ ਵਾਲਿਆਂ ਖ਼ਿਲਾਫ਼ ਸਾਂਝਾ ਮੋਰਚਾ ਬਣਾਉਣ ਦੀ ਕੋਸ਼ਿਸ਼ ਕਰਨਗੇ।