ਗੁਸਲਖਾਨੇ ‘ਚ ਬਰਸਾਤੀ ਪਾ ਕੇ ਨਹਾਉਣ ਦੀ ਕਲਾ ਆਉਂਦੀ ਹੈ ਸਾਬਕਾ ਪ੍ਰਧਾਨ ਮੰਤਰੀ ਨੂੰ : ਮੋਦੀ

ਗੁਸਲਖਾਨੇ ‘ਚ ਬਰਸਾਤੀ ਪਾ ਕੇ ਨਹਾਉਣ ਦੀ ਕਲਾ ਆਉਂਦੀ ਹੈ ਸਾਬਕਾ ਪ੍ਰਧਾਨ ਮੰਤਰੀ ਨੂੰ : ਮੋਦੀ

New Delhi: Prime Minister Narendra Modi speaks in the Rajya Sabha in New Delhi on Wednesday. PTI Photo / TV GRAB (PTI2_8_2017_000273A)

ਕੈਪਸ਼ਨ—ਨਵੀਂ ਦਿੱਲੀ ਵਿਖੇ ਰਾਜ ਸਭਾ ਵਿੱਚ ਬੋਲਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ।
ਨਵੀਂ ਦਿੱਲੀ/ਬਿਊਰੋ ਨਿਊਜ਼ :
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਲੋਂ ਨੋਟਬੰਦੀ ਨੂੰ ਸੰਗਠਿਤ ਅਤੇ ਗ਼ੈਰਕਾਨੂੰਨੀ ਲੁੱਟ ਦੱਸੇ ਜਾਣ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਭਾ ਵਿਚ ਉਨ੍ਹਾਂ ਨੂੰ ਆਪਣੇ ਨਿਸ਼ਾਨੇ ‘ਤੇ ਲੈ ਕੇ ਵੱਧ ਸਖ਼ਤ ਟਿੱਪਣੀਆਂ ਕੀਤੀਆਂ। ਇਸ ਤੋਂ ਨਾਰਾਜ਼ ਕਾਂਗਰਸ ਮੈਂਬਰਾਂ ਨੇ ਉਨ੍ਹਾਂ ਦੇ ਭਾਸ਼ਨ ਦਰਮਿਆਨ ਹੀ ਸਦਨ ਵਿਚੋਂ ਵਾਕਆਊਟ ਕਰ ਦਿੱਤਾ। ਡਾ. ਮਨਮੋਹਨ ਸਿੰਘ ਨੇ ਕਿਹਾ ਹੈ ਕਿ ਉਹ ਟਿੱਪਣੀਆਂ ਦਾ ਸ੍ਰੀ ਮੋਦੀ ਨੂੰ ਮੋੜਵਾਂ ਜਵਾਬ ਨਹੀਂ ਦੇਣਗੇ। ਉਂਜ ਸ੍ਰੀ ਮੋਦੀ ਨੇ ਕਿਹਾ ਕਿ ਕਾਲੇ ਧਨ ਖ਼ਿਲਾਫ਼ ਲੜਾਈ ਸਿਆਸੀ ਜਾਂ ਕਿਸੇ ਪਾਰਟੀ ਖ਼ਿਲਾਫ਼ ਨਹੀਂ ਹੈ। ਡਾ. ਮਨਮੋਹਨ ਸਿੰਘ ਦੇ ਨਾਲ ਕਾਂਗਰਸ ਨੂੰ ਕਰੜੇ ਹੱਥੀਂ ਲੈਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ”ਗੁਸਲਖਾਨੇ ਵਿਚ ਬਰਸਾਤੀ ਪਾ ਕੇ ਨਹਾਉਣ ਦੀ ਕਲਾ ਸਿਰਫ਼ ਸਾਬਕਾ ਪ੍ਰਧਾਨ ਮੰਤਰੀ ਨੂੰ ਹੀ ਆਉਂਦੀ ਹੈ ਕਿਉਂਕਿ ਸਾਰੇ ਘੁਟਾਲਿਆਂ ਦੇ ਬਾਵਜੂਦ ਉਨ੍ਹਾਂ ਉਪਰ ਕੋਈ ਧੱਬਾ ਨਹੀਂ ਲੱਗਿਆ ਹੈ।” ਅਜਿਹੀ ਟਿੱਪਣੀਆਂ ਤੋਂ ਖ਼ਫ਼ਾ ਕਾਂਗਰਸ ਮੈਂਬਰਾਂ ਨੇ ਰਾਸ਼ਟਰਪਤੀ ਦੇ ਭਾਸ਼ਨ ‘ਤੇ ਧੰਨਵਾਦ ਮਤੇ ਦੀ ਬਹਿਸ ਦਾ ਪ੍ਰਧਾਨ ਮੰਤਰੀ ਵੱਲੋਂ ਜਵਾਬ ਦਿੱਤੇ ਜਾਣ ਸਮੇਂ ਸਦਨ ਵਿਚੋਂ ਹੀ ਵਾਕਆਊਟ ਕਰ ਦਿੱਤਾ। ਸਦਨ ਨੇ ਬਾਅਦ ‘ਚ 651 ਸੋਧਾਂ ਨਾਲ ਭਾਸ਼ਨ ਨੂੰ ਪਾਸ ਕਰ ਦਿੱਤਾ। ਖੱਬੇ ਪੱਖੀ, ਤ੍ਰਿਣਮੂਲ ਕਾਂਗਰਸ ਅਤੇ ਜਨਤਾ ਦਲ (ਯੂ) ਦੇ ਮੈਂਬਰਾਂ ਨੇ ਵੀ ਮੋਦੀ ਦੇ ਭਾਸ਼ਨ ‘ਤੇ ਨਾਖੁਸ਼ੀ ਜ਼ਾਹਰ ਕਰਦਿਆਂ ਸਦਨ ਵਿਚੋਂ ਵਾਕਆਊਟ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਕੁਝ ਸਵਾਲ ਪੁੱਛਣਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਇਸ ਦੀ ਇਜਾਜ਼ਤ ਨਹੀਂ ਦਿੱਤੀ ਗਈ। ਕਰੀਬ ਇਕ ਘੰਟੇ ਦੇ ਭਾਸ਼ਨ ਦੌਰਾਨ ਸ੍ਰੀ ਮੋਦੀ ਨੇ ਆਪਣੇ ਸ਼ਬਦੀ ਹਮਲੇ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਵਲ ਕੀਤੇ। ਜਿਵੇਂ ਹੀ ਕਾਂਗਰਸ ਮੈਂਬਰਾਂ ਨੇ ਰੌਲਾ ਪਾਉਣਾ ਸ਼ੁਰੂ ਕੀਤਾ ਅਤੇ ਸਦਨ ਛੱਡ ਕੇ ਜਾਣ ਲੱਗੇ ਤਾਂ ਗੁੱਸੇ ਵਿਚ ਆਏ ਸ੍ਰੀ ਮੋਦੀ ਨੇ ਕਿਹਾ ਕਿ ਜੇਕਰ ਰੌਲਾ ਪਾਉਂਦੇ ਹੋ ਤਾਂ ਜਵਾਬ ਸੁਣਨ ਦਾ ਹੌਸਲਾ ਵੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉੱਚੇ ਅਹੁਦੇ ‘ਤੇ ਰਹੇ ਵਿਅਕਤੀ (ਮਨਮੋਹਨ ਸਿੰਘ) ਨੇ ਜਦੋਂ ਸਦਨ ਵਿਚ ਲੁੱਟ ਅਤੇ ਹੋਰ ਤਿੱਖੇ ਸ਼ਬਦਾਂ ਦੀ ਵਰਤੋਂ ਕੀਤੀ ਸੀ ਤਾਂ ਉਸ ਸਮੇਂ ਕਾਂਗਰਸ ਨੂੰ 50 ਵਾਰ ਸੋਚਣਾ ਚਾਹੀਦਾ ਸੀ। ਸ੍ਰੀ ਮੋਦੀ ਨੇ ਕਿਹਾ ਕਿ ਨੋਟਬੰਦੀ ਤੋਂ ਬਾਅਦ 700 ਮਾਓਵਾਦੀਆਂ ਨੇ ਆਤਮ ਸਮਰਪਣ ਕੀਤਾ ਹੈ ਅਤੇ ਜੰਮੂ ਕਸ਼ਮੀਰ ਵਿਚ ਅਤਿਵਾਦੀਆਂ ਨੂੰ ਫੰਡ ਮਿਲਣੇ ਬੰਦ ਹੋ ਗਏ ਹਨ।