ਪੈਰੋਲ ‘ਤੇ ਆਏ ਸਿੱਖ ਬੰਦੀ ਗੁਰਦੀਪ ਸਿੰਘ ਖਹਿਰਾ ਨੇ ਰਚਾਇਆ ਵਿਆਹ

ਪੈਰੋਲ ‘ਤੇ ਆਏ ਸਿੱਖ ਬੰਦੀ ਗੁਰਦੀਪ ਸਿੰਘ ਖਹਿਰਾ ਨੇ ਰਚਾਇਆ ਵਿਆਹ

ਅੰਮ੍ਰਿਤਸਰ/ਬਿਊਰੋ ਨਿਊਜ਼ :
ਇੱਥੇ ਕੇਂਦਰੀ ਜੇਲ੍ਹ ਵਿੱਚ ਬੰਦ ਸਿੱਖ ਬੰਦੀ ਗੁਰਦੀਪ ਸਿੰਘ ਖਹਿਰਾ ਦਾ ਪੈਰੋਲ ‘ਤੇ ਰਿਹਾਈ ਦੌਰਾਨ ਰਈਆ ਨੇੜੇ ਗੁਰਦੁਆਰੇ ਵਿੱਚ ਅਨੰਦ ਕਾਰਜ ਹੋਇਆ। ਇਸ ਸੰਖੇਪ ਸਮਾਗਮ ਵਿੱਚ ਸਿੱਖ ਬੰਦੀ ਦਵਿੰਦਰਪਾਲ ਸਿੰਘ ਭੁੱਲਰ ਵੀ ਆਪਣੀ ਪਤਨੀ ਨਵਨੀਤ ਕੌਰ ਭੁੱਲਰ ਨਾਲ ਸ਼ਾਮਲ ਹੋਏ।
ਭਾਈ ਖਹਿਰਾ ਨੂੰ ਜੂਨ 2015 ਵਿੱਚ ਕਰਨਾਟਕ ਦੀ ਗੁਲਬਰਗਾ ਜੇਲ੍ਹ ਤੋਂ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਤਬਦੀਲ ਕੀਤਾ ਗਿਆ ਸੀ। ਅੰਮ੍ਰਿਤਸਰ ਜੇਲ੍ਹ ਵਿੱਚ ਤਬਦੀਲ ਹੋਣ ਮਗਰੋਂ ਹੀ ਉਨ੍ਹਾਂ ਨੂੰ ਪੈਰੋਲ ‘ਤੇ ਰਿਹਾਈ ਮਿਲੀ ਹੈ। ਇਸ ਦੀ ਪੁਸ਼ਟੀ ਕਰਦਿਆਂ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਅਸ਼ੀਸ਼ ਕਪੂਰ ਨੇ ਦੱਸਿਆ ਕਿ ਭਾਈ ਖਹਿਰਾ 42 ਦਿਨ ਦੀ ਪੈਰੋਲ ਰਿਹਾਈ ‘ਤੇ ਹੈ। ਉਨ੍ਹਾਂ ਦੱਸਿਆ ਕਿ ਦਵਿੰਦਰ ਸਿੰਘ ਭੁੱਲਰ ਵੀ ਪੈਰੋਲ ‘ਤੇ ਹਨ। ਭਾਈ ਖਹਿਰਾ ਦਾ ਵਿਆਹ ਬੀਬੀ ਗੁਰਜੀਤ ਕੌਰ ਵਾਸੀ ਆਨੰਦਪੁਰ ਸਾਹਿਬ ਨਾਲ ਹੋਇਆ ਹੈ।
ਇਸ ਮੌਕੇ ਬੀਬੀ ਨਵਨੀਤ ਕੌਰ ਭੁੱਲਰ ਨੇ ਦੱਸਿਆ ਕਿ ਉਹ ਪ੍ਰੋ. ਭੁੱਲਰ ਨਾਲ ਭਾਈ ਖਹਿਰਾ ਨੂੰ ਵਧਾਈ ਦੇਣ ਆਏ ਸਨ। ਉਨ੍ਹਾਂ ਮੰਗ ਕੀਤੀ ਹੈ ਕਿ ਪ੍ਰੋ. ਭੁੱਲਰ ਅਤੇ ਭਾਈ ਖਹਿਰਾ ਵਾਂਗ ਹੋਰ ਸਿੱਖ ਬੰਦੀ, ਜੋ ਆਪਣੀ ਉਮਰ ਦਾ ਵਡੇਰਾ ਹਿੱਸਾ ਜੇਲ੍ਹਾਂ ਵਿੱਚ ਬਿਤਾ ਚੁੱਕੇ ਹਨ, ਦੀ ਪੱਕੀ ਰਿਹਾਈ ਹੋਵੇ। ਉਨ੍ਹਾਂ ਦੱਸਿਆ ਕਿ ਪ੍ਰੋ. ਭੁੱਲਰ ਪਹਿਲਾਂ ਨਾਲੋਂ ਸਿਹਤਯਾਬ ਹਨ। ਖਹਿਰਾ ਦੇ ਪਰਿਵਾਰ ਦੇ ਨੇੜੇ ਸਮਝੇ ਜਾਂਦੇ ਸਿੱਖ ਕਾਰਕੁਨ ਭਾਈ ਪਪਲਪ੍ਰੀਤ ਸਿੰਘ ਨੇ ਦੱਸਿਆ ਕਿ ਭਾਈ ਖਹਿਰਾ 15 ਮਾਰਚ ਤੋਂ ਪੈਰੋਲ ‘ਤੇ ਹਨ ਅਤੇ ਜੇਲ੍ਹ ਪ੍ਰਸ਼ਾਸਨ ਨੇ 42 ਦਿਨਾਂ ਦੀ ਛੁੱਟੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਭਾਈ ਖਹਿਰਾ ਦੇ ਮਾਂ-ਬਾਪ ਬਜ਼ੁਰਗ ਹਨ ਤੇ ਭਾਈ ਖਹਿਰਾ ਹੀ ਉਨ੍ਹਾਂ ਦੀ ਸਾਂਭ-ਸੰਭਾਲ ਕਰਨ ਵਾਲੇ ਹਨ। ਇਸ ਲਈ ਉਨ੍ਹਾਂ ਦੀ ਪੱਕੀ ਰਿਹਾਈ ਹੋਵੇ। ਦੱਸਣਯੋਗ ਹੈ ਕਿ ਭਾਈ ਗੁਰਦੀਪ ਸਿੰਘ ਖਹਿਰਾ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਜੱਲੂਪੁਰ ਖਹਿਰਾ ਦੇ ਰਹਿਣ ਵਾਲੇ ਹਨ। ਉਨ੍ਹਾਂ ਖ਼ਿਲਾਫ਼ ਟਾਡਾ ਐਕਟ ਹੇਠ ਦਿੱਲੀ ਅਤੇ ਬਿਦਰ (ਕਰਨਾਟਕ) ਵਿੱਚ ਦੋ ਵੱਖ ਵੱਖ ਕੇਸ ਦਰਜ ਹੋਏ ਸਨ। ਅਦਾਲਤ ਨੇ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਉਹ ਪਹਿਲਾਂ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਰਹੇ ਤੇ ਮਗਰੋਂ ਕਰਨਾਟਕ ਦੀ ਗੁਲਬਰਗਾ ਜੇਲ੍ਹ ਰਹੇ। ਜੂਨ 2015 ਵਿੱਚ ਪੰਜਾਬ ਸਰਕਾਰ ਦੀ ਪ੍ਰਵਾਨਗੀ ਨਾਲ ਉਨ੍ਹਾਂ ਨੂੰ ਅੰਮ੍ਰਿਤਸਰ ਜੇਲ੍ਹ ਤਬਦੀਲ ਕਰ ਦਿੱਤਾ ਗਿਆ।