ਮੈਂ ਮੁਤਵਾਜ਼ੀ ਜਥੇਦਾਰਾਂ ਨਾਲ ਨਹੀਂ ਕਰਾਂਗਾ ਮੁਲਾਕਾਤ: ਢੱਡਰੀਆਂ ਵਾਲੇ

ਮੈਂ ਮੁਤਵਾਜ਼ੀ ਜਥੇਦਾਰਾਂ ਨਾਲ ਨਹੀਂ ਕਰਾਂਗਾ ਮੁਲਾਕਾਤ: ਢੱਡਰੀਆਂ ਵਾਲੇ

ਪਟਿਆਲਾ/ਬਿਊਰੋ ਨਿਊਜ਼ :
ਤਖ਼ਤ ਕੇਸਗੜ੍ਹ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਅਮਰੀਕ ਸਿੰਘ ਅਜਨਾਲਾ ਵੱਲੋਂ ਸਤਿਕਾਰ ਕਮੇਟੀ ਦੇ ਮੈਂਬਰਾਂ ਤੇ ਦਮਦਮੀ ਟਕਸਾਲ ਦੇ ਸਿੰਘਾਂ ਨਾਲ ਮਿਲ ਕੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਹੈਡਕੁਆਰਟਰ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਮਣੇ ਇਕੱਤਰਤਾ ਕਰਨ ਸਮੇਂ ਕੀਤੇ ਸਵਾਲਾਂ ਦਾ ਜਵਾਬ ਭਾਈ ਢੱਡਰੀਆਂ ਵਾਲਿਆਂ ਨੇ ਫੇਸਬੁੱਕ ਅਤੇ ਯੂਟਿਊਬ ਪਾ ਕੇ ਦਿੱਤਾ ਹੈ ਅਤੇ ਉਨ੍ਹਾਂ ਨਾਲ ਮੀਟਿੰਗ ਕਰਨ ਤੋਂ ਸਿੱਧੇ ਤੌਰ ‘ਤੇ ਇਨਕਾਰ ਕਰ ਦਿੱਤਾ ਹੈ।
ਜਥੇਦਾਰ ਅਜਨਾਲਾ ਦੀ ਕਾਰਵਾਈ ਖ਼ਿਲਾਫ਼ ‘ਜੀਓ ਤੇ ਜੀਣ ਦਿਓ’ ਸਿਰਲੇਖ ਹੇਠ ਜਾਰੀ ਕੀਤੇ ਆਪਣੇ ਵੀਡੀਓ ਸੰਦੇਸ਼ ਵਿੱਚ ਭਾਈ ਢੱਡਰੀਆਂ ਵਾਲੇ ਨੇ ਦੋਸ਼ ਲਾਇਆ ਕਿ ਜਥੇਦਾਰ ਅਜਨਾਲਾ ਨੇ ਗੁਰਦੁਆਰਾ ਪਰਮੇਸ਼ਵਰ ਦੁਆਰ ਅੱਗੇ ਧਰਨੇ ਸਮੇਂ ਇਤਰਾਜ਼ਯੋਗ ਰਵੱਈਆ ਅਪਣਾਈ ਰੱਖਿਆ। ਜਦੋਂ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੇ ਉਨ੍ਹਾਂ ਨਾਲ ਮੋਬਾਈਲ ਫੋਨ ‘ਤੇ ਗੱਲ ਕਰਨ ਵਾਸਤੇ ਆਖਿਆ ਤਾਂ ਉਨ੍ਹਾਂ ਨੇ ਗੱਲ ਕਰਨ ਦੀ ਥਾਂ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਹ ਤਾਂ ਢੱਡਰੀਆਂ ਵਾਲਿਆਂ ਕੋਲੋਂ ਮੁਆਫੀ ਮੰਗਵਾਉਣ ਆਏ ਹਨ ਤੇ ਉਸ ਤੋਂ ਜਵਾਬ ਲੈਣਾ ਹੈ।
ਭਾਈ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਉਹ ਸੰਗਤ ਪ੍ਰਤੀ ਜਵਾਬਦੇਹ ਹਨ ਨਾ ਕਿ ਜਥੇਦਾਰ ਅਮਰੀਕ ਸਿੰਘ ਅਜਨਾਲਾ ਜਾਂ ਹੋਰਨਾਂ ਵਿਅਕਤੀਆਂ ਪ੍ਰਤੀ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਭਾਈ ਅਜਨਾਲਾ ਹਮੇਸ਼ਾਂ ਸਾਰੀ ਕੌਮ ਨਾਲ ਅੜੀ ਕਰਦੇ ਹਨ ਤੇ ਅਜਿਹੇ ਵਿਅਕਤੀ ਨਾਲ ਗੱਲ ਕਰਨ ਦਾ ਕੋਈ ਫਾਇਦਾ ਨਹੀਂ। ਉਨ੍ਹਾਂ ਕਿਹਾ ਕਿ ਗੁਰਬਾਣੀ ਅਤੇ ਸਿੱਖ ਇਤਿਹਾਸ ਬਾਰੇ ਜੋ ਵੀ ਉਹ ਪ੍ਰਚਾਰ ਕਰਦੇ ਹਨ, ਉਸ ਬਾਰੇ ਤਾਂ ਖ਼ੁਦ ਸ਼੍ਰੋਮਣੀ ਕਮੇਟੀ ਵੱਲੋਂ ਵੈੱਬਸਾਈਟਾਂ ‘ਤੇ ਜਾਣਕਾਰੀ ਦਿੱਤੀ ਗਈ ਹੈ।
ਉਨ੍ਹਾਂ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਖਿਲਾਫ ਬਿਆਨ ਦੇਣ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਤ ਸਾਹਿਤ ਵੇਖ ਲੈਣ ਤੇ ਲਿਖਾਰੀਆਂ ਤੋਂ ਜਵਾਬ ਲੈਣ। ਭਾਈ ਢਡਰੀਆਂ ਵਾਲਿਆਂ ਦੇ ਨਿੱਜੀ ਸਹਾਇਕ ਜਸਵੀਰ ਸਿੰਘ ਨੇ ਵੀਡੀਓ ਭਾਈ ਢੱਡਰੀਆਂ ਵਾਲਿਆਂ ਵੱਲੋਂ ਪਾਏ ਜਾਣ ਦੀ ਪੁਸ਼ਟੀ ਕੀਤੀ ਤੇ ਨਾਲ ਹੀ ਸਪਸ਼ਟ ਕੀਤਾ ਕਿ ਭਾਈ ਢੱਡਰੀਆਂ ਵਾਲਿਆਂ ਵੱਲੋਂ ਮੀਟਿੰਗ ਮੁਤਵਾਜ਼ੀ ਜਥੇਦਾਰ ਅਮਰੀਕ ਸਿੰਘ ਅਜਨਾਲਾ ਨਾਲ ਨਹੀਂ ਕੀਤੀ ਜਾਵੇਗੀ।