ਗੁਰਦੁਆਰਾ ਚੋਣ ਅਮਲ ਅਮਨ-ਅਮਾਨ ਨਾਲ ਨੇਪਰੇ ਚੜ੍ਹਿਆ

ਗੁਰਦੁਆਰਾ ਚੋਣ ਅਮਲ ਅਮਨ-ਅਮਾਨ ਨਾਲ ਨੇਪਰੇ ਚੜ੍ਹਿਆ

ਕੁੱਲ 45.77 ਵੋਟਾਂ ਪਈਆਂ ਪਰ ਤਿਲਕ ਨਗਰ ਵਿੱਚ ਸਭ ਤੋਂ ਵੱਧ 65.98 ਫੀਸਦੀ ਵੋਟਾਂ ਭੁਗਤੀਆਂ

ਕੈਪਸ਼ਨ-ਨਵੀਂ ਦਿੱਲੀ ਵਿੱਚ ਐਤਵਾਰ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਦੌਰਾਨ ਜਹਾਂਗੀਰਪੁਰੀ ਵਿੱਚ ਵੋਟ ਪਾ ਕੇ ਆਉਂਦਾ ਹੋਇਆ ਇੱਕ ਬਜ਼ੁਰਗ। 

ਨਵੀਂ ਦਿੱਲੀ/ਬਿਊਰੋ ਨਿਊਜ਼ :
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 46 ਵਾਰਡਾਂ ਲਈ ਵੋਟਾਂ ਪੈਣ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ। 8 ਵਜੇ ਵੋਟਾਂ ਪੈਣੀਆਂ ਸ਼ੁਰੂ ਹੋਈਆਂ ਤੇ ਇਹ ਅਮਲ ਪੰਜ ਵਜੇ ਮੁੱਕਿਆ। ਇਸੇ ਦੌਰਾਨ ਕਿਸੇ ਪਾਸਿਓਂ ਅਣਸੁਖਾਵੀਂ ਘਟਨਾ ਦੀ ਕੋਈ ਖ਼ਬਰ ਨਹੀਂ ਹੈ। ਚੋਣਾਂ ਲਈ 3000 ਚੋਣ ਅਧਿਕਾਰੀਆਂ ਦੀ ਜ਼ਿੰਮੇਵਾਰੀ ਲਾਈ ਗਈ ਸੀ। ਸ਼ੁਰੂਆਤ ਵਿੱਚ ਸੁਸਤ ਰਫ਼ਤਾਰ ਨਾਲ ਵੋਟਾਂ ਪੈਣੀਆਂ ਸ਼ੁਰੂ ਹੋਈਆਂ ਪਰ ਸ਼ਾਮ ਤੱਕ ਵੋਟ ਪ੍ਰਤੀਸ਼ਤ 45.77 ਤੱਕ ਪੁੱਜ ਗਿਆ।
ਦਿੱਲੀ ਗੁਰਦੁਆਰਾ ਚੋਣ ਡਾਇਰੈਕਟੋਰੇਟ ਮੁਤਾਬਕ 2013 ਵਿੱਚ 4 ਲੱਖ 50 ਹਜ਼ਾਰ ਵੋਟਰਾਂ ਵਿੱਚੋਂ 43.4 ਫੀਸਦੀ ਨੇ ਵੋਟਾਂ ਪਾਈਆਂ ਸਨ ਤੇ ਇਸ ਵਾਰ 3 ਲੱਖ 80 ਹਜ਼ਾਰ ਵੋਟਾਂ ਵਿੱਚੋਂ 45.77 ਵੋਟਾਂ ਪਈਆਂ। ਵੋਟਾਂ ਦੀ ਗਿਣਤੀ 1 ਮਾਰਚ ਨੂੰ ਸਵੇਰੇ 8 ਵਜੇ ਤੋਂ 5 ਕੇਂਦਰਾਂ ਆਈਟੀਆਈ ਤਿਲਕ ਨਗਰ (ਜੇਲ੍ਹ ਰੋਡ, ਨਵੀਂ ਦਿੱਲੀ), ਆਈਟੀਆਈ (ਮਹਿਲਾ) ਵਿਵੇਕ ਵਿਹਾਰ (ਸ਼ਾਹਦਰਾ), ਆਈਟੀਆਈ ਖਿਚੜੀਪੁਰ (ਦਿੱਲੀ), ਆਰੀਆ ਭੱਟ ਪੌਲੀਟੈਕਨਿਕ ਕਾਲਜ ਜੀਟੀ ਕਰਨਾਲ ਰੋਡ ਤੇ ਪੂਸਾ ਦੇ ਬੇਸਿਕ ਟ੍ਰੇਨਿੰਗ ਇੰਸਟੀਚਿਊਟ ਵਿੱਚ ਹੋਵੇਗੀ। ਤ੍ਰਿਨਗਰ ਵਾਰਡ ਨੰਬਰ 7 ਵਿੱਚ ਸਭ ਤੋਂ ਵਧ 65.98 ਫੀਸਦੀ ਵੋਟਾਂ ਭੁਗਤੀਆਂ ਤੇ ਸੰਤਗੜ੍ਹ ਵਾਰਡ ਨੰਬਰ 26 ਵਿੱਚ ਸਭ ਤੋਂ ਘੱਟ 26.14 ਫੀਸਦੀ ਵੋਟਾਂ ਪਈਆਂ। ਤ੍ਰਿਨਗਰ ਵਿੱਚ 67 ਫੀਸਦੀ ਮਰਦ ਵੋਟਰਾਂ ਤੇ 65.3 ਫੀਸਦੀ ਔਰਤਾਂ ਨੇ ਵੋਟਾਂ ਪਾਈਆਂ। ਕੁੱਲ 3,80,755 ਵੋਟਰਾਂ ਵਿੱਚੋਂ 1,75,543 ਨੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ, ਜਿਨ੍ਹਾਂ ਵਿੱਚ 88733 ਮਰਦ ਤੇ 86810 ਔਰਤਾਂ ਸ਼ਾਮਲ ਹਨ। ਮਰਦਾਂ ਦਾ ਮਤਦਾਨ ਫੀਸਦ 45.61 ਤੇ ਔਰਤਾਂ ਦਾ 45.92 ਰਿਹਾ। ਦੁਪਹਿਰ 12 ਵਜੇ ਤੱਕ ਕੁਝ ਵਾਰਡਾਂ ਵਿੱਚ ਸਿਰਫ਼ 17 ਫੀਸਦੀ ਵੋਟਾਂ ਪਈਆਂ ਸਨ ਤੇ ਸ਼ਾਮ ਵੇਲੇ ਤਿਲਕ ਨਗਰ, ਤਿਲਕ ਵਿਹਾਰ, ਮਾਲਵੀਆ ਨਗਰ, ਚੌਖੰਡੀ ਸਮੇਤ ਯਮੁਨਾ ਪਾਰ ਦੇ ਇਲਾਕਿਆਂ ਵਿੱਚ ਵੋਟ ਫੀਸਦੀ ਵਧ ਗਿਆ। ਬਹੁਤੇ ਵਾਰਡਾਂ ਵਿੱਚ ਫਸਵੇਂ ਮੁਕਾਬਲੇ ਹਨ ਤੇ ਉਮੀਦਵਾਰਾਂ ਦੀ ਜਿੱਤ-ਹਾਰ ਦਾ ਅੰਤਰ ਬਹੁਤ ਥੋੜ੍ਹਾ ਹੋ ਸਕਦਾ ਹੈ। ਭਾਵੇਂ ਬਹੁਤੇ ਇਲਾਕਿਆਂ ਵਿੱਚ ਵੋਟਰ ਚੁੱਪ ਰਹੇ ਪਰ ਤਿਲਕ ਨਗਰ ਤੇ ਤਿਲਕ ਵਿਹਾਰ ਦੇ ਇਲਾਕੇ ਜਿੱਥੇ ਸਿੱਖ ਕਤਲੇਆਮ ਪੀੜਤ ਬਹੁਗਿਣਤੀ ਵਿੱਚ ਰਹਿੰਦੇ ਹਨ, ਨੇ ਸ਼੍ਰੋਮਣੀ ਅਕਾਲੀ ਦਲ ਪੱਖੀ ਸਪਸ਼ਟ ਰਾਇ ਪੇਸ਼ ਕੀਤੀ। ਪੀੜਤਾਂ ਨੂੰ ਕੇਂਦਰ ਸਰਕਾਰ ਤੋਂ ਮੁਆਵਜ਼ਾ ਮਿਲ ਚੁੱਕਾ ਹੈ, ਜਿਸ ਦਾ ਅਸਰ ਵੀ ਚੋਣਾਂ ਦੌਰਾਨ ਦੇਖਣ ਨੂੰ ਮਿਲਿਆ।
ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਸੌ ਕਰੋੜ ਰੁਪਏ ਦੇ ਸਾਲਾਨਾ ਬਜਟ ਵਾਲੀ ਇਸ ਧਾਰਮਿਕ ਸੰਸਥਾ ਉਤੇ ਕਬਜ਼ਾ ਬਰਕਰਾਰ ਰਹਿਣ ਦੀ ਆਸ ਲਾਈ ਬੈਠੀ ਹੈ, ਜਦੋਂ ਕਿ ਮੁੱਖ ਵਿਰੋਧੀ ਧਿਰ ਅਕਾਲੀ ਦਲ (ਦਿੱਲੀ) ਪ੍ਰਬੰਧ ਆਪਣੇ ਹੱਥ ਲੈਣਾ ਚਾਹੁੰਦੀ ਹੈ।

ਕੈਮਰਿਆਂ ਦੀ ਨਿਗਰਾਨੀ ‘ਚ ਰੱਖੇ ਵੋਟ ਬਕਸੇ :
ਦਿੱਲੀ ਕਮੇਟੀ ਚੋਣਾਂ ਦੌਰਾਨ ਤਕਰੀਬਨ 560 ਪੋਲਿੰਗ ਸਟੇਸ਼ਨ ਬਣਾਏ ਗਏ ਸਨ, ਜਿਨ੍ਹਾਂ ਵਿੱਚੋਂ 119 ਸੰਵੇਦਨਸ਼ੀਲ ਅਤੇ 63 ਅਤਿ ਸੰਵੇਦਨਸ਼ੀਲ ਐਲਾਨੇ ਗਏ ਸਨ। ਚੋਣਾਂ ਲਈ ਅੱਠ ਹਜ਼ਾਰ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਗੁਰਦੁਆਰਾ ਡਾਇਰੈਕਟੋਰੇਟ ਨੇ ਇਕ ਬਿਆਨ ਵਿੱਚ ਕਿਹਾ ਕਿ ਵੋਟ ਬਕਸਿਆਂ ਵਾਲੇ ਸਟਰਾਂਗ ਰੂਮਾਂ ਦੀ ਨਿਗਰਾਨੀ ਲਈ ਸੀਸੀਟੀਵੀ ਕੈਮਰੇ ਲਾਏ ਗਏ ਹਨ ਅਤੇ ਪੁਲੀਸ ਤਾਇਨਾਤ ਕੀਤੀ ਗਈ ਹੈ।