ਭਾਰਤ ਸਰਕਾਰ ਦੀ ਅਣਦੇਖੀ ਦੇ ਵਿਰੋਧ ‘ਚ ਸਾਬਕਾ ਜਾਸੂਸਾਂ ਵਲੋਂ ਰੋਸ ਮੁਜ਼ਾਹਰਾ

ਭਾਰਤ ਸਰਕਾਰ ਦੀ ਅਣਦੇਖੀ ਦੇ ਵਿਰੋਧ ‘ਚ ਸਾਬਕਾ ਜਾਸੂਸਾਂ ਵਲੋਂ ਰੋਸ ਮੁਜ਼ਾਹਰਾ

ਪਾਕਿ ਜੇਲ੍ਹਾਂ ‘ਚ ਮਾਰੇ ਗਏ ਜਾਸੂਸਾਂ ਦੇ ਵਾਰਿਸਾਂ ਨੇ ਸਰਬਜੀਤ ਵਾਂਗ ਢੁਕਵਾਂ ਮੁਆਵਜ਼ਾ ਮੰਗਿਆ

ਕੈਪਸ਼ਨ-ਸਾਬਕਾ ਜਾਸੂਸ ਅਤੇ ਪਾਕਿਸਤਾਨ ਵਿੱਚ ਮਾਰੇ ਗਏ ਜਾਸੂਸਾਂ ਦੇ ਵਾਰਿਸ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ਼ ਦੇ ਬਾਹਰ ਮੁਜ਼ਾਹਰਾ ਕਰਦੇ ਹੋਏ। 

ਅੰਮ੍ਰਿਤਸਰ/ਬਿਊਰੋ ਨਿਊਜ਼ :
ਦੇਸ਼ ਲਈ ਜਾਸੂਸੀ ਕਰਦਿਆਂ ਪਾਕਿਸਤਾਨ ਵਿੱਚ ਗ੍ਰਿਫ਼ਤਾਰ ਕੀਤੇ ਗਏ ਤੇ ਕਈ ਸਾਲ ਜੇਲ੍ਹਾਂ ਕੱਟਣ ਮਗਰੋਂ ਵਤਨ ਪਰਤੇ ਭਾਰਤੀ ਜਾਸੂਸਾਂ ਨੂੰ ਕੇਂਦਰ ਸਰਕਾਰ ਵੱਲੋਂ ਅਣਗੌਲਿਆਂ ਕੀਤੇ ਜਾਣ ਕਾਰਨ ਇਨ੍ਹਾਂ ਦੇ ਪਰਿਵਾਰਾਂ ਨੂੰ ਮਾੜੇ ਹਾਲਾਤਾਂ ਵਿੱਚੋਂ ਲੰਘਣਾ ਪੈ ਰਿਹਾ ਹੈ। ਇਨ੍ਹਾਂ ਸਾਬਕਾ ਜਾਸੂਸਾਂ ਅਤੇ ਇਨ੍ਹਾਂ ਦੇ ਪਰਿਵਾਰਾਂ ਨੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰਾਲੇ ਕੋਲੋਂ ਫੌਜੀਆਂ ਵਾਂਗ ਹੀ ਸਾਰੇ ਸਰਕਾਰੀ ਲਾਭ ਦਿੱਤੇ ਜਾਣ ਦੀ ਮੰਗ ਕੀਤੀ ਹੈ। ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਇਕੱਠੇ ਹੋਏ ਜਾਸੂਸਾਂ ਅਤੇ ਇਨ੍ਹਾਂ ਦੇ ਪਰਿਵਾਰਾਂ ਨੇ ਇਕਸਾਰ ਲਾਭ ਅਤੇ ਮੁੜ ਵਸੇਬੇ ਦੀ ਮੰਗ ਨੂੰ ਲੈ ਕੇ ਇਤਿਹਾਸਕ ਜਲ੍ਹਿਆਂਵਾਲੇ ਬਾਗ ਤੋਂ ਰੋਸ ਮਾਰਚ ਕੀਤਾ। ਪ੍ਰਦਰਸ਼ਨਕਾਰੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ, ਰਾਸ਼ਟਰਪਤੀ ਅਤੇ ਗ੍ਰਹਿ ਮੰਤਰਾਲੇ ਨੂੰ ਮੰਗ ਪੱਤਰ ਭੇਜ ਕੇ ਫੌਜੀਆਂ ਵਾਂਗ ਹੀ ਮੁੜ ਵਸੇਬੇ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਸਰਬਜੀਤ ਵਾਂਗ ਹੀ ਢੁੱਕਵਾਂ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਕੀਤੀ।
ਜ਼ਿਲ੍ਹਾ ਗੁਰਦਾਸਪੁਰ ਦੇ ਧਾਰੀਵਾਲ ਨਾਲ ਸਬੰਧਤ ਸੁਰਿੰਦਰਪਾਲ ਨੇ ਦੱਸਿਆ ਕਿ ਉਸ ਦੇ ਪਿਤਾ ਸਤਪਾਲ ਸਿੰਘ ਨੂੰ ਕਾਰਗਿਲ ਜੰਗ ਵੇਲੇ ਪਾਕਿਸਤਾਨ ‘ਚੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਦੇਸ਼ ਦੀ ਖੁਫ਼ੀਆ ਏਜੰਸੀ ਵਾਸਤੇ ਕੰਮ ਕਰਦੇ ਸਨ। ਉਸ ਨੇ ਦੱਸਿਆ ਕਿ ਪਾਕਿਸਤਾਨ ਦੀ ਜੇਲ੍ਹ ਵਿੱਚ ਕੀਤੇ ਗਏ ਅਣਮਨੁੱਖੀ ਤਸ਼ੱਦਦ ਕਾਰਨ ਉਸ ਦੇ ਪਿਤਾ ਦੀ ਮੌਤ ਹੋ ਗਈ। ਸੰਨ 2000 ਵਿੱਚ ਸਤਪਾਲ ਸਿੰਘ ਦੀ ਲਾਸ਼ ਅਟਾਰੀ-ਵਾਹਗਾ ਸਰਹੱਦ ਰਸਤੇ ਵਾਪਸ ਭੇਜੀ ਗਈ ਸੀ। ਉਨ੍ਹਾਂ ਦੱਸਿਆ ਕਿ ਉਸ ਮੌਕੇ ਕਈ ਪ੍ਰਸ਼ਾਸਨਿਕ ਅਧਿਕਾਰੀ ਘਰ ਆਏ ਤੇ ਮਦਦ ਦਾ ਭਰੋਸਾ ਦਿੱਤਾ ਪਰ ਮਗਰੋਂ ਕੋਈ ਕਾਰਵਾਈ ਨਹੀਂ ਕੀਤੀ ਗਈ।
ਇਸੇ ਤਰ੍ਹਾਂ 61 ਸਾਲਾ ਜੰਮੂ ਵਾਸੀ ਵਿਨੋਦ ਸਾਹਨੀ ਨੇ ਦੱਸਿਆ ਕਿ ਉਸ ਨੇ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਲਗਭਗ 11 ਸਾਲ ਅਣਮਨੁੱਖੀ ਤਸ਼ੱਦਦ ਝੱਲਿਆ ਹੈ। ਉਸ ਨੇ ਕਿਹਾ ਕਿ 1977 ਤੋਂ 1988 ਤੱਕ ਉਹ ਭਾਰਤ ਸਰਕਾਰ ਲਈ ਜਾਸੂਸੀ ਕਰਦਾ ਰਿਹਾ। ਸਾਹਨੀ ਨੇ ਖੁਲਾਸਾ ਕੀਤਾ ਕਿ ਕਈ ਭਾਰਤੀ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਹੀ ਮਰ ਗਏ ਹਨ। ਫਿਰੋਜ਼ਪੁਰ ਤੋਂ ਆਏ 71 ਸਾਲਾ ਉਪੇਂਦਰ ਨਾਥ ਸ਼ਰਮਾ ਨੇ ਦੱਸਿਆ ਕਿ ਉਸ ਨੂੰ ਵੀ ਖੁਫ਼ੀਆ ਏਜੰਸੀ ਵੱਲੋਂ ਜਾਸੂਸ ਵੱਜੋਂ ਸੇਵਾ ਸੌਂਪੀ ਗਈ ਸੀ। ਉਹ 1968 ਵਿੱਚ ਪਾਕਿਸਤਾਨ ਗਿਆ ਪਰ ਸਾਲ ਮਗਰੋਂ ਹੀ ਗ੍ਰਿਫ਼ਤਾਰ ਹੋ ਗਿਆ। ਕਠੂਆ ਤੋਂ ਆਏ ਕਮਲ ਕੁਮਾਰ ਨੇ ਭਾਰਤੀ ਹਾਈ ਕਮਿਸ਼ਨ ਦਾ ਪੱਤਰ ਦਿਖਾਉਂਦਿਆਂ ਦੱਸਿਆ ਕਿ ਉਸ ਦੇ ਪਿਤਾ ਓਮ ਪ੍ਰਕਾਸ਼ ਰਾਵਲਪਿੰਡੀ ਦੀ ਜੇਲ੍ਹ ਵਿੱਚ ਬੰਦ ਹਨ। ਉਨ੍ਹਾਂ ਨੂੰ 1998 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਸਾਰਿਆਂ ਨੇ ਕੇਂਦਰ ਸਰਕਾਰ ਤੋਂ ਢੁੱਕਵਾਂ ਮੁਆਵਜ਼ਾ ਦੇਣ ਅਤੇ ਮੁੜ ਵਸੇਬੇ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ।