ਪਨਾਮਾਗੇਟ ਮਾਮਲੇ ‘ਚ ਨਵਾਜ਼ ਸ਼ਰੀਫ਼ ਨੂੰ ਫੌਰੀ ਰਾਹਤ

ਪਨਾਮਾਗੇਟ ਮਾਮਲੇ ‘ਚ ਨਵਾਜ਼ ਸ਼ਰੀਫ਼ ਨੂੰ ਫੌਰੀ ਰਾਹਤ

ਪ੍ਰਧਾਨ ਮੰਤਰੀ ਦੀ ਕੁਰਸੀ ਤਾਂ ਬਚੀ ਪਰ ਜਾਂਚ ਰਹੇਗੀ ਜਾਰੀ
ਇਸਲਾਮਾਬਾਦ/ਬਿਊਰੋ ਨਿਊਜ਼ :
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਕੁਰਸੀ ਉਦੋਂ ਵਾਲ-ਵਾਲ ਬਚ ਗਈ, ਜਦੋਂ ਮੁਲਕ ਦੀ ਸੁਪਰੀਮ ਕੋਰਟ ਨੇ ਪਨਾਮਾ ਗੇਟ ਆਧਾਰਤ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਉਨ੍ਹਾਂ ਨੂੰ ਅਹੁਦੇ ਤੋਂ ਲਾਹੁਣ ਲਈ ਸਬੂਤਾਂ ਨੂੰ ‘ਨਾਕਾਫ਼ੀ’ ਕਰਾਰ ਦੇ ਦਿੱਤਾ। ਅਦਾਲਤ ਨੇ ਉਨ੍ਹਾਂ ਨੂੰ ਦੋਸ਼ਾਂ ਤੋਂ ਬਰੀ ਵੀ ਨਹੀਂ ਕੀਤਾ, ਸਗੋਂ ਸ਼ਰੀਫ਼ ਪਰਿਵਾਰ ਖ਼ਿਲਾਫ਼ ਦੋਸ਼ਾਂ ਦੀ ਜਾਂਚ ਲਈ ਸਾਂਝੀ ਜਾਂਚ ਟੀਮ (ਜੇਆਈਟੀ) ਕਾਇਮ ਕਰਨ ਦਾ ਹੁਕਮ ਦਿੱਤਾ ਹੈ। ਇਸ ਮਾਮਲੇ ਵਿਚ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼, ਉਨ੍ਹਾਂ ਦੀ ਬੇਟੀ ਮਰੀਅਮ ਨਵਾਜ਼, ਬੇਟੇ ਹਸਨ ਨਵਾਜ਼ ਤੇ ਹੁਸੈਨ ਨਵਾਜ਼, ਸਰੀਫ਼ ਦੇ ਜਵਾਈ ਮੁਹੰਮਦ ਸਫਦਰ ਤੇ ਵਿਤ ਮੰਤਰੀ ਇਸ਼ਾਕ ਡਾਰ ਸ਼ਾਮਲ ਹਨ। ਸੁਪਰੀਮ ਕੋਰਟ ਨੇ ਸ੍ਰੀ ਸ਼ਰੀਫ਼ (67) ਤੇ ਉਨ੍ਹਾਂ ਦੇ ਪੁੱਤਰਾਂ- ਹਸਨ ਤੇ ਹੁਸੈਨ ਨੂੰ ਜੇਆਈਟੀ ਅੱਗੇ ਪੇਸ਼ ਹੋਣ ਦਾ ਹੁਕਮ ਦਿੱਤਾ ਹੈ। ਜੇਆਈਟੀ ਵਿੱਚ ਫੈਡਰਲ ਜਾਂਚ ਏਜੰਸੀ, ਕੌਮੀ ਜਵਾਬਦੇਹੀ ਬਿਊਰੋ, ਪਾਕਿਸਤਾਨ ਸਕਿਉਰਿਟੀ ਐਕਸਚੇਂਜ ਕਮਿਸ਼ਨ, ਆਈਐਸਆਈ ਅਤੇ ਮਿਲਟਰੀ ਇੰਟੈਲੀਜੈਂਸ ਦੇ ਅਧਿਕਾਰੀ ਸ਼ਾਮਲ ਹੋਣਗੇ। ਜੇਈਟੀ ਨੂੰ ਦੋ ਮਹੀਨਿਆਂ ਵਿੱਚ ਜਾਂਚ ਪੂਰੀ ਕਰਨ ਲਈ ਕਿਹਾ ਗਿਆ ਹੈ।
ਜਸਟਿਸ ਆਸਿਫ਼ ਸਈਦ ਖੋਸਾ, ਗੁਲਜ਼ਾਰ ਅਹਿਮਦ, ਇਜਾਜ਼ ਅਫ਼ਜ਼ਲ ਖ਼ਾਨ, ਅਜ਼ਮਤ ਸਈਦ ਅਤੇ ਇਜਾਜ਼ੁਲ ਅਹਿਸਨ ਦੇ ਪੰਜ ਮੈਂਬਰੀ ਬੈਂਚ ਨੇ 547 ਸਫ਼ਿਆਂ ਦਾ ਇਹ ਇਤਿਹਾਸਕ ਫ਼ੈਸਲਾ ਸੁਣਵਾਈ ਪੂਰੀ ਹੋਣ ਦੇ 57 ਦਿਨਾਂ ਬਾਅਦ ਸੁਣਵਾਇਆ। ਫ਼ੈਸਲਾ ਲਿਖਦਿਆਂ ਤਿੰਨ ਜੱਜਾਂ ਜਸਟਿਸ ਅਫ਼ਜ਼ਲ, ਅਜ਼ਮਤ ਤੇ ਅਹਿਸਨ ਨੇ ਸ੍ਰੀ ਸ਼ਰੀਫ਼ ਦਾ ਬਚਾਅ ਕੀਤਾ, ਜਦੋਂਕਿ ਜਸਟਿਸ ਖੋਸਾ ਤੇ ਗੁਲਜ਼ਾਰ ਨੇ ਅਸਹਿਮਤੀ ਨੋਟ ਦਿੰਦਿਆਂ ਸ੍ਰੀ ਸ਼ਰੀਫ਼ ਨੂੰ ਪਟੀਸ਼ਨਰ ਦੀ ਮੰਗ ਮੁਤਾਬਕ ਅਹੁਦੇ ਤੋਂ ਲਾਹੁਣ ਦੀ ਹਮਾਇਤ ਕੀਤੀ।
ਇਹ ਕੇਸ ਸ੍ਰੀ ਸ਼ਰੀਫ਼ ਵੱਲੋਂ 1990ਵਿਆਂ ਵਿੱਚ ਦੋ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਹੁੰਦਿਆਂ ਲੰਡਨ ਵਿੱਚ ਅਸਾਸੇ ਖ਼ਰੀਦਣ ਲਈ ਕਾਲੇ ਧਨ ਨੂੰ ਚਿੱਟਾ ਬਣਾਉਣ ਨਾਲ ਸਬੰਧਤ ਹੈ। ਇਹ ਮਾਮਲਾ ਬੀਤੇ ਸਾਲ ਲੀਕ ਹੋਏ ਪਨਾਮਾ ਦਸਤਾਵੇਜ਼ਾਂ ਵਿੱਚ ਸਾਹਮਣੇ ਆਇਆ ਸੀ। ਇਸ ਮਾਮਲੇ ਸਬੰਧੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਮੁਖੀ ਇਮਰਾਨ ਖ਼ਾਨ ਤੇ ਹੋਰਨਾਂ ਨੇ ਪਟੀਸ਼ਨਾਂ ਦਾਇਰ ਕੀਤੀਆਂ ਸਨ।
ਉਧਰ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਮੁਖੀ ਇਮਰਾਨ ਖ਼ਾਨ ਨੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਤੋਂ ਇਖ਼ਲਾਕੀ ਆਧਾਰ ਉਤੇ ਅਸਤੀਫ਼ੇ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ, ”ਸ੍ਰੀ ਸ਼ਰੀਫ਼ ਫ਼ੌਰੀ ਅਸਤੀਫ਼ਾ ਦੇਣ, ਕਿਉਂਕਿ ਉਨ੍ਹਾਂ ਨੇ ਮੁਲਕ ‘ਤੇ ਹਕੂਮਤ ਕਰਨ ਦਾ ਇਖ਼ਲਾਕੀ ਹੱਕ ਗੁਆ ਲਿਆ ਹੈ।”