ਕੈਨੇਡਾ ਵੱਸਦੇ ਗਰਮ ਖਿਆਲੀ ਆਗੂਆਂ ਵੱਲੋਂ ਅਮਰਿੰਦਰ ਨੂੰ ਧਮਕੀਆਂ ਦਾ ਭਾਰਤ ਸਰਕਾਰ ਨੇ ਲਿਆ ਨੋਟਿਸ

ਕੈਨੇਡਾ ਵੱਸਦੇ ਗਰਮ ਖਿਆਲੀ ਆਗੂਆਂ ਵੱਲੋਂ ਅਮਰਿੰਦਰ ਨੂੰ ਧਮਕੀਆਂ ਦਾ ਭਾਰਤ ਸਰਕਾਰ ਨੇ ਲਿਆ ਨੋਟਿਸ

ਚੰਡੀਗੜ੍ਹ/ਬਿਊਰੋ ਨਿਊਜ਼ :
ਕੈਨੇਡਾ ਵਿੱਚ ਸਰੀ ਵਿਖੇ ਵਿਸਾਖੀ ਸਮਾਗਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਖ਼ਾਲਿਸਤਾਨੀ ਅਨਸਰਾਂ ਵੱਖੋਂ ਖੁੱਲ੍ਹੇਆਮ ਧਮਕੀਆਂ ਦਿੱਤੇ ਜਾਣ ਖ਼ਿਲਾਫ਼ ਭਾਰਤ ਨੇ ਕੈਨੇਡੀਅਨ ਸਰਕਾਰ ਕੋਲ ਅਧਿਕਾਰਤ ਤੌਰ ਵਿਰੋਧ ਦਰਜ ਕਰਵਾਇਆ ਹੈ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਕੈਨੇਡਾ ਵਿੱਚ ਰਾਜਧਾਨੀ ਓਟਵਾ ਵਿਖੇ ਭਾਰਤੀ ਹਾਈ ਕਮਿਸ਼ਨਰ ਨੇ ਉਥੋਂ ਦੇ ਵਿਦੇਸ਼ ਵਿਭਾਗ ‘ਗਲੋਬਲ ਅਫੇਅਰਜ਼-ਕੈਨੇਡਾ’ ਕੋਲ ਇਸ ਸਬੰਧੀ ‘ਰਸਮੀ ਸ਼ਿਕਾਇਤ’ ਦਰਜ ਕਰਵਾਈ ਹੈ।
ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਸਰੀ ਵਿੱਚ 22 ਅਪ੍ਰੈਲ ਨੂੰ ਹੋਈ ‘ਵਿਸਾਖੀ ਪਰੇਡ’ ਦੌਰਾਨ ਇਹ ਘਟਨਾ ਵਾਪਰੀ ਦੱਸੀ ਜਾਂਦੀ ਹੈ, ਜਦੋਂ ਗਰਮ ਖ਼ਿਆਲੀ ਸਿੱਖਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਖੁੱਲ੍ਹੇਆਮ ਧਮਕੀਆਂ ਅਤੇ ਨਫ਼ਰਤੀ ਭਾਸ਼ਣ ਦਿੱਤੇ ਗਏ।
ਪਰੇਡ ਮੌਕੇ ਮਰਹੂਮ ਵੱਖਵਾਦੀ ਆਗੂਆਂ ਦੀਆਂ ਤਸਵੀਰਾਂ ਵਾਲੀਆਂ ਝਾਕੀਆਂ ਕੱਢੇ ਜਾਣ ਉਤੇ ਵੀ ਸਖ਼ਤ ਇਤਰਾਜ਼ ਕੀਤਾ ਗਿਆ, ਜਿਨ੍ਹਾਂ ਵਿੱਚ ਮਰਹੂਮ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਹੋਰ ਵੱਖਵਾਦੀ ਆਗੂ ਸ਼ਾਮਲ ਸਨ। ਨਾਲ ਹੀ ਭਾਰਤੀ ਫ਼ੌਜ ਤੇ ਪੁਲੀਸ ਦੇ ਉਨ੍ਹਾਂ ਮੌਜੂਦਾ ਤੇ ਸਾਬਕਾ ਅਫ਼ਸਰਾਂ ਦੀਆਂ ਤਸਵੀਰਾਂ ਵੀ ਲਾਈਆਂ ਗਈਆਂ, ਜਿਨ੍ਹਾਂ ਨੂੰ ਗਰਮ ਖ਼ਿਆਲੀਆਂ ਦੀ ਹਿੱਟ-ਲਿਸਟ ਉਤੇ ਦੱਸਿਆ ਜਾਂਦਾ ਹੈ।
ਭਾਰਤੀ ਅਧਿਕਾਰੀਆਂ ਨੇ ਕੈਨੇਡਾ ਨੂੰ ਖ਼ਾਲਿਸਤਾਨੀਆਂ ਵੱਲੋਂ ਕੀਤੇ ਜਾਂਦੇ ‘ਭਾਰਤ ਵਿਰੋਧੀ ਪ੍ਰਚਾਰ’ ਬਾਰੇ ਪਹਿਲਾਂ ਹੀ ਖ਼ਬਰਦਾਰ ਕੀਤਾ ਸੀ। ਕੈਨੇਡੀਅਨ ਵਿਦੇਸ਼ ਵਿਭਾਗ ਨੇ ਇਸ ਦੇ ਜਵਾਬ ਵਿੱਚ ਭਾਰਤ ਨੂੰ ‘ਜ਼ਰੂਰੀ ਕਾਰਵਾਈ’ ਦਾ ਭਰੋਸਾ ਦਿੱਤਾ ਸੀ। ਇਸ ਦੇ ਬਾਵਜੂਦ ਕੈਨੇਡੀਅਨ ਹਕੂਮਤ ਨੇ ਖ਼ਾਲਿਸਤਾਨੀ ਅਨਸਰਾਂ ਨੂੰ ਪਰੇਡ ਦੌਰਾਨ ਖੁੱਲ੍ਹ ਖੇਡਣ ਦੀ ਇਜਾਜ਼ਤ ਦੇ ਦਿੱਤੀ। ਸੂਤਰਾਂ ਨੇ ਕਿਹਾ ਕਿ ਇਸ ਮੌਕੇ ਕੈਨੇਡੀਅਨ ਸੂਬਾਈ ਪੁਲੀਸ ਤੇ ਸੁਰੱਖਿਆ ਏਜੰਸੀਆਂ ਦੇ ਅਧਿਕਾਰੀ ਵੀ ਹਾਜ਼ਰ ਸਨ। ਜਾਣਕਾਰੀ ਮੁਤਾਬਕ ਭਾਰਤੀ ਸ਼ਿਕਾਇਤ ਵਿੱਚ ਦੋ ਖ਼ਾਲਿਸਤਾਨੀ ਆਗੂਆਂ ਇੰਦਰਜੀਤ ਸਿੰਘ ਬੈਂਸ (ਦਸਮੇਸ਼ ਗੁਰਦੁਆਰਾ, ਸਰੀ ਦਾ ਸਾਬਕਾ ਅਹੁਦੇਦਾਰ) ਅਤੇ ਸੰਸਥਾ ਸਿੱਖਸ ਫਾਰ ਜਸਟਿਸ (ਐਸਜੇਐਫ਼) ਦੇ ਇਕ ਹੋਰ ਆਗੂ ਦਾ ਖ਼ਾਸ ਜ਼ਿਕਰ ਕੀਤਾ ਗਿਆ ਹੈ। ਪਰੇਡ ਵਿੱਚ ਬ੍ਰਿਟਿਸ਼ ਕੋਲੰਬੀਆ ਦੀ ਪ੍ਰੀਮੀਅਰ ਕ੍ਰਿਸਟੀ ਕਲਾਰਕ ਨੇ ਵੀ ਸ਼ਿਰਕਤ ਕੀਤੀ। ਗ਼ੌਰਤਲਬ ਹੈ ਕਿ ਪੰਜਾਬੀ ਪਰਵਾਸੀਆਂ, ਖ਼ਾਸਕਰ ਸਿੱਖਾਂ ਨੂੰ ਬੀਸੀ ਵਿੱਚ ਵੱਡਾ ਵੋਟ ਬੈਂਕ ਮੰਨਿਆ ਜਾਂਦਾ ਹੈ, ਜਿਥੇ ਛੇਤੀ ਹੀ ਚੋਣਾਂ ਹੋਣ ਜਾ ਰਹੀਆਂ ਹਨ।
ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਆਖਿਆ, ”ਅਜਿਹੀਆਂ ਧਮਕੀਆਂ ਤੋਂ ਕੈਨੇਡਾ ਵਿੱਚ ਮੁਕਾਬਲਤਨ ਛੋਟੇ ਜਿਹੇ ਸਿੱਖ ਭਾਈਚਾਰੇ ਵਿੱਚ ਵਧ ਰਹੀ ਕੱਟੜਪੰਥੀ ਦਾ ਪਤਾ ਲੱਗਦਾ ਹੈ।” ਗ਼ੌਰਤਲਬ ਹੈ ਕਿ ਕੈਪਟਨ ਨੇ ਪਿਛਲੇ ਮਹੀਨੇ ਭਾਰਤ ਤੇ ਪੰਜਾਬ ਆਏ ਕੈਨੇਡੀਅਨ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ‘ਖ਼ਾਲਿਸਤਾਨੀ ਹਮਦਰਦ’ ਕਰਾਰ ਦਿੰਦਿਆਂ ਮਿਲਣ ਤੋਂ ਨਾਂਹ ਕਰ ਦਿੱਤੀ ਸੀ।