‘ਆਪ’ ਵਿਧਾਇਕ ਅਮਾਨਤੁੱਲਾ ਖਾਨ ਨੇ ਸਿਆਸੀ ਮਾਮਲਿਆਂ ਬਾਰੇ ਕਮੇਟੀ ਤੋਂ ਦਿੱਤਾ ਅਸਤੀਫ਼ਾ

‘ਆਪ’ ਵਿਧਾਇਕ ਅਮਾਨਤੁੱਲਾ ਖਾਨ ਨੇ ਸਿਆਸੀ ਮਾਮਲਿਆਂ ਬਾਰੇ ਕਮੇਟੀ ਤੋਂ ਦਿੱਤਾ ਅਸਤੀਫ਼ਾ

ਨਵੀਂ ਦਿੱਲੀ/ਬਿਊਰੋ ਨਿਊਜ਼ :
ਦਿੱਲੀ ਨਿਗਮ ਚੋਣਾਂ ਵਿਚ ਹਾਰ ਤੋਂ ਬਾਅਦ ‘ਆਪ’ ਵਿਚ ਕਲੇਸ਼ ਲਗਾਤਾਰ ਵਧਦਾ ਜਾ ਰਿਹਾ ਹੈ। ਹੁਣ ਤਾਜ਼ਾ ਮਾਮਲੇ ਵਿਚ ਦਿੱਲੀ ਤੋਂ ਪਾਰਟੀ ਦੇ ਵਿਧਾਇਕ ਅਤੇ ਹਾਲ ਹੀ ਵਿਚ ‘ਆਪ’ ਨੇਤਾ ਕੁਮਾਰ ਵਿਸ਼ਵਾਸ ‘ਤੇ ਗੰਭੀਰ ਦੋਸ਼ ਲਾਉਣ ਵਾਲੇ ਅਮਾਨਤੁੱਲਾ ਖਾਨ ਨੇ ਪਾਰਟੀ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਵਿਚੋਂ ਅਸਤੀਫਾ ਦੇ ਦਿੱਤਾ ਹੈ। ਪਾਰਟੀ ਨੇ ਉਨ੍ਹਾਂ ਦਾ ਅਸਤੀਫ਼ਾ ਪਰਵਾਨ ਕਰ ਲਿਆ ਹੈ। ਦਰਅਸਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਗ੍ਰਹਿ ਵਿਚ ਇਹ ਪਾਰਟੀ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੀ ਮੀਟਿੰਗ ਹੋਈ। ਬੈਠਕ ਵਿਚ ਕੇਜਰੀਵਾਲ ਤੋਂ ਇਲਾਵਾ ਮੁਨੀਸ਼ ਸਿਸੋਦੀਆ, ਸੰਜੇ ਸਿੰਘ, ਆਸ਼ੂਤੋਸ਼ ਤੇ ਹੋਰ ਕਈ ਸੀਨੀਅਰ ਆਗੂ ਸ਼ਾਮਲ ਸਨ। ਹਾਲਾਂਕਿ ਕੁਮਾਰ ਵਿਸ਼ਵਾਸ ਬੈਠਕ ਵਿਚ ਨਹੀਂ ਸਨ। ਬੈਠਕ ਸ਼ੁਰੂ ਹੁੰਦਿਆਂ ਹੀ ਕੁਝ ਮੈਂਬਰਾਂ ਨੇ ਕੁਮਾਰ ਵਿਸ਼ਵਾਸ ‘ਤੇ ਅਮਾਨਤੁੱਲਾ ਖਾਨ ਵੱਲੋਂ ਲਗਾਏ ਗਏ ਦੋਸ਼ਾਂ ਦਾ ਵਿਰੋਧ ਕੀਤਾ, ਜਿਸ ਤੋਂ ਬਾਅਦ ਅਮਾਨਤੁੱਲਾ ਖਾਨ ਨੇ ਬੈਠਕ ਦੇ ਵਿਚਾਲੇ ਹੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਤੇ ਬਾਹਰ ਚਲੇ ਗਏ। ਅਸਤੀਫੇ ਤੋਂ ਬਾਅਦ ਵੀ ਉਹ ਆਪਣੇ ਬਿਆਨ ‘ਤੇ ਕਾਇਮ ਹਨ। ਦਰਅਸਲ ਪਾਰਟੀ ਦੇ ਕਈ ਨੇਤਾ ਕੁਮਾਰ ਵਿਸ਼ਵਾਸ ਦੇ ਸਮਰਥਨ ਵਿਚ ਆ ਗਏ ਸਨ, ਪੰਜਾਬ ਦੇ ਵੀ ਕਈ ਵਿਧਾਇਕਾਂ ਨੇ ਅਮਾਨਤੁੱਲਾ ਖਾਨ ਨੂੰ ਪਾਰਟੀ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਵਿਚੋਂ ਬਾਹਰ ਕੱਢਣ ਦੀ ਮੰਗ ਕੀਤੀ ਸੀ। ਇਸ ਲਈ ਕੇਜਰੀਵਾਲ ਨੂੰ ਚਿੱਠੀ ਵੀ ਲਿਖੀ ਗਈ ਸੀ। ਦੱਸਣਯੋਗ ਹੈ ਕਿ ਹਾਲ ਹੀ ਵਿਚ ਕੁਮਾਰ ਵਿਸ਼ਵਾਸ ਨੇ ਪਾਰਟੀ ਦੀ ਉੱਚ ਲੀਡਰਸ਼ਿਪ ਦੇ ਕੰਮ ਕਰਨ ਦੇ ਤਰੀਕੇ ‘ਤੇ ਸਵਾਲ ਉਠਾਉਂਦਿਆ ਕਈ ਗਲਤ ਫੈਸਲੇ ਲੈਣ ਦੇ ਇਲਜ਼ਾਮ ਲਾਏ ਸਨ ਤੇ ਮੰਤਰੀ ਕਪਿਲ ਮਿਸ਼ਰਾ ਨੇ ਵੀ ਉਨ੍ਹਾਂ ਦੀ ਹਾਂ ਵਿਚ ਹਾਂ ਮਿਲਾਈ ਸੀ। ਕਪਿਲ ਮਿਸ਼ਰਾ ਦੇ ਇਸ ਬਿਆਨ ਦੇ ਜਵਾਬ ਵਿਚ ‘ਆਪ’ ਦੇ ਵਿਧਾਇਕ ਅਮਾਨਤੁੱਲਾ ਖਾਨ ਨੇ ਕੁਮਾਰ ਵਿਸ਼ਵਾਸ ‘ਤੇ ਪਾਰਟੀ ਵਿਚ ਫੁੱਟ ਪਾਉਣ ਦਾ ਇਲਜ਼ਾਮ ਲਗਾਉਂਦਿਆ ਕਿਹਾ ਹੈ ਕਿ ਉਹ ਭਾਜਪਾ ਦੇ ਇਸ਼ਾਰੇ ‘ਤੇ ਕੰਮ ਕਰ ਰਹੇ ਹਨ। ਭਾਵੇਂ ਕੇਜਰੀਵਾਲ ਹੁਣ ਕੁਮਾਰ ਵਿਸ਼ਵਾਸ ਨੂੰ ਆਪਣਾ ਛੋਟਾ ਭਰਾ ਦੱਸ ਰਹੇ ਹਨ ਪਰ ਇਸ ਗੱਲ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਹੈ ਕਿ ਕੇਜਰੀਵਾਲ ਤੋਂ ਬਾਅਦ ਪਾਰਟੀ ਵਿਚ ਸਭ ਤੋਂ ਵੱਧ ਹਰਮਨ ਪਿਆਰੇ ਮੰਨੇ ਜਾਂਦੇ ਨੇਤਾ ਕੁਮਾਰ ਵਿਸ਼ਵਾਸ ਨੂੰ ਪਾਰਟੀ ਵਿਚ ਕਦੇ ਵੀ ਬਣਦੀ ਅਹਿਮੀਅਤ ਨਹੀਂ ਦਿੱਤੀ ਗਈ।