ਪੰਜਾਬ ਵਲੋਂ ਅਣਗੌਲੇ ਕੈਨੇਡੀਅਨ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਹਰਿਆਣਾ ਨੇ ਗਲ਼ ਲਾਇਆ

ਪੰਜਾਬ ਵਲੋਂ ਅਣਗੌਲੇ ਕੈਨੇਡੀਅਨ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਹਰਿਆਣਾ ਨੇ ਗਲ਼ ਲਾਇਆ

ਕੈਨੇਡਾ ਨੇ ਵੱਖ ਵੱਖ ਖੇਤਰਾਂ ਵਿਚ ਨਿਵੇਸ਼ ‘ਚ ਦਿਲਚਸਪੀ ਦਿਖਾਈ
ਚੰਡੀਗੜ੍ਹ/ਬਿਊਰੋ ਨਿਊਜ਼ :
ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਭਾਵੇਂ ਪੰਜਾਬ ਸਰਕਾਰ ਦੇ ਕਿਸੇ ਮੰਤਰੀ, ਵਿਧਾਇਕ ਜਾਂ ਅਧਿਕਾਰੀ ਨੇ ਤਵੱਜੋ ਨਹੀਂ ਦਿੱਤੀ ਪਰ ਹਰਿਆਣਾ ਦੇ ਮੁੱਖ ਮੰਤਰੀ ਨੇ ਮਨੋਹਰ ਲਾਲ ਖੱਟਰ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਕਮੇਟੀ ਰੂਮ ਵਿਚ ਹੀ ਦੋਹਾਂ ਵਿਚਾਲੇ ਮੀਟਿੰਗ ਹੋਈ। ਇਸ ਮੌਕੇ ਭਾਰਤ ਵਿਚ ਕੈਨੇਡਾ ਦੇ ਰਾਜਦੂਤ ਤੇ ਉਨ੍ਹਾਂ ਦੇ ਸਾਥੀ ਤੇ ਹਰਿਆਣਾ ਸਰਕਾਰ ਦੇ ਚੀਫ਼ ਸੈਕਟਰੀ ਡੀ.ਐਸ. ਢੇਸੀ ਤੇ ਹਰਿਆਣਾ ਦੇ ਇੱਕੋ ਇੱਕ ਸਿੱਖ ਚੀਫ਼ ਪਾਰਲੀਮੈਂਟਰੀ ਸੈਕਟਰੀ ਬਖ਼ਸ਼ੀਸ਼ ਸਿੰਘ ਵਿਰਕ ਵੀ ਮੌਜੂਦ ਸਨ। ਢੇਸੀ ਨੇ ਇਹ ਦਿਲਚਸਪ ਪ੍ਰਗਟਾਵਾ ਕੀਤਾ ਕਿ ਗੱਲਬਾਤ ਵਧੇਰੇ ਕਰਕੇ ਅੰਗਰੇਜ਼ੀ ਤੇ ਪੰਜਾਬੀ ਵਿਚ ਹੋਈ। ਉਨ੍ਹਾਂ ਕਿਹਾ ਕਿ ਜਦੋਂ ਸ੍ਰੀ ਖੱਟਰ ਜੋ ਪਾਕਿਸਤਾਨੀ ਪੰਜਾਬ ਦੇ ਜ਼ਿਲ੍ਹਾ ਝੰਗ ਦੇ ਜੰਮਪਲ ਹਨ, ਨੇ ਪੰਜਾਬੀ ਵਿਚ ਬੋਲਣਾ ਸ਼ੁਰੂ ਕੀਤਾ ਤਾਂ ਸ. ਸੱਜਣ ਕਹਿਣ ਲੱਗੇ ਕਿ ਤੁਸੀਂ ਬੇਸ਼ੱਕ ਪੰਜਾਬੀ ਵਿਚ ਹੀ ਬੋਲੋ ਪਰ ਕੈਨੇਡੀਅਨ ਰਾਜਦੂਤ ਦੀ ਸਹੂਲਤ ਲਈ ਅੰਗਰੇਜ਼ੀ ਵਿਚ ਵਾਰਤਾਲਾਪ ਕੀਤੀ ਜਾਵੇ ਤਾਂ ਬਿਹਤਰ ਰਹੇਗਾ। ਸ੍ਰੀ ਖੱਟਰ ਨੇ ਸ. ਸੱਜਣ ਨੂੰ ਸਨਮਾਨ ਦੇ ਤੌਰ ‘ਤੇ ਹਰਿਆਣਾ ਸਰਕਾਰ ਤੇ ਹਰਿਆਣਾ ਨਿਵਾਸੀਆਂ ਵੱਲੋਂ ਸਿਰੋਪਾ ਭੇਟ ਕੀਤਾ ਗਿਆ। ਬਾਅਦ ਵਿਚ ਹਰਿਆਣਾ ਸਰਕਾਰ ਵੱਲੋਂ ਪ੍ਰੈੱਸ ਨੋਟ ਜਾਰੀ ਕਰਕੇ ਦੱਸਿਆ ਗਿਆ ਕਿ ਕੈਨੇਡਾ ਨੇ ਹਰਿਆਣਾ ਵਿਚ ਹਵਾਬਾਜ਼ੀ, ਕੌਸ਼ਲ ਵਿਕਾਸ, ਸਿੱਖਿਆ, ਰੱਖਿਆ ਤੇ ਸਮਾਰਟ ਸਿਟੀ ਪ੍ਰੋਜੈਕਟਾਂ ਦੇ ਖੇਤਰ ਵਿਚ ਨਿਵੇਸ਼ ਕਰਨ ਵਿਚ ਡੂੰਘੀ ਰੂਚੀ ਵਿਖਾਈ ਹੈ। ਸ. ਸੱਜਣ ਦੇ ਨਾਲ ਹੋਈ ਮੀਟਿੰਗ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਮੀਟਿੰਗ ਵਿਚ ਸਾਲ 2015 ਵਿਚ ਕੈਨੇਡਾ ਦੇ ਉਨ੍ਹਾਂ ਦੇ ਦੌਰੇ ਦੇ ਦੌਰਾਨ ਕੀਤੇ ਗਏ ਦੋ ਸਮਝੌਤੇ, ਜਿਸ ਦਾ ਹਰਿਆਣਾ ਤੇ ਕੈਨੇਡਾ ਵੱਲੋਂ ਸਾਂਝੇ ਤੌਰ ‘ਤੇ ਲਾਗੂ ਕੀਤਾ ਜਾਵੇਗਾ, ਦਾ ਐਗਜ਼ੀਕਿਊਸ਼ਨ ਯਕੀਨੀ ਕਰਨ ਲਈ ਵਰਕਿੰਗ ਗਰੁੱਪ ਸਥਾਪਤ ਕਰਨ ਦਾ ਫ਼ੈਸਲਾ ਕੀਤਾ ਹੈ। ਸ੍ਰੀ ਖੱਟਰ ਨੇ ਸ. ਸੱਜਣ ਨੂੰ ਹਰਿਆਣਾ ਵੱਲੋਂ ਵੱਖ-ਵੱਖ ਖੇਤਰਾਂ ਵਿਚ ਕੀਤੀ ਗਈ ਤਰੱਕੀ ਬਾਰੇ ਜਾਣੂ ਕਰਵਾਇਆ ਗਿਆ। ਸ੍ਰੀ ਖੱਟਰ ਦੀ ਅਗਵਾਈ ਦੀ ਸ਼ਲਾਘਾ ਕਰਦੇ ਹੋਏ ਸ. ਸੱਜਣ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਬਾਅਦ ਹਰਿਆਣਾ ਨੇ ਤਰੱਕੀ ਤੇ ਵਿਕਾਸ ਕੀਤਾ ਹੈ। ਇਸ ਮੌਕੇ ਚੰਡੀਗੜ੍ਹ ਵਿਚ ਕੈਨੇਡਾ ਦੇ ਕੌਂਸਲ ਜਨਰਲ ਕ੍ਰਿਸਟੋਫਰ ਗਿਬਿੰਸ ਵੀ ਹਾਜ਼ਰ ਸਨ।