ਅਕਾਲੀ ਦਲ ਨੂੰ ਦਫ਼ਤਰੀ ਖਰਚਿਆਂ ਦਾ ਭਾਰ ਚੁੱਕਣਾ ਔਖਾ ਹੋਇਆ

ਅਕਾਲੀ ਦਲ ਨੂੰ ਦਫ਼ਤਰੀ ਖਰਚਿਆਂ ਦਾ ਭਾਰ ਚੁੱਕਣਾ ਔਖਾ ਹੋਇਆ
The office of SAD at Sector-28, Chandigarh on Wednesday. TRIBUNE PHOTO: NITIN MITTAL

ਸੁਖਬੀਰ ਬਾਦਲ ਦੀਆਂ ਹਦਾਇਤਾਂ ‘ਤੇ ਮੰਤਰੀ/ਵਿਧਾਇਕ ਤਨਖ਼ਾਹਾਂ ‘ਚੋਂ ਦੇਣਗੇ ਖ਼ਰਚਾ

ਕੈਪਸ਼ਨ-ਚੰਡੀਗੜ੍ਹ ਦੇ ਸੈਕਟਰ-28 ਸਥਿਤ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ।
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਵਿਚ ਲਗਾਤਾਰ ਇੱਕ ਦਹਾਕਾ ਸੱਤਾ ਦਾ ਨਿੱਘ ਮਾਨਣ ਮਗਰੋਂ ਅਕਾਲੀ ਦਲ ਨੇ ਦਫ਼ਤਰ ਚਲਾਉਣ ਦਾ ਭਾਰ ਸਮੁੱਚੇ ਅਜਿਹੇ ਆਗੂਆਂ ਦੇ ਮੋਢਿਆਂ ‘ਤੇ ਪਾਉਣ ਦਾ ਫ਼ੈਸਲਾ ਲਿਆ ਹੈ ਜੋ ਪਾਰਟੀ ਵੱਲੋਂ ਦਿੱਤੀਆਂ ਟਿਕਟਾਂ ਦੇ ਸਹਾਰੇ ਤਨਖਾਹ ਜਾਂ ਪੈਨਸ਼ਨ ਲੈਣ ਦੇ ਹੱਕਦਾਰ ਹੋਏ ਹਨ। ਸੂਤਰਾਂ ਮੁਤਾਬਕ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਦਾਇਤ ਕੀਤੀ ਹੈ ਕਿ ਸਾਰੇ ਸਾਬਕਾ ਤੇ ਮੌਜੂਦਾ ਵਿਧਾਇਕ ਤੇ ਸਾਬਕਾ ਤੇ ਮੌਜੂਦਾ ਸੰਸਦ ਮੈਂਬਰ ਆਪਣੀ ਤਨਖਾਹ ਅਤੇ ਪੈਨਸ਼ਨ ਵਿਚੋਂ 5-5 ਹਜ਼ਾਰ ਰੁਪਏ ਪ੍ਰਤੀ ਮਹੀਨਾ ਪਾਰਟੀ ਨੂੰ ਅਦਾ ਕਰਨਗੇ।
ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਹਾਲ ਹੀ ਵਿਚ ਹੋਈ ਮੀਟਿੰਗ ਦੌਰਾਨ ਸ੍ਰੀ ਬਾਦਲ ਵੱਲੋਂ ਇਹ ਨਿਰਦੇਸ਼ ਦਿੱਤੇ ਗਏ ਸਨ। ਪਾਰਟੀ ਆਗੂਆਂ ਦਾ ਇਹ ਵੀ ਕਹਿਣਾ ਹੈ ਕਿ ਇਹ ਪਹਿਲੀ ਵਾਰੀ ਹੋਇਆ ਹੈ ਕਿ ਜਦੋਂ ਪਾਰਟੀ ਦਫਤਰ ਦਾ ਖ਼ਰਚਾ ਚਲਾਉਣ ਲਈ ਪਾਰਟੀ ਆਗੂਆਂ ਤੋਂ ਵਿੱਤੀ ਇਮਦਾਦ ਦਾ ਸਹਾਰਾ ਲੈਣਾ ਪੈ ਰਿਹਾ ਹੈ। ਏਡੀਆਰ ਦੀ ਰਿਪੋਰਟ ਮੁਤਾਬਕ ਪਿਛਲੇ 10 ਸਾਲਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ ਵਪਾਰਕ ਘਰਾਣਿਆਂ ਤੋਂ 101 ਕਰੋੜ ਰੁਪਏ ਦੀ ਰਾਸ਼ੀ ਦਾਨ ਵਿਚ ਮਿਲਣ ਦੇ ਤੱਥ ਵੀ ਸਾਹਮਣੇ ਆਏ ਸਨ। ਇਸ ਵਿੱਚ ਹਾਲ ਹੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਇਕੱਠਾ ਹੋਇਆ ਚੰਦਾ ਸ਼ਾਮਲ ਨਹੀਂ ਹੈ। ਇਹ ਪਾਰਟੀ ਦੇਸ਼ ਦੀਆਂ ਅਮੀਰ ਪਾਰਟੀਆਂ ਵਿੱਚੋਂ ਇੱਕ ਮੰਨੀ ਜਾਂਦੀ ਹੈ।
ਸ਼੍ਰੋਮਣੀ ਅਕਾਲੀ ਦਲ ਦਾ ਚੰਡੀਗੜ੍ਹ ਦੇ ਸੈਕਟਰ-28 ਵਿੱਚ ਆਲੀਸ਼ਾਨ ਦਫ਼ਤਰ ਹੈ। ਇਹ ਦਫ਼ਤਰ ਤੋਂ ਪਾਰਟੀ ਦੀਆਂ ਸਿਆਸੀ ਗਤੀਵਿਧੀਆਂ ਸਾਲ 2009 ਵਿੱਚ ਸ਼ੁਰੂ ਹੋਈਆਂ ਸਨ। ਇਸ ਤੋਂ ਪਹਿਲਾਂ ਐੱਮਐੱਲਏ ਹੋਸਟਲ ਤੋਂ ਹੀ ਦਫ਼ਤਰ ਦਾ ਕੰਮ ਚਲਾਇਆ ਜਾ ਰਿਹਾ ਸੀ। ਪਾਰਟੀ ਸੂਤਰਾਂ ਮੁਤਾਬਕ ਇਸ ਦਫ਼ਤਰ ਨੂੰ ਚਲਾਉਣ ਅਤੇ ਹੋਰ ਖ਼ਰਚਿਆਂ ਲਈ ਤਕਰੀਬਨ 5 ਲੱਖ ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਹਰ ਮਹੀਨੇ ਲੋੜੀਂਦੀ ਹੈ। ਦਰਜਨ ਤੋਂ ਵੱਧ ਮੁਲਾਜ਼ਮ ਇਸ ਸਮੇਂ ਦਫ਼ਤਰ ਵਿਚ ਕੰਮ ਕਰਦੇ ਹਨ। ਇਨ੍ਹਾਂ ਮੁਲਾਜ਼ਮਾਂ ਦੀਆਂ ਤਨਖਾਹਾਂ ਸਮੇਤ ਪਾਰਟੀ ਦੀਆਂ ਮੀਟਿੰਗਾਂ ਅਤੇ ਪ੍ਰੈੱਸ ਕਾਨਫਰੰਸਾਂ ਦੌਰਾਨ ਹੁੰਦੇ ਖ਼ਰਚਿਆਂ ਸਮੇਤ ਬਿਜਲੀ, ਪਾਣੀ ਅਤੇ ਟੈਲੀਫੋਨ ਦੇ ਖ਼ਰਚੇ ਵੀ ਸ਼ਾਮਲ ਹਨ। ਪਾਰਟੀ ਆਗੂਆਂ ਦਾ ਦੱਸਣਾ ਹੈ ਕਿ ਜਦੋਂ ਤੱਕ ਸੂਬੇ ਵਿੱਚ ਅਕਾਲੀ ਦਲ ਦੀ ਸਰਕਾਰ ਸੀ, ਉਦੋਂ ਤੱਕ ਕਿਸੇ ਵੀ ਵਿਧਾਇਕ ਤੋਂ ਇਸ ਤਰ੍ਹਾਂ ਖੁੱਲ੍ਹੇਆਮ ਚੰਦਾ ਨਹੀਂ ਮੰਗਿਆ ਗਿਆ।
ਸੂਤਰਾਂ ਦਾ ਦੱਸਣਾ ਹੈ ਕਿ ਹਾਲ ਹੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਦੀ ਨਮੋਸ਼ੀ ਭਰੀ ਹਾਰ ਤੋਂ ਬਾਅਦ ਅਕਾਲੀ ਦਲ ਨੂੰ ਦਫ਼ਤਰੀ ਖਰਚਿਆਂ ਦਾ ਭਾਰ ਚੁੱਕਣਾ ਔਖਾ ਹੋਇਆ ਪਿਆ ਹੈ। ਇਸੇ ਲਈ ਸਾਬਕਾ ਤੇ ਮੌਜੂਦਾ ਵਿਧਾਇਕਾਂ ਤੇ ਸੰਸਦ ਮੈਂਬਰਾਂ ਨੂੰ ਹਿੱਸਾ ਪਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਪਾਰਟੀ ਆਗੂਆਂ ਦਾ ਇਹ ਵੀ ਦੱਸਣਾ ਹੈ ਕਿ ਇਸ ਸਮੇਂ ਚੰਦਾ ਦੇਣ ਵਾਲਿਆਂ ਦੀ ਗਿਣਤੀ 100 ਦੇ ਕਰੀਬ ਹੈ। ਇਨ੍ਹਾਂ ਵਿੱਚ ਮੌਜੂਦਾ 15 ਵਿਧਾਇਕ ਤੇ 7 ਸੰਸਦ ਮੈਂਬਰ (ਲੋਕ ਸਭਾ ਤੇ ਰਾਜ ਸਭਾ ਮੈਂਬਰ) ਸ਼ਾਮਲ ਹਨ। ਇਸ ਤਰ੍ਹਾਂ ਨਾਲ 5 ਲੱਖ ਰੁਪਏ ਦੀ ਰਾਸ਼ੀ ਸੌਖਿਆਂ ਹੀ ਇਕੱਤਰ ਕੀਤੀ ਜਾ ਸਕੇਗੀ।
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਮੌਜੂਦਾ ਤੇ ਸਾਬਕਾ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਵੱਲੋਂ ਪਾਰਟੀ ਦਫ਼ਤਰ ਚਲਾਉਣ ਲਈ ਯੋਗਦਾਨ ਪਾਉਣਾ ਸ਼ਲਾਘਾਯੋਗ ਕੰਮ ਕਿਹਾ ਜਾ ਸਕਦਾ ਹੈ ਕਿਉਂਕਿ ਇਸ ਨਾਲ ਪਾਰਟੀ ਦੇ ਸਮੂਹ ਆਗੂਆਂ ਅੰਦਰ ਦਫ਼ਤਰ ਨੂੰ ਆਪਣਾ ਸਮਝਣ ਦੀ ਭਾਵਨਾ ਆਵੇਗੀ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਦੇ ਕਹਿਣਾ ‘ਤੇ ਸਮੂਹ ਆਗੂ ਹੀ ਪਾਰਟੀ ਦਫਤਰ ਚਲਾਉਣ ਵਿਚ ਹਿੱਸਾ ਪਾਉਣਗੇ ਕਿਉਂਕਿ ਦਫ਼ਤਰ ਦਾ ਸਾਰਾ ਖ਼ਰਚਾ ਕੋਈ ਇਕੱਲਾ ਬੰਦਾ ਨਹੀਂ ਝੱਲ ਸਕਦਾ।