ਭਗਵੰਤ ਨੂੰ ਮਿਲ ਸਕਦੈ ‘ਆਪ’ ਪੰਜਾਬ ਦੀ ਪ੍ਰਧਾਨਗੀ ਦਾ ‘ਮਾਣ’

ਭਗਵੰਤ ਨੂੰ ਮਿਲ ਸਕਦੈ ‘ਆਪ’ ਪੰਜਾਬ ਦੀ ਪ੍ਰਧਾਨਗੀ ਦਾ ‘ਮਾਣ’

ਕਨਵੀਨਰ ਲਈ ਖਹਿਰਾ ਦਾ ਨਾਂ ਵੀ ਚਰਚਾ ‘ਚ
ਚੰਡੀਗੜ੍ਹ/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਨੂੰ ਆਸ ਮੁਤਾਬਕ ਸਫ਼ਲਤਾ ਨਾ ਹਾਸਲ ਹੋਣ ‘ਤੇ ‘ਰੁੱਸੇ’ ਸੰਸਦ ਮੈਂਬਰ ਭਗਵੰਤ ਮਾਨ ਨੂੰ ਮਨਾਉਣ ਲਈ ਉਸ ਨੂੰ ਪ੍ਰਧਾਨਗੀ ਦਾ ਤਾਜ ਪਹਿਨਾ ਸਕਦੇ ਹਨ। ਹਾਲਾਂਕਿ ਵਿਧਾਇਕ ਦਲ ਦੇ ਚੀਫ਼ ਵ੍ਹਿਪ ਸੁਖਪਾਲ ਖਹਿਰਾ ਵੀ ਪ੍ਰਧਾਨਗੀ ਦੇ ਅਹੁਦੇ ਲਈ ਦਾਅਵੇਦਾਰ ਦੱਸੇ ਜਾ ਰਹੇ ਹਨ।
ਸੂਤਰਾਂ ਮੁਤਾਬਕ ਜੇ ਕਿਸੇ ਹਿੰਦੂ ਚਿਹਰੇ ਨੂੰ ਪ੍ਰਧਾਨ ਬਣਾਉਣ ਦੀ ਗੱਲ ਤੁਰਦੀ ਹੈ ਤਾਂ ਸੁਨਾਮ ਦੇ ਵਿਧਾਇਕ ਅਮਨ ਅਰੋੜਾ ਨੂੰ ਸੂਬੇ ਵਿਚ ‘ਆਪ’ ਦੀ ਕਮਾਨ ਸੌਂਪੀ ਜਾ ਸਕਦੀ ਹੈ। ‘ਆਪ’ ਦੀ ਹਾਈ ਕਮਾਂਡ ਵੱਲੋਂ 8 ਮਈ ਨੂੰ ਪੰਜਾਬ ਦੀ ਪ੍ਰਮੁੱਖ ਲੀਡਰਸ਼ਿਪ ਦੀ ਦਿੱਲੀ ਵਿਚ ਇਕ ਮੀਟਿੰਗ ਸੱਦੀ ਗਈ ਹੈ, ਜਿਸ ਦੌਰਾਨ ਵੱਡੇ ਫ਼ੈਸਲੇ ਹੋਣ ਦੀਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ। ਇਸ ਮੀਟਿੰਗ ਵਿੱਚ ਪੰਜਾਬ ਦੇ ਸਾਰੇ 20 ਵਿਧਾਇਕਾਂ ਸਣੇ ਦੋ ਸੰਸਦ ਮੈਂਬਰਾਂ ਅਤੇ ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੂੰ ਸੱਦਾ ਭੇਜਿਆ ਗਿਆ ਹੈ। ‘ਆਪ’ ਦੇ ਪੰਜਾਬ ਇਕਾਈ ਦੇ ਕਨਵੀਨਰ ਗੁਰਪ੍ਰੀਤ ਵੜੈਚ ਨੇ ਮੀਟਿੰਗ ਲਈ ਸੱਦਾ ਮਿਲਣ ਦੀ ਪੁਸ਼ਟੀ ਕੀਤੀ। ਪਾਰਟੀ ਲੀਡਰਸ਼ਿਪ ਵੱਲੋਂ ਸੂਬੇ ਲਈ ਨਵਾਂ ਕਨਵੀਨਰ ਚੁਣਨ ਦੀ ਸੰਭਾਵਨਾ ਸਬੰਧੀ ਪੁੱਛੇ ਜਾਣ ‘ਤੇ ਵੜੈਚ ਨੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਪਾਰਟੀ ਜਾਣਦੀ ਹੈ ਕਿ ਸਾਬਕਾ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੂੰ ਕੱਢਣ ਤੋਂ ਬਾਅਦ ਮੁਸ਼ਕਲ ਹਾਲਤਾਂ ਵਿਚ ਉਨ੍ਹਾਂ ਕਿਵੇਂ ਪਾਰਟੀ ਨੂੰ ਇਕਮੁੱਠ ਰੱਖਣ ਲਈ ਵੱਡੀ ਘਾਲਣਾ ਘਾਲੀ ਹੈ।
ਉਨ੍ਹਾਂ ਕਿਹਾ ਕਿ ਹਾਈਕਮਾਂਡ ਨੇ ਮੀਟਿੰਗ ਦੇ ਏਜੰਡੇ ਬਾਰੇ ਭਾਵੇਂ ਕੁੱਝ ਸਪਸ਼ਟ ਨਹੀਂ ਕੀਤਾ ਪਰ ਇਸ ਦੌਰਾਨ ਪਾਰਟੀ ਵੱਲੋਂ ਭਵਿੱਖੀ  ਯੋਜਨਾਵਾਂ ‘ਤੇ ਚਰਚਾ ਕੀਤੇ ਜਾਣ ਦੀ ਸੰਭਾਵਨਾ ਹੈ। ਸੂਤਰਾਂ ਮੁਤਾਬਕ ਮਾਨ ਨੂੰ ਪਾਰਟੀ ਕਨਵੀਨਰ ਐਲਾਨੇ ਜਾਣ ਦੀ ਸੂਰਤ ਵਿਚ ਵੜੈਚ ਤਿੱਖਾ ਰੁਖ਼ ਅਪਣਾ ਸਕਦੇ ਹਨ। ਵਿਧਾਇਕ ਸੁਖਪਾਲ ਖਹਿਰਾ ਨੇ ਕਿਹਾ ਕਿ ਉਹ ਪਾਰਟੀ ਵੱਲੋਂ ਪੰਜਾਬ ਨੂੰ ਖ਼ੁਦਮੁਖ਼ਤਿਆਰ ਪ੍ਰਧਾਨ ਦਿੱਤੇ ਜਾਣ ਦੀ ਆਸ ਰੱਖਦੇ ਹਨ ਤਾਂ ਜੋ ਸਾਰਿਆਂ ਦੀ ਸਹਿਮਤੀ ਨਾਲ ਹੀ ਫ਼ੈਸਲੇ ਲਏ ਜਾ ਸਕਣ। ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਦਾ ਨਾਮ ਵੀ ਇਸ ਅਹੁਦੇ ਲਈ ਚਰਚਾ ਵਿੱਚ ਹੈ।