ਮੁਤਵਾਜ਼ੀ ਜਥੇਦਾਰਾਂ ਵੱਲੋਂ ਡੇਰਾ ਸਿਰਸਾ ਜਾਣ ਵਾਲਿਆਂ ਸਿੱਖ ਆਗੂਆਂ ਖ਼ਿਲਾਫ਼ ਸਿਆਸੀ ਬਾਈਕਾਟ ਦਾ ਹੁਕਮ

ਮੁਤਵਾਜ਼ੀ ਜਥੇਦਾਰਾਂ ਵੱਲੋਂ ਡੇਰਾ ਸਿਰਸਾ ਜਾਣ ਵਾਲਿਆਂ ਸਿੱਖ ਆਗੂਆਂ ਖ਼ਿਲਾਫ਼ ਸਿਆਸੀ ਬਾਈਕਾਟ ਦਾ ਹੁਕਮ
ਕੈਪਸ਼ਨ-ਸ੍ਰੀ ਹਰਿੰਮਦਰ ਸਾਹਿਬ ਵਿਚ ਪੁੱਜਦੇ ਹੋਏ ਮੁਤਵਾਜ਼ੀ ਜਥੇਦਾਰ ਅਮਰੀਕ ਸਿੰਘ ਅਜਨਾਲਾ, ਧਿਆਨ ਸਿੰਘ ਮੰਡ ਤੇ ਬਲਜੀਤ ਸਿੰਘ ਦਾਦੂਵਾਲ।

 

ਅੰਮ੍ਰਿਤਸਰ/ਬਿਊਰੋ ਨਿਊਜ਼ :
ਡੇਰਾ ਸਿਰਸਾ ਜਾ ਕੇ ਵੋਟਾਂ ਮੰਗਣ ਦੀ ਖਾਤਰ ਹੁਕਮਨਾਮੇ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਕਾਰਵਾਈ ਕਰਦਿਆਂ ਮੁਤਵਾਜੀ ਜਥੇਦਾਰਾਂ ਨੇ ਲਗਭਗ 40 ਸਿਆਸੀ ਆਗੂਆਂ ਖ਼ਿਲਾਫ਼ ਰਾਜਨੀਤਕ ਬਾਈਕਾਟ ਕਰਨ ਦਾ ਹੁਕਮਨਾਮਾ ਜਾਰੀ ਕੀਤਾ ਹੈ। ਉਨ੍ਹਾਂ ਨੇ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਆਖਿਆ ਕਿ ਇਨ੍ਹਾਂ ਆਗੂਆਂ ਨਾਲ ਕਿਸੇ ਵੀ ਤਰ੍ਹਾਂ ਦੀ ਰਾਜਨੀਤਕ ਸਾਂਝ ਨਾ ਰੱਖੀ ਜਾਵੇ।
ਇਹ ਹੁਕਮਨਾਮਾ ਇਥੇ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਭਾਈ ਧਿਆਨ ਸਿੰਘ ਮੰਡ, ਭਾਈ ਬਲਜੀਤ ਸਿੰਘ ਦਾਦੂਵਾਲ, ਭਾਈ ਅਮਰੀਕ ਸਿੰਘ ਅਜਨਾਲਾ ਅਤੇ ਉਨ੍ਹਾਂ ਦੇ ਦੋ ਸਾਥੀਆਂ ਭਾਈ ਜਗਮੀਤ ਸਿੰਘ ਤੇ ਭਾਈ ਮੇਜਰ ਸਿੰਘ ਵਲੋਂ ਜਾਰੀ ਕੀਤਾ ਗਿਆ ਹੈ। ਇਸ ਸਬੰਧ ਵਿਚ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਭਾਈ ਮੰਡ ਨੇ ਦੱਸਿਆ ਕਿ 17 ਮਈ 2007 ਨੂੰ ਸ੍ਰੀ ਅਕਾਲ ਤਖ਼ਤ ਤੋਂ ਹੁਕਮਨਾਮਾ ਜਾਰੀ ਹੋਇਆ ਸੀ ਕਿ ਡੇਰਾ ਸਿਰਸਾ ਦੇ ਮੁਖੀ ਨਾਲ ਕਿਸੇ ਤਰ੍ਹਾਂ ਦੀ ਸਾਂਝ ਨਾ ਰੱਖੀ ਜਾਵੇ ਪਰ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਸਿਆਸੀ ਲਾਭ ਵਾਸਤੇ ਇਸ ਹੁਕਮਨਾਮੇ ਦੀ ਉਲੰਘਣਾ ਕੀਤੀ ਹੈ। ਇਸ ਸਬੰਧ ਵਿਚ ਬਣਾਈ ਜਾਂਚ ਕਮੇਟੀ ਨੇ ਵੀ ਇਨ੍ਹਾਂ ਖਿਲਾਫ ਰਿਪੋਰਟ ਦਿੱਤੀ ਹੈ। ਇਨ੍ਹਾਂ ਨੂੰ ਆਪਣਾ ਪੱਖ ਸਪਸ਼ਟ ਕਰਨ ਲਈ ਸ੍ਰੀ ਅਕਾਲ ਤਖ਼ਤ ਤੇ ਪੇਸ਼ ਹੋਣ ਦਾ ਸਮਾਂ ਦਿੱਤਾ ਗਿਆ ਸੀ। ਪਰ ਇਹ ਨਹੀਂ ਆਏ। 30 ਮਾਰਚ ਨੂੰ ਇਨ੍ਹਾਂ ਸਾਰਿਆਂ ਨੂੰ ਤਨਖਾਹੀਆ ਕਰਾਰ ਦਿੱਤਾ ਸੀ ਅਤੇ ਇਨ੍ਹਾਂ ਖ਼ਿਲਾਫ਼ ਅਗਲੀ ਕਾਰਵਾਈ ਕਰਦਿਆਂ ਸਿੱਖ ਸੰਗਤਾਂ  ਨੂੰ ਇਨ੍ਹਾਂ ਦਾ ਸਿਆਸੀ ਬਾਈਕਾਟ ਕਰਨ ਦਾ ਹੁਕਮ ਦਿੱਤਾ ਜਾਂਦਾ ਹੈ।
ਇਸ ਦੌਰਾਨ ਮੁਤਵਾਜ਼ੀ ਜਥੇਦਾਰਾਂ ਨੇ 1 ਜੂਨ ਨੂੰ ਬਰਗਾੜੀ ਵਿਖੇ ਧਾਰਮਿਕ ਇਕੱਠ ਕਰਨ ਦਾ ਐਲਾਨ ਕੀਤਾ ਹੈ। ਇਥੇ ਦੱਸਣਯੋਗ ਹੈ ਕਿ ਇਸੇ ਮਾਮਲੇ ਵਿਚ ਸ੍ਰੀ ਅਕਾਲ ਤਖ਼ਤ ਤੋਂ ਪੰਜ ਸਿੰਘ ਸਾਹਿਬਾਨ ਵਲੋਂ ਹੁਕਮਨਾਮੇ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਲਗਭਗ 43 ਆਗੂਆਂ ਖਿਲਾਫ ਕਾਰਵਾਈ ਕੀਤੀ ਜਾ ਚੁੱਕੀ ਹੈ।
ਭਾਈ ਦਾਦੂਵਾਲ ਨੇ ਗੁਰਦੁਆਰਾ ਗਿਆਨ ਗੋਦੜੀ ਬਾਰੇ ਕਾਰਵਾਈ ਨੂੰ ਨਿਰਾ ਸਟੰਟ ਦੱਸਿਆ :
ਭਾਈ ਬਲਜੀਤ ਸਿੰਘ ਦਾਦੂਵਾਲ ਨੇ ਦਿੱਲੀ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਵਲੋਂ ਗੁਰਦੁਆਰਾ ਗਿਆਨ ਗੋਦੜੀ ਦੀ ਪ੍ਰਾਪਤੀ ਲਈ ਸਾਂਝੀ ਮੁਹਿੰਮ ਦੀ ਅਗਵਾਈ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸੌਂਪੇ ਜਾਣ ‘ਤੇ ਇਤਰਾਜ਼ ਕਰਦਿਆਂ ਆਖਿਆ ਕਿ ਇਹ ਕਾਰਵਾਈ ਕੌਮ ਵਲੋਂ ਨਕਾਰੇ ਜਥੇਦਾਰਾਂ ਨੂੰ ਆਕਸੀਜਨ ਦੇਣ ਬਰਾਬਰ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਗਿਆਨ ਗੋਦੜੀ ਦਾ 1978 ਵਿਚ ਗੰਗਾ ਘਾਟ ਦੇ ਸੁੰਦਰੀਕਰਨ ਦੇ ਨਾਂ ਹੇਠ ਨੁਕਸਾਨ ਕੀਤਾ ਗਿਆ ਸੀ। ਮਗਰੋਂ 1984 ਵਿਚ ਸਿੱਖ ਕਤਲੇਆਮ ਸਮੇਂ ਗੁਰਦੁਆਰੇ ਨੂੰ ਢਹਿ ਢੇਰੀ ਕਰ ਦਿੱਤਾ ਗਿਆ ਸੀ। ਜਿਸ ਦੀ ਥਾਂ ‘ਤੇ ਹੁਣ ਸਕਾਊਟ ਐਂਡ ਗਾਰਡ ਦਾ ਦਫ਼ਤਰ ਅਤੇ ਜਨਤਕ ਪਖਾਨਾ ਬਣਿਆ ਹੋਇਆ ਹੈ। ਉਨ੍ਹਾਂ ਨੇ ਇਸ ਮਾਮਲੇ ਵਿਚ ਹੁਣ ਕੀਤੀ ਕਾਰਵਾਈ ਨੂੰ ਸਿਆਸੀ ਸਟੰਟ ਕਰਾਰ ਦਿੱਤਾ ਅਤੇ ਸਿੱਖ ਸੰਗਤਾਂ ਨੂੰ ਗੁਰਦੁਆਰੇ ਦੀ ਮੁੜ ਉਸਾਰੀ ਲਈ ਸਹਿਯੋਗ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਦਿੱਲੀ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਨੂੰ ਵੀ ਸਹਿਯੋਗ ਦੇਣ ਲਈ ਆਖਿਆ।