ਰਾਮਚੰਦਰ ਗੁਹਾ ਨੇ ਸੀਓਏ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਰਾਮਚੰਦਰ ਗੁਹਾ ਨੇ ਸੀਓਏ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਨਵੀਂ ਦਿੱਲੀ/ਬਿਊਰੋ ਨਿਊਜ਼ :

ਪ੍ਰਸਿੱਧ ਇਤਿਹਾਸਕਾਰ ਰਾਮਚੰਦਰ ਗੁਹਾ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦਾ ਸੰਚਾਲਣ ਕਰ ਰਹੀ ਤੇ ਸੁਪਰੀਮ ਕੋਰਟ ਵੱਲੋਂ ਨਿਯੁਕਤ ਪ੍ਰਸ਼ਾਸਕਾਂ ਦੀ ਕਮੇਟੀ (ਸੀਓਏ) ਵਿਚ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸ੍ਰੀ ਗੁਹਾ ਦੇ ਵਕੀਲ ਨੇ ਸੁਪਰੀਮ ਕੋਰਟ ਨੂੰ ਜਾਣਕਾਰੀ ਦਿੱਤੀ ਕਿ ਉਨ੍ਹਾਂ 28 ਮਈ ਸੀਓਏ ਦੇ ਮੁਖੀ ਵਿਨੋਦ ਰਾਏ ਨੂੰ ਅਸਤੀਫ਼ਾ ਸੌਂਪ ਦਿੱਤਾ ਸੀ।
ਸਿਖਰ ਅਦਾਲਤ ਨੇ ਹੀ ਇਸ ਕਮੇਟੀ ਦਾ ਗਠਨ ਭਾਰਤੀ ਕ੍ਰਿਕਟ ਬੋਰਡ ਦਾ ਸੰਚਾਲਣ ਕਰਨ ਉਸ ਸਮੇਂ ਤੱਕ ਕਰਨ ਲਈ ਕੀਤਾ ਸੀ ਜਦੋਂ ਬੋਰਡ ਵਿਚ ਲੋਢਾ ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਨਹੀਂ ਕਰ ਦਿੱਤਾ ਜਾਂਦਾ। ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਗੁਹਾ ਨੇ ਅਦਾਲਤ ਤੋਂ ਉਸ ਨੂੰ ਸੀਓਏ ਦਾ ਅਹੁਦਾ ਛੱਡਣ ਦੀ ਇਜਾਜ਼ਤ ਦੇਣ ਦੀ ਅਪੀਲ ਕੀਤੀ ਹੈ। ਇਸ ਮਾਮਲੇ ‘ਤੇ 14 ਜੁਲਾਈ ਨੂੰ ਸੁਣਵਾਈ ਹੋਵੇਗੀ। ਸ੍ਰੀ ਗੁਹਾ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਸੀਓਏ ਦੀ ਅਗਵਾਈ ਕਰ ਰਹੇ ਵਿਨੋਦ ਰਾਏ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ ਹੈ। ਉਨ੍ਹਾਂ ਆਪਣੇ ਇਸ ਫ਼ੈਸਲੇ ਪਿੱਛੇ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਹੈ। ਇਸ ਮਾਮਲੇ ਵਿਚ ਸੁਪਰੀਮ ਕੋਰਟ ਦੀ ਸੁਣਵਾਈ ਮਗਰੋਂ ਹੀ ਸੀਓਏ ਗੁਹਾ ਦਾ ਅਸਤੀਫ਼ਾ ਪ੍ਰਵਾਨ ਕਰ ਸਕਦੀ ਹੈ। ਸੁਪਰੀਮ ਕੋਰਟ ਦੇ ਵਕੇਸ਼ਨ ਜੱਜ ਜਸਟਿਸ ਐਮਐਮ ਸ਼ਾਂਤਨਾਗੋਦਰ ਤੇ ਦੀਪਕ ਗੁਪਤਾ ਨੂੰ ਗੁਹਾ ਦੇ ਵਕੀਲ ਨੇ ਉਸ ਦੇ ਅਸਤੀਫ਼ੇ ਦੀ ਜਾਣਕਾਰੀ ਦਿੱਤੀ ਹੈ। ਇਤਿਹਾਸਕਾਰ ਨੇ ਸੀਓਏ ਪ੍ਰਧਾਨ ਰਾਏ ਨੂੰ 28 ਮਹੀ ਨੂੰ ਆਪਣਾ ਅਸਤੀਫ਼ਾ ਸੌਂਪਿਆ ਸੀ।
ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ 30 ਜਨਵਰੀ ਨੂੰ ਵਿਨੋਦ ਰਾਏ ਦੀ ਅਗਵਾਈ ਹੇਠ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ ਜਿਸ ਨੂੰ ਲੋਢਾ ਕਮੇਟੀ ਦੀਆਂ ਸਿਫਾਰਸ਼ਾਂ ਲਾਗੂ ਹੋਣ ਤੇ ਨਵੇਂ ਸੰਚਲਾਲਕਾਂ ਦੀ ਨਿਯੁਕਤੀ ਹੋਣ ਤੱਕ ਬੀਸੀਸੀਆਈ ਦਾ ਕੰਮਕਾਰ ਦੇਖਣੀ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਇਸ ਕਮੇਟੀ ਵਿਚ ਆਈਡੀਐਫਸੀ ਦੇ ਸੀਈਓ ਵਿਕਰਮ ਲਿਮਯੇ ਤੇ ਸਾਬਕਾ ਭਾਰਤੀ ਮਹਿਲਾ ਕਪਤਾਨ ਡਿਆਨਾ ਇਡੁਲਜੀ ਵੀ ਸ਼ਾਮਲ ਹਨ।
ਕੁੰਬਲੇ ਮਸਲਾ ਹੋ ਸਕਦਾ ਹੈ ਅਸਤੀਫੇ ਦਾ ਕਾਰਨ :
ਰਾਮਚੰਦਰ ਗੁਹਾ ਨੇ ਭਾਵੇਂ ਅਸਤੀਫ਼ੇ ਲਈ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਹੈ, ਪਰ ਇਸ ਨੂੰ ਭਾਰਤੀ ਟੀਮ ਦੇ ਕੋਚ ਦੇ ਰੂਪ ਵਿਚ ਅਨਿਲ ਕੁੰਬਲੇ ਦੇ ਭਵਿੱਖ ਨੂੰ ਲੈ ਕੇ ਜੁੜੀਆਂ ਕਿਆਸਰਾਈਆਂ ਨਾਲ ਜੋੜਿਆ ਜਾ ਸਕਦਾ ਹੈ। ਇਹ ਵੀ ਪਤਾ ਲੱਗਾ ਹੈ ਕਿ ਗੁਹਾ ਨੇ ਆਪਣੇ ਅਸਤੀਫ਼ੇ ਨੂੰ ਲੈ ਕੇ ਸੀਓਏ ਦੇ ਆਪਣੇ ਕਿਸੇ ਵੀ ਸਾਥੀ ਨਾਲ ਚਰਚਾ ਨਹੀਂ ਕੀਤੀ। ਸੀਓਏ ਦੇ ਇੱਕ ਮੈਂਬਰ ਨੇ ਦੱਸਿਆ ਕਿ ਉਸ ਨੂੰ ਗੋਹਾ ਦੇ ਅਸਤੀਫ਼ੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿਉਂਕਿ ਉਨ੍ਹਾਂ ਕਦੀ ਵੀ ਇਸ ਬਾਰੇ ਨਹੀਂ ਦੱਸਿਆ। ਉਨ੍ਹਾਂ ਨੂੰ ਮੀਡੀਆ ਰਾਹੀਂ ਹੀ ਇਸ ਦੀ ਜਾਣਕਾਰੀ ਮਿਲੀ ਹੈ। ਸੂਤਰਾਂ ਅਨੁਸਾਰ ਗੁਹਾ ਕੋਲ ਸੀਓਏ ਲਈ ਕਾਫੀ ਘੱਟ ਸਮਾਂ ਸੀ ਅਤੇ ਉਹ ਆਪਣੇ ਅਕਾਦਮਿਕ ਰੁਝੇਵਿਆਂ ਕਾਰਨ ਇਸ ਦੀਆਂ ਅੱਧੀਆਂ ਬੈਠਕਾਂ ਵਿਚ ਵੀ ਹਿੱਸਾ ਨਹੀਂ ਲੈ ਸਕੇ। ਇਸ ਤੋਂ ਇਲਾਵਾ ਉਹ ਕੁੰਬਲੇ ਨੂੰ ਲੈ ਕੇ ਚੱਲ ਰਹੀਆਂ ਕਿਆਸਰਾਈਆਂ ਤੋਂ ਖੁਸ਼ ਨਹੀਂ ਸਨ।