ਹਜ਼ਾਰਾਂ ਸਿੱਖਾਂ ਦੀਆਂ ਲਾਸ਼ਾਂ ਨੂੰ ਲਾਵਾਰਸ ਕਰਨ ਵਾਲਾ ਗਿੱਲ ਭੋਗ ਸਮੇਂ ਹੋਇਆ ਲਾਵਾਰਸ: ਖਾਲੜਾ ਮਿਸ਼ਨ

ਹਜ਼ਾਰਾਂ ਸਿੱਖਾਂ ਦੀਆਂ ਲਾਸ਼ਾਂ ਨੂੰ ਲਾਵਾਰਸ ਕਰਨ ਵਾਲਾ ਗਿੱਲ ਭੋਗ ਸਮੇਂ ਹੋਇਆ ਲਾਵਾਰਸ: ਖਾਲੜਾ ਮਿਸ਼ਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਦੇ ਬੁੱਚੜ ਕੇ.ਪੀ.ਐਸ. ਗਿੱਲ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ
ਅੰਮ੍ਰਿਤਸਰ/ ਸਿੱਖ ਸਿਆਸਤ ਬਿਊਰੋ:
ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਅਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਅਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਨੇ ਕਿਹਾ ਹੈ ਕਿ ਕੇ.ਪੀ.ਐਸ. ਗਿੱਲ ਦੇ ਭੋਗ ਸਮਾਗਮ ਦਾ ਸਿੱਖ ਪੰਥ ਅਤੇ ਮਨੁੱਖਤਾ ਦੇ ਹਾਮੀਆਂ ਵੱਲੋਂ ਬਾਈਕਾਟ ਕਰਨ ਤੋਂ ਬਾਅਦ ਸਾਬਿਤ ਹੋ ਗਿਆ ਹੈ ਕਿ ਝੂਠ ਅਤੇ ਪਾਪ ਦੀ ਆਖਿਰ ਹਾਰ ਹੁੰਦੀ ਹੈ ਇਸ ਉੱਪਰ ਜਿੰਨਾ ਮਰਜ਼ੀ ਮਲੰਮਾਂ ਚਾੜ੍ਹ ਲਿਆ ਜਾਵੇ। ਜਾਰੀ ਬਿਆਨ ‘ਚ ਕਿਹਾ ਗਿਆ ਕਿ ਗਿੱਲ ਦੇ ਭੋਗ ‘ਤੇ 50-100 ਲੋਕਾਂ ਦਾ ਪੁੱਜਣਾ ਸਾਬਿਤ ਕਰਦਾ ਹੈ ਕਿ ਕੂੜ ਸੱਚ ਨਹੀਂ ਬਣ ਸਕਦਾ ਭਾਵੇਂ ਸੌ ਘਾੜ੍ਹਤਾਂ ਘੜ੍ਹੀਆਂ ਜਾਣ।
ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਦੇ ਆਗੂਆਂ ਪਰਮਜੀਤ ਕੌਰ ਖਾਲੜਾ, ਸਤਵਿੰਦਰ ਸਿੰਘ ਪਲਾਸੌਰ, ਵਿਰਸਾ ਸਿੰਘ ਬਹਿਲਾਂ, ਸਤਵੰਤ ਸਿੰਘ ਮਾਣਕ, ਕਾਬਲ ਸਿੰਘ, ਕ੍ਰਿਪਾਲ ਸਿੰਘ ਰੰਧਾਵਾ, ਬਾਬਾ ਦਰਸ਼ਨ ਸਿੰਘ ਅਤੇ ਪ੍ਰਵੀਨ ਕੁਮਾਰ ਨੇ ਇੱਥੇ ਜਾਰੀ ਇੱਕ ਸਾਂਝੇ ਪ੍ਰੈਸ ਬਿਆਨ ‘ਚ ਕਿਹਾ ਕਿ ਗਿੱਲ ਅਤੇ ਦਿੱਲੀ ਦਰਬਾਰ ਸਿੱਖ ਜਵਾਨੀ ਨੂੰ ਅੱਤਵਾਦੀ ਅਤੇ ਵੱਖਵਾਦੀ ਆਖ ਕੇ ਭੰਡਦਾ ਰਹੇ ਪਰ ਖੁਦ ਪੰਜਾਬ ਦੇ ਲੋਕਾਂ ਤੋਂ ਮੂੰਹ ਛਿਪਾਉਂਦੇ ਫਿਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਭਾਈ ਜੁਗਰਾਜ ਸਿੰਘ ਉਰਫ ਤੁਫਾਨ ਸਿੰਘ ਦੇ ਸ਼ਹੀਦੀ ਸਮਾਗਮ ਵਿੱਚ ਲੱਖਾਂ ਸਿੱਖ ਅਤੇ ਹਿੰਦੂ ਪਹੁੰਚੇ ਪਰ ਹਿੰਦੁਸਤਾਨ ਦੀ ਪਾਰਲੀਮੈਂਟ ਨੇ ਮੰਨਿਆ ਕਿ ਭਾਈ ਜੁਗਰਾਜ ਸਿੰਘ ਦੇ ਸ਼ਹੀਦੀ ਸਮਾਗਮ ਉੱਪਰ ਪੰਜਾਹ ਹਜ਼ਾਰ ਤੋਂ ਉੱਪਰ ਲੋਕ ਹਾਜ਼ਰ ਸਨ।
ਉਨ੍ਹਾਂ ਕਿਹਾ ਕਿ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਸ਼ਹੀਦ ਕਰਕੇ ਉਨ੍ਹਾਂ ਦੀਆਂ ਲਾਸ਼ਾਂ ਲਾਵਾਰਿਸ ਕਰਾਰ ਦੇਣ ਵਾਲਾ ਗਿੱਲ ਅੱਜ ਦਿੱਲੀ ਵਿੱਚ ਭੋਗ ਸਮਾਗਮ ਮੌਕੇ ‘ਤੇ ਲਵਾਰਿਸ ਬਣਿਆ ਨਜ਼ਰ ਆ ਰਿਹਾ ਸੀ। ਉਨ੍ਹਾਂ ਕਿਹਾ ਕਿ ਗਿੱਲ ਦੇ ਭੋਗ ਅਤੇ ਹਾਜ਼ਰੀ ਨੇ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ਅਤੇ ਦੇਸ਼ ਦੇ ਲੋਕ ਸਰਕਾਰੀ ਅੱਤਵਾਦ ਤੇ ਜੰਗਲ ਰਾਜ ਦੇ ਹਾਮੀ ਨਹੀਂ ਉਹ ਕਾਨੂੰਨ ਦੇ ਰਾਜ ਤੇ ਹਲੇਮੀ ਰਾਜ ਦੇ ਹਾਮੀ ਹਨ। ਉਨ੍ਹਾਂ ਕਿਹਾ ਕਿ ਕੈਪਟਨ ਨੇ ਗਿੱਲ ਦੇ ਭੋਗ ‘ਤੇ ਪਹੁੰਚ ਕੇ ਆਪਣਾ ਪਿਆਰਾ ਮਿੱਤਰ ਦੱਸ ਕੇ ਸਿੱਖ ਪੰਥ ਨਾਲ ਦੁਸ਼ਮਣੀ ਕਮਾਈ ਹੈ।
ਉੇਨ੍ਹਾਂ ਕਿਹਾ ਕਿ ਜੇਕਰ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਗਿੱਲ-ਕੈਪਟਨ ਯਾਰੀ ਦਾ ਪਤਾ ਲੱਗ ਜਾਂਦਾ ਤਾਂ ਅੱਜ ਕੈਪਟਨ ਪੰਜਾਬ ਦਾ ਮੁੱਖ ਮੰਤਰੀ ਨਾ ਹੁੰਦਾ। ਪੰਜਾਬ ਦੇ ਲੋਕਾਂ ਨੂੰ ਤਾਂ ਬਾਦਲ-ਗਿੱਲ ਯਾਰੀ ਦਾ ਹੀ ਪਤਾ ਸੀ ਜਿਸ ‘ਤੇ ਬਾਦਲ ਦਲ ਅੱਜ ਚੁੱਪ ਰਹਿ ਕੇ ਪਹਿਰੇਦਾਰੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਤਖਤਾਂ ਦੇ ਜੱਥੇਦਾਰਾਂ ਨੂੰ ਗਿੱਲ ਦੇ ਨਵੇਂ ਅਤੇ ਪੁਰਾਣੇ ਯਾਰਾਂ ਨੂੰ ਅਕਾਲ ਤਖਤ ਸਾਹਿਬ ‘ਤੇ ਸੱਦਣਾ ਚਾਹੀਦਾ ਹੈ ਜੋ ਗਿੱਲ ਦੇ ਚੰਗੇ ਕੰਮਾਂ ਦਾ ਵੇਰਵਾ ਦੇ ਸਕਣ। ਯਾਦ ਰੱਖਣ ਯੋਗ ਹੈ ਕਿ ਬੰਦੇ ਦੇ ਚੰਗੇ-ਮੰਦੇ ਕੰਮਾਂ ਦਾ ਲੇਖਾ ਮਰਨ ਤੋਂ ਬਾਅਦ ਉਸਦੀਆਂ ਅੰਤਿਮ ਰਸਮਾਂ ‘ਤੇ ਜੁੜੀ ਹਾਜ਼ਰੀ ਤੋਂ ਹੀ ਹੁੰਦਾ ਹੈ.