ਕੈਨੇਡੀਅਨ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਖ਼ਿਲਾਫ਼ ਬੇਭਰੋਸਗੀ ਮਤਾ ਰੱਦ

ਕੈਨੇਡੀਅਨ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਖ਼ਿਲਾਫ਼ ਬੇਭਰੋਸਗੀ ਮਤਾ ਰੱਦ

ਟੋਰਾਂਟੋ/ਬਿਊਰੋ ਨਿਊਜ਼ :
ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਉਸ ਵਕਤ ਭਾਰੀ ਰਾਹਤ ਮਿਲੀ ਜਦ ਵਿਰੋਧੀ ਧਿਰ ਵਲੋਂ ਪਾਰਲੀਮੈਂਟ ਦੇ ਹਾਊਸ ਆਫ ਕਾਮਨਜ਼ (ਲੋਕ ਸਭਾ) ਵਿੱਚ ਲਿਆਂਦਾ ਗਿਆ ਬੇਭਰੋਸਗੀ ਮਤਾ ਬਹੁ-ਗਿਣਤੀ ਸੰਸਦ ਮੈਂਬਰਾਂ ਨੇ ਵੋਟਾਂ ਪਾ ਕੇ ਰੱਦ ਕਰ ਦਿੱਤਾ। ਬਹੁਮਤ ਪ੍ਰਾਪਤ ਸੱਤਾਧਾਰੀ ਲਿਬਰਲ ਪਾਰਟੀ ਦੇ (ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਮੇਤ) 171 ਸੰਸਦ ਮੈਂਬਰਾਂ ਨੇ ਡੱਟ ਕੇ ਸ. ਸੱਜਣ ਦਾ ਸਾਥ ਦਿੱਤਾ ਜਦਕਿ ਕੰਜ਼ਰਵੇਟਿਵ ਪਾਰਟੀ ਦੇ ਜੇਮਜ਼ ਬੇਜ਼ਨ ਨੇ ਮਤਾ ਲਿਆਂਦਾ ਸੀ, ਜਿਸ ਦੀ ਨਿਊ ਡੈਮੋਕਰੇਟਿਕ ਪਾਰਟੀ ਨੇ ਹਮਾਇਤ ਕੀਤੀ ਸੀ। ਮਤੇ ਦੇ ਹੱਕ ਵਿੱਚ ਕੁਲ 122 ਵੋਟਾਂ ਪਈਆਂ ਜਦਕਿ ਸ. ਸੱਜਣ ਅਤੇ ਲਿਬਰਲ ਪਾਰਟੀ ਦੇ ਹੱਕ ਵਿੱਚ ਗਰੀਨ ਪਾਰਟੀ ਅਤੇ ਆਜ਼ਾਦ ਸੰਸਦ ਮੈਂਬਰ ਭੁਗਤੇ। ਬੀਤੀ 18 ਅਪ੍ਰੈਲ ਨੂੰ ਨਵੀਂ ਦਿੱਲੀ ਵਿਖੇ ਭਾਸ਼ਣ ਦਿੰਦੇ ਸਮੇਂ ਸ. ਸੱਜਣ 2006 ਵਿਚ ਅਫਗਾਨਿਸਤਾਨ ਵਿੱਚ ਤਾਲਿਬਾਨਾਂ ਖਿਲਾਫ ਕੀਤੇ ਗਏ ਫੌਜੀ ਅਪ੍ਰੇਸ਼ਨ ਦੌਰਾਨ ਨਿਭਾਈ ਆਪਣੀ ਭੂਮਿਕਾ ਨੂੰ ਵਧਾ-ਚੜ੍ਹਾ ਕੇ ਪੇਸ਼ ਕਰ ਗਏ ਸਨ ਜਿਸ ਮਗਰੋਂ ਉਨ੍ਹਾਂ ਨੂੰ ਕੈਨੇਡਾ ਦੀ ਪਾਰਲੀਮੈਂਟ ਵਿੱਚ ਵਿਰੋਧੀ ਧਿਰ ਦੇ ਤਿੱਖੇ ਤੇਵਰਾਂ ਦਾ ਸਾਹਮਣਾ ਬਣਿਆ ਹੋਇਆ ਹੈ।