ਖ਼ਾਲਸਾ ਪੰਥ ਲਈ ਨਮੋਸ਼ੀ ਤੇ ਹਾਰ ਦੇ ਪਲ

ਖ਼ਾਲਸਾ ਪੰਥ ਲਈ ਨਮੋਸ਼ੀ ਤੇ ਹਾਰ ਦੇ ਪਲ

ਭਾਈ ਪੰਥਪ੍ਰੀਤ ਦੇ ਵਿਰੋਧ ਦੌਰਾਨ ਲੱਥੀਆਂ ਪੱਗਾਂ
ਫਰੈਂਕਫਰਟ ਦੇ ਗੁਰੂ ਘਰ ‘ਚ ਬੂਟਾਂ ਤੇ ਹਥਿਆਰਾਂ ਨਾਲ ਦਾਖ਼ਲ ਹੋਈ ਪੁਲੀਸ
ਇਟਲੀ ਦੀ ਅਦਾਲਤ ਨੇ ਕਿਰਪਾਨ ਪਹਿਣਨ ‘ਤੇ ਲਾਈ ਪਾਬੰਦੀ
ਗਿਆਨੀ ਗੁਰਬਚਨ ਸਿੰਘ ਬੋਲੇ-ਆਪਣੇ ਹੀ ਕਰ ਰਹੇ ਕਾਨੂੰਨੀ ਲੜਾਈ ਕਮਜ਼ੋਰ
ਚੰਡੀਗੜ੍ਹ/ਬਿਊਰੋ ਨਿਊਜ਼ :
ਖ਼ਾਲਸਾ ਪੰਥ ਲਈ ਪਿਛਲੇ ਦੋ ਦਿਨ ਨਮੋਸ਼ੀ ਤੇ ਹਾਰ ਭਰੇ ਸਿੱਧ ਹੋਏ ਹਨ। ਇਕ ਪਾਸੇ ਫਰੈਂਕਫਰਟ ਵਿਚ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਦਾ ਵਿਰੋਧ ਕਰਦਿਆਂ ਦੋ ਧੜੇ ਆਪੋ-ਵਿਚੀਂ ਭਿੜ ਗਏ, ਜਿਸ ਕਾਰਨ ਨਾ ਸਿਰਫ਼ ਉਨ੍ਹਾਂ ਦੀਆਂ ਦਸਤਾਰਾਂ ਜ਼ਮੀਨ ‘ਤੇ ਰੁਲੀਆਂ, ਸਗੋਂ ਗੁਰੂ ਘਰ ਵਿਚ ਪੁਲੀਸ ਬੂਟਾਂ ਤੇ ਹਥਿਆਰਾਂ ਨਾਲ ਦਾਖ਼ਲ ਹੋ ਗਈ। ਦੂਜੇ ਪਾਸੇ ਵਿਦੇਸ਼ਾਂ ਵਿਚ ਆਪਣੇ ਕਕਾਰਾਂ ਤੇ ਦਸਤਾਰ ਦੀ ਲੜਾਈ ਲੜ ਰਹੇ ਸਿੱਖਾਂ ਨੂੰ ਉਸ ਵੇਲੇ ਹਾਰ ਦਾ ਸਾਹਮਣਾ ਕਰਨਾ ਪਿਆ ਜਦੋਂ ਇਟਲੀ ਦੀ ਸੁਪਰੀਮ ਕੋਰਟ ਨੇ ਸਿੱਖਾਂ ਦੇ ਜਨਤਕ ਥਾਂ ‘ਤੇ ਕਿਰਪਾਨ ਪਹਿਣਨ ‘ਤੇ ਪਾਬੰਦੀ ਲਾ ਦਿੱਤੀ। ਇਨ੍ਹਾਂ ਦੋਹਾਂ ਘਟਨਾਵਾਂ ਨੇ ਸਿੱਖ ਮਨਾਂ ਨੂੰ ਭਾਰੀ ਠੇਸ ਪਹੁੰਚਾਈ ਹੈ। ਜਦੋਂ ਵਿਦੇਸ਼ਾਂ ਵਿਚ ਗੁਰੂ ਘਰਾਂ ‘ਚ ਆਪਣਿਆਂ ਖ਼ਿਲਾਫ਼ ਹੀ ਕਿਰਪਾਨਾਂ ਲਹਿਰਾਈਆਂ ਜਾਣਗੀਆਂ ਤਾਂ ਉਥੋਂ ਦੀਆਂ ਸਰਕਾਰਾਂ ਕਿਰਪਾਨ ਦੀ ਅਹਿਮੀਅਤ ਨੂੰ ਕਿਵੇਂ ਸਮਝ ਸਕਦੀਆਂ ਹਨ। ਅੱਜ ਜਦੋਂ ਪੂਰੀ ਦੁਨੀਆ ਵਿਚ ਸਿੱਖਾਂ ਦੀ ਵੱਖਰੀ ਪਛਾਣ ਲਈ ਜਾਗਰੂਕਤਾ ਦੀਆਂ ਵੱਡੀਆਂ ਮੁਹਿੰਮਾਂ ਵਿੱਢੀਆਂ ਜਾ ਰਹੀਆਂ ਹਨ, ਉਥੇ ਆਪਸੀ ਮਤਭੇਦਾਂ ਨਾਲ ਆਪਣੀ ਦਿਖ ਨੂੰ ਖ਼ੁਦ ਹੀ ਧੁੰਦਲਾ ਕੀਤਾ ਜਾ ਰਿਹਾ ਹੈ। ਤਰਕ ਤੇ ਵਿਚਾਰਾਂ ਦੀ ਸਾਂਝ ਪਾਉਣ ਦੀ ਥਾਂ ਸਿੱਖਾਂ ਦਾ ਅਕਸ ਖ਼ਰਾਬ ਕੀਤਾ ਜਾ ਰਿਹਾ ਹੈ।
ਜਰਮਨੀ ਦੇ ਫਰੈਂਕਫਰਟ ਸ਼ਹਿਰ ਦੇ ਗੁਰਦੁਆਰਾ ਸਿੱਖ ਸੈਂਟਰ ਵਿੱਚ ਸਿੱਖਾਂ ਦੇ ਦੋ ਧੜਿਆਂ ਵਿੱਚ ਹੋਈ ਝੜਪ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇਸ ਮਾਮਲੇ ਦੀ ਜਾਂਚ ਕਰਾਉਣ ਅਤੇ ਦੋਵਾਂ ਧਿਰਾਂ ਨੂੰ ਅਕਾਲ ਤਖ਼ਤ ‘ਤੇ ਤਲਬ ਕਰਨ ਦਾ ਫ਼ੈਸਲਾ ਕੀਤਾ ਹੈ। ਜਥੇਦਾਰ ਨੇ ਗੁਰਦੁਆਰੇ ਵਿੱਚ ਸਿੱਖਾਂ ਦੇ ਆਪਸੀ ਟਕਰਾਅ ਦੀ ਘਟਨਾ ਨੂੰ ਨਿੰਦਣਯੋਗ ਅਤੇ ਮੰਦਭਾਗੀ ਦੱਸਿਆ ਹੈ। ਇਸ ਘਟਨਾ ਨੇ ਸਿੱਖੀ ਨੂੰ ਸ਼ਰਮਸਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ ਵਿੱਚ ਸਿੱਖਾਂ ਅਤੇ ਸਿੱਖੀ ਨੂੰ ਜਿੱਥੇ ਮਾਣ ਸਤਿਕਾਰ ਮਿਲ ਰਿਹਾ ਹੈ, ਉਥੇ ਸਿੱਖ ਭਾਈਚਾਰਾ ਆਪਸ ਵਿੱਚ ਲੜ ਕੇ ਇਕ ਦੂਜੇ ਦੀਆਂ ਦਸਤਾਰਾਂ ਉਤਾਰ ਰਿਹਾ ਹੈ। ਉਨ੍ਹਾਂ ਕਿਹਾ ਕਿ ਯੂਰਪ ਵਿੱਚ ਜਿੱਥੇ ਸਿੱਖ ਪਹਿਲਾਂ ਹੀ ਦਸਤਾਰ ਦੇ ਮੁੱਦੇ ‘ਤੇ ਕਾਨੂੰਨੀ ਲੜਾਈ ਲੜ ਰਹੇ ਹਨ, ਉਥੇ ਦਸਤਾਰ ਦੀ ਬੇਅਦਬੀ ਕਰਨਾ ਅਤਿ ਮੰਦਭਾਗਾ ਹੈ। ਇਸ ਨਾਲ ਕਾਨੂੰਨੀ ਲੜਾਈ ਕਮਜ਼ੋਰ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਮਸਲੇ ਦਾ ਮਿਲ ਬੈਠ ਕੇ ਹੱਲ ਹੋ ਸਕਦਾ ਸੀ, ਪਰ ਕੁਝ ਲੋਕਾਂ ਨੇ ਆਪਣੀ ਜ਼ਿੱਦ ਪੁਗਾਉਣ ਲਈ ਸਿੱਖ ਕੌਮ ਨੂੰ ਨੀਵਾਂ ਕੀਤਾ ਹੈ।
ਜਥੇਦਾਰ ਨੇ ਦੱਸਿਆ ਕਿ ਗੁਰਦੁਆਰਾ ਸਿੱਖ ਸੈਂਟਰ ਵਿੱਚ ਭਾਈ ਪੰਥਪ੍ਰੀਤ ਸਿੰਘ ਦੇ ਕਥਾ ਕੀਰਤਨ ਦਾ ਪ੍ਰੋਗਰਾਮ ਸੀ। ਇਸ ਸਬੰਧੀ ਅਕਾਲ ਤਖ਼ਤ ‘ਤੇ ਪਹਿਲਾਂ ਹੀ ਕਈ ਇਤਰਾਜ਼ ਪੁੱਜੇ ਸਨ, ਜਿਸ ਬਾਰੇ ਕੀਰਤਨੀਏ ਨੂੰ ਸੱਦਾ ਦੇਣ ਵਾਲੀ ਦੂਜੀ ਧਿਰ ਨੂੰ ਜਾਣੂ ਕਰਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਝਗੜੇ ਦੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ਵਿੱਚ ਦਸਤਾਰਾਂ ਦੀ ਬੇਅਦਬੀ ਅਤੇ ਪੁਲੀਸ ਦੇ ਗੁਰਦੁਆਰੇ ਵਿੱਚ ਬੂਟਾਂ ਸਮੇਤ ਦਾਖ਼ਲ ਹੋਣ ਦਾ ਪਤਾ ਲਗਦਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਦੋਵਾਂ ਧਿਰਾਂ ਨੂੰ ਅਕਾਲ ਤਖ਼ਤ ‘ਤੇ ਤਲਬ ਕਰਕੇ ਮਾਮਲੇ ਦੀ ਪੜਤਾਲ ਕਰਾਈ ਜਾਵੇਗੀ।

ਫਰੈਂਕਫਰਟ ਦੇ ਗੁਰੂ ਘਰ ‘ਚ ਦਸਤਾਰਾਂ ਦੀ ਬੇਅਦਬੀ :
ਭਾਈ ਪੰਥਪ੍ਰੀਤ ਸਿੰਘ ਫਰੈਂਕਫਰਟ ਸਥਿਤ ਗੁਰਦੁਆਰਾ ਸਿੱਖ ਸੈਂਟਰ ਵਿੱਚ ਕਥਾ ਕੀਰਤਨ ਲਈ ਪੁੱਜੇ ਤਾਂ ਉਥੇ ਦੋ ਧੜਿਆਂ ਵਿਚਾਲੇ ਟਕਰਾਅ ਹੋ ਗਿਆ। ਨਾਅਰੇਬਾਜ਼ੀ ਦੌਰਾਨ ਦੋਵਾਂ ਧਿਰਾਂ ਨੇ ਅਪਸ਼ਬਦ ਵਰਤੇ ਅਤੇ ਦਸਤਾਰਾਂ ਦੀ ਬੇਅਦਬੀ ਹੋਈ। ਗੁਰਦੁਆਰੇ ਵਿੱਚ ਪਹਿਲਾਂ ਤੋਂ ਮੌਜੂਦ ਪੁਲੀਸ ਨੇ ਭਾਈ ਪੰਥਪ੍ਰੀਤ ਨੂੰ ਘੇਰੇ ਵਿੱਚ ਲਿਆ ਅਤੇ ਗੁਰਦੁਆਰੇ ਲੈ ਗਈ। ਪੁਲੀਸ ਨੇ ਦਖ਼ਲ ਦੇ ਕੇ ਲੜਾਈ ਰੋਕੀ। ਮਗਰੋਂ ਭਾਈ ਪੰਥਪ੍ਰੀਤ ਸਿੰਘ ਨੇ ਪੁਲੀਸ ਦੀ ਸੁਰੱਖਿਆ ਵਿੱਚ ਕਥਾ ਕੀਰਤਨ ਕੀਤਾ। ਇਸ ਦੌਰਾਨ ਕੁਝ ਨੌਜਵਾਨਾਂ ਨੇ ਵਿਘਨ ਪਾਉਣ ਦਾ ਯਤਨ ਕੀਤਾ। ਪੁਲੀਸ ਬੂਟਾਂ ਅਤੇ ਹਥਿਆਰਾਂ ਸਮੇਤ ਦਰਬਾਰ ਹਾਲ ਵਿੱਚ ਦਾਖਲ ਹੋਈ ਤੇ ਵਿਘਨ ਪਾਉਣ ਵਾਲੇ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ।

ਭਾਈ ਪੰਥਪ੍ਰੀਤ ਸਿੰਘ ‘ਤੇ ਹਮਲੇ ਦੀ ਗੁਰਦੁਆਰਾ ਸਿੰਘ ਸਭਾ ਫਰਿਜ਼ਨੋ ਤੇ ਪੀਸੀਏ ਵੱਲੋਂ ਨਿੰਦਾ
ਫਰਿਜ਼ਨੋ/ਕੁਲਵੰਤ ਧਾਲੀਆਂ/ਨੀਟਾ ਮਾਛੀਕੇ :
ਤੱਤ ਗੁਰਮਤਿ ਨਾਲ ਸਬੰਧਤ ਸਿੱਖ ਪ੍ਰਚਾਰਕਾਂ ‘ਤੇ ਲਗਾਤਾਰ ਹੋ ਰਹੇ ਹਮਲਿਆਂ ਨੂੰ ਲੈ ਕੇ ਗੁਰਦੁਆਰਾ ਸਿੰਘ ਸਭਾ ਫਰਿਜ਼ਨੋ ਤੇ ਪੀਸੀਏ ਨੇ ਡਾਢੀ ਚਿੰਤਾ ਪ੍ਰਗਟ ਕੀਤੀ ਹੈ ਅਤੇ ਪਿਛਲੇ ਦਿਨੀਂ ਫਰੈਂਕਫੋਰਡ ਜਰਮਨੀ ਵਿੱਚ ਭਾਈ ਪੰਥਪ੍ਰੀਤ ‘ਤੇ ਹੋਏ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਪੀਸੀਏ ਅਤੇ ਗੁਰਦੁਆਰਾ ਸਿੰਘ ਸਭਾ ਫਰਿਜ਼ਨੋ ਨੇ ਸਾਂਝੇ ਤੌਰ ‘ਤੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਸਾਡੇ ਮਾਰਗ ਦਰਸ਼ਨ ਹਨ, ਜਿਹੜਾ ਵੀ ਪ੍ਰਚਾਰਕ ਗੁਰੂ ਗ੍ਰੰਥ ਸਹਿਬ ਜੀ ਦੀ ਬਾਣੀ ਨੂੰ ਆਧਾਰ ਬਣਾ ਕੇ ਕਥਾ ਕਰਦਾ ਹੈ ਅਤੇ ਜਿਹਦੇ ਵਿਚਾਰ ਗੁਰੂ ਗ੍ਰੰਥ ਸਹਿਬ ਦੀ ਕਸਵੱਟੀ ‘ਤੇ ਪੂਰੇ ਉਤਰਦੇ ਹਨ, ਉਸ ਪ੍ਰਚਾਰਕ ਦਾ ਵਿਰੋਧ ਕਰਨ ਵਾਲੇ ਅਖੌਤੀ ਸਿੱਖ ਅਸਲ ਵਿੱਚ ਗੁਰੂ ਗ੍ਰੰਥ ਸਹਿਬ ਤੋਂ ਮੂੰਹ ਫੇਰ ਕੇ ਏਜੰਸੀਆਂ ਦੇ ਮਨਸੂਬਿਆਂ ਨੂੰ ਆਪ ਕਾਮਯਾਬ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਵੇਂ ਜਿਵੇਂ ਆਧੁਨਿਕ ਯੁਗ ਵਿੱਚ ਸਿੱਖ ਜਾਗਰੁਕ ਹੋ ਰਿਹਾ ਹੈ, ਤਿਵੇਂ ਤਿਵੇਂ ਝੂਠੀਆਂ ਕਹਾਣੀਆਂ ਸੁਣਾ ਕੇ ਲੁੱਟਣ ਵਾਲੇ ਬੂਬਣਿਆਂ ਦਾ ਤੋਰੀ ਫੁਲਕਾ ਬੰਦ ਹੋ ਰਿਹਾ ਹੈ। ਅੱਜ ਜਿਹੜਾ ਵੀ ਪ੍ਰਚਾਰਕ ਨਿਰੋਲ ਗੁਰੂ ਸਿਧਾਂਤ ਦੀ ਗੱਲ ਕਰਦਾ, ਉਹ ਪਾਖੰਡੀ ਡੇਰੇਦਾਰਾਂ ਤੋਂ ਬਰਦਾਸ਼ਤ ਨਹੀਂ ਹੁੰਦਾ ਤੇ ਕੁਝ ਕੁ ਏਜੰਸੀਆਂ ਦੇ ਬੰਦੇ ਆਪਣੇ ਕੂੜ ਪ੍ਰਚਾਰ ਕਾਰਨ ਸੰਗਤਾਂ ਨੂੰ ਗੁੰਮਰਾਹ ਕਰਕੇ ਸ਼ਬਦ ਗੁਰੂ ਦੀ ਵਿਆਖਿਆ ਕਰਨ ਵਾਲੇ ਪ੍ਰਚਾਰਕਾਂ ਖ਼ਿਲਾਫ਼ ਸੰਗਤਾਂ ਨੂੰ ਭੜਕਾ-ਕੇ ਜੋ ਮਾਹੌਲ ਬਣਾ ਰਹੇ ਹਨ, ਇਹ ਸੰਗਤ ਨੂੰ ਵੰਡਣ ਲਈ ਬਹੁਤ ਘਾਤਕ ਸਿੱਧ ਹੋਵੇਗਾ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਿੰਘ ਸਭਾ ਦੀ ਸੰਗਤ ਅਤੇ ਪੀਸੀਏ ਪਹਿਲਾਂ ਵੀ ਤੱਤ ਗੁਰਮਿਤ ਪ੍ਰਚਾਰਕਾਂ ਨਾਲ ਖੜ੍ਹਦੇ ਆਏ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਡੱਟ ਕੇ ਖੜ੍ਹਨਗੇ।