ਜੀਐਸਟੀ : ਸਿੱਖਿਆ ਤੇ ਸਿਹਤ ਸੇਵਾਵਾਂ ਪਹਿਲਾਂ ਵਾਂਗ ਟੈਕਸ ਮੁਕਤ ਹੋਣਗੀਆਂ

ਜੀਐਸਟੀ : ਸਿੱਖਿਆ ਤੇ ਸਿਹਤ ਸੇਵਾਵਾਂ ਪਹਿਲਾਂ ਵਾਂਗ ਟੈਕਸ ਮੁਕਤ ਹੋਣਗੀਆਂ

ਜ਼ਿਆਦਾਤਰ ਸੇਵਾਵਾਂ ਮਹਿੰਗੀਆਂ ਹੋਣਗੀਆਂ; ਏ. ਸੀ. ਰੇਲ ਟਿਕਟ ‘ਤੇ 5% ਟੈਕਸ, ਰੇਸਤਰਾਂ ‘ਚ ਖਾਣਾ 17% ਮਹਿੰਗਾ ਹੋਵੇਗਾ
ਇਕਾਨਮੀ ਹਵਾਈ ਸਫ਼ਰ ਹੋਵੇਗਾ ਰਤਾ ਕੁ ਸਸਤਾ
ਮੈਟਰੋ, ਲੋਕਲ ਰੇਲ, ਹੱਜ ਸਣੇ ਸਾਰੀਆਂ ਧਾਰਮਿਕ ਯਾਤਰਾਵਾਂ ਨੂੰ ਟੈਕਸ ਛੋਟ ਜਾਰੀ

ਕੈਪਸ਼ਨ-ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਸ੍ਰੀਨਗਰ ਵਿੱਚ ਜੀਐੱਸਟੀ ਮੀਟਿੰਗ ਤੋਂ ਬਾਅਦ ਪ੍ਰੈੱਸ ਕਾਨਫਰੰਸ ਲਈ ਪੁੱਜਦੇ ਹੋਏ। 

ਸ੍ਰੀਨਗਰ/ਬਿਊਰੋ ਨਿਊਜ਼ :
ਭਾਰਤ ਵਿੱਚ ਨਵੇਂ ਲਾਗੂ ਹੋ ਰਹੇ ਕਰ ਢਾਂਚੇ ਜੀਐਸਟੀ (ਵਸਤਾਂ ਤੇ ਸੇਵਾਵਾਂ ਕਰ) ਵਿੱਚ ਸਿੱਖਿਆ ਤੇ ਸਿਹਤ ਨੂੰ ਕਰ ਛੋਟ ਜਾਰੀ ਰਹੇਗੀ। ਇਸ ਵਿੱਚ ਵਸਤਾਂ ਤੇ ਸੇਵਾਵਾਂ ਲਈ ਟੈਕਸ ਦੀਆਂ ਚਾਰ ਵੱਖ-ਵੱਖ ਦਰਾਂ 5, 12, 18 ਤੇ 28 ਫ਼ੀਸਦੀ ਤੈਅ ਕੀਤੀਆਂ ਗਈਆਂ ਹਨ। ਸਭ ਤੋਂ ਘੱਟ ਦਰ 5 ਫ਼ੀਸਦੀ ਵਿੱਚ ਰੱਖੀਆਂ ਗਈਆਂ ਸੇਵਾਵਾਂ ਵਿੱਚ ਇਕਾਨਮੀ ਵਰਗ ਦੀ ਹਵਾਈ ਯਾਤਰਾ ਸਮੇਤ ਟਰਾਂਸਪੋਰਟ ਵੀ ਸ਼ਾਮਲ ਹੈ। ਜਦੋਂਕਿ ਬਿਜ਼ਨਸ ਕਲਾਸ ਹਵਾਈ ਸੇਵਾ ਸਣੇ ਟੈਲੀਕਾਮ, ਬੀਮਾ ਅਤੇ ਅਖ਼ਬਾਰੀ ਇਸ਼ਤਿਹਾਰਾਂ ਲਈ ਵੱਧ ਟੈਕਸ ਦੇਣਾ ਪਵੇਗਾ।
ਆਗਾਮੀ ਪਹਿਲੀ ਜੁਲਾਈ ਤੋਂ ਅਮਲ ਵਿੱਚ ਆ ਰਹੇ ਇਸ ਕਰ ਨਿਜ਼ਾਮ ਲਈ ਤਾਕਤਵਰ ਜੀਐਸਟੀ ਕੌਂਸਲ ਨੇ ਹੁਣ ਤੱਕ ਕਰੀਬ ਸਾਰੀਆਂ ਵਸਤਾਂ ਤੇ ਸੇਵਾਵਾਂ ਲਈ ਕਰ ਦਰਾਂ ਨੂੰ ਅੰਤਿਮ ਰੂਪ ਦੇ ਦਿੱਤਾ ਹੈ ਤੇ ਸੋਨੇ ਸਮੇਤ ਕੁਝ ਗਿਣੀਆਂ-ਚੁਣੀਆਂ ਵਸਤਾਂ ਦੀ ਦਰ ਹੀ ਤੈਅ ਹੋਣੀ ਬਾਕੀ ਹੈ। ਇਥੇ ਜੀਐਸਟੀ ਕੌਂਸਲ ਦੀ ਦੋ-ਰੋਜ਼ਾ ਮੀਟਿੰਗ ਦੀ ਸਮਾਪਤੀ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਕੌਂਸਲ ਦੇ ਮੁਖੀ ਤੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਦੱਸਿਆ ਕਿ ਟੈਲੀਕਾਮ ਤੇ ਵਿੱਤੀ ਸੇਵਾਵਾਂ ‘ਤੇ ਇਕਸਾਰ ਮਿਆਰੀ ਦਰ 18 ਫ਼ੀਸਦੀ ‘ਤੇ ਕਰ ਵਸੂਲਿਆ ਜਾਵੇਗਾ। ਸੇਵਾਵਾਂ ਲਈ ਤੈਅ ਕੀਤੀਆਂ ਦਰਾਂ ਬੀਤੇ ਦਿਨ ਵਸਤਾਂ ਲਈ ਮਿਥੀਆਂ ਦਰਾਂ ਦੀ ਸੇਧ ਵਿੱਚ ਹੀ ਹਨ।
ਟਰਾਂਸਪੋਰਟ ਸੇਵਾਵਾਂ ਉਤੇ ਪੰਜ ਫ਼ੀਸਦੀ ਕਰ ਲੱਗੇਗਾ। ਇਹ ਦਰ ਓਲਾ ਤੇ ਊਬਰ ਵਰਗੀਆਂ ਟੈਕਸੀ ਸੇਵਾਵਾਂ ਸਣੇ ਇਸ ਵਕਤ ਛੇ ਫ਼ੀਸਦੀ ਟੈਕਸ ਵਾਲੀਆਂ ਸੇਵਾਵਾਂ (ਜਿਵੇਂ ਇਕਾਨਮੀ ਹਵਾਈ ਸਫ਼ਰ) ਉਤੇ ਵੀ ਲਾਗੂ ਹੋਵੇਗੀ। ਗ਼ੈਰ ਏਸੀ ਰੇਲ ਸੇਵਾ ਨੂੰ ਕਰ ਤੋਂ ਛੋਟ ਹੋਵੇਗੀ ਪਰ ਏਸੀ ਰੇਲ ਟਿਕਟਾਂ ਉਤੇ ਪੰਜ ਫ਼ੀਸਦੀ ਕਰ ਦੇਣਾ ਪਵੇਗਾ। ਮਾਲ ਸਕੱਤਰ ਹਸਮੁਖ ਅਧੀਆ ਨੇ ਕਿਹਾ ਕਿ ਮੈਟਰੋ, ਲੋਕਲ ਰੇਲ ਸੇਵਾਵਾਂ ਅਤੇ ਹੱਜ ਸਣੇ ਧਾਰਮਿਕ ਯਾਤਰਾਵਾਂ ਨੂੰ ਵੀ ਜੀਐਸਟੀ ਤੋਂ ਛੋਟ ਹੋਵੇਗੀ। ਇਕਾਨਮੀ ਹਵਾਈ ਯਾਤਰਾ ‘ਤੇ ਪੰਜ ਫ਼ੀਸਦੀ ਤੇ ਬਿਜ਼ਨਸ ਕਲਾਸ ‘ਤੇ 12 ਫ਼ੀਸਦੀ ਟੈਕਸ ਲੱਗੇਗਾ। ਸ੍ਰੀ ਜੇਤਲੀ ਨੇ ਕਿਹਾ ਕਿ ਗ਼ੈਰ ਏਸੀ ਰੈਸਟੋਰੈਟਾਂ ਦੇ ਖਾਣੇ ਦੇ ਬਿਲ ਉਤੇ 12 ਫ਼ੀਸਦੀ, ਏਸੀ ਰੈਸਟੋਰੈਟਾਂ ਸਣੇ ਸ਼ਰਾਬ ਵਰਤਾਉਣ ਵਾਲੇ ਰੈਸਟੋਰੈਟਾਂ ਉਤੇ 18 ਫ਼ੀਸਦੀ ਅਤੇ ਪੰਜ-ਤਾਰਾ ਹੋਟਲਾਂ ਉਤੇ 28 ਫ਼ੀਸਦੀ ਟੈਕਸ ਦਰ ਹੋਵੇਗੀ। ਜਿਨ੍ਹਾਂ ਰੈਸਟੋਰੈਂਟਾਂ ਦਾ ਸਾਲਾਨਾ ਕਾਰੋਬਾਰ 50 ਲੱਖ ਰੁਪਏ ਜਾਂ ਘੱਟ ਹੋਵੇਗਾ, ਉਹ ਪੰਜ ਫ਼ੀਸਦੀ ਕਰ ਘੇਰੇ ਵਿੱਚ ਆਉਣਗੇ। ਕੰਧਾਂ ਨੂੰ ਸਫ਼ੈਦੀ ਕਰਨ ਵਰਗੇ ਕੰਮ ਦੇ ਠੇਕੇ 12 ਫ਼ੀਸਦੀ ਦੇ ਘੇਰੇ ਵਿਚ ਆਉਣਗੇ। ਰੋਜ਼ਾਨਾ 1000 ਰੁਪਏ ਤੱਕ ਕਿਰਾਇਆ ਵਸੂਲਣ ਵਾਲੇ ਹੋਟਲ ਤੇ ਲਾਜ ਕਰ ਮੁਕਤ ਰਹਿਣਗੇ ਪਰ 1000 ਤੋਂ 2000 ਰੁਪਏ ਤੱਕ ਕਿਰਾਏ ਉਤੇ 12 ਫ਼ੀਸਦੀ, ਜਦੋਂਕਿ 2500 ਤੋਂ 5000 ਤੱਕ ਲਈ 18 ਫ਼ੀਸਦੀ ਤੇ 5000 ਤੋਂ ਵੱਧ ਲਈ 28 ਫ਼ੀਸਦੀ ਕਰ ਲੱਗੇਗਾ।
ਮਨੋਰੰਜਨ ਕਰ ਵੀ ਜੀਐਸਟੀ ਵਿੱਚ ਮਿਲ ਜਾਵੇਗਾ ਅਤੇ ਸਿਨਮਾ ਸੇਵਾਵਾਂ ਉਤੇ 28 ਫ਼ੀਸਦੀ ਕਰ ਲੱਗੇਗਾ। ਇਹੋ ਦਰ ਰੇਸ ਕੋਰਸ ਵਿੱਚ ਜੂਏਬਾਜ਼ੀ ਤੇ ਸੱਟੇਬਾਜ਼ੀ ਉਤੇ ਵੀ ਲਾਗੂ ਹੋਵੇਗੀ। ਸਿਨਮੇ ਲਈ ਤਜਵੀਜ਼ਤ ਦਰਾਂ ਭਾਵੇਂ ਇਸ ਸਮੇਂ ਜਾਰੀ 40 ਤੋਂ 55 ਫ਼ੀਸਦੀ ਮਨੋਰੰਜਟ ਟੈਕਸ ਤੋਂ ਘੱਟ ਹੋਣਗੀਆਂ, ਪਰ ਇਸ ਦੇ ਬਾਵਜੂਦ ਸਿਨਮਾ ਟਿਕਟਾਂ ਸਸਤੀਆਂ ਹੋਣ ਦੇ ਆਸਾਰ ਨਹੀਂ ਹਨ, ਕਿਉਂਕਿ ਰਾਜਾਂ ਨੂੰ ਸਿਨਮੇ ਉਤੇ ਸਥਾਨਕ ਕਰ ਲਾਉਣ ਦਾ ਅਖ਼ਤਿਆਰ ਹੈ। ਲਾਟਰੀ ਉਤੇ ਕੋਈ ਟੈਕਸ ਨਹੀਂ ਲੱਗੇਗਾ।
ਸ੍ਰੀ ਜੇਤਲੀ ਨੇ ਦੱਸਿਆ ਕਿ ਸੋਨੇ ਸਣੇ ਹੋਰ ਕੀਮਤੀ ਧਾਤਾਂ ਲਈ ਕਰ ਦਰਾਂ ਜੀਐਸਟੀ ਕੌਂਸਲ ਦੀ ਆਗਾਮੀ 3 ਜੂਨ ਨੂੰ ਹੋਣ ਵਾਲੀ ਅਗਲੀ ਮੀਟਿੰਗ ਵਿੱਚ ਤੈਅ ਕੀਤੀਆਂ ਜਾਣਗੀਆਂ। ਦੱਸਣਯੋਗ ਹੈ ਕਿ ਮੀਟਿੰਗ ਦੌਰਾਨ ਮੁੱਖ ਤੌਰ ‘ਤੇ ਸੇਵਾਵਾਂ ਦੀਆਂ ਟੈਕਸ ਦਰਾਂ ਉਤੇ ਵਿਚਾਰ ਕੀਤੀ ਗਈ। ਸ੍ਰੀ ਜੇਤਲੀ ਨੇ ਕਿਹਾ ਕਿ ਜੀਐਸਟੀ ਕਾਰਨ ਕੁੱਲ ਮਿਲਾ ਕੇ ਮਹਿੰਗਾਈ ਨਹੀਂ ਵਧੇਗੀ। ਈ-ਕਾਮਰਸ ਕੰਪਨੀਆਂ ਜਿਵੇਂ ਫਲਿਪਕਾਰਟ ਤੇ ਸਨੈਪਡੀਲ ਆਦਿ ਨੂੰ ਸਪਲਾਇਰਾਂ ਨੂੰ ਅਦਾਇਗੀ ਕਰਦੇ ਸਮੇਂ ਇਕ ਫ਼ੀਸਦੀ ਟੀਸੀਐਸ (ਟੈਕਸ ਕੁਲੈਕਟਿਡ ਐਟ ਸੋਰਸ) ਕੱਟਣਾ ਹੋਵੇਗਾ।