ਮੋਦੀ ਦੀ ਹਕੂਮਤ ‘ਚ ਮਨੁੱਖੀ ਅਧਿਕਾਰਾਂ ਦੀ ‘ਹਜਾਮਤ’

ਮੋਦੀ ਦੀ ਹਕੂਮਤ ‘ਚ ਮਨੁੱਖੀ ਅਧਿਕਾਰਾਂ ਦੀ ‘ਹਜਾਮਤ’

ਮਨੁੱਖੀ ਢਾਲ ਬਣਾਉਣ ਵਾਲੇ ਮੇਜਰ ਨੂੰ ਐਵਾਰਡ
ਭਗਵੀਂ ਬ੍ਰਿਗੇਡ ਦੇ ‘ਫ਼ੌਜੀ’ ਪਰੇਸ਼ ਰਾਵਲ ਦੀ ਬੇਲਗ਼ਾਮ ਜ਼ੁਬਾਨ-ਅਰੁੰਧਤੀ ਨੂੰ ਬੰਨ੍ਹਿਆ ਜਾਵੇ ਜੀਪ ਨਾਲ
ਨਵੀਂ ਦਿੱਲੀ/ਬਿਊਰੋ ਨਿਊਜ਼ :
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਜੰਮੂ-ਕਸ਼ਮੀਰ ਵਿਚ ਹਾਲਾਤ ਸੁਧਾਰਨ ਦੀ ਬਜਾਏ ਹੋਰ ਵੀ ਵਿਗਾੜਨ ਦੇ ਰਾਹ ਤੁਰ ਪਈ ਹੈ। ਜਿਹੜੀ ਫ਼ੌਜ ਨੂੰ ਭਾਰਤ ਦੀਆਂ ਸਰਹੱਦਾਂ ‘ਤੇ ਤਾਇਨਾਤ ਕਰਕੇ ਸੁਰੱਖਿਆ ਯਕੀਨੀ ਬਣਾਈ ਜਾਣੀ ਸੀ, ਉਸੇ ਫ਼ੌਜ ਨੂੰ ਆਪਣੇ ਹੀ ਲੋਕਾਂ ‘ਤੇ ‘ਤਾਕਤ’ ਵਰਤਣ ਦੀ ਪੂਰੀ ਖੁੱਲ੍ਹ ਦਿੱਤੀ ਜਾ ਰਹੀ ਹੈ। ਤੇ ਜੇਕਰ ਕੋਈ ਇਸ ਦਾ ਵਿਰੋਧ ਕਰਦਾ ਹੈ ਤਾਂ ਇਸ ਦੀ ਭਗਵੀਂ ਬ੍ਰਿਗੇਡ ਦੇ ‘ਫ਼ੌਜੀ’ ਅਣਮਨੁੱਖੀ ਵਤੀਰਾ ਅਪਣਾਉਂਦੇ ਹੋਏ, ਉਨ੍ਹਾਂ ‘ਤੇ ਸ਼ਬਦੀ ਵਾਣ ਚਲਾ ਰਹੇ ਹਨ। ਉਂਜ ਇਹ ਵਰਤਾਰਾ ਪਹਿਲੀ ਵਾਰ ਦੇਖਣ ਨੂੰ ਨਹੀਂ ਮਿਲਿਆ। ਮੋਦੀ ਦੀ ਭਗਵੀਂ ਬ੍ਰਿਗੇਡ ਰਾਸ਼ਟਰਵਾਦ ਦੇ ਨਾਂ ‘ਤੇ ਲੋਕਾਂ ‘ਤੇ ਸ਼ਰੇਆਮ ਜ਼ੁਲਮ ਕਰਦੇ ਆ ਰਹੇ ਹਨ। ਇਸ ਦੇ ਅਖੌਤੀ ਗਊ ਰੱਖਿਅਕ ਤਾਂ ਲੋਕਾਂ ਦੀ ਜਾਨ ਤਕ ਲੈ ਰਹੇ ਹਨ ਪਰ ਬੜਬੋਲੇ ਪ੍ਰਧਾਨ ਮੰਤਰੀ ਚੁੱਪ ਹਨ।
ਤਾਜ਼ਾ ਮਾਮਲੇ ਵਿਚ ਜਿੱਥੇ ਮਨੁੱਖੀ ਢਾਲ ਬਣਾਉਣ ਵਾਲੇ ਫ਼ੌਜੀ ਜਵਾਨ ਨੂੰ ਸਨਮਾਨਿਤ ਕੀਤਾ ਗਿਆ ਹੈ, ਉਥੇ ਫ਼ੌਜ ਦੀਆਂ ਗ਼ਲਤ ਕਾਰਵਾਈਆਂ ਦਾ ਵਿਰੋਧ ਕਰਨ ਵਾਲੀ ਲੇਖਿਕਾ ਅਰੁੰਧਤੀ ਰਾਏ ਖ਼ਿਲਾਫ਼ ਅਦਾਕਾਰ ਤੇ ਭਾਜਪਾ ਆਗੂ ਪਰੇਸ਼ ਰਾਵਲ ਨੂੰ ਜ਼ਹਿਰ ਉਗਲਿਆ ਗਿਆ ਹੈ। ਫ਼ੌਜੀ ਜਵਾਨ ਦਾ ਸਨਮਾਨ ਕਰਕੇ, ਉਨ੍ਹਾਂ ਦੀਆਂ ਵਾਗਾਂ ਹੋਰ ਖੋਲ੍ਹ ਦਿੱਤੀਆਂ ਗਈਆਂ ਹਨ ਕਿ ਉਹ ਜਿੰਨਾ ਮਰਜ਼ੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰ ਸਕਦੇ ਹਨ।
ਜ਼ਿਕਰਯੋਗ ਹੈ ਕਿ ਕਸ਼ਮੀਰ ਵਿਚ ਵਿਅਕਤੀ ਨੂੰ ਜੀਪ ਅੱਗੇ ਬੰਨ੍ਹ ਕੇ ਮਨੁੱਖੀ ਢਾਲ ਬਣਾਉਣ ਵਾਲੇ ਮੇਜਰ ਐਲ ਗੋਗੋਈ ਨੂੰ ਥਲ ਸੈਨਾ ਦੇ ਮੁਖੀ ਜਨਰਲ ਬਿਪਿਨ ਰਾਵਤ ਵੱਲੋਂ ਦਹਿਸ਼ਤੀ ਕਾਰਵਾਈਆਂ ਖ਼ਿਲਾਫ਼ ਮੁਹਿੰਮ ਵਿਚ ਯੋਗਦਾਨ ਲਈ ‘ਸ਼ਲਾਘਾਯੋਗ ਪੱਤਰ’ ਨਾਲ ਸਨਮਾਨਿਤ ਕੀਤਾ ਗਿਆ ਹੈ। ਪੱਥਰਬਾਜ਼ਾਂ ਦੇ ਟਾਕਰੇ ਲਈ ਜੀਪ ਮੂਹਰੇ ਮਨੁੱਖੀ ਢਾਲ ਬਣਾਉਣ ਵਾਲੇ ਮੇਜਰ ਖ਼ਿਲਾਫ਼ ਕੋਰਟ ਆਫ਼ ਇੰਕੁਆਇਰੀ ਵੀ ਚਲ ਰਹੀ ਹੈ ਅਤੇ ਗੋਗੋਈ ਨੂੰ ਜਨਰਲ ਰਾਵਤ ਨੇ ਹੁਣੇ ਜਿਹੇ ਜੰਮੂ-ਕਸ਼ਮੀਰ ਦੇ ਦੌਰੇ ਮੌਕੇ ਸਨਮਾਨਿਤ ਕੀਤਾ।
ਉਧਰ ਭਾਜਪਾ ਸੰਸਦ ਮੈਂਬਰ ਪਰੇਸ਼ ਰਾਵਲ ਵੱਲੋਂ ਲੇਖਿਕਾ ਅਰੁੰਧਤੀ ਰਾਏ ਖ਼ਿਲਾਫ਼ ਕੀਤੀ ਗਈ ਟਿੱਪਣੀ ਨਾਲ ਉਨ੍ਹਾਂ ਦੀ ਆਲੋਚਨਾ ਹੋ ਰਹੀ ਹੈ। ਭਾਜਪਾ ਅਤੇ ਵਾਦੀ ਵਿਚ ਫ਼ੌਜੀ ਕਾਰਵਾਈ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੀ ਅਰੁੰਧਤੀ ਰਾਏ ‘ਤੇ ਨਜ਼ਲਾ ਝਾੜਦਿਆਂ ਅਦਾਕਾਰ ਅਤੇ ਸਿਆਸਤਦਾਨ ਪਰੇਸ਼ ਰਾਵਲ ਨੇ ਟਵੀਟ ਕਰ ਕੇ ਕਿਹਾ ਕਿ ਪੱਥਰ ਸੁੱਟਣ ਵਾਲੇ ਨੌਜਵਾਨ ਦੀ ਬਜਾਏ ਫ਼ੌਜ ਦੀ ਜੀਪ ਨਾਲ ਅਰੁੰਧਤੀ ਨੂੰ ਬੰਨ੍ਹਿਆ ਜਾਣਾ ਚਾਹੀਦਾ ਹੈ। ਪਿਛਲੇ ਦਿਨੀਂ ਕਸ਼ਮੀਰ ਵਿਚ ਸੁਰੱਖਿਆ ਬਲਾਂ ਨੇ ਪੱਥਰਬਾਜ਼ਾਂ ਨਾਲ ਟਾਕਰੇ ਲਈ ‘ਮਨੁੱਖੀ ਢਾਲ’ ਵਜੋਂ ਇਕ ਨੌਜਵਾਨ ਨੂੰ ਜੀਪ ਨਾਲ ਬੰਨ੍ਹ ਦਿੱਤਾ ਸੀ ਅਤੇ ਇਸੇ ਦਾ ਹਵਾਲਾ ਦੇ ਕੇ ਪਰੇਸ਼ ਰਾਵਲ ਨੇ ਅਰੁੰਧਤੀ ਖ਼ਿਲਾਫ਼ ਭੜਾਸ ਕੱਢੀ ਹੈ। ਪਰੇਸ਼ ਦੇ ਟਵੀਟ ਦੀ ਸੋਸ਼ਲ ਮੀਡੀਆ ‘ਤੇ ਨਿਖੇਧੀ ਹੋ ਰਹੀ ਹੈ ਅਤੇ ਕਈਆਂ ਨੇ ਉਸ ਨੂੰ ਹਿੰਸਾ ਭੜਕਾਉਣ ਵਾਲਾ ਕਰਾਰ ਦਿੱਤਾ ਹੈ। ਜਦੋਂ ਇਕ ਹਮਾਇਤੀ ਨੇ ਸੁਝਾਅ ਦਿੱਤਾ ਕਿ ਬੁੱਕਰ ਪੁਰਸਕਾਰ ਜੇਤੂ ਲੇਖਕ ਦੀ ਬਜਾਏ ਇਕ ਮਹਿਲਾ ਪੱਤਰਕਾਰ ਨਾਲ ਉਕਤ ਵਤੀਰਾ ਕੀਤਾ ਜਾਣਾ ਚਾਹੀਦਾ ਹੈ ਤਾਂ ਰਾਵਲ ਨੇ ਕਿਹਾ ਕਿ ਅਜਿਹੇ ਕਈ ਲੋਕ ਹਨ ਜਿਨ੍ਹਾਂ ਨਾਲ ਇੰਜ ਕੀਤਾ ਜਾਣਾ ਬਣਦਾ ਹੈ। ਕਾਂਗਰਸ ਜਨਰਲ ਸਕੱਤਰ ਦਿਗਵਿਜੇ ਸਿੰਘ ਨੇ ਭਾਜਪਾ ‘ਤੇ ਵਰ੍ਹਦਿਆਂ ਕਿਹਾ, ”ਕਿਉਂ ਨਹੀਂ ਅਜਿਹੇ ਵਿਅਕਤੀ ਨੂੰ ਬੰਨ੍ਹਿਆ ਜਾਵੇ ਜਿਸ ਨੇ ਪੀਡੀਪੀ-ਭਾਜਪਾ ਗਠਜੋੜ ਬਣਾਇਆ।” ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਪਰੇਸ਼ ਰਾਵਲ ਦੇ ਟਵੀਟ ਤੋਂ ਪਾਰਟੀ ਨੂੰ ਵੱਖ ਕਰ ਲਿਆ ਅਤੇ ਕਿਹਾ ਕਿ ਹਿੰਸਕ ਸੁਨੇਹੇ ਦੀ ਭਾਜਪਾ ਕਦੇ ਹਮਾਇਤ ਨਹੀਂ ਕਰੇਗੀ।