ਨਸ਼ਾ ਤਸਕਰੀ ਦੇ ਮੁਲਜ਼ਮ ਇੰਸਪੈਕਟਰ ਇੰਦਰਜੀਤ ਸਿੰਘ ਦੀਆਂ ਕੈਨੇਡਾ ਨਾਲ ਜੁੜੀਆਂ ਤਾਰਾਂ

ਨਸ਼ਾ ਤਸਕਰੀ ਦੇ ਮੁਲਜ਼ਮ ਇੰਸਪੈਕਟਰ ਇੰਦਰਜੀਤ ਸਿੰਘ ਦੀਆਂ ਕੈਨੇਡਾ ਨਾਲ ਜੁੜੀਆਂ ਤਾਰਾਂ

ਵੈਨਕੂਵਰ/ਬਿਊਰੋ ਨਿਊਜ਼ :
ਨਸ਼ਾ ਤਸਕਰੀ ਸਮੇਤ ਕਈ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਪੁਲੀਸ ਦੇ ਇੰਸਪੈਕਟਰ ਇੰਦਰਜੀਤ ਸਿੰਘ ਤੋਂ ਸਖ਼ਤੀ ਨਾਲ ਕੀਤੀ ਜਾ ਰਹੀ ਪੁੱਛ-ਗਿੱਛ ਨੇ ਉਤਰੀ ਅਮਰੀਕਾ ਨਾਲ ਜੁੜਦੀਆਂ ਉਸ ਦੀਆਂ ਤਾਰਾਂ ਦੇ ਫਿਊਜ਼ ਉਡਾ ਕੇ ਕੰਬਣੀ ਛੇੜੀ ਹੋਈ ਹੈ। ਉਸ ਦੇ ਨੇੜਲੇ ਪੁਲੀਸ ਅਫ਼ਸਰ ਦੀ ਫੋਟੋ ਸੋਸ਼ਲ ਮੀਡੀਆ ਉਤੇ ਸਾਂਝੀ ਕੀਤੀ ਜਾ ਰਹੀ ਹੈ। ਇਥੋਂ ਦੇ ਕੁਝ ਵਿਅਕਤੀ ਪੰਜਾਬ ‘ਚ ਆਪਣੀਆਂ ਜ਼ਮੀਨਾਂ ਕੌਡੀਆਂ ਦੇ ਭਾਅ ਲਿਖਵਾ ਲਏ ਜਾਣ ਤੋਂ ਦੁਖੀ ਸਨ। ਪੀੜਤਾਂ ਨੂੰ ਹੁਣ ਪਤਾ ਲਗ ਰਿਹਾ ਹੈ ਕਿ ਜਿਨ੍ਹਾਂ ਤੋਂ ਜ਼ਮੀਨ ਦੇ ਨਾਜਾਇਜ਼ ਕਬਜ਼ੇ ਛੁਡਵਾਉਣ ਲਈ ਉਨ੍ਹਾਂ ਮਦਦ ਲਈ ਸੀ, ਉਨ੍ਹਾਂ ਲੋਕਾਂ ਵਲੋਂ ਹੀ ਜ਼ਮੀਨ ਕੌਡੀਆਂ ਦੇ ਭਾਅ ਲਿਖਵਾ ਲਈ ਗਈ। ਇਹ ਪੀੜਤ ਹੁਣ ਕਾਨੂੰਨੀ ਮਦਦ ਦੀ ਉਮੀਦ ਲੈ ਕੇ ਵਤਨ ਪਹੁੰਚ ਰਹੇ ਹਨ ਤਾਂ ਜੋ ਜਾਂਚ ਏਜੰਸੀਆਂ ਕੋਲ ਇੰਦਰਜੀਤ ਸਿੰਘ ਦਾ ਚਿੱਠਾ ਖੋਲ੍ਹਿਆ ਜਾ ਸਕੇ। ਜਾਣਕਾਰੀ ਅਨੁਸਾਰ ਸੋਸ਼ਲ ਮੀਡੀਆ ‘ਤੇ ਪੰਜਾਬ ਪੁਲੀਸ ਦੇ ਅਫ਼ਸਰਾਂ ਨਾਲ ਜਨਤਕ ਹੋ ਰਹੀਆਂ ਤਸਵੀਰਾਂ ਵਾਲੇ ਬੰਦਿਆਂ ਵਲੋਂ ਆਪਣੇ ਪੰਜਾਬ ਵਿਚਲੇ ਸੂਤਰਾਂ ਨੂੰ ਮਾਮਲਾ ਉਥੇ ਹੀ ਨਿਪਟਾਉਣ ਲਈ ਆਖਿਆ ਜਾ ਰਿਹਾ ਹੈ। ਪੁਲੀਸ ਅਫ਼ਸਰ ਦੀ ਫੋਟੋ ਇਥੋਂ ਦੇ ਇੱਕ ਕਥਿਤ ਸਮਾਜ ਸੇਵੀ ਨਾਲ ਜਨਤਕ ਹੋ ਰਹੀ ਹੈ ਅਤੇ ਜਾਂਚ ਟੀਮ ਨੇ ਉਸ ਨੂੰ ਘੇਰੇ ‘ਚ ਲਿਆ ਹੋਇਆ ਹੈ।
ਇੰਦਰਜੀਤ ਸਿੰਘ ਦੇ ਪੁਲੀਸ ਰਿਮਾਂਡ ‘ਚ ਵਾਧਾ:
ਪੰਜਾਬ ਪੁਲੀਸ ਦੀ ਵਿਸ਼ੇਸ਼ ਟਾਸਕ ਫੋਰਸ (ਐਸਟੀਐਫ਼) ਵਲੋਂ ਸਰਹੱਦੀ ਜ਼ਿਲ੍ਹਾ ਤਰਨ ਤਾਰਨ ਵਿਚ ਨਸ਼ਾ ਤਸਕਰਾਂ ਦੀ ਮਦਦ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਜ਼ਿਲ੍ਹਾ ਸੀਆਈਏ ਸਟਾਫ਼ ਦੇ ਇੰਸਪੈਕਟਰ ਇੰਦਰਜੀਤ ਸਿੰਘ ਅਤੇ ਸਾਥੀ ਥਾਣੇਦਾਰ ਅਜਾਇਬ ਸਿੰਘ ਨੂੰ ਸੱਤ ਦਿਨ ਦਾ ਪਹਿਲਾਂ ਦਿੱਤਾ ਪੁਲੀਸ ਰਿਮਾਂਡ ਖ਼ਤਮ ਹੋਣ ‘ਤੇ ਦੁਬਾਰਾ ਮੁਹਾਲੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਇੰਸਪੈਕਟਰ ਇੰਦਰਜੀਤ ਸਿੰਘ ਨੂੰ 26 ਜੂਨ ਅਤੇ ਥਾਣੇਦਾਰ ਅਜਾਇਬ ਸਿੰਘ ਨੂੰ 22 ਜੂਨ ਤੱਕ ਮੁੜ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ। ਇਸ ਤੋਂ ਪਹਿਲਾਂ ਦੋਵਾਂ ਦਾ ਸਰਕਾਰੀ ਹਸਪਤਾਲ ਵਿਚ ਮੈਡੀਕਲ ਕਰਵਾਇਆ ਗਿਆ। ਅਦਾਲਤ ਵਿਚ ਮੁਲਜ਼ਮਾਂ ਨੂੰ ਲੈ ਕੇ ਪੇਸ਼ ਹੋਏ ਐਸਟੀਐਫ਼ ਦੇ ਏਆਈਜੀ ਮੁਖਵਿੰਦਰ ਸਿੰਘ ਭੁੱਲਰ ਅਤੇ ਐਸਪੀ ਰਜਿੰਦਰ ਸਿੰਘ ਸੋਹਲ ਨੇ ਮੁਲਜ਼ਮਾਂ ਦੇ ਪੁਲੀਸ ਰਿਮਾਂਡ ਵਿਚ ਵਾਧੇ ਦੀ ਮੰਗ ਕਰਦਿਆਂ ਅਦਾਲਤ ਨੂੰ ਦੱਸਿਆ ਕਿ ਮੁਲਜ਼ਮ ਇੰਸਪੈਕਟਰ ਇੰਦਰਜੀਤ ਸਿੰਘ ਦੇ ਬੈਂਕ ਖ਼ਾਤਿਆਂ ਦੀ ਜਾਂਚ ਤੋਂ ਇਲਾਵਾ ਉਸ ਦੀ ਨਾਮੀ ਅਤੇ ਬੇਨਾਮੀ ਜਾਇਦਾਦ ਬਾਰੇ ਪਤਾ ਲਾਉਣਾ ਹੈ। ਇਸ ਤੋਂ ਇਲਾਵਾ ਮੁਲਜ਼ਮਾਂ ਕੋਲੋਂ ਨਸ਼ਾ ਤਸਕਰੀ ਦੇ ਮਾਮਲਿਆਂ ਸਬੰਧੀ ਹੋਰ ਪੁੱਛ-ਪੜਤਾਲ ਕਰਨੀ ਬਾਕੀ ਹੈ। ਇਨ੍ਹਾਂ ਦੇ ਹੋਰ ਸਾਥੀਆਂ ਬਾਰੇ ਪਤਾ ਕਰਨਾ ਹੈ। ਉਧਰ, ਬਚਾਅ ਪੱਖ ਦੇ ਵਕੀਲਾਂ ਨੇ ਪੁਲੀਸ ਰਿਮਾਂਡ ਦਾ ਵਿਰੋਧ ਕਰਦਿਆਂ ਅਦਾਲਤ ਨੂੰ ਦੱਸਿਆ ਕਿ ਇੰਸਪੈਕਟਰ ਇੰਦਰਜੀਤ ਸਿੰਘ ਅਤੇ ਏਐਸਆਈ ਅਜਾਇਬ ਸਿੰਘ ਪਿਛਲੇ ਇਕ ਹਫ਼ਤੇ ਤੋਂ ਪੁਲੀਸ ਹਿਰਾਸਤ ਵਿਚ ਹਨ ਅਤੇ ਜਾਂਚ ਟੀਮ ਮੁਲਜ਼ਮਾਂ ਕੋਲੋਂ ਲੋੜੀਂਦੀ ਪੁੱਛ-ਪੜਤਾਲ ਕਰ ਚੁੱਕੀਆਂ ਹਨ ਅਤੇ ਸਾਮਾਨ ਦੀ ਬਰਾਮਦਗੀ ਵੀ ਹੋ ਚੁੱਕੀ ਹੈ। ਲਿਹਾਜ਼ਾ ਹੁਣ ਪੁਲੀਸ ਰਿਮਾਂਡ ਦੀ ਕੋਈ ਤੁੱਕ ਨਹੀਂ ਬਣਦੀ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮੁਲਜ਼ਮ ਇੰਸਪੈਕਟਰ ਇੰਦਰਜੀਤ ਸਿੰਘ ਨੂੰ 26 ਜੂਨ ਅਤੇ ਥਾਣੇਦਾਰ ਅਜਾਇਬ ਸਿੰਘ ਨੂੰ 22 ਜੂਨ ਤੱਕ ਮੁੜ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ।