ਕੈਪਟਨ ਸਰਕਾਰ ਦੇ ਪਹਿਲੇ ਬੱਜਟ ‘ਚ ਲੋਕ ਲੁਭਾਊ ਤਜਵੀਜ਼ਾਂ

ਕੈਪਟਨ ਸਰਕਾਰ ਦੇ ਪਹਿਲੇ ਬੱਜਟ ‘ਚ ਲੋਕ ਲੁਭਾਊ ਤਜਵੀਜ਼ਾਂ

ਮਨਪ੍ਰੀਤ ਬਾਦਲ ਖੇਤੀ ਵਲੋਂ ਖੇਤਰ ਲਈ 65.77 ਫੀਸਦੀ ਦਾ ਵਾਧਾ 
ਕਿਸਾਨਾਂ, ਨੌਜਵਾਨਾਂ, ਦਲਿਤਾਂ ਤੇ ਬਜ਼ੁਰਗਾਂ ਤੇ ਹੋਰਨਾਂ ਨੂੰ ਰਿਆਇਤਾਂ 
ਪਰਵਾਸੀ ਭਾਰਤੀਆਂ ਦੀਆਂ ਸ਼ਿਕਾਇਤਾਂ ਦੇ ਨਿਬੇੜੇ ਲਈ ਲੋਕ ਪਾਲ 
ਕਾਇਮ ਕਰਨ ਲਈ ਨਵਾਂ ਕਾਨੂੰਨ ਲਿਆਉਣ ਦਾ ਐਲਾਨ
ਚੰਡੀਗੜ੍ਹ/ਬਿਊਰੋ ਨਿਊਜ਼:
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਪਲੇਠਾ ਬਜਟ ਪੇਸ਼ ਕਰਦਿਆਂ ਸੂਬੇ ਦੇ ਕਿਸਾਨਾਂ, ਨੌਜਵਾਨਾਂ, ਦਲਿਤਾਂ, ਪਛੜੇ ਵਰਗਾਂ, ਬਜ਼ੁਰਗਾਂ ਆਦਿ ਨੂੰ ਕੁਝ ਰਿਆਇਤਾਂ ਦੇਣ ਦਾ ਐਲਾਨ ਕੀਤਾ ਹੈ। ਰਾਜ ਵਿਧਾਨ ਸਭਾ ਵਿੱਚ ਮੰਗਲਵਾਰ ਨੂੰ ਪੇਸ਼ ਕੀਤਾ ਬਜਟ ਜ਼ਾਹਰਾ ਤੌਰ ‘ਤੇ ਤਾਂ ਲੋਕ ਲੁਭਾਊ ਹੈ, ਪਰ ਨਾਲ ਹੀ ਸਰਕਾਰੀ ਖ਼ਰਚਿਆਂ ਤੇ ਵਸੀਲਿਆਂ ਬਾਰੇ ਸਵਾਲ ਵੀ ਖੜ੍ਹੇ ਕਰਦਾ ਹੈ। ਮਾਲੀ ਸਾਲ 2017-18 ਦੇ 118237.90 ਕਰੋੜ ਰੁਪਏ ਦੇ ਕੁੱਲ ਬਜਟ ਵਿੱਚ ਮਾਲੀ ਖ਼ਰਚੇ 105514.84 ਕਰੋੜ ਰੁਪਏ ਦੇ ਹਨ। ਇਸ ਤਰ੍ਹਾਂ 14784.87 ਕਰੋੜ ਰੁਪਏ ਦਾ ਮਾਲੀ ਘਾਟਾ ਦਿਖਾਇਆ ਗਿਆ ਹੈ, ਜੋ ਪਿਛਲੇ ਸਾਲ 11362.02 ਕਰੋੜ ਰੁਪਏ ਸੀ। ਰਾਜਕੋਸ਼ੀ ਘਾਟਾ 23092.10 ਕਰੋੜ ਰੁਪਏ ਹੋਵੇਗਾ, ਜੋ ਜੀਐਸਡੀਪੀ (ਕੁੱਲ ਘਰੇਲੂ ਪੈਦਾਵਾਰ) ਦਾ 4.96 ਫ਼ੀਸਦੀ ਬਣਦਾ ਹੈ। ਸਰਕਾਰ ਵੱਲੋਂ 12819 ਕਰੋੜ ਰੁਪਏ ਦਾ ਕਰਜ਼ਾ ਲਿਆ ਜਾਣਾ ਹੈ।
ਇਨ੍ਹਾਂ ਤੱਥਾਂ ਤੋਂ ਇਹ ਵੀ ਸਾਫ਼ ਹੈ ਕਿ ਕਰਜ਼ਾ ਲੈ ਕੇ ਵੀ ਖ਼ਰਚ ਤੇ ਆਮਦਨ ਦਾ ਖੱਪਾ ਪੂਰਾ ਨਹੀਂ ਹੋਣਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਵਿਧਾਨ ਸਭਾ ‘ਚ ਦਿੱਤੇ ਭਾਸ਼ਨ ਦੌਰਾਨ ਸੀਮਾਂਤ ਤੇ ਛੋਟੇ ਕਿਸਾਨਾਂ ਦਾ 2 ਲੱਖ ਰੁਪਏ ਤੱਕ ਦਾ ਕਰਜ਼ਾ ਮੁਆਫ਼ ਕਰਨ ਸਮੇਤ ਕਈ ਹੋਰ ਰਾਹਤਾਂ ਤੇ ਸਹੂਲਤਾਂ ਦਾ ਐਲਾਨ ਕੀਤਾ ਸੀ। ਕਰਜ਼ਾ ਮੁਆਫ਼ੀ ਸਮੇਤ ਸਰਕਾਰ ਦੇ ਐਲਾਨਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਪੈਸਾ ਕਿੱਥੋਂ ਆਵੇਗਾ, ਇਸ ਬਾਰੇ ਬਜਟ ਬਿਲਕੁਲ ਖਾਮੋਸ਼ ਹੈ, ਕਿਉਂਕਿ ਵਿੱਤ ਮੰਤਰੀ ਨੇ ਨਵੇਂ ਕਰ ਲਾਉਣ ਦਾ ਵੀ ਐਲਾਨ ਨਹੀਂ ਕੀਤਾ। ਮਾਲੀ ਸਾਲ ਦੇ ਅਖ਼ੀਰ ਤੱਕ ਸਰਕਾਰ ਸਿਰ ਕਰਜ਼ੇ ਦਾ ਭਾਰ ਵਧ ਕੇ 1 ਕਰੋੜ 95 ਲੱਖ ਕਰੋੜ ਰੁਪਏ ਨੂੰ ਵੀ ਪਾਰ ਕਰ ਜਾਵੇਗਾ।
ਮੁੱਖ ਮੰਤਰੀ ਵੱਲੋਂ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦੇ ਐਲਾਨ ਨੂੰ ਸਿਰੇ ਲਉਣ ਲਈ ਵਿੱਤ ਮੰਤਰੀ ਵੱਲੋਂ ਇਸ ਸਾਲ 1500 ਕਰੋੜ ਰੁਪਏ ਦਾ ਉਪਬੰਧ ਕੀਤਾ ਗਿਆ ਹੈ। ਖੇਤੀ ਖੇਤਰ ਲਈ ਬਜਟ ਵਿੱਚ 65.77 ਫੀਸਦੀ ਦਾ ਵਾਧਾ ਕਰਦਿਆਂ ਬਜਟ ਵਿੱਚ 6383.01 ਕਰੋੜ ਰੁਪਏ ਰੱਖੇ ਗਏ ਹਨ। ਕੁਦਰਤੀ ਆਫ਼ਤਾਂ ਕਾਰਨ ਫਸਲਾਂ ਦੇ ਖ਼ਰਾਬੇ ਦਾ ਮੁਆਵਜ਼ਾ 8 ਹਜ਼ਾਰ ਰੁਪਏ ਪ੍ਰਤੀ ਏਕੜ ਤੋਂ ਵਧਾ ਕੇ 12 ਹਜ਼ਾਰ ਰੁਪਏ ਕੀਤਾ ਗਿਆ ਹੈ। ਬੁਢਾਪਾ, ਵਿਧਵਾ ਤੇ ਅੰਗਹੀਣਾਂ ਦੀ ਪੈਨਸ਼ਨ 500 ਰੁਪਏ ਮਾਸਕ ਤੋਂ ਵਧਾ ਕੇ 750 ਰੁਪਏ ਤੇ ਸ਼ਗਨ ਸਕੀਮ ਤਹਿਤ ਦਿੱਤੀ ਜਾਂਦੀ ਰਕਮ ਵੀ 15 ਹਜ਼ਾਰ ਰੁਪਏ ਤੋਂ ਵਧਾ ਕੇ 21 ਹਜ਼ਾਰ ਕਰ ਦਿੱਤੀ ਹੈ। ਤੇਜ਼ਾਬ ਪੀੜਤ ਔਰਤਾਂ ਨੂੰ ਅੱਠ ਹਜ਼ਾਰ ਰੁਪਏ ਮਾਸਕ ਵਿੱਤੀ ਮਦਦ ਦਿੱਤੀ ਜਾਵੇਗੀ। ਸੁਤੰਤਰਤਾ ਸੈਨਾਨੀਆਂ ਨੂੰ 300 ਰੁਪਏ ਦੀ ਬਿਜਲੀ ਮੁਫ਼ਤ ਦੇਣ ਤੋਂ ਇਲਾਵਾ ਆਟਾ-ਦਾਲ ਸਕੀਮ ਵਿੱਚ ਹੁਣ ਖੰਡ ਤੇ ਚਾਹ ਪੱਤੀ ਦੇਣ ਦਾ ਐਲਾਨ ਕਰਦਿਆਂ ਇਸ ਲਈ 500 ਕਰੋੜ ਰੁਪਏ ਰੱਖਣ ਦਾ ਐਲਾਨ ਕੀਤਾ ਗਿਆ ਹੈ। ਪੇਂਡੂ ਚੌਕੀਦਾਰਾਂ ਦਾ ਮਾਣ ਭੱਤਾ 1250 ਰੁਪਏ ਮਾਸਕ ਕਰ ਦਿੱਤਾ ਗਿਆ ਹੈ।
ਪਰਵਾਸੀ ਭਾਰਤੀਆਂ (ਐਨਆਰਆਈਜ਼) ਦੀਆਂ ਸ਼ਿਕਾਇਤਾਂ ਦੇ ਨਿਬੇੜੇ ਲਈ ਲੋਕ ਪਾਲ ਕਾਇਮ ਕਰਨ ਲਈ ਨਵਾਂ ਕਾਨੂੰਨ ਲਿਆਉਣ ਦਾ ਐਲਾਨ ਵੀ ਵਿੱਤ ਮੰਤਰੀ ਵੱਲੋਂ ਬਜਟ ‘ਚ ਕੀਤਾ ਗਿਆ ਹੈ। ਜ਼ਿਲ੍ਹਾ ਸਹਿਕਾਰੀ ਬੈਂਕਾਂ ਨੂੰ ਪੰਜਾਬ ਰਾਜ ਸਹਿਕਾਰੀ ਬੈਂਕ ਵਿੱਚ ਸ਼ਾਮਲ ਕਰਨ ਦਾ ਐਲਾਨ ਵੀ ਕੀਤਾ ਗਿਆ ਹੈ। ਫਸਲੀ ਬੀਮੇ ਲਈ ਪੰਜਾਬ ਖੇਤੀਬਾੜੀ ਬੀਮਾ ਨਿਗਮ ਕਾਇਮ ਕਰਨ ਦਾ ਐਲਾਨ ਵੀ ਕੀਤਾ ਗਿਆ ਹੈ। ਕਾਂਗਰਸ ਦੇ ਚੋਣ ਵਾਅਦੇ ਮੁਤਾਬਕ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਲਈ 10 ਕਰੋੜ ਰੁਪਏ ਦੀ ਵਿਵਸਥਾ ਕੀਤਾ ਗਈ ਹੈ। ਰੁਜ਼ਗਾਰ ਸਿਰਜਣ ਤੇ ਸਿਖਲਾਈ ਪ੍ਰੋਗਰਾਮ ਲਈ 91 ਕਰੋੜ ਰੁਪਏ ਰੱਖੇ ਹਨ ਤੇ 5 ਸਾਲਾਂ ਵਿੱਚ 3 ਲੱਖ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਗਿਆ ਹੈ। ਸ਼ਹਿਰੀ ਖੇਤਰਾਂ ਵਿੱਚ ਜ਼ਮੀਨਾਂ ਦੀ ਖ਼ਰੀਦ ‘ਤੇ ਲੱਗਣ ਵਾਲੀ ਅਸ਼ਟਾਮ ਫ਼ੀਸ 9 ਫੀਸਦੀ ਤੋਂ ਘਟਾ ਕੇ 6 ਫੀਸਦੀ ਅਤੇ ਪਲਾਟਾਂ, ਮਕਾਨਾਂ ਦੀ ਮਲਕੀਅਤ ਤਬਦੀਲ ਕਰਨ ਲਈ ਲੱਗਣ ਵਾਲੀ ਫੀਸ ਢਾਈ ਫੀਸਦੀ ਤੋਂ ਘਟਾ ਕੇ 2 ਫੀਸਦੀ ਕਰਨ ਦਾ ਐਲਾਨ ਕੀਤਾ ਗਿਆ ਹੈ। ਹੁਸ਼ਿਆਰਪੁਰ, ਜਲੰਧਰ, ਅੰਮ੍ਰਿਤਸਰ ਅਤੇ ਲੁਧਿਆਣਾ ਸਮੇਤ ਹੋਰਨਾਂ ਸ਼ਹਿਰਾਂ ਵਿੱਚ ਰਿਹਾਇਸ਼ੀ ਅਰਬਨ ਅਸਟੇਟ ਅਤੇ ਇੰਡਸਟਰੀਅਲ ਅਸਟੇਟ ਵਿਕਸਤ ਕੀਤੇ ਜਾਣਗੇ। ਸ਼ਹਿਰੀ ਵਿਕਾਸ ਲਈ ਦਿੱਤੀ ਜਾਣ ਵਾਲੀ ਰਾਸ਼ੀ ਵਿੱਚ 103.27 ਫੀਸਦੀ ਦਾ ਵਾਧਾ ਕਰਦਿਆਂ 4610.59 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ। ਸਕੂਲਾਂ ਵਿੱਚ ਫਰਨੀਚਰ ਲਈ 21 ਕਰੋੜ ਰੁਪਏ, ਮੁਫ਼ਤ ਪਾਠ ਪੁਸਤਕਾਂ ਤੇ ਵਰਦੀਆਂ ਅਤੇ ਪ੍ਰਾਈਮਰੀ ਸਕੂਲਾਂ ਵਿੱਚ ਗਰੀਨ ਬੋਰਡਾਂ ਲਈ 5.25 ਕਰੋੜ ਰੁਪਏ, ਸਰਬੋਤਮ ਸਕੂਲਾਂ ਦੇ ਸਨਮਾਨ ਲਈ 9.27 ਕਰੋੜ ਰੁਪਏ, ਪ੍ਰਾਈਮਰੀ ਸਕੂਲਾਂ ਵਿੱਚ ਕੰਪਿਊਟਰ ਦੇਣ ਲਈ 10 ਕਰੋੜ ਰੁਪਏ ਰੱਖੇ ਹਨ। ਪੱਛੜੇ ਖੇਤਰਾਂ ਵਿੱਚ 5 ਨਵੇਂ ਡਿਗਰੀ ਕਾਲਜ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਗਰਾਂਟ 26 ਕਰੋੜ ਰੁਪਏ ਤੋਂ ਵਧਾ ਕੇ 33 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ।
ਪੰਜਾਬੀ ਭਾਸ਼ਾ ਦੇ ਵਿਕਾਸ ਲਈ ਤਲਵੰਡੀ ਸਾਬੋ ਵਿੱਚ ‘ਪੰਜਾਬੀ ਭਾਸ਼ਾ ਤਰੱਕੀ ਤੇ ਪ੍ਰਸਾਰ’ ਕੇਂਦਰੀ ਸੰਸਥਾ ਬਣੇਗੀ ਤੇ ਮਲੇਰਕੋਟਲਾ ਉਰਦੂ ਅਕਾਦਮੀ ਲਈ ਤਿੰਨ ਕਰੋੜ ਰੁਪਏ ਅਤੇ ਸਰਕਾਰੀ ਕਾਲਜਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ 10 ਕਰੋੜ ਰੁਪਏ ਰੱਖੇ ਹਨ। ਅੰਮ੍ਰਿਤਸਰ ਵਿਖੇ ਸ਼ਾਮ ਸਿੰਘ ਅਟਾਰੀ ਵਾਲਾ ਦੇ ਨਾਮ ‘ਤੇ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਬਣੇਗਾ। ਹੁਨਰ ਵਿਕਾਸ ਯੂਨੀਵਰਸਿਟੀ ਬਣਾਉਣ ਦਾ ਐਲਾਨ ਪਹਿਲਾਂ ਕੀਤਾ ਜਾ ਚੁੱਕਾ ਹੈ। ਟਰੈਕਟਰ ਖੇਤੀਬਾੜੀ ਸੇਵਾਵਾਂ ਵਿੱਚ 25 ਹਜ਼ਾਰ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਦੇ ਯੋਗ ਬਣਾਉਣ ਲਈ ਹਰੇਕ ਜ਼ਿਲ੍ਹੇ ਵਿੱਚ ਕਾਰੋਬਾਰ ਤੇ ਰੁਜ਼ਗਾਰ ਬਿਊਰੋ ਸਥਾਪਤ ਕੀਤਾ ਜਾਵੇਗਾ। ਸਿਹਤ ਦੇ ਖੇਤਰ ਲਈ 1358 ਕਰੋੜ ਰੁਪਏ ਰੱਖੇ ਹਨ। ਪੇਂਡੂ ਖੇਤਰਾਂ ਵਿੱਚ 3 ਹਜ਼ਾਰ ‘ਹੈਲਥ ਅਤੇ ਵੈੱਲਨੈਸ ਕਲੀਨਿਕ’ ਖੋਲ੍ਹੇ ਜਾਣਗੇ। ਇਹ ਯੋਜਨਾ ਕੌਮੀ ਸਿਹਤ ਮਿਸ਼ਨ ਅਧੀਨ ਚਲਾਈ ਜਾਵੇਗੀ। ਮਹਿਲਾ ਉਦਮੀਆਂ ਨੂੰ ਉਤਸ਼ਾਹਤ ਕਰਨ ਲਈ 2 ਕਰੋੜ ਰੁਪਏ ਰੱਖੇ ਹਨ। ਦਿਹਾਤੀ ਵਿਕਾਸ ਲਈ 686.83 ਕਰੋੜ ਰੁਪਏ ਰੱਖੇ ਹਨ, ਜਿਸ ਵਿੱਚ ਮਨਰੇਗਾ ਤਹਿਤ 313.23 ਕਰੋੜ, ਪ੍ਰਧਾਨ ਮੰਤਰੀ ਅਵਾਸ ਯੋਜਨਾ ਸਕੀਮ ਲਈ 208.33 ਕਰੋੜ ਰੁਪਏ, ਸ਼ਿਆਮਾ ਪ੍ਰਸਾਦ ਮੁਖਰਜੀ ਮਿਸ਼ਨ ਲਈ 19.75 ਕਰੋੜ ਰੁਪਏ, ਪਿੰਡਾਂ ਵਿੱਚ ਪਖਾਨਿਆਂ ਲਈ 28.15 ਕਰੋੜ ਰੁਪਏ ਰੱਖਣ ਦਾ ਐਲਾਨ ਕੀਤਾ ਹੈ। ਪਿੰਡਾਂ ਵਿੱਚ ਸਵੱਛ ਭਾਰਤ ਤਹਿਤ ਵੀ 300 ਕਰੋੜ ਰੁਪਏ ਖਰਚਣ ਦਾ ਉਪਬੰਧ ਹੈ। ਝੋਨੇ ਦੀ ਪਰਾਲੀ ਨਾ ਸਾੜਨ ਲਈ ਹੱਲਾਸ਼ੇਰੀ ਦੇਣ ਵਾਲੀਆਂ ਪੰਚਾਇਤਾਂ ਲਈ 20 ਕਰੋੜ ਰੱਖੇ ਹਨ।
ਇਲੈਕਟ੍ਰਾਨਿਕ ਵਾਹਨਾਂ ਨੂੰ ਉਤਸ਼ਾਹਤ ਕਰਨ ਲਈ ਨੀਤੀ ਬਣੇਗੀ। ਸੇਮ ਦੀ ਰੋਕਥਾਮ ਲਈ 128 ਕਰੋੜ ਰੁਪਏ, ਰਾਜਸਥਾਨ ਫੀਡਰ ਦੀ ਰੀਲਾਈਨਿੰਗ ਲਈ 100 ਕਰੋੜ ਰੁਪਏ, ਕੋਟਲਾ ਬਰਾਂਚ ਦੇ ਰਜਵਾਹਿਆਂ ਦੀ ਉਸਾਰੀ ਲਈ 94.73 ਕਰੋੜ, ਬਿਸਤ ਦੁਆਬ ਨਹਿਰ ਲਈ 81.38 ਕਰੋੜ ਰੁਪਏ ਰੱਖੇ ਹਨ। ਸੈਰ ਸਪਾਟਾ ਦੇ ਸੱਭਿਆਚਾਰ ਖੇਤਰ ਲਈ 26 ਕਰੋੜ, ਹੈਰੀਟੇਜ ਫੈਸਟੀਵਲਾਂ ਲਈ 7 ਕਰੋੜ ਅਤੇ ਸੈਰ ਸਪਾਟੇ ਦੀਆਂ ਥਾਵਾਂ ਦੀ ਮਸ਼ਹੂਰੀ ਲਈ ਵੀ 5 ਕਰੋੜ ਰੁਪਏ ਰੱਖੇ ਹਨ।
ਗ੍ਰਹਿ ਤੇ ਨਿਆਂ ਵਿਭਾਗ ਦੀ ਗੱਲ ਕਰਦਿਆਂ ਵਿੱਤ ਮੰਤਰੀ ਨੇ ਦੱਸਿਆ ਕਿ 75 ਕਰੋੜ ਰੁਪਏ ਅਦਾਲਤੀ ਕੰਪਲੈਕਸਾਂ ਦੀ ਉਸਾਰੀ, 15 ਕਰੋੜ ਥਾਣਿਆਂ ਦੀਆਂ ਨਵੀਆਂ ਇਮਰਾਤਾਂ ਲਈ ਤੇ 34.77 ਕਰੋੜ ਰੁਪਏ ਕ੍ਰਾਈਮ ਅਤੇ ਕ੍ਰਿਮਿਨਲ ਟਰੈਕਿੰਗ ਸਿਸਟਮ ਲਾਉਣ ‘ਤੇ ਖ਼ਰਚੇ ਜਾਣਗੇ। ਸਰਹੱਦੀ ਖੇਤਰ ਵਿਕਾਸ ਫੰਡ ਲਈ 300 ਕਰੋੜ ਰੁਪਏ, ਲੋਕ ਨਿਰਮਾਣ ਵਿਭਾਗ ਲਈ 873.17 ਕਰੋੜ ਰੁਪਏ ਰੱਖੇ ਹਨ।
ਸਰਕਾਰ ਸਿਰ ਕਰਜ਼ੇ ਦੀ ਪੰਡ ਭਾਰੀ: ਪੰਜਾਬ ਸਰਕਾਰ ਸਿਰ ਕਰਜ਼ੇ ਦੀ ਭਾਰੀ ਪੰਡ ਹੋਣ ਕਾਰਨ ਵਿੱਤੀ ਪੱਖ ਤੋਂ ਬੜੀ ਹੀ ਡਰਾਉਣੀ ਤਸਵੀਰ ਸਾਹਮਣੇ ਆ ਰਹੀ ਹੈ। ਸਰਕਾਰ ਦਾ ਕੁੱਲ ਕਰਜ਼ਾ 1 ਲੱਖ 95 ਹਜ਼ਾਰ ਕਰੋੜ ਨੂੰ ਪਾਰ ਕਰ ਜਾਵੇਗਾ ਤੇ 12819 ਕਰੋੜ ਰੁਪਏ ਦਾ ਕਰਜ਼ਾ ਚੁੱਕ ਕੇ ਵੀ ਆਮਦਨ ਤੇ ਖ਼ਰਚ ਵਿਚਲੇ ਪਾੜੇ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ। ਸਰਕਾਰ ਦਾ ਕੁੱਲ ਮਾਲੀ ਘਾਟਾ 14784.87 ਕਰੋੜ ਰੁਪਏ ਅਤੇ ਰਾਜਕੋਸ਼ੀ ਘਾਟਾ 23092 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਬਾਦਲ ਸਰਕਾਰ ਨੇ ਕੈਪਟਨ ਸਰਕਾਰ ਮੂਹਰੇ 13039 ਕਰੋੜ ਰੁਪਏ ਦੀਆਂ ਦੇਣਦਾਰੀਆਂ ਛੱਡੀਆਂ ਸਨ। ਵਿੱਤ ਮੰਤਰੀ ਨੂੰ ਚਲੰਤ ਮਾਲੀ ਸਾਲ ਦੌਰਾਨ ਰਾਜ ਦੀ ਕੁੱਲ ਘਰੇਲੂ ਪੈਦਾਵਾਰ (ਜੀਐਸਡੀਪੀ) 465608 ਤੱਕ ਪਹੁੰਚਣ ਦੀ ਉਮੀਦ ਹੈ। ਪ੍ਰਤੀ ਵਿਅਕਤੀ ਆਮਦਨ 1 ਲੱਖ 28 ਹਜ਼ਰ 821 ਰੁਪਏ ਹੈ। ਕਿਸੇ ਸਮੇਂ ਪ੍ਰਤੀ ਵਿਅਕਤੀ ਆਮਦਨ ਵਿੱਚ ਮੋਹਰੀ ਪੰਜਾਬ ਹੁਣ ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਵਰਗੇ ਸੂਬਿਆਂ ਤੋਂ ਵੀ ਪਛੜ ਗਿਆ ਹੈ।

‘ਆਪ’ ਵੱਲੋਂ ਬਾਈਕਾਟ ਤੇ ਅਕਾਲੀਆਂ ਵੱਲੋਂ ਨਾਅਰੇਬਾਜੀ: ਸਦਨ ਵਿੱਚ ਬਜਟ ਪੇਸ਼ ਹੋਣ ਸਮੇਂ ਕਿਸਾਨਾਂ ਦੇ ਕਰਜ਼ੇ ਦੇ ਮੁੱਦੇ ‘ਤੇ ਅਕਾਲੀ ਦਲ ਦੇ ਵਿਧਾਇਕ ਸਦਨ ਦੇ ਵਿਚਕਾਰ ਆ ਕੇ ਸਰਕਾਰ ਅਤੇ ਵਿੱਤ ਮੰਤਰੀ ਵਿਰੁਧ ਨਾਅਰੇ ਮਾਰਦੇ ਰਹੇ। ਵਿੱਤ ਮੰਤਰੀ ਨੇ ਬਜਟ ਪੜ੍ਹਨਾ ਜਾਰੀ ਰੱਖਿਆ ਤੇ ਅਕਾਲੀ ਮੈਂਬਰ ਅੰਤ ਤੱਕ ਨਾਅਰੇਬਾਜ਼ੀ ਕਰਦੇ ਰਹੇ। ‘ਆਪ’ ਦੇ ਕੁੱਝ ਮੈਂਬਰ ਪਹਿਲਾਂ ਤਾਂ ਅਕਾਲੀਆਂ ਦੇ ਨਾਲ ਹੀ ਪ੍ਰਦਰਸ਼ਨ ‘ਚ ਖੜ੍ਹੇ ਹੋ ਗਏ ਪਰ ਵਿਰੋਧੀ ਧਿਰ ਦੇ ਨੇਤਾ ਐਚ.ਐਸ. ਫੂਲਕਾ ਨੇ ਉਨ੍ਹਾਂ ਨੂੰ ਅਕਾਲੀਆਂ ਦਾ ਸਾਥ ਦੇਣ ਤੋਂ ਰੋਕਦਿਆਂ ਸਦਨ ਵਿੱਚ ਬਾਈਕਾਟ ਕਰਨ ਲਈ ਕਿਹਾ। ਸਾਬਕਾ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਕਈ ਹੋਰਨਾਂ ਅਕਾਲੀ ਮੈਂਬਰਾਂ ਨੇ ਬਜਟ ਦੀਆਂ ਕਾਪੀਆਂ ਸਦਨ ਦੇ ਵਿਚਕਾਰ ਪਾੜ ਕੇ ਸੁੱਟ ਦਿੱਤੀਆਂ।

ਬੇਵਕੂਫ਼ ਲੋਕ ਗ਼ਲਤੀਆਂ ਤੋਂ ਸਬਕ ਨਹੀਂ ਸਿੱਖਦੇ
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਦਨ ਵਿੱਚ ਚਲੰਤ ਮਾਲੀ ਸਾਲ ਦਾ ਬਜਟ ਪੇਸ਼ ਕਰਦਿਆਂ ਪਿਛਲੀ ਅਕਾਲੀ-ਭਾਜਪਾ ਸਰਕਾਰ ਨੂੰ ਖੂਬ ਰਗੜੇ ਲਾਏ। ਸ੍ਰੀ ਬਾਦਲ ਨੇ ਕਿਹਾ, ”ਪਿਛਲੇ ਸਾਲਾਂ ਦੌਰਾਨ ਵਿੱਤੀ ਪੱਖ ਤੋਂ ਅਜਿਹੀਆਂ ਗਲਤੀਆਂ ਹੋਈਆਂ ਹਨ, ਜਿਨ੍ਹਾਂ ਨੇ ਸਾਡੇ ਸੂਬੇ ਨੂੰ ਸ਼ਰਮਸ਼ਾਰ ਕੀਤਾ ਹੈ।” ਉਨ੍ਹਾਂ ਇੱਥੋਂ ਤੱਕ ਕਿਹਾ, ”ਗੁਨਾਹ ਤੇ ਗਲਤੀਆਂ ਤੋਂ ਸਬਕ ਸਿਰਫ਼ ਬੇਵਕੂਫ ਲੋਕ ਹੀ ਨਹੀਂ ਸਿੱਖਦੇ ਤੇ ਜਿਨ੍ਹਾਂ ਨੇ ਗਲਤੀਆਂ ਨੂੰ ਹੀ ਆਪਣੀ ਜ਼ਿੰਦਗੀ ਦਾ ਮਕਸਦ ਬਣਾ ਲਿਆ ਹੋਵੇ ਉਨ੍ਹਾਂ ਬਾਰੇ ਕੀ ਕਿਹਾ ਜਾ ਸਕਦਾ ਹੈ।” ਸ੍ਰੀ ਬਾਦਲ ਨੇ ਵਿਧਾਨ ਸਭਾ ‘ਚ ਕੈਪਟਨ ਸਰਕਾਰ ਦਾ ਪਲੇਠਾ ਤੇ ਆਪਣੇ ਵੱਲੋਂ ਚੌਥਾ ਬਜਟ ਪੇਸ਼ ਕੀਤਾ। ਉਨ੍ਹਾਂ ਅਕਾਲੀ-ਭਾਜਪਾ ਸਰਕਾਰ ‘ਚ ਵਿੱਤ ਮੰਤਰੀ ਹੁੰਦਿਆਂ ਵੀ ਤਿੰਨ ਬਜਟ ਪੇਸ਼ ਕੀਤੇ ਸਨ।

ਆਮਦਨ ਦੇ ਮੁੱਖ ਵਸੀਲੇ
ਵੈਟ ਤੋਂ ਆਮਦਨ 25800 ਕਰੋੜ ਰੁਪਏ, ਸ਼ਰਾਬ ਤੋਂ 5422.47 ਕਰੋੜ, ਅਸ਼ਟਾਮ ਤੇ ਰਜਿਸਟਰੀਆਂ ਤੋਂ 2400 ਕਰੋੜ ਰੁਪਏ, ਵਾਹਨਾਂ ਤੋਂ 3175 ਕਰੋੜ, ਬਿਜਲੀ ਡਿਊਟੀ 2400 ਕਰੋੜ, ਹੋਰ 328.81 ਕਰੋੜ ਰੁਪਏ, ਗੈਰ ਕਰ ਆਮਦਨੀ ਵਿੱਚ ਫੁਟਕਲ ਪ੍ਰਾਪਤੀਆਂ 105.30 ਕਰੋੜ ਰੁਪਏ, ਪੰਜਾਬ ਰੋਡਵੇਜ਼ ਤੋਂ 250 ਕਰੋੜ ਰੁਪਏ, ਸ਼ਹਿਰੀ ਵਿਕਾਸ ਤੋਂ 100 ਕਰੋੜ ਰੁਪਏ, ਹੋਰ 2769.65 ਕਰੋੜ ਰੁਪਏ, ਕੇਂਦਰੀ ਕਰਾਂ ਦਾ ਹਿੱਸਾ 10650.64 ਕਰੋੜ ਰੁਪਏ, ਕੇਂਦਰੀ ਗਰਾਂਟਾਂ 6678 ਕਰੋੜ ਰੁਪਏ ਸ਼ਾਮਲ ਹਨ।
ਸਰਕਾਰ ਦੇ ਮੁੱਖ ਖ਼ਰਚੇ: ਵਿਆਜ ਅਦਾਇਗੀਆਂ 14910.49 ਕਰੋੜ ਰੁਪਏ, ਤਨਖਾਹਾਂ ਤੇ ਉਜਰਤਾਂ 20872.30 ਕਰੋੜ ਰੁਪਏ, ਪੈਨਸ਼ਨਾਂ ਤੇ ਸੇਵਾ-ਮੁਕਤੀ ਲਾਭ 19147.23 ਕਰੋੜ ਰੁਪਏ, ਬਿਜਲੀ ਸਬਸਿਡੀ 10255 ਕਰੋੜ, ਸਥਾਨਕ ਸਰਕਾਰਾਂ ਨੂੰ ਸਪੁਰਦਗੀ 2836.88 ਕਰੋੜ ਰੁਪਏ ਅਤੇ ਹੋਰ ਮਾਲੀ ਖ਼ਰਚ ਵਿੱਚ 15842 ਕਰੋੜ ਰੁਪਏ ਸ਼ਾਮਲ ਹਨ।
ਪਲੇਠਾ ਬਜਟ: ਖ਼ਾਸ ਨੁਕਤੇ
‘ 118237.90 ਕਰੋੜ ਰੁਪਏ ਦੇ ਬਜਟ ਵਿੱਚ ਖ਼ਰਚੇ 105514.84 ਕਰੋੜ; ਮਾਲੀ ਘਾਟਾ 14784.87 ਕਰੋੜ; ਰਾਜਕੋਸ਼ੀ ਘਾਟਾ 23092.10 ਕਰੋੜ
‘ ਹੁਸ਼ਿਆਰਪੁਰ, ਜਲੰਧਰ, ਅੰਮ੍ਰਿਤਸਰ, ਲੁਧਿਆਣਾ ਤੇ ਹੋਰ ਸ਼ਹਿਰਾਂ ‘ਚ ਬਣਨਗੇ ਰਿਹਾਇਸ਼ੀ ਅਰਬਨ ਅਸਟੇਟ ਅਤੇ ਇੰਡਸਟਰੀਅਲ ਅਸਟੇਟ
‘ ਮੁੱਖ ਮੰਤਰੀ ਵੱਲੋਂ ਫ਼ਸਲੀ ਕਰਜ਼ ਮੁਆਫ਼ੀ ਸਣੇ ਕੀਤੇ ਵੱਖ-ਵੱਖ ਐਲਾਨਾਂ ਬਾਰੇ ਬਜਟ ਖ਼ਾਮੋਸ਼
‘ ਤੇਜ਼ਾਬ ਪੀੜਤ ਔਰਤਾਂ ਨੂੰ ਮਿਲੇਗੀ 8 ਹਜ਼ਾਰ ਰੁਪਏ ਮਾਸਕ ਮਾਲੀ ਸਹਾਇਤਾ
‘ ਸੁਤੰਤਰਤਾ ਸੈਨਾਨੀਆਂ ਨੂੰ 300 ਰੁਪਏ ਦੀ ਬਿਜਲੀ ਮਿਲੇਗੀ ਮੁਫ਼ਤ
‘ ਫਸਲਾਂ ਦੇ ਖ਼ਰਾਬੇ ਦਾ ਮੁਆਵਜ਼ਾ 8 ਹਜ਼ਾਰ ਰੁਪਏ ਏਕੜ ਤੋਂ ਵਧਾ ਕੇ 12 ਹਜ਼ਾਰ ਕੀਤਾ
‘ ਬੁਢਾਪਾ, ਵਿਧਵਾ ਤੇ ਅੰਗਹੀਣਾਂ ਦੀ ਮਾਸਕ ਪੈਨਸ਼ਨ 500 ਤੋਂ ਵਧਾ ਕੇ 750 ਰੁਪਏ ਕੀਤੀ
‘ ਸ਼ਗਨ ਸਕੀਮ ਤਹਿਤ ਵੀ 15 ਹਜ਼ਾਰ ਦੀ ਥਾਂ ਹੁਣ ਮਿਲਣਗੇ 21 ਹਜ਼ਾਰ ਰੁਪਏ
‘ ਐਨਆਰਆਈਜ਼ ਦੀਆਂ ਸ਼ਿਕਾਇਤਾਂ ਦੇ ਨਿਬੇੜੇ ਲਈ ਬਣੇਗਾ ਲੋਕ ਪਾਲ
‘ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਲਈ ਰੱਖੇ 10 ਕਰੋੜ

”ਕੋਈ ਕਾਬਿਲ ਹੈ ਤੋ ਹਮ ਸ਼ਾਨੇਂ ਕਈ ਦੇਤੇ ਹੈਂ, 
ਢੂੰਡਨੇ ਵਾਲੋਂ ਕੋ ਦੁਨੀਆ ਭੀ ਨਈ ਦੇਤੇ ਹੈਂ।”
ਮਨਪ੍ਰੀਤ ਨੇ ਸ਼ਾਇਰਾਨਾ ਅੰਦਾਜ਼ ਵਿੱਚ ਲਈਆਂ ਚੁਟਕੀਆਂ
ਚੰਡੀਗੜ/ਬਿਊਰੋ ਨਿਊਜ਼:
ਕਾਂਗਰਸ ਸਰਕਾਰ ਦਾ ਪਹਿਲਾ ਬਜਟ ਪੇਸ਼ ਕਰਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮੰਗਲਵਾਰ ਨੂੰ ਰਾਜ ਵਿਧਾਨ ਸਭਾ ਵਿੱਚ ਆਰਥਿਕ ਨੁਕਤਿਆਂ ਦੇ ਨਾਲ-ਨਾਲ ਫਲਸਫੇ ਤੇ ਸ਼ੇਅਰੋ-ਸ਼ਾਇਰੀ ਦਾ ਵੀ ਭਰਪੂਰ ਇਸਤੇਮਾਲ ਕੀਤਾ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਪੰਜਾਬ ਦੀ ਮਾੜੀ ਮਾਲੀ ਹਾਲਤ ਨੂੰ ਹਿੰਮਤੀ ਪੰਜਾਬੀ ਛੇਤੀ ਹੀ ਸੁਧਾਰ ਲੈਣਗੇ। ਉਨ੍ਹਾਂ ਇਸ ਸਬੰਧੀ ਮਹਾਨ ਯੂਨਾਨੀ ਫਿਲਾਸਫਰ ਸੁਕਰਾਤ ਦੇ ਹਵਾਲੇ ਤੋਂ ਲੈ ਕੇ ਪੰਜਾਬੀਆਂ ਨੂੰ ਹੂਲਣ ਦੇਣ ਵਾਲੀ ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਨੂੰ ਯਾਦ ਕੀਤਾ ਅਤੇ ਆਪਣੇ ਪਸੰਦੀਦਾ ਉਰਦੂ ਸ਼ਾਇਰ ਮੁਹੰਮਦ ਇਕਬਾਲ ਦੇ ਸ਼ੇਅਰ ਪੜ੍ਹੇ। ਉਨ੍ਹਾਂ ਕਿਹਾ, ”ਪ੍ਰਾਚੀਨ ਯੂਨਾਨ ਵਿੱਚ ਸੁਕਰਾਤ ਨੂੰ ਯੂਨਾਨੀ ਲੋਕਾਂ ਨੂੰ ਜਗਾਉਣ ਲਈ ਜ਼ਹਿਰ ਦਾ ਪਿਆਲਾ ਪੀਣਾ ਪਿਆ ਸੀ। ਕਰੀਬ ਇਕ ਸਦੀ ਪਹਿਲਾਂ ਇਸ (ਪੰਜਾਬੀ) ਧਰਤੀ ਦੇ ਜੰਮੇ ਨੌਜਵਾਨ ਸ਼ਹੀਦ ਭਗਤ ਸਿੰਘ ਨੇ ਫਾਂਸੀ ਦਾ ਰੱਸਾ ਚੁੰਮਿਆ ਤਾਂ ਕਿ ਉਹ ਲੋਕਾਂ ਨੂੰ ਜਗਾ ਸਕੇ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਇਨ੍ਹਾਂ ਤੋਂ ਪ੍ਰੇਰਨਾ ਲੈਂਦੀ ਹੋਈ ਪੰਜਾਬੀਆਂ ਨੂੰ ਜਗਾਉਣਾ ਚਾਹੁੰਦੀ ਹੈ।” ਪੰਜਾਬ ਦੀ ਮਾੜੀ ਮਾਲੀ ਹਾਲਤ ਦਾ ਜ਼ਿਕਰ ਕਰਦਿਆਂ ਉਨ੍ਹਾਂ ਸ਼ੇਅਰ ਪੜ੍ਹਿਆ: ”ਸ਼ੱਕ ਨਾ ਕਰ ਮੇਰੀ ਸੂਖੀ ਆਂਖੋਂ ਪੇ, ਆਂਸੂ ਯੂੰ ਭੀ ਬਹਾਏ ਜਾਤੇ ਹੈਂ।” ਉਨ੍ਹਾਂ ਨਾਲ ਹੀ ਕਿਹਾ ਕਿ ਸਿੱਖ ਕਦੇ ਵੀ ਢਹਿੰਦੀ ਕਲਾ ਵਿੱਚ ਨਹੀਂ ਜਾ ਸਕਦੇ ਤੇ ਉਹ ਵੀ ਨਹੀਂ ਜਾਣਗੇ।
ਆਪਣੇ ਅਗਲੇਰੇ ਔਖੇ ਪੈਂਡੇ ਬਾਰੇ ਉਨ੍ਹਾਂ ਮੁਹੰਮਦ ਇਕਬਾਲ ਦਾ ਸ਼ੇਅਰ ਪੜ੍ਹਿਆ: ”ਪਿਰੋਨਾ ਏਕ ਹੀ ਤਸਬੀ ਮੇਂ ਇਨ ਬਿਖਰੇ ਹੁਏ ਦਾਨੋਂ ਕੋ ‘ਗਰ ਮੁਸ਼ਕਿਲ ਹੈ, ਤੋ ਇਸ ਮੁਸ਼ਕਿਲ ਕੋ ਆਸਾਂ ਕਰ ਕੇ ਛੋੜੂੰਗਾ; ਦਿਖਾ ਦੂੰਗਾ ਜਹਾਂ ਕੋ ਜੋ ਮੇਰੀ ਆਂਖੋਂ ਨੇ ਦੇਖਾ ਹੈ, ਤੁਝੇ ਭੀ ਐ ਸੂਰਤ-ਏ-ਆਈਨਾ ਹੈਰਾਨ ਕਰ ਕੇ ਛੋੜੂੰਗਾ।” ਆਪਣੇ ਸਾਥੀਆਂ ਤੋਂ ਸਹਿਯੋਗ ਤੇ ਮੁੱਖ ਮੰਤਰੀ ਤੋਂ ਸੇਧ ਦੀ ਖ਼ਾਹਿਸ਼ ਜ਼ਾਹਰ ਕਰਦਿਆਂ ਉਨ੍ਹਾਂ ਕਿਹਾ: ”ਨਾ ਰਹਾ ਚਾਂਦ-ਸਿਤਾਰੋਂ ਕਾ ਮੈਂ ਮੋਹਤਾਜ ਕਭੀ, ਅਪਨੀ ਮੇਹਨਤ ਕੇ ਸਦਾ ਮੈਨੇ ਉਜਾਲੇ ਦੇਖੇ; ਤਜ਼ਕਰਾ ਉਸ ਨੇ ਲਕੀਰੋਂ ਕਾ ਵਹੀਂ ਛੋੜ ਦਿਯਾ, ਜਬ ਨਜੂਮੀ ਨੇ ਮੇਰੇ ਹਾਥੋਂ ਕੇ ਛਾਲੇ ਦੇਖੇ।” ਕਿਸੇ ਵੱਲੋਂ ਕੀਤੇ ਚੰਗੇ ਕੰਮਾਂ ਦਾ ਸਰਕਾਰ ਵੱਲੋਂ ਸਨਮਾਨ ਕੀਤੇ ਜਾਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ: ”ਕੋਈ ਕਾਬਿਲ ਹੈ ਤੋ ਹਮ ਸ਼ਾਨੇਂ ਕਈ ਦੇਤੇ ਹੈਂ, ਢੂੰਡਨੇ ਵਾਲੋਂ ਕੋ ਦੁਨੀਆ ਭੀ ਨਈ ਦੇਤੇ ਹੈਂ।”
ਆਪਣੀ ਬਜਟ ਤਕਰੀਰ ਨੂੰ ਸਮੇਟਦਿਆਂ ਉਨ੍ਹਾਂ ਕਿਹਾ, ”ਸੁਪਨੇ ਦੇਖਣ ਨਾਲ ਹੀ ਰੇਗਿਸਤਾਨ ਵਿੱਚ ਫੁੱਲ ਨਹੀਂ ਖਿੜ ਸਕਦੇ। ਮਹਿਜ਼ ਉਮੀਦਾਂ ਨਾਲ ਹੀ ਦੁੱਧ ਤੇ ਸ਼ਹਿਦ ਦੇ ਦਰਿਆ ਨਹੀਂ ਵਹਾਏ ਜਾ ਸਕਦੇ। ਖ਼ੁਸ਼ਹਾਲੀ ਦਾ ਰਾਹ ਕੁਰਬਾਨੀ ਤੇ ਸਖ਼ਤ ਮਿਹਨਤ ‘ਚੋਂ ਹੋ ਕੇ ਜਾਂਦਾ ਹੈ।”

ਵਿਰੋਧੀ ਧਿਰ ਨੇ ਬੱਜਟ ਨੂੰ ਮੂਲੋਂ ਨਕਾਰਿਆ
ਕਿਹਾ: ਕਿਸਾਨਾਂ ਦਾ ਮਾਮੂਲੀ ਜਿਹਾ ਕਰਜ਼ਾ ਮੁਆਫ਼ ਹੋਵੇਗਾ 
ਮੰਗ ਕੀਤੀ : ਸਾਰੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਜਾਵੇ
ਚੰਡੀਗੜ੍ਹ/ਬਿਊਰੋ ਨਿਊਜ਼:
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੈਪਟਨ ਸਰਕਾਰ ਦੇ ਪਲੇਠੇ ਬਜਟ ਵਿੱਚ ਭਾਵੇਂ ਕੁਝ ਪਹਿਲਕਦਮੀਆਂ ਕੀਤੀਆਂ ਹਨ ਪਰ ਵਿਰੋਧੀ ਧਿਰ ਨੇ ਇਨ੍ਹਾਂ ਤੇ ਖ਼ਾਸ ਕਰਕੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਲਈ ਬਜਟ ਵਿੱਚ 1500 ਕਰੋੜ ਰੁਪਏ ਦਾ ਪ੍ਰਬੰਧ ਕਰਨ ਨੂੰ ਲੋਕਾਂ ਤੇ ਖ਼ਾਸ ਕਰਕੇ ਕਿਸਾਨਾਂ ਨਾਲ ਧੋਖਾ ਕਰਾਰ ਦਿੱਤਾ ਹੈ। ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਇਸ ਪੈਸੇ ਨਾਲ ਤਾਂ ਇੱਕ ਕਿਸਾਨ ਦੇ ਪੱਲੇ ਕੇਵਲ 14285 ਜਾਂ 14700 ਰੁਪਏ ਹੀ ਪੈਣਗੇ ਜਿਸ ਨਾਲ ਵਿਆਜ ਦੇ ਪੈਸੇ ਵੀ ਨਹੀਂ ਮੁੜਨੇ।
ਵਿੱਤ ਮੰਤਰੀ ਨੇ ਬਜਟ ਤੋਂ ਬਾਅਦ ਕਿਹਾ ਕਿ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਲਈ 1500 ਕਰੋੜ ਰੁਪਏ ਰੱਖੇ ਗਏ ਹਨ ਤੇ ਅਗਲੇ ਬਜਟ ਵਿੱਚ ਹੋਰ ਪ੍ਰਬੰਧ ਕੀਤਾ ਜਾਵੇਗਾ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਨੇ ਬਜਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਹਿਲੀ ਵਾਰ ਸੈਰ ਸਪਾਟੇ ਲਈ ਕਾਫ਼ੀ ਪੈਸਾ ਰੱਖਿਆ ਗਿਆ ਹੈ ਤੇ ਸਥਾਨਕ ਸਰਕਾਰਾਂ ਵਿਭਾਗ ਦਾ ਪੈਸਾ 103 ਫ਼ੀਸਦੀ ਵਧਾਇਆ ਗਿਆ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਬਜਟ ਤਜਵੀਜ਼ਾਂ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ 10.20 ਲੱਖ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕਰਨ ਦਾ ਵਾਅਦਾ ਪੂਰਾ ਕਰੇ। ਕਿਸਾਨਾਂ ਸਿਰ 90,000 ਕਰੋੜ ਰੁਪਏ ਕਰਜ਼ਾ ਹੈ ਜਿਸਦਾ ਵਿਆਜ਼ ਹੀ ਅੱਠ-ਨੌਂ ਕਰੋੜ ਰੁਪਏ ਹੈ। ਵਿੱਤ ਮੰਤਰੀ ਨੇ ਜਿੰਨਾ ਪੈਸਾ ਕਰਜ਼ਾ ਮੁਆਫ਼ੀ ਲਈ ਰੱਖਿਆ ਹੈ, ਉਸ ਨਾਲ ਕੇਵਲ ਤਿੰਨ-ਚਾਰ ਮਹੀਨਿਆਂ ਦਾ ਵਿਆਜ ਹੀ ਮੁੜ ਸਕੇਗਾ। ਉਨ੍ਹਾਂ ਕਿਹਾ ਕਿ ਇੱਕ ਦਿਨ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜ ਏਕੜ ਤਕ ਦੇ ਸਾਰੇ ਕਿਸਾਨਾਂ ਦੇ ਦੋ ਲੱਖ ਦੇ ਸਾਰੇ ਕਰਜ਼ੇ ਮੁਆਫ਼ ਕਰਨ ਦਾ ਐਲਾਨ ਕੀਤਾ ਸੀ ਪਰ ਬਜਟ ਵਿੱਚ ਉਸ ਐਲਾਨ ‘ਤੇ ਅਮਲ ਕਰਨ ਲਈ ਪੈਸਾ ਹੀ ਨਹੀਂ ਰੱਖਿਆ ਗਿਆ। ਇਸ ਮੁੱਦੇ ‘ਤੇ ਵਿੱਤ ਮੰਤਰੀ ਵਿਰੁੱਧ ਮਰਿਆਦਾ ਮਤਾ ਲਿਆਂਦਾ ਜਾਵੇਗਾ ਕਿਉਂਕਿ ਉਨ੍ਹਾਂ ਨੇ ਮੁੱਖ ਮੰਤਰੀ ਵੱਲੋਂ ਸਦਨ ਵਿੱਚ ਕੀਤੇ ਐਲਾਨ ਨੂੰ ਤੋੜਿਆ ਹੈ। ਦੋਵਾਂ ਆਗੂਆਂ ਨੇ ਕਿਹਾ ਕਿ ਬਜਟ ਹਕੀਕਤਾਂ ਤੋਂ ਕੋਹਾਂ ਦੂਰ ਹੈ।
ਵਿਧਾਇਕ ਐਚ.ਐਸ. ਫੂਲਕਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਐਲਾਨ ਕੁਝ ਹੋਰ ਕੀਤਾ ਸੀ ਪਰ ਅੱਜ ਵਿੱਤ ਮੰਤਰੀ ਨੇ ਬਜਟ ਸੈਸ਼ਨ ਵਿੱਚ ਹੋਰ ਹੀ ਤਸਵੀਰ ਪੇਸ਼ ਕਰ ਦਿੱਤੀ ਹੈ। ਮੁੱਖ ਮੰਤਰੀ ਨੂੰ ਪ੍ਰਤੀ ਕਿਸਾਨ ਦੋ ਲੱਖ ਰੁਪਏ ਕਰਜ਼ਾ ਮੁਆਫ਼ੀ ਦੇ ਮੁੱਦੇ ‘ਤੇ ਕਾਇਮ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਪੈਸਾ ਵੀ ਕਿਸਾਨਾਂ ਨੂੰ ਦੇਣ ਸਮੇਂ ਪੱਖਪਾਤ ਹੋਵੇਗਾ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਭੱਤਾ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਉਸ ਲਈ ਬਜਟ ਵਿੱਚ ਕੋਈ ਪੈਸਾ ਨਹੀਂ ਰੱਖਿਆ ਗਿਆ। ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਦਾ ਕਿਧਰੇ ਜ਼ਿਕਰ ਨਹੀਂ ਹੈ। ਸਿੱਖਿਆ ਲਈ ਘੱਟ ਪੈਸਾ ਰੱਖਿਆ ਗਿਆ ਹੈ। ਮੁਲਾਜ਼ਮ ਪੱਕੇ ਕਰਨ ਦਾ ਵਾਅਦਾ ਭੁਲਾ ਦਿੱਤਾ ਗਿਆ ਹੈ। ਦਲਿਤਾਂ ਅਤੇ ਪਛੜੀਆਂ ਜਾਤੀਆਂ ਨਾਲ ਕੀਤੇ ਵਾਅਦੇ ਵੀ ਵਿਸਾਰ ਦਿਤੇ ਗਏ ਹਨ।

ਪੰਜਾਬ ਦੇ ਕਿਸਾਨਾਂ ਨਾਲ ਕੋਝਾ ਮਜ਼ਾਕ: ਸੁਖਬੀਰ ਬਾਦਲ
ਚੰਡੀਗੜ੍ਹ/ਬਿਊਰੋ ਨਿਊਜ਼:
ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਬਜਟ ਨੂੰ ਕਾਂਗਰਸ ਸਰਕਾਰ ਵੱਲੋਂ ਸੂਬੇ ਦੇ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਕੀਤਾ ਵੱਡਾ ਧੋਖਾ ਕਰਾਰ ਦਿੰਦਿਆਂ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ ਅਤੇ ਸਰਕਾਰ ਨੂੰ ਕਿਸਾਨਾਂ ਨਾਲ ਕੋਝਾ ਮਜ਼ਾਕ ਕਰਨ ਤੇ ਉਨ੍ਹਾਂ ਦੇ ਜ਼ਖ਼ਮਾਂ ‘ਤੇ ਲੂਣ ਭੁੱਕਣ ਵਾਸਤੇ ਮੁਆਫ਼ੀ ਮੰਗਣ ਲਈ ਕਿਹਾ ਹੈ। ਪਾਰਟੀ ਨੇ ‘ਬਜਟ ਦਿਵਸ’ ਨੂੰ ਪੰਜਾਬ ਦੇ ਕਿਸਾਨਾਂ ਲਈ ਸਭ ਤੋਂ ਮੰਦਭਾਗਾ ਦਿਨ ਆਖਿਆ ਹੈ।
ਬੱਜਟ ਪੇਸ਼ ਕੀਤੇ ਜਾਣ ਬਾਅਦ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਜਟ ਵਿੱਚ ਕਰਜ਼ਿਆਂ ਵਾਸਤੇ ਰੱਖੇ ਸਿਰਫ਼ 1500 ਕਰੋੜ ਰੁਪਏ ਨਾਲ ਹਰ ਕਿਸਾਨ ਦਾ ਸਿਰਫ਼ 14,705 ਰੁਪਏ ਦਾ ਹੀ ਕਰਜ਼ਾ ਚੁਕਾਇਆ ਜਾ ਸਕਦਾ ਹੈ, ਦੋ ਲੱਖ ਰੁਪਏ ਦਾ ਨਹੀਂ, ਜਿਸ ਤਰ੍ਹਾਂ ਕਿ ਕੱਲ੍ਹ ਮੁੱਖ ਮੰਤਰੀ ਨੇ ਸਦਨ ਵਿੱਚ ਵਾਅਦਾ ਕੀਤਾ ਸੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵਿਰੁੱਧ ਸਦਨ ਵਿੱਚ ਆਪਾ ਵਿਰੋਧੀ ਬਿਆਨ ਦੇ ਕੇ ਸਦਨ ਅਤੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਨ ਲਈ ‘ਵਿਸ਼ੇਸ਼ ਅਧਿਕਾਰ ਮਤਾ’ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਜਾਣਨਾ ਚਾਹੁੰਦਾ ਹੈ ਕਿ ਸਰਕਾਰ ਬਜਟ ਵਿੱਚ ਰੱਖੀ ਸਿਰਫ਼ 1500 ਕਰੋੜ ਰੁਪਏ ਦੀ ਰਾਸ਼ੀ ਨਾਲ 90,000 ਕਰੋੜ ਰੁਪਏ ਦਾ ਕਰਜ਼ਾ ਕਿਵੇਂ ਮੁਆਫ਼ ਕਰੇਗੀ? ਕੱਲ੍ਹ ਮੁੱਖ ਮੰਤਰੀ ਨੇ 10.25 ਲੱਖ ਕਿਸਾਨਾਂ ਦਾ 2 ਲੱਖ ਰੁਪਏ ਤਕ ਦਾ ਕਰਜ਼ਾ ਮੁਆਫ਼ ਕਰਨ ਦਾ ਵਾਅਦਾ ਕੀਤਾ ਸੀ, ਜਿਸ ਵਾਸਤੇ 20 ਹਜ਼ਾਰ ਕਰੋੜ ਰੁਪਏ ਦੀ ਲੋੜ ਹੈ, ਜਦਕਿ ਇਸ ਤੋਂ 24 ਘੰਟਿਆਂ ਬਾਅਦ ਹੀ ਸਰਕਾਰੀ ਬਜਟ ਵਿੱਚ ਇਸ ਕੰਮ ਲਈ ਸਿਰਫ਼ 1500 ਕਰੋੜ ਰੁਪਏ ਹੀ ਰੱਖੇ ਗਏ ਹਨ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦੀ ਉਹ ਵੀਡੀਓ ਵੀ ਵਿਖਾਈ, ਜਿਸ ਵਿੱਚ ਉਹ ਵਾਅਦਾ ਕਰ ਰਹੇ ਹਨ ਕਿ ਉਹ ਬੈਂਕਾਂ ਅਤੇ ਆੜ੍ਹਤੀਆਂ ਕੋਲੋਂ ਲਏ ਕਿਸਾਨਾਂ ਦੇ ਸਾਰੇ ਕਰਜ਼ਿਆਂ ਨੂੰ ਮੁਆਫ਼ ਕਰ ਦੇਣਗੇ।

ਸੁਖਬੀਰ ਅਵਾ-ਤਵਾ ਬੋਲ ਰਿਹੈ: ਜਾਖੜ
ਚੰਡੀਗੜ੍ਹ/ਬਿਊਰੋ ਨਿਊਜ਼: ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਆਲੋਚਨਾ ਕਰਦੇ ਹੋਏ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਸਾਬਕਾ ਉੱਪ ਮੁੱਖ ਮੰਤਰੀ ਬਜਟ ਵਿਵਸਥਾ ਨੂੰ ਸਮਝਣ ਦੀ ਬਜਾਏ ਅਵਾ-ਤਵਾ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਸਾਬਕਾ ਉੱਪ ਮੁੱਖ ਮੰਤਰੀ ਦੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਅਤੇ ਬਜਟ ਵਿੱਚ ਹੋਰ ਐਲਾਨਾਂ ਖ਼ਿਲਾਫ਼ ਦਿੱਤੇ ਜਾ ਰਹੇ ਬਿਆਨ ਪੂਰੀ ਤਰ੍ਹਾਂ ਅਧਾਰਹੀਣ ਹਨ।