ਆਸਟਰੇਲਿਆਈ ਕ੍ਰਿਕਟ ਟੀਮ ਦੀ ਸ਼ਲਾਘਾ

ਆਸਟਰੇਲਿਆਈ ਕ੍ਰਿਕਟ ਟੀਮ ਦੀ ਸ਼ਲਾਘਾ

ਮੈਲਬਰਨ/ਬਿਊਰੋ ਨਿਊਜ਼ :
ਭਾਰਤ ਵਿੱਚ 13 ਸਾਲ ਬਾਅਦ ਪਹਿਲਾ ਟੈਸਟ ਜਿੱਤਣ ਲਈ ਆਸਟਰੇਲਿਆਈ ਟੀਮ ਦੀ ਸ਼ਲਾਘਾ ਕਰਦਿਆਂ ਦੇਸ਼ ਦੇ ਮੀਡੀਆ ਨੇ ਕਿਹਾ ਹੈ ਕਿ ਸਟੀਵ ਸਮਿੱਥ ਦੀ ਟੀਮ ਇਕ ਦਹਾਕੇ ਤੋਂ ਵੀ ਵਧ ਸਮੇਂ ਬਾਅਦ ਲੜੀ ਜਿੱਤਣ ਦੇ ਸਮਰੱਥ ਹੈ। ਖੱਬੇ ਹੱਥ ਦੇ ਸਪਿੰਨਰ ਸਟੀਵ ਓਕੀਫ ਦੀ ‘ਸੁਪਰ ਹੀਰੋ’ ਵਾਂਗ ਪ੍ਰਦਰਸ਼ਨ ਲਈ ਪ੍ਰਸੰਸ਼ਾ ਕੀਤੀ ਗਈ। ਜਿਸ ਕਾਰਨ ਆਸਟਰੇਲੀਆ ਨੇ ਤਿੰਨ ਦਿਨਾਂ ਦੇ ਵਿੱਚ ਹੀ 333 ਦੌੜਾਂ ਦੀ ਬਿਹਤਰੀਨ ਜਿੱਤ ਦਰਜ ਕੀਤੀ। ‘ਦ ਆਸਟਰੇਲੀਅਨ’ ਅਖ਼ਬਾਰ ਨੇ ਲਿਖਿਆ ਹੈ ਕਿ ਟੀਮ ਨੇ ਇਤਿਹਾਸ ਰਚਿਆ ਹੈ। ਆਸਟਰੇਲੀਆ ਨੇ ਭਾਰਤ ਵਿੱਚ ਲਗਭਗ 13 ਸਾਲਾਂ ਵਿੱਚ ਆਪਣਾ ਪਹਿਲਾ ਟੈਸਟ ਜਿੱਤਿਆ ਹੈ। ਇਸ ਅਖ਼ਬਾਰ ਨੇ ਲਿਖਿਆ ਹੈ ਕਿ ਇਕ ਅਰਬ ਲੋਕਾਂ ਨੇ ਅਜਿਹਾ ਹੋਣ ਦੀ ਉਮੀਦ ਨਹੀਂ ਕੀਤੀ ਸੀ। ਦੋ ਕਰੋੜ ਤੋਂ ਵਧ ਆਸਟਰੇਲਿਆਈ ਵੀ ਅਜਿਹਾ ਹੀ ਸੋਚਦੇ ਸੀ। ਦੇਸ਼ ਦੇ ਲੋਕਾਂ ਤੋਂ ਇਲਾਵਾ ਕਿਸੇ ਨੇ ਵੀ ਸਟੀਵ ਸਮਿਥ ਦੀ ਟੀਮ ਤੋਂ ਉਮੀਦ ਨਹੀਂ ਲਾਈ ਸੀ। ਪਰ ਉਨ੍ਹਾਂ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ। ਉਸ ਨੇ ਭਾਰਤ ਨੂੰ ਉਸ ਦੇ ਮਜ਼ਬੂਤ ਖੇਤਰ ਵਿੱਚ ਹੀ ਪਛਾੜਿਆ। ਆਸਟਰੇਲੀਆ ਦੀ 2004 ਤੋਂ ਬਾਅਦ ਭਾਰਤ ਵਿੱਚ ਇਹ ਪਹਿਲੀ ਟੈਸਟ ਜਿੱਤ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਮੇਜ਼ਬਾਨ ਟੀਮ ਦੇ ਲਗਾਤਾਰ 19 ਮੈਚ ਦੀ ਜੇਤੂ ਮੁਹਿੰਮ ਵੀ ਰੋਕ ਦਿੱਤੀ। ‘ਸਨ ਹੇਰਾਲਡ’ ਨੇ ਵੀ ਮੈਚ ਵਿਚ ਓਕੀਫ ਦੇ 12 ਵਿਕਟ ਅਤੇ ਕਪਤਾਨ ਸਮਿਥ ਦੇ ਭਾਰਤ ਵਿੱਚ ਪਹਿਲੇ ਸੈਂਕੜੇ ਦੀ ਤਾਰੀਫ਼ ਕੀਤੀ। ਅਖ਼ਬਾਰ ਨੇ ਲਿਖਿਆ ਹੈ ਕਿ ਸਟੀਵ ਓਕੀਫ ਦੇ ਸੁਪਰਹੀਰੋ ਵਰਗੇ ਪ੍ਰਦਰਸ਼ਨ ਨੇ ਭਾਰਤੀ ਧਰਤੀ ‘ਤੇ ਆਸਟਰੇਲੀਆ ਨੂੰ ਜਿੱਤ ਦਿਵਾਈ ਅਤੇ ਤਿੰਨ ਦਿਨਾਂ ਵਿੱਚ ਹੀ ਮੇਜ਼ਬਾਨ ਟੀਮ ਨੂੰ ਸ਼ਰਮਸਾਰ ਕੀਤਾ। ਉਨ੍ਹਾਂ ਕਿਹਾ ਹੈ ਕਿ ਆਸਟਰੇਲਿਆਈ ਟੀਮ ਬੰਗਲੌਰ ਦੇ ਦੂਜੇ ਟੈਸਟ ਵਿੱਚ ਇਸੇ ਭਰੋਸੇ ਨਾਲ ਜਾਵੇਗੀ ਕਿ ਉਹ 1969 ਤੋਂ ਉਥੇ ਆਪਣੀ ਦੂਜੀ ਟੈਸਟ ਲੜੀ ਜਿੱਤ ਸਕਦੇ ਹਨ, ਜਦੋਂ ਕਿ ਕੁਝ ਦਿਨ ਪਹਿਲਾਂ ਇਹ ਅਸੰਭਵ ਜਾਪ ਰਿਹਾ ਸੀ। ਸੰਡੇ ਟੈਲੀਗ੍ਰਾਫ ਨੇ ਉਪ ਮਹਾਦੀਪ ਵਿੱਚ 84 ਸਾਲ ਪੁਰਾਣਾ ਟੈਸਟ ਰਿਕਾਰਡ ਤੋੜਨ ਲਈ ਓਕੀਫ ਦੀ ਸ਼ਲਾਘਾ ਕੀਤੀ।