ਗਊ ਰੱਖਿਆ ਦੇ ਨਾਂ ‘ਤੇ ਹਿੰਸਾ ਗਲਤਂ: ਮੋਦੀ

ਗਊ ਰੱਖਿਆ ਦੇ ਨਾਂ ‘ਤੇ ਹਿੰਸਾ ਗਲਤਂ: ਮੋਦੀ

ਕੈਪਸ਼ਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਹਿਮਦਾਬਾਦ ਵਿੱਚ ਸਾਬਰਮਤੀ ਆਸ਼ਰਮ ਵਿਖੇ ਮਹਾਤਮਾ ਗਾਂਧੀ ਦੇ ਬੁੱਤ ‘ਤੇ ਫੁੱਲ ਭੇਟ ਕਰਦੇ ਹੋਏ। 

ਅਹਿਮਦਾਬਾਦ/ਬਿਊਰੋ ਨਿਊਜ਼:
ਗਊ ਰੱਖਿਅਕਾਂ ਨੂੰ ਸਖ਼ਤ ਸੰਦੇਸ਼ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਗਊ ਰੱਖਿਆ ਦੇ ਨਾਂ ਉਤੇ ਲੋਕਾਂ ਦੀ ਹੱਤਿਆ ਮਨਜ਼ੂਰ ਨਹੀਂ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥਾਂ ਵਿੱਚ ਲੈਣ ਦਾ ਅਧਿਕਾਰ ਨਹੀਂ ਹੈ।
ਇੱਥੇ ਮਹਾਤਮਾ ਗਾਂਧੀ ਦੇ ਸਾਬਰਮਤੀ ਆਸ਼ਰਮ ਦੀ ਸ਼ਤਾਬਦੀ ਮੌਕੇ ਵੀਰਵਾਰ ਨੂੰ ਜਨਤਕ ਇਕੱਠ ਦੌਰਾਨ ਸ੍ਰੀ ਮੋਦੀ ਨੇ ਕਿਹਾ ਕਿ ‘ਗਊ ਭਗਤੀ’ ਦੇ ਨਾਂ ਉਤੇ ਹਿੰਸਾ ਵਿੱਚ ਸ਼ਮੂਲੀਅਤ ਪੂਰੀ ਤਰ੍ਹਾਂ ਰਾਸ਼ਟਰ ਪਿਤਾ ਦੇ ਅਸੂਲਾਂ ਖ਼ਿਲਾਫ਼ ਹੈ। ਗਊ ਰੱਖਿਆ ਦੇ ਨਾਂ ਉਤੇ ਹਿੰਸਾ ਤੇ ਭੀੜ ਵੱਲੋਂ ਕੁੱਟਮਾਰ ਦੀਆਂ ਵਧੀਆਂ ਘਟਨਾਵਾਂ ਉਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਨਾਲ ਕੁਝ ਵੀ ਹਾਸਲ ਨਹੀਂ ਹੋਵੇਗਾ। ਉਨ੍ਹਾਂ ਕਿਹਾ, ”ਅੱਜ ਮੈਂ ਜਦੋਂ ਇੱਥੇ ਸਾਬਰਮਤੀ ਆਸ਼ਰਮ ਵਿੱਚ ਹਾਂ ਤਾਂ ਮੈਂ ਆਪਣੀ ਨਾਖ਼ੁਸ਼ੀ ਤੇ ਦਰਦ ਦਾ ਇਜ਼ਹਾਰ ਕਰਨਾ ਚਾਹੁੰਦਾ ਹਾਂ।”
ਪ੍ਰਧਾਨ ਮੰਤਰੀ ਨੇ ਕਿਹਾ, ”ਇਹ ਉਹ ਮੁਲਕ ਹੈ, ਜਿਸ ਵਿੱਚ ਕੀੜੀਆਂ, ਅਵਾਰਾ ਕੁੱਤਿਆਂ ਤੇ ਮੱਛੀਆਂ ਦਾ ਢਿੱਡ ਭਰਨ ਦੀ ਰਵਾਇਤ ਹੈ। ਇਹ ਉਹ ਮੁਲਕ ਹੈ, ਜਿੱਥੇ ਮਹਾਤਮਾ ਗਾਂਧੀ ਨੇ ਸਾਨੂੰ ਅਹਿੰਸਾ ਦਾ ਪਾਠ ਪੜ੍ਹਾਇਆ। ਸਾਨੂੰ ਕੀ ਹੋ ਗਿਆ ਹੈ?” ਭੀੜ ਵੱਲੋਂ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਣ ਤੇ ਹਿੰਸਾ ਉਤੇ ਉਤਰਨ ਦੀ ਰੁਚੀ ਭਾਰੂ ਹੋਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਜੇ ਕੋਈ ਮਰੀਜ਼ ਅਪਰੇਸ਼ਨ ਅਸਫ਼ਲ ਹੋਣ ਕਾਰਨ ਮਾਰਿਆ ਜਾਂਦਾ ਹੈ ਤਾਂ ਰਿਸ਼ਤੇਦਾਰ ਹਸਪਤਾਲ ਫੂਕ ਦਿੰਦੇ ਹਨ ਅਤੇ ਡਾਕਟਰਾਂ ਦੀ ਕੁੱਟਮਾਰ ਕਰਦੇ ਹਨ। ਹਾਦਸਾ, ਹਾਦਸਾ ਹੁੰਦਾ ਹੈ। ਹਾਦਸਿਆਂ ਵਿੱਚ ਜਦੋਂ ਲੋਕ ਮਾਰੇ ਜਾਂ ਜ਼ਖ਼ਮੀ ਹੋ ਜਾਂਦੇ ਹਨ ਤਾਂ ਇਕੱਠ ਹੋ ਜਾਂਦਾ ਹੈ ਤੇ ਵਾਹਨ ਫੂਕੇ ਜਾਂਦੇ ਹਨ।”
ਸ੍ਰੀ ਮੋਦੀ ਨੇ ਕਿਹਾ ਕਿ ਕਿਸੇ ਨੇ ਵੀ ਮਹਾਤਮਾ ਗਾਂਧੀ ਤੇ ਉਨ੍ਹਾਂ ਦੇ ਸਹਿਯੋਗੀ ਵਿਨੋਵਾ ਭਾਵੇ ਤੋਂ ਵੱਧ ਗਊ ਰੱਖਿਆ ਅਤੇ ਗਊ ਭਗਤੀ ਨਹੀਂ ਕੀਤੀ ਹੋਵੇਗੀ। ਉਨ੍ਹਾਂ ਸਾਨੂੰ ਗਊ ਰੱਖਿਆ ਦਾ ਤਰੀਕਾ ਦੱਸਿਆ। ਦੇਸ਼ ਨੂੰ ਉਨ੍ਹਾਂ ਦੇ ਰਾਹ ਉਤੇ ਚੱਲਣਾ ਪਵੇਗਾ। ਉਨ੍ਹਾਂ ਕਿਹਾ, ”ਭਾਰਤੀ ਸੰਵਿਧਾਨ ਵੀ ਸਾਨੂੰ ਗਊ ਰੱਖਿਆ ਬਾਰੇ ਸਿਖਾਉਂਦਾ ਹੈ। ਪਰ ਇਹ ਕੰਮ (ਗਊ ਰੱਖਿਆ) ਕਰਦਿਆਂ ਕੀ ਸਾਨੂੰ ਕਿਸੇ ਦੀ ਜਾਨ ਲੈਣ ਦਾ ਅਧਿਕਾਰ ਹੈ। ਕੀ ਇਹ ਗਊ ਭਗਤੀ ਹੈ? ਕੀ ਇਹ ਗਊ ਰੱਖਿਆ ਹੈ?”

ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਗਊ ਰੱਖਿਅਕਾਂ ਦੀ ਵਧਦੀ ਹਿੰਸਾ ਦੇ ਪਿਛੋਕੜ ਵਿੱਚ ਆਈਆਂ। ਪਿਛਲੇ ਹਫ਼ਤੇ ਮਥੁਰਾ ਜਾ ਰਹੀ ਰੇਲ ਗੱਡੀ ਵਿੱਚ ਇਕ ਮੁਸਲਿਮ ਨੌਜਵਾਨ ਜੂਨੈਦ ਦਾ ਕਤਲ ਕਰ ਦਿੱਤਾ ਗਿਆ ਅਤੇ ਕਾਤਲ ਉਸ ਦੇ ਪਰਿਵਾਰ ਉਤੇ ਫਿਕਰੇ ਕਸਦਿਆਂ ਉਸ ਨੂੰ ‘ਦੇਸ਼ ਵਿਰੋਧੀ’ ਅਤੇ ‘ਗਊ ਮਾਸ ਖਾਣ’ ਵਾਲਾ ਦੱਸ ਰਹੇ ਸਨ। ਅਗਸਤ 2016 ਵਿੱਚ ਵੀ ਸ੍ਰੀ ਮੋਦੀ ਨੇ ਗਊ ਰੱਖਿਅਕਾਂ ਨੂੰ ਤਾੜਨਾ ਕੀਤੀ ਸੀ। ਉਦੋਂ ਉਨ੍ਹਾਂ ਦੇ ਆਪਣੇ ਗ੍ਰਹਿ ਰਾਜ ਗੁਜਰਾਤ ਵਿੱਚ ਗਊ ਰੱਖਿਅਕਾਂ ਨੇ ਦਲਿਤਾਂ ਦੀ ਕੁੱਟਮਾਰ ਕੀਤੀ ਸੀ।