ਗੁਰੂ ਰਾਮਦਾਸ ਲੰਗਰ ਹਾਲ ਵਿਖੇ ਲਾਂਗਰੀ ਚਾਸ਼ਨੀ ਵਾਲੇ ਕੜਾਹੇ ‘ਚ ਡਿੱਗ ਕੇ ਝੁਲਸਿਆ

ਗੁਰੂ ਰਾਮਦਾਸ ਲੰਗਰ ਹਾਲ ਵਿਖੇ ਲਾਂਗਰੀ ਚਾਸ਼ਨੀ ਵਾਲੇ ਕੜਾਹੇ ‘ਚ ਡਿੱਗ ਕੇ ਝੁਲਸਿਆ

ਅੰਮ੍ਰਿਤਸਰ/ਬਿਊਰੋ ਨਿਊਜ਼ :
ਸ੍ਰੀ ਹਰਿਮੰਦਰ ਸਾਹਿਬ ਦੇ ਗੁਰੂ ਰਾਮਦਾਸ ਲੰਗਰ ਘਰ ਵਿੱਚ ਸੰਗਤ ਲਈ ਖੀਰ ਬਣਾਉਣ ਮੌਕੇ ਖੰਡ ਦੀ ਚਾਸ਼ਨੀ ਤਿਆਰ ਕਰ ਰਿਹਾ ਇਕ ਕਰਮਚਾਰੀ ਕੜਾਹੇ ਵਿੱਚ ਡਿੱਗਣ ਨਾਲ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਸ੍ਰੀ ਗੁਰੂ ਰਾਮਦਾਸ ਹਸਪਤਾਲ ਦਾਖਲ ਕਰਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਭਾਵੇਂ ਸਥਿਰ ਹੈ, ਪਰ ਡਾਕਟਰਾਂ ਨੇ ਅਗਲੇ 24 ਘੰਟੇ ਉਡੀਕ ਕਰਨ ਲਈ ਕਿਹਾ ਹੈ। ਵੇਰਵਿਆਂ ਮੁਤਾਬਕ ਲਾਂਗਰੀ ਚਰਨਜੀਤ ਸਿੰਘ ਸੰਗਤ ਦੀ ਖੀਰ ਲਈ ਖੰਡ ਦੀ ਚਾਸ਼ਨੀ ਤਿਆਰ ਕਰ ਰਿਹਾ ਸੀ। ਚਾਸ਼ਨੀ ਵਾਲੇ ਕੜਾਹੇ ਵਿਚੋਂ ਜਦੋਂ ਉਹ ਖੰਡ ਦੀ ਮੈਲ ਉਤਾਰ ਰਿਹਾ ਸੀ ਤਾਂ ਅਚਨਚੇਤੀ ਉਸ ਦਾ ਪੈਰ ਖਿਸਕ ਗਿਆ ਅਤੇ ਉਹ ਚਾਸ਼ਨੀ ਵਾਲੇ ਕੜਾਹੇ ਵਿੱਚ ਡਿੱਗ ਪਿਆ। ਉਸ ਦੇ ਸਾਥੀਆਂ ਨੇ ਉਹਨੂੰ ਤੁਰੰਤ ਬਾਹਰ ਕੱਢਿਆ ਅਤੇ ਜ਼ਖ਼ਮੀ ਹਾਲਤ ਵਿੱਚ ਇਲਾਜ ਲਈ ਹਸਪਤਾਲ ਲੈ ਗਏ। ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਹਾਦਸੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਲਾਂਗਰੀ ਦੀ ਹਾਲਤ ਸਥਿਰ ਹੈ, ਪਰ ਡਾਕਟਰਾਂ ਨੇ 24 ਘੰਟੇ ਨਿਗਰਾਨੀ ਵਿੱਚ ਰੱਖਣ ਦੀ ਹਦਾਇਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਇਹ ਵਿਅਕਤੀ ਅਚਨਚੇਤੀ ਕੜਾਹੇ ਵਿੱਚ ਡਿੱਗਾ ਤਾਂ ਉਹ ਖ਼ੁਦ ਹੀ ਇਸ ਵਿਚੋਂ ਬਾਹਰ ਨਿਕਲਿਆ ਅਤੇ ਖ਼ੁਦ ਚਲ ਕੇ ਹਸਪਤਾਲ ਗਿਆ। ਡਾਕਟਰਾਂ ਮੁਤਾਬਕ ਕੜਾਹੇ ਵਿੱਚ ਡਿੱਗਣ ਨਾਲ ਉਸ ਦੇ ਸਰੀਰ ਨੂੰ ਡੂੰਘਾ ਸੇਕ ਲੱਗਾ ਹੈ ਅਤੇ 60 ਫੀਸਦ ਤਕ ਸਰੀਰ ਜ਼ਖ਼ਮੀ ਹੋਇਆ ਹੈ।