ਅਤਿਵਾਦੀਆਂ ਨਾਲ ਟੱਕਰ ਲੈਣ ਮੋਦੀ ਦੇ ਗਊ ਰਾਖੇ : ਸ਼ਿਵ ਸੈਨਾ

ਅਤਿਵਾਦੀਆਂ ਨਾਲ ਟੱਕਰ ਲੈਣ ਮੋਦੀ ਦੇ ਗਊ ਰਾਖੇ : ਸ਼ਿਵ ਸੈਨਾ

‘ਜੰਮੂ-ਕਸ਼ਮੀਰ ਨੂੰ 56 ਇੰਚ ਦੀ ਛਾਤੀ ਵਾਲੀ ਸਰਕਾਰ ਦੀ ਲੋੜ’
ਮੁੰਬਈ/ਬਿਊਰੋ ਨਿਊਜ਼ :
ਅਮਰਨਾਥ ਯਾਤਰੀਆਂ ਉਤੇ ਅਤਿਵਾਦੀ ਹਮਲੇ ਲਈ ਪ੍ਰਧਾਨ ਮੰਤਰੀ ਅਤੇ ਭਾਜਪਾ ਦੀ ਖਿੱਲੀ ਉਡਾਉਂਦਿਆਂ ਸ਼ਿਵ ਸੈਨਾ ਨੇ ਕਿਹਾ ਕਿ ਉਸ ਦੀ ਇਹ ਸੀਨੀਅਰ ਸਹਿਯੋਗੀ ਪਾਰਟੀ ਵਾਦੀ ਵਿੱਚ ਅਤਿਵਾਦੀਆਂ ਨਾਲ ਲੜਨ ਲਈ ‘ਗਊ ਰੱਖਿਅਕਾਂ’ ਨੂੰ ਭੇਜੇ।
ਐਨਡੀਏ ਗਠਜੋੜ ਵਿੱਚ ਭਾਈਵਾਲ ਸ਼ਿਵ ਸੈਨਾ ਨੇ ਕਿਹਾ ਕਿ ਕੇਂਦਰ ਸਰਕਾਰ ਅਤਿਵਾਦੀਆਂ ਨੂੰ ਫੜਨ ਦੀ ਬਜਾਏ ਸਿਰਫ਼ ਕਾਗਜ਼ਾਂ ਉਤੇ ਅਜਿਹੇ ਘਿਨਾਉਣੇ ਹਮਲਿਆਂ ਦੀ ਨਿਖੇਧੀ ਕਰਦੀ ਹੈ। ਪਾਰਟੀ ਨੇ ਕਿਹਾ ਕਿ ਸਰਕਾਰ ਨੂੰ ਪਾਕਿਸਤਾਨ ਨਾਲ ਸਿੱਝਣ ਲਈ ’56 ਇੰਚ ਦੀ ਛਾਤੀ’ ਦਿਖਾਉਣ ਦੀ ਲੋੜ ਹੈ। ਸ਼ਿਵ ਸੈਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਚੋਣ ਪ੍ਰਚਾਰ ਦੌਰਾਨ ਕੀਤੀਆਂ ਉਨ੍ਹਾਂ ਟਿੱਪਣੀਆਂ ਦੀ ਖਿੱਲੀ ਉਡਾ ਰਹੀ ਸੀ, ਜਿਨ੍ਹਾਂ ਵਿੱਚ ਉਨ੍ਹਾਂ ਕਿਹਾ ਸੀ ਕਿ ਪਾਕਿਸਤਾਨ ਨਾਲ ਸਿੱਝਣ ਲਈ 56 ਇੰਚ ਦੀ ਛਾਤੀ ਦੀ ਲੋੜ ਹੈ।
ਸ਼ਿਵ ਸੈਨਾ ਦੇ ਪਰਚੇ ‘ਸਾਮਨਾ’ ਦੇ ਸੰਪਾਦਕੀ ਵਿੱਚ ਕਿਹਾ ਗਿਆ ਕਿ ਕੇਂਦਰ ਸਰਕਾਰ ਕੋਲ ਇਸ ਘਿਨਾਉਣੇ ਹਮਲੇ ਦਾ ਇਕੋ ਇਕ ਜਵਾਬ ਸੋਸ਼ਲ ਨੈੱਟਵਰਕਿੰਗ ਵੈੱਬਸਾਈਟ ਟਵਿੱਟਰ ਉਤੇ ਨਿਖੇਧੀ ਕਰਨਾ ਹੈ। ਪਾਰਟੀ ਨੇ ਸਵਾਲ ਕੀਤਾ ਕਿ ਹੁਣ ਇਨ੍ਹਾਂ ਅਣਮਨੁੱਖੀ ਹਮਲਿਆਂ ਨੂੰ ਰੋਕਣ ਦਾ ਹੌਸਲਾ ਕਿਸ ਵਿੱਚ ਹੈ? ਇਨ੍ਹਾਂ ਹਮਲਿਆਂ ਦੀ ਸਿਰਫ਼ ਕਾਗਜ਼ ਉਤੇ ਨਿਖੇਧੀ ਜਾਂ ਪੀੜਤਾਂ ਨਾਲ ਹਮਦਰਦੀ ਪ੍ਰਗਟਾਉਣ ਨਾਲ ਤੁਸੀਂ ਅਤਿਵਾਦੀਆਂ ਨਾਲ ਕਿਵੇਂ ਲੜੋਗੇ? ਕਸ਼ਮੀਰ ਵਿੱਚ ਸਰਕਾਰੀ ਮਸ਼ੀਨਰੀ ਬਿਲਕੁਲ ਖ਼ਤਮ ਹੋ ਚੁੱਕੀ ਹੈ ਅਤੇ ਵਾਦੀ ਦੀ ਮੌਜੂਦਾ ਸਥਿਤੀ ਦੇਸ਼ ਦੀ ਏਕਤਾ ਲਈ ਖ਼ਤਰਨਾਕ ਹੈ। ਸੰਪਾਦਕੀ ਵਿੱਚ ਕਿਹਾ ਗਿਆ ਕਿ ਜੰਮੂ ਕਸ਼ਮੀਰ ਵਿੱਚ ਸਿਰਫ਼ ਅਤਿਵਾਦੀਆਂ ਦਾ ਰਾਜ ਹੈ। ਅਤਿਵਾਦੀਆਂ ਦੇ ਖ਼ਾਤਮੇ ਲਈ ਵਾਦੀ ਨੂੰ 56 ਇੰਚ ਦੀ ਛਾਤੀ ਵਾਲੀ ਸਰਕਾਰ ਦੀ ਲੋੜ ਹੈ। ਪਾਰਟੀ ਨੇ ਕਿਹਾ ਕਿ ਜੇ ਪਾਕਿਸਤਾਨ ਤੇ ਅਤਿਵਾਦੀਆਂ ਨੂੰ ਸਖ਼ਤ ਸੰਦੇਸ਼ ਦੇਣਾ ਹੈ ਤਾਂ ਇਕ ਹਫ਼ਤੇ ਵਿੱਚ ਸੰਵਿਧਾਨ ਦੀ ਧਾਰਾ 370 ਖ਼ਤਮ ਕੀਤੀ ਜਾਵੇ ਅਤੇ ਵਿਸ਼ਵ ਨੂੰ ਦਿਖਾਇਆ ਜਾਵੇ ਕਿ ਜੰਮੂ ਕਸ਼ਮੀਰ ਭਾਰਤ ਦਾ ਅਨਿੱਖੜ ਅੰਗ ਹੈ।