ਸਿੱਖ ਰੈਫਰੈਂਸ ਲਾਇਬਰੇਰੀ ਬਾਰੇ ਕੇਂਦਰ ਦੇ ਮੱਠੇ ਹੁੰਗਾਰੇ ਤੋਂ ਸ਼੍ਰੋਮਣੀ ਕਮੇਟੀ ‘ਨਿਰਾਸ਼’

ਸਿੱਖ ਰੈਫਰੈਂਸ ਲਾਇਬਰੇਰੀ ਬਾਰੇ ਕੇਂਦਰ ਦੇ ਮੱਠੇ ਹੁੰਗਾਰੇ ਤੋਂ ਸ਼੍ਰੋਮਣੀ ਕਮੇਟੀ ‘ਨਿਰਾਸ਼’

ਭਾਈ ਗੁਰਦਾਸ ਹਾਲ ਨੇੜੇ ਪ੍ਰਸਤਾਵਿਤ ਸਕੂਲ ਦੀ ਇਮਾਰਤ ਜਿੱਥੇ ਸਿੱਖ ਰੈਫਰੈਂਸ ਲਾਇਬਰੇਰੀ ਸਥਾਪਤ ਕੀਤੀ ਜਾਣੀ ਹੈ।

ਅੰਮ੍ਰਿਤਸਰ/ਬਿਊਰੋ ਨਿਊਜ਼ :
ਦਰਬਾਰ ਸਾਹਿਬ ਸਮੂਹ ਵਿੱਚ ਸਥਾਪਤ ਸਿੱਖ ਰੈਫਰੈਂਸ ਲਾਇਬਰੇਰੀ ਜਿਹੜੀ 1984 ਦੇ ਫ਼ੌਜੀ ਹਮਲੇ ਸਮੇਂ ਸਾੜ ਦਿੱਤੀ ਗਈ ਸੀ, ਦੀ ਸਮੱਗਰੀ ਵਾਪਸ ਕਰਨ ਸਬੰਧੀ ਕੇਂਦਰ ਦੇ ਮੱਠੇ ਹੁੰਗਾਰੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਨਿਰਾਸ਼’ ਹੈ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲ ਭਾਜਪਾ ਦੀ ਕੇਂਦਰ ਵਿੱਚ ਸਰਕਾਰ ਹੋਣ ਦੇ ਬਾਵਜੂਦ ਕਮੇਟੀ ਦੀ ਮੰਗ ਦੀ ਪੂਰਤੀ ਸਬੰਧੀ ਖ਼ਾਸ ਹੁੰਗਾਰਾ ਨਹੀਂ ਮਿਲਿਆ ਹੈ।
ਇਸ ਸਬੰਧੀ ਸੂਚਨਾ ਅਧਿਕਾਰ ਐਕਟ ਤਹਿਤ ਕੇਂਦਰ ਸਰਕਾਰ ਕੋਲੋਂ ਜਾਣਕਾਰੀ ਮੰਗੀ ਗਈ ਸੀ, ਜਿਸ ਦੇ ਜਵਾਬ ਵਿੱਚ ਕੇਂਦਰ ਸਰਕਾਰ ਨੇ ਕਿਹਾ ਕਿ ਫ਼ੌਜੀ ਹਮਲੇ ਸਮੇਂ ਦਾ ਕੋਈ ਸਾਮਾਨ ਕੇਂਦਰ ਸਰਕਾਰ ਕੋਲ ਨਹੀਂ ਹੈ। ਇਹ ਸਾਮਾਨ ਸ਼੍ਰੋਮਣੀ ਕਮੇਟੀ ਨੂੰ ਵਾਪਸ ਕਰ ਦਿੱਤਾ ਗਿਆ ਸੀ। ਸ਼੍ਰੋਮਣੀ ਕਮੇਟੀ ਵੱਲੋਂ ਪਿਛਲੇ 33 ਸਾਲ ਤੋਂ ਲਗਾਤਾਰ ਇਸ ਸਮੱਗਰੀ ਦੀ ਵਾਪਸੀ ਦੀ ਮੰਗ ਕੀਤੀ ਜਾ ਰਹੀ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਆਖਿਆ ਕਿ ਇਹ ਗੱਲ ਚਿੱਟੇ ਦਿਨ ਵਾਂਗ ਸਪਸ਼ਟ ਹੈ ਕਿ ਲਾਇਬਰੇਰੀ ਦੀ ਸਮੱਗਰੀ ਫ਼ੌਜ ਲੈ ਗਈ ਸੀ ਤੇ ਇਸ ਦੇ ਕਈ ਗਵਾਹ ਵੀ ਸਨ। ਹਾਲ ਹੀ ਵਿੱਚ ਇਸ ਸਬੰਧੀ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨਾਲ ਮੁਲਾਕਾਤ ਕਰ ਕੇ ਮੰਗ ਪੱਤਰ ਦਿੱਤਾ ਗਿਆ ਸੀ, ਜਿਹੜਾ ਅਗਲੀ ਕਾਰਵਾਈ ਲਈ ਗ੍ਰਹਿ ਮੰਤਰਾਲੇ ਨੂੰ ਭੇਜ ਦਿੱਤਾ ਗਿਆ ਸੀ। ਇਹ ਮਾਮਲਾ ਹੁਣ ਨਵੇਂ ਰਾਸ਼ਟਰਪਤੀ ਕੋਲ ਵੀ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਸਿੱਖ ਰੈਫਰੈਂਸ ਲਾਇਬਰੇਰੀ ਨੂੰ ਦਰਬਾਰ ਸਮੂਹ ਤੋਂ ਬਾਹਰ ਸਥਾਪਤ ਕਰਨ ਦਾ ਫ਼ੈਸਲਾ ਕੀਤਾ ਹੈ, ਜਿਥੇ ਇਸ ਦੀ ਪੁਰਾਣੀ ਸ਼ਾਨ ਨੂੰ ਬਹਾਲ ਕੀਤਾ ਜਾਵੇਗਾ। ਕੇਂਦਰ ਸਰਕਾਰ ਵੱਲੋਂ ਇਹ ਵੀ ਦਾਅਵਾ ਕੀਤਾ ਜਾ ਚੁੱਕਿਆ ਹੈ ਕਿ ਸਾਰਾ ਸਾਮਾਨ ਸ਼੍ਰੋਮਣੀ ਕਮੇਟੀ ਨੂੰ ਮੋੜ ਦਿੱਤਾ ਗਿਆ ਸੀ ਅਤੇ ਵਾਪਸ ਕੀਤੇ ਸਾਮਾਨ ਦੀ ਵਸੂਲੀ ਸਬੰਧੀ ਕਮੇਟੀ ਅਧਿਕਾਰੀਆਂ ਦੇ ਦਸਤਖ਼ਤ ਵੀ ਹਨ।
ਦੂਜੇ ਬੰਨੇ ਵਸੂਲੀ ਪੱਤਰ ਤੇ ਦਸਤਖ਼ਤ ਕਰਨ ਵਾਲੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਕੁਲਵੰਤ ਸਿੰਘ ਨੇ ਆਖਿਆ ਕਿ ਫ਼ੌਜੀ ਹਮਲੇ ਤੋਂ ਕੁਝ ਸਾਲ ਬਾਅਦ ਕੁਝ ਕਿਤਾਬਾਂ ਤੇ ਅਖ਼ਬਾਰ ਵਾਪਸ ਕੀਤੇ ਗਏ ਸਨ। ਸਾਮਾਨ ਦੀ ਵਸੂਲੀ ਵੇਲੇ ਲਾਇਬਰੇਰੀ ਇੰਚਾਰਜ ਅਤੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਭਾਨ ਸਿੰਘ ਵੱਲੋਂ ਵੀ ਦਸਤਖ਼ਤ ਕੀਤੇ ਗਏ ਸਨ। ਵਸੂਲੀ ਮਗਰੋਂ ਸੂਚੀ ਵਿੱਚ ਇਹ ਸ਼ਬਦ ਸ਼ਾਮਲ ਕਰ ਦਿੱਤੇ ਗਏ ਕਿ ‘ਸਾਰਾ ਸਾਮਾਨ’ ਵਾਪਸ ਕਰ ਦਿੱਤਾ ਗਿਆ। ਇਹ ਸ਼ਬਦ ਉਸ ਵੇਲੇ ਦਸਤਾਵੇਜ਼ ਵਿੱਚ ਨਹੀਂ ਸਨ, ਮਗਰੋਂ ਬਾਰੀਕ ਅੱਖਰਾਂ ਵਿੱਚ ਸ਼ਾਮਲ ਕੀਤੇ ਗਏ। ਇਸ ਕਾਰਵਾਈ ਦਾ ਉਸ ਵੇਲੇ ਵੀ ਵਿਰੋਧ ਕੀਤਾ ਗਿਆ ਸੀ।