ਨਿਠਾਰੀ ਕਤਲ ਮਾਮਲੇ ਵਿਚ ਵਪਾਰੀ ਮੋਨਿੰਦਰ ਸਿੰਘ ਪੰਧੇਰ ਤੇ ਨੌਕਰ ਸੁਰਿੰਦਰ ਕੋਲੀ ਨੂੰ ਮੌਤ ਦੀ ਸਜ਼ਾ

ਨਿਠਾਰੀ ਕਤਲ ਮਾਮਲੇ ਵਿਚ ਵਪਾਰੀ ਮੋਨਿੰਦਰ ਸਿੰਘ ਪੰਧੇਰ ਤੇ ਨੌਕਰ ਸੁਰਿੰਦਰ ਕੋਲੀ ਨੂੰ ਮੌਤ ਦੀ ਸਜ਼ਾ

ਗਾਜ਼ੀਆਬਾਦ/ਬਿਊਰੋ ਨਿਊਜ਼ :
ਸੀ.ਬੀ.ਆਈ. ਦੀ ਇਕ ਵਿਸ਼ੇਸ਼ ਅਦਾਲਤ ਨੇ ਸਨਸਨੀਖੇਜ਼ ਨਿਠਾਰੀ ਕਤਲਾਂ ਦੇ ਮਾਮਲਿਆਂ ਵਿਚੋਂ ਇਕ ਵਿਚ ਵਪਾਰੀ ਮੋਨਿੰਦਰ ਸਿੰਘ ਪੰਧੇਰ ਅਤੇ ਉਸ ਦੇ ਘਰੇਲੂ ਨੌਕਰ ਸੁਰਿੰਦਰ ਕੋਲੀ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਵਿਸ਼ੇਸ਼ ਜੱਜ ਪਵਨ ਕੁਮਾਰ ਤਿਵਾੜੀ ਨੇ ਘਰੇਲੂ ਨੌਕਰਾਣੀ 20 ਸਾਲਾ ਪਿੰਕੀ ਸਰਕਾਰ ਦੇ ਕਤਲ ਦੇ ਸਬੰਧ ਵਿਚ ਦੋਵਾਂ ਨੂੰ ਮੌਤ ਦੀ ਸਜ਼ਾ ਸੁਣਾਈ। ਸਜ਼ਾ ਸੁਣਾਏ ਜਾਣ ਸਮੇਂ ਦੋਵੇਂ ਅਦਾਲਤ ਵਿਚ ਮੌਜੂਦ ਸਨ। ਸੀ.ਬੀ.ਆਈ. ਦੇ ਬੁਲਾਰੇ ਆਰ.ਕੇ. ਗੌਰ ਨੇ ਦੱਸਿਆ ਕਿ ਮਾਮਲੇ ਵਿਚ ਪੰਧੇਰ ਅਤੇ ਕੋਲੀ ਅਗਵਾ, ਜਬਰ ਜਨਾਹ ਅਤੇ ਕਤਲ ਲਈ ਕਸੂਰਵਾਰ ਪਾਏ ਗਏ ਸਨ। ਪੁਲੀਸ ਨੇ 29 ਦਸੰਬਰ, 2009 ਨੂੰ ਨੋਇਡਾ ਵਿਚ ਨਿਠਾਰੀ ਵਿਚ ਪੰਧੇਰ ਦੇ ਘਰੋਂ 19 ਮਨੁੱਖੀ ਪਿੰਜਰ ਬਰਮਾਦ ਕੀਤੇ ਸਨ। ਪੰਧੇਰ ਤੇ ਕੋਲੀ ਖਿਲਾਫ਼ 19 ਮਾਮਲਿਆਂ ਵਿੱਚੋਂ 16 ਵਿਚ ਚਲਾਨ ਪੇਸ਼ ਕੀਤੇ ਗਏ ਸਨ, ਜਦਕਿ ਤਿੰਨ ਸਬੂਤਾਂ ਦੀ ਘਾਟ ਕਾਰਨ ਬੰਦ ਕਰ ਦਿੱਤੇ ਸਨ। ਇਸ ਕਾਂਡ ਦੀਆਂ ਸ਼ਿਕਾਰ ਬਹੁਤੀਆਂ ਨੌਜਵਾਨ ਲੜਕੀਆਂ ਸਨ। ਪਿੰਕੀ ਸਰਕਾਰ ਮਾਮਲੇ ਤੋਂ ਪਹਿਲਾਂ ਦੋਵਾਂ ਨੂੰ 9 ਮਾਮਲਿਆਂ ਵਿਚ ਦੋਸ਼ੀ ਠਹਿਰਾਇਆ ਅਤੇ ਸਜ਼ਾ ਸੁਣਾਈ ਗਈ ਸੀ, ਜਦਕਿ 7 ਮਾਮਲੇ ਅਜੇ ਸੁਣਵਾਈ ਅਧੀਨ ਹਨ। ਪਹਿਲਾਂ ਹੋਏ ਫ਼ੈਸਲਿਆਂ ਵਿਚ ਪੰਧੇਰ ਨੂੰ ਕੈਦ ਅਤੇ ਕੋਲੀ ਨੂੰ ਕਈ ਮਾਮਲਿਆਂ ਵਿਚ ਮੌਤ ਦੀ ਸਜ਼ਾ ਸੁਣਾਈ ਸੀ।
ਸੀ. ਬੀ. ਆਈ. ਨੇ ਅਦਾਲਤ ਵਿਚ ਪੇਸ਼ ਕੀਤੇ ਚਲਾਨ ਵਿਚ ਦੱਸਿਆ ਸੀ ਕਿ 5 ਅਕਤੂਬਰ, 2006 ਨੂੰ ਜਦੋਂ ਪਿੰਕੀ ਸਰਕਾਰ ਕੰਮ ਤੋਂ ਘਰ ਨੂੰ ਵਾਪਸ ਆ ਰਹੀ ਸੀ ਤਾਂ ਕੋਲੀ ਨੇ ਉਸ ਨੂੰ ਕਥਿਤ ਰੂਪ ਵਿਚ ਅਗਵਾ ਕਰ ਲਿਆ। ਪਿੰਕੀ ਨਾਲ ਜਬਰ ਜਨਾਹ ਕਰਨ ਪਿੱਛੋਂ ਉਸ ਦਾ ਉਸ ਦੀ ਚੁੰਨੀ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ। ਕਤਲ ਪਿੱਛੋਂ ਉਸ ਦਾ ਸਿਰ ਕਲਮ ਕਰ ਦਿੱਤਾ ਅਤੇ ਉਸ ਦਾ ਸਿਰ ਅਤੇ ਕੱਪੜੇ ਪੰਧੇਰ ਦੇ ਘਰ ਦੇ ਪਿਛਲੇ ਪਾਸੇ ਤੋਂ ਲੰਘਦੀ ਡਰੇਨ ਵਿਚ ਸੁੱਟ ਦਿੱਤੇ। ਅਪ੍ਰੈਲ 2007 ਵਿਚ ਲੜਕੀ ਦੇ ਮਾਪਿਆਂ ਵਲੋਂ ਉਸ ਦੇ ਕੱਪੜਿਆਂ ਦੀ ਪਛਾਣ ਕਰਨ ਅਤੇ ਕੁਝ ਹੱਡੀਆਂ ਦਾ ਡੀ.ਐਨ.ਏ. ਦੇ ਨਮੂਨੇ ਉਸ ਦੇ ਮਾਪਿਆਂ ਨਾਲ ਮਿਲਾਉਣ ਪਿੱਛੋਂ ਸੀ.ਬੀ.ਆਈ. ਨੇ ਕੇਸ ਦਰਜ ਕੀਤਾ ਸੀ। ਸੀ.ਬੀ.ਆਈ. ਦੇ ਦਸਤਾਵੇਜ਼ਾਂ ਤੋਂ ਪਤਾ ਲਗਦਾ ਹੈ ਕਿ ਜਦੋਂ ਪੁਲੀਸ ਨੇ ਕਤਲਾਂ ਦੀ ਜਾਂਚ ਕੀਤੀ ਤਾਂ ਪੰਧੇਰ ਦੇ ਘਰ ਦੇ ਪਿਛਲੇ ਪਾਸਿਓਂ ਡਰੇਨ ਵਿਚੋਂ 15 ਖੋਪੜੀਆਂ ਅਤੇ ਕਈ ਪਿੰਜਰ ਮਿਲੇ ਸਨ। ਇਨ੍ਹਾਂ ਵਿੱਚੋਂ ਹੀ ਇਕ ਪਿੰਜਰ ਪਿੰਕੀ ਸਰਕਾਰ ਦਾ ਸੀ, ਜਿਸ ਨੂੰ ਨਿਠਾਰੀ ਲੜੀਵਾਰ ਕਤਲਾਂ ਵਿਚ ਦੋਸ਼ੀਆਂ ਨੇ ਆਪਣਾ ਆਖਰੀ ਸ਼ਿਕਾਰ ਬਣਾਇਆ ਸੀ। ਇਹ ਦੂਸਰਾ ਮੌਕਾ ਹੈ ਜਦੋਂ ਪੰਧੇਰ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਉਸ ਨੂੰ 14 ਸਾਲਾ ਲੜਕੀ ਰਿੰਪਾ ਹਲਦਰ ਮਾਮਲੇ ਵਿਚ ਵਿਸ਼ੇਸ਼ ਅਦਾਲਤ ਨੇ 13 ਫਰਵਰੀ, 2009 ਨੂੰ ਮੌਤ ਦੀ ਸਜ਼ਾ ਸੁਣਾਈ ਸੀ ਪਰ ਇਲਾਹਾਬਾਦ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ ਹੇਠਲੇ ਜੱਜ ਦੇ ਫ਼ੈਸਲੇ ਨੂੰ ਰੱਦ ਕਰਦੇ ਹੋਏ ਪੰਧੇਰ ਨੂੰ ਬਰੀ ਕਰ ਦਿੱਤਾ ਸੀ। ਇਨ੍ਹਾਂ ਤਾਜ਼ਾ ਹੁਕਮ ਵਿਚ ਅਦਾਲਤ ਨੇ ਕੋਲੀ ਨੂੰ 10 ਹਜ਼ਾਰ ਰੁਪਏ ਜੁਰਮਾਨਾ ਕਰਨ ਤੋਂ ਇਲਾਵਾ ਸਬੂਤ ਨਸ਼ਟ ਕਰਨ ਬਦਲੇ 10 ਸਾਲ ਕੈਦ ਦੀ ਸਜ਼ਾ ਵੀ ਸੁਣਾਈ ਹੈ। ਪੰਧੇਰ ਨੂੰ ਵੀ 5000 ਰੁਪਏ ਜੁਰਮਾਨਾ ਅਤੇ ਸਬੂਤ ਨਸ਼ਟ ਕਰਨ ਬਦਲੇ 7 ਸਾਲ ਕੈਦ ਦੀ ਸਜ਼ਾ ਸੁਣਾਈ। ਇਸ ਘਿਨਾਉਣੇ ਕਤਲ ਤੋਂ ਪਰਦਾ ਉਸ ਸਮੇਂ ਦਸੰਬਰ 2006 ਵਿਚ ਚੁੱਕਿਆ ਗਿਆ, ਜਦੋਂ ਨੋਇਡਾ ਪੁਲੀਸ ਨੇ ਡਰੇਨ ਵਿਚੋਂ 16 ਵਿਅਕਤੀਆਂ, ਜਿਨ੍ਹਾਂ ਵਿਚੋਂ ਬਹੁਤੇ ਬੱਚੇ ਸਨ, ਦੀਆਂ ਖੋਪੜੀਆਂ ਤੇ ਪਿੰਜਰ ਬਰਾਮਦ ਕੀਤੇ ਸਨ। ਇਸ ਤੋਂ ਪਹਿਲਾਂ ਨਿਠਾਰੀ ਇਲਾਕੇ ਵਿਚੋਂ ਕਈ ਬੱਚੇ ਲਾਪਤਾ ਹੋ ਗਏ ਸਨ ਅਤੇ ਇਹ ਦੋਸ਼ ਲਾਇਆ ਗਿਆ ਸੀ ਕਿ ਕੋਲੀ ਨੇ ਉਨ੍ਹਾਂ ਨੂੰ ਮਠਿਆਈਆਂ ਅਤੇ ਚੌਕਲੇਟ ਦੇਣ ਦੇ ਬਹਾਨੇ ਭਰਮਾਇਆ ਸੀ ਅਤੇ ਉਹ ਬੱਚਿਆਂ ਦਾ ਕਤਲ ਕਰਨ ਪਿੱਛੋਂ ਲਾਸ਼ਾਂ ਨਾਲ ਘਿਨੌਣਾ ਕੰਮ ਕਰਦਾ ਸੀ। ਸੀ.ਬੀ.ਆਈ. ਦੇ ਦਸਤਾਵੇਜ਼ਾਂ ਮੁਤਾਬਕ ਕੋਲੀ ਨੇ ਕੁਝ ਮਾਮਲਿਆਂ ਵਿਚ ਮਨੁੱਖਾਂ ਦਾ ਮਾਸ ਵੀ ਖਾਧਾ ਸੀ।