‘ਦੀ ਬਲੈਕ ਪ੍ਰਿੰਸ’ : ਆਲਮੀ ਸਫ਼ਾਂ ਵਿਚ ਸਿੱਖ ਇਤਿਹਾਸ ਦੀ ਅਦਬੀ ਪੇਸ਼ਕਾਰੀ

‘ਦੀ ਬਲੈਕ ਪ੍ਰਿੰਸ’ : ਆਲਮੀ ਸਫ਼ਾਂ ਵਿਚ ਸਿੱਖ ਇਤਿਹਾਸ ਦੀ ਅਦਬੀ ਪੇਸ਼ਕਾਰੀ

‘ਦੀ ਬਲੈਕ ਪ੍ਰਿੰਸ’ ਨੂੰ ਆਲੋਚਕਾਂ ਦਾ ਭਰਵਾਂ ਹੁੰਗਾਰਾ
ਨਿਰਮਾਤਾ-ਨਿਰਦੇਸ਼ਕ ਨੇ ਜ਼ਿੰਮੇਵਾਰੀ ਨਾਲ ਚੁਣੌਤੀ ਕਬੂਲੀ
ਵਿਸ਼ਵ ਭਰ ‘ਚ ਦਰਸ਼ਕਾਂ ਵਲੋਂ 100% ਰੇਟਿੰਗ
ਚੰਡੀਗੜ੍ਹ/ਬਿਊਰੋ ਨਿਊਜ਼ :
ਕਿਸੇ ਵੀ ਫ਼ਿਲਮਸਾਜ਼, ਨਿਰਮਾਤਾ, ਨਿਰਦੇਸ਼ਕ ਲਈ ਆਪਣੇ ਇਤਿਹਾਸ ਨੂੰ ਫ਼ਿਲਮੀ ਪਰਦੇ ‘ਤੇ ਜਿਉਂਦਾ ਕਰਨਾ ਸੌਖਾ ਕਾਰਜ ਨਹੀਂ ਹੁੰਦਾ। ਮਹੀਨਿਆਂ-ਵਰ੍ਹਿਆਂ ਦਾ ਖੋਜ ਕਾਰਜ ਚਲਦਾ ਹੈ, ਸੱਚ ਕਿਤੇ ਕਹਾਣੀ ਦੇ ਤਾਣੇ-ਬਾਣੇ ਵਿਚ ਹੀ ਉਲਝ ਕੇ ਨਾ ਰਹਿ ਜਾਵੇ, ਇਸ ਲਈ ਬੜੀ ਜ਼ਿੰਮੇਵਾਰੀ ਨਿਭਾਉਣੀ ਪੈਂਦੀ ਹੈ। ਪੂਰੀ ਟੀਮ ਦੇ ਤਾਲ-ਮੇਲ ਤੇ ਸਖ਼ਤ ਮਿਹਨਤ ਮਗਰੋਂ ਹੀ ‘ਦੀ ਬਲੈਕ ਪ੍ਰਿੰਸ’ ਵਰਗੀ ਫ਼ਿਲਮ ਦਰਸ਼ਕਾਂ ਸਾਹਮਣੇ ਪੇਸ਼ ਹੁੰਦੀ ਹੈ। ਮਹਾਰਾਜਾ ਦਲੀਪ ਸਿੰਘ ਦੇ ਸੱਚ ਨੂੰ ਪੰਜਾਬੀਆਂ ਅਤੇ ਪੂਰੀ ਦੁਨੀਆ ਅੱਗੇ ਪੇਸ਼ ਕਰਨ ਲੱਗਿਆਂ ਫ਼ਿਲਮਸਾਜ਼ ਤੇ ਨਿਰਦੇਸ਼ਕ ਕਵੀ ਰਾਜ਼ ਤੇ ਨਿਰਮਾਤਾ ਜਸਜੀਤ ਸਿੰਘ ਨੇ ਵੀ ਪੂਰੀ ਮਿਹਨਤ, ਲਗਨ ਤੇ ਜ਼ਿੰਮੇਵਾਰੀ ਨਾਲ ਇਹ ਚੁਣੌਤੀ ਕਬੂਲੀ ਸੀ ਤੇ ਉਹ ਇਸ ਨੂੰ ਬਿਹਤਰੀਨ ਤਰੀਕੇ ਨਾਲ ਪੇਸ਼ ਕਰਨ ਵਿਚ ਕਾਮਯਾਬ ਵੀ ਹੋਏ ਹਨ। ਦੋਹਾਂ ਦੀ ਜੁਗਲਬੰਦੀ ਨੇ ਸਿੱਖ ਇਤਿਹਾਸ ਨੂੰ ਫ਼ਿਲਮੀ ਪਰਦੇ ‘ਤੇ ਬੜੇ ਅਦਬ ਨਾਲ ਪੇਸ਼ ਕੀਤਾ ਹੈ। ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਸਿੱਖ ਰਾਜ ਵਿਚ ਜੋ ਖਲਾਅ ਪੈਦਾ ਹੋਇਆ, ਜੋ ਗ਼ਲਤ ਧਾਰਨਾਵਾਂ ਬਣੀਆਂ, ਉਨ੍ਹਾਂ ਨੂੰ ਤੋੜਦੀ ਹੋਈ ‘ਦੀ ਬਲੈਕ ਪ੍ਰਿੰਸ’ ਨੇ ਸਿੱਖ ਇਤਿਹਾਸ ਨੂੰ ਸਤਿਕਾਰਤ ਸਥਾਨ ‘ਤੇ ਬਿਠਾਇਆ ਹੈ। ਅਣਗੌਲੇ ਨਾਇਕ ਦੀ ਅਣਕਹੀ ਦਾਸਤਾਨ ਨੇ ਨਾ ਸਿਰਫ਼ ਸਿੱਖ ਮਨਾਂ ਨੂੰ ਬਲਕਿ, ਹਰ ਸੰਵੇਦਨਸ਼ੀਲ ਮਨ ਨੂੰ ਝੰਜੋੜਿਆ ਹੈ। ਵਰ੍ਹਿਆਂ ਬਾਅਦ ਕਿਸੇ ਸੱਚ ਦੇ ਰੂਬਰੂ ਹੋਣਾ ਸਹਿਜ ਭਾਅ ਨਹੀਂ ਹੁੰਦਾ, ਪਰ ‘ਦਿ ਬਲੈਕ ਪ੍ਰਿੰਸ’ ਨੇ ਜ਼ਖ਼ਮਾਂ ਨੂੰ ਉਚੇੜਨ ਦੀ ਥਾਂ ਟਕੋਰ ਦਾ ਕੰਮ ਕੀਤਾ ਹੈ।
ਕੌਮਾਂਤਰੀ ਪੱਧਰ ‘ਤੇ ਨਾਮਨਾ ਖੱਟਣ ਤੋਂ ਬਾਅਦ ਇਹ ਭਾਰਤ, ਪੰਜਾਬ ਤੇ ਚੰਡੀਗੜ੍ਹ ਦੇ ਸਿਨੇਮਾਂ ਘਰਾਂ ਵਿਚ ਰਿਲੀਜ਼ ਹੋ ਗਈ ਹੈ। ਤਿੰਨ ਭਾਸ਼ਾਵਾਂ ਵਿਚ ਰਿਲੀਜ਼ ਹੋਈ ਫ਼ਿਲਮ ਨੂੰ ਜਿੱਥੇ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਉਥੇ ਫ਼ਿਲਮ ਦੇ ਆਲੋਚਕਾਂ ਨੇ ਵੀ ਚੰਗੇ ਅੰਕ ਦਿੱਤੇ ਹਨ। ਅਮਰੀਕਾ (ਨਿਊ ਯਾਰਕ ਟਾਈਮਜ਼, ਲਾਸ ਏਂਜਲਸ ਟਾਈਮਜ਼, ਐਨ.ਬੀ.ਸੀ. ਟੀਵੀ), ਕੈਨੇਡਾ (ਸੀ.ਟੀਵੀ., ਸੀਬੀਸੀ ਰੇਡੀਓ, ਟੋਰਾਂਟੋ ਸਟਾਰ, ਵੈਨਕੁਵਰ ਸਨ), ਲੰਡਨ (ਦੀ ਗਾਰਡੀਅਨ, ਸੀਐਨਐਨ), ਆਸਟਰੇਲੀਆ (ਦੀ ਆਸਟਰੇਲੀਅਨ, ਦੀ ਸਿਡਨੀ ਹੇਰਾਲਡ, ਦੀ ਐਡੀਲੇਡ ਰਿਵਿਊ), ਭਾਰਤ ਤੇ ਪਾਕਿਸਤਾਨ ਦੇ ਮੀਡੀਏ ਨੇ ਫ਼ਿਲਮ ਦੀ ਚੰਗੀ ਕਵਰੇਜ ਕੀਤੀ ਹੈ। ‘ਦੀ ਬਲੈਕ ਪ੍ਰਿੰਸ’ ਦੀ ਟੀਮ ਲਈ ਇਹ ਮਾਣ ਵਾਲੀ ਗੱਲ ਹੈ ਕਿ ਇਸ ਫ਼ਿਲਮ ਨੂੰ ਕੌਮਾਂਤਰੀ ਪੱਧਰ ‘ਤੇ ਰੇਟਿੰਗ ਦੇਣ ਵਿਚ ਵਿਚਾਰਿਆ ਗਿਆ। ਕੈਨੇਡਾ ਦੇ ਬਿਹਤਰੀਨ ਟੀਵੀ ਸਟੇਸ਼ਨਾਂ ਵਿਚ ਇਕ ਸੀ.ਟੀਵੀ. ਦੇ ਜਿਮ ਗਾਰਡਨ ਨੇ 10 ਵਿਚੋਂ 7 ਅੰਕ ਦਿੱਤੇ ਹਨ। ਸੀਬੀਸੀ ਰੇਡੀਓ ਦੇ ਕੈਥਰੀਨ ਮੌਂਕ ਨੇ 3 ਸਟਾਰ ਦਿੱਤੇ ਹਨ। ਦੀ ਆਸਟਰੇਲੀਅਨ ਨੇ ਵੀ ਇਸ ਫ਼ਿਲਮ ਨੂੰ 3 ਸਟਾਰ ਦਿੱਤੇ ਹਨ। ਭਾਰਤ ਦੇ ਟਾਈਮਜ਼ ਆਫ਼ ਇੰਡੀਆ ਨੇ ਵੀ 3 ਸਟਾਰ ਦਿੱਤੇ ਹਨ। ਦਰਸ਼ਕਾਂ ਦੇ ਭਰਪੂਰ ਹੁੰਗਾਰੇ ਦੀ ਗੱਲ ਕਰਦਿਆਂ ਆਈ.ਐਮ.ਡੀ.ਬੀ. ਨੇ 10 ਵਿਚੋਂ 8.2 ਰੇਟਿੰਗ ਦਿੱਤੀ ਹੈ। 95% ਗੂਗਲ ਯੂਜ਼ਰਜ਼ ਨੇ ਫ਼ਿਲਮ ਨੂੰ ਪਸੰਦ ਕੀਤਾ ਹੈ। ਰੌਟਨ ਟੋਮੋਟੋਜ਼-ਟੋਮਾਟੋਮੀਟਰ ਨੇ ਦਰਸ਼ਕਾਂ ਦਾ 100 ਫੀਸਦੀ ਹੁੰਗਾਰਾ ਦਰਸਾਇਆ ਹੈ। ਬੁੱਕ ਮਾਈ ਸ਼ੋਅ ਦੀ ਇਕ ਦੀ ਰੇਟਿੰਗ 7.1 ਰਹੀ। ਸੋ, ਕੁੱਲ ਮਿਲਾ ਕੇ ਫ਼ਿਲਮ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ। ਹਾਂ, ਕੁਝ ਨਾ-ਪੱਖੀ ਰੁਝਾਨਾਂ ਵਾਲੇ ਆਲੋਚਕਾਂ ਨੇ ਇਸ ਦੀ ਰੇਟਿੰਗ ਘੱਟ ਦੱਸੀ ਹੈ, ਪਰ ਇਹ ਆਲੋਚਕ ਕੌਮਾਂਤਰੀ ਪੱਧਰ ਦੇ ਫ਼ਿਲਮ ਆਲੋਚਕਾਂ ਵਿਚ ਮਾਨਤਾ ਨਹੀਂ ਰੱਖਦੇ। ਇਸ ਨੂੰ ਸਕਾਰਾਤਮਕ ਆਲੋਚਨਾ ਨਹੀਂ ਕਿਹਾ ਜਾ ਸਕਦਾ। ਸਦੀ ਪੁਰਾਣੇ ਇਤਿਹਾਸ ਨੂੰ ਪੇਸ਼ ਕਰਦਿਆਂ ਵਿਰੋਧਮਈ ਉਂਗਲਾਂ ਦਾ ਉਠਣਾ ਵੀ ਸੁਭਾਵਕ ਹੈ ਕਿਉਂਕਿ ਸੱਚ ਦੀਆਂ ਪਰਤਾਂ ਬਹੁਤ ਡੂੰਘੀਆਂ ਹੁੰਦੀਆਂ ਹਨ ਤੇ ਹਰ ਕੋਈ ਉਸ ਨੂੰ ਆਪਣੇ ਹੀ ਢੰਗ ਨਾਲ ਦੇਖਦਾ ਹੈ ਜਾਂ ਉਹੀ ਦੇਖਣਾ ਚਾਹੁੰਦਾ ਹੈ, ਜੋ ਉਸ ਨੂੰ ਸੰਤੁਸਟੀ ਦਿੰਦਾ ਹੈ। ਇਤਿਹਾਸ ਦੇ ਅਣਗੌਲੇ ਹਿੱਸੇ ਨੂੰ ਜੇਕਰ ਤੁਸੀਂ ਜਾਣਨਾ ਹੈ, ਤਾਂ ਤੁਹਾਨੂੰ ਇਹ ਫ਼ਿਲਮ ਸਿਨੇਮਾਂ ਘਰਾਂ ਵਿਚ ਜਾ ਕੇ ਜ਼ਰੂਰ ਦੇਖਣੀ ਚਾਹੀਦੀ ਹੈ ਤੇ ਆਪਣੀ ਰਾਏ ਖ਼ੁਦ ਬਣਾਉਣੀ ਚਾਹੀਦੀ ਹੈ।

ਯੂ.ਕੇ. ਬੌਕਸ ਆਫ਼ਿਸ ਚਾਰਟਸ ਦੀਆਂ ਸਿਖ਼ਰਲੀਆਂ 
10 ਫ਼ਿਲਮਾਂ ‘ਚ ‘ਦੀ ਬਲੈਕ ਪ੍ਰਿੰਸ’ ਵੀ ਸ਼ੁਮਾਰ
‘ਡਨਕਿਰਕ ‘ਤੇ ਸਪਾਈਡਰਮੈਨ ਨਾਲ ਬਰਾਬਰ ਕਤਾਰ ਵਿਚ ਖੜ੍ਹੀ
ਲੰਡਨ : ਮਹਾਰਾਜਾ ਦਲੀਪ ਸਿੰਘ ਦੇ ਜੀਵਨ ‘ਤੇ ਆਧਾਰਤ ਫ਼ਿਲਮ ‘ਦੀ ਬਲੈਕ ਪ੍ਰਿੰਸ’ ਨੂੰ ਯੂ.ਕੇ. ਬੌਕਸ ਆਫ਼ਿਸ ਚਾਰਟਸ ਦੀਆਂ ਸਿਖ਼ਰਲੀਆਂ 10 ਫ਼ਿਲਮਾਂ ਵਿਚੋਂ 9ਵਾਂ ਸਥਾਨ ਮਿਲਿਆ ਹੈ। ਇਸ ਸੂਚੀ ਵਿਚ ਡਨਕਿਰਕ, ਡੈਸਪੀਕੇਬਲ ਮੀ 3, ਵਾਰ ਫਾਰ ਦੀ ਪਲੈਨਟ ਆਫ਼ ਦੀ ਏਪਸ ਅਤੇ ਸਪਾਈਡਰਮੈਨ- ਹੋਮਕਮਿੰਗ ਸ਼ਾਮਲ ਹਨ। ਆਸਟਰੇਲੀਆ, ਯੂਨਾਈਟਡ ਕਿੰਗਡਮ, ਨਾਰਥ ਅਮੈਰੀਕਾ ਅਤੇ ਨਿਊਜ਼ੀਲੈਂਡ ਵਿਚ ਵਾਹ-ਵਾਹ ਖੱਟਣ ਦੇ ਨਾਲ ਨਾਲ ਲੰਡਨ ਦੇ ਬੌਕਸ ਆਫ਼ਿਸ ਚਾਰਟ ਵਿਚ ਵੀ ‘ਦੀ ਬਲੈਕ ਪ੍ਰਿੰਸ’ ਨੇ ਆਪਣੀ ਅਹਿਮ ਥਾਂ ਬਣਾਈ ਹੈ। ਦੁਨੀਆ ਭਰ ਦੇ ਦਰਸ਼ਕਾਂ ਨੇ ਇਸ ਨੂੰ ਸਰਾਹਿਆ ਹੈ। ਦਲੀਪ ਸਿੰਘ ਦੀ ਜੀਵਨ ਗਾਥਾ ਨੇ ਦਰਸ਼ਕਾਂ ਨੂੰ ਝੰਜੋੜਿਆ ਕਿ ਕਿਵੇਂ ਉਸ ਕੋਲੋਂ ਬਚਪਨ ‘ਚ ਹੀ ਮਾਂ-ਬਾਪ ਦਾ ਸਾਇਆ ਖੁਸ ਗਿਆ ਤੇ ਜਦੋਂ ਸੋਝੀ ਆਉਂਦੀ ਹੈ ਤਾਂ ਆਪਣੀ ਮਿੱਟੀ ਦੀ ਤਾਂਘ ਤੇ ਆਪਣੀ ਰਿਆਸਤ ਵਾਪਸ ਲੈਣ ਲਈ ਉਸ ਨੂੰ ਕਿਨ੍ਹਾਂ ਕਿਨ੍ਹਾਂ ਮੁਸ਼ਕਲਾਂ ਵਿਚੋਂ ਲੰਘਣਾ ਪੈਂਦਾ ਹੈ ਤੇ ਅੰਤ ਵੀ ਕਿੰਨਾ ਦਰਦਨਾਕ ਹੁੰਦਾ ਹੈ। ਫ਼ਿਲਮ ਨੇ ਦਲੀਪ ਸਿੰਘ ਦੇ ਮਹਾਰਾਣੀ ਵਿਕਟੋਰੀਆ, ਜੋ ਉਸ ਦੇ ਬੱਚਿਆਂ ਦੀ ਗੋਡਮਦਰ ਵੀ ਹੈ, ਨਾਲ ਤਿੜਕਦੇ ਰਿਸ਼ਤਿਆਂ ਨੂੰ ਬੜੀ ਕੋਮਲਤਾ ਨਾਲ ਪੇਸ਼ ਕੀਤਾ ਹੈ।

ਕੈਨੇਡੀਅਨ ਪੰਜਾਬੀਆਂ ਨੇ ‘ਦੀ ਬਲੈਕ ਪ੍ਰਿੰਸ’ ਨੂੰ ਖੁੱਲ੍ਹੇ ਦਿਲ ਨਾਲ ਕੀਤਾ ਪ੍ਰਵਾਨ
ਪਹਿਲੇ 3 ਦਿਨ ‘ਚ ਕੀਤੀ 30 ਕਰੋੜ ਦੀ ਕਮਾਈ
ਟੋਰਾਂਟੋ/ਪ੍ਰਤੀਕ ਸਿੰਘ :
ਬੀਤੇ ਸ਼ੁੱਕਰਵਾਰ ਦੁਨੀਆ ਭਰ ਵਿੱਚ ਰਿਲੀਜ਼ ਹੋਈ ਫ਼ਿਲਮ ‘ਦੀ ਬਲੈਕ ਪ੍ਰਿੰਸ’ ਨੂੰ ਦਰਸ਼ਕਾਂ ਨੇ ਖੁੱਲ੍ਹੇ ਦਿਲ ਅਤੇ ਉਤਸ਼ਾਹ ਨਾਲ ਪ੍ਰਵਾਨ ਕੀਤਾ ਹੈ। ਸਿੱਖ ਰਾਜ ਦੇ ਆਖ਼ਰੀ ਮਹਾਰਾਜਾ ਦਲੀਪ ਸਿੰਘ ਦੇ ਜੀਵਨ ‘ਤੇ ਬਣੀ ਲਗਭਗ 50 ਲੱਖ ਡਾਲਰ ਦੇ ਬਜਟ ਦੀ ਇਸ ਫ਼ਿਲਮ (ਅੰਗਰੇਜ਼ੀ ਤੇ ਪੰਜਾਬੀ) ਨੂੰ ਭਾਰਤ, ਪਾਕਿਸਤਾਨ, ਅਮਰੀਕਾ, ਨਿਊਜ਼ੀਲੈਂਡ ਤੇ ਆਸਟ੍ਰੇਲੀਆ ਤੋਂ ਇਲਾਵਾ ਕੈਨੇਡਾ ਦੇ 18 ਸਿਨੇਮਾ ਘਰਾਂ ਵਿੱਚ ਵਿਖਾਇਆ ਜਾ ਰਿਹਾ ਹੈ ਜਿਨ੍ਹਾਂ ਵਿਚੋਂ 7 ਸਿਨੇਮੇ ਇਕੱਲੇ ਉਂਟਾਰੀਓ ਵਿਚ ਹਨ। ਹੁਣ ਤੱਕ ਦੀਆਂ ਰਿਪੋਰਟਾਂ ਮੁਤਾਬਕ ਇਸ ਦੇ ਸਾਰੇ ਸ਼ੋਅ ਸੋਲਡ ਆਊਟ ਜਾ ਰਹੇ ਹਨ ਅਤੇ ਪਹਿਲੇ ਤਿੰਨ ਦਿਨਾਂ ਵਿਚ ਇਸ ਨੇ 30 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
ਬਰੈਂਪਟਨ ਦੇ ਸਿਨੇਪਲੈਕਸ ਵਿੱਚ ਸ਼ਾਮ ਦੇ ਸ਼ੋਅ ਵਿਚ ਪਰਿਵਾਰਾਂ ਤੋਂ ਇਲਾਵਾ ਵੱਡੀ ਗਿਣਤੀ ਨੌਜਵਾਨਾਂ ਦੀ ਸੀ। ਸਿਨੇਮਾ ਹਾਲ ਵਿੱਚ ਫ਼ਿਲਮ ਦੌਰਾਨ ਚੁੱਪ ਵਰਤੀ ਰਹੀ ਜਿਵੇਂ ਹਰ ਕੋਈ ਇਤਿਹਾਸ ਜਾਣਨ ਲਈ ਉਤਸੁਕ ਹੋਵੇ। ਮਿਸੀਸਾਗਾ ਦੀ ਮਨਦੀਪ ਸੰਧੂ ਨੂੰ ਸਰਤਾਜ ਦੀ ਅਦਾਕਾਰੀ ਨੇ ਕੀਲਿਆ ਤਾਂ ਸਰਬਜੀਤ ਨੂੰ ਸ਼ਬਾਨਾ ਆਜ਼ਮੀ ਦਾ ਰਾਣੀ ਜਿੰਦਾਂ ਦਾ ਰੋਲ ਬਹੁਤ ਜਾਨਦਾਰ ਲੱਗਾ। ਗਾਇਕ ਹੈਪੀ ਅਰਮਾਨ ਨੇ ਕਿਹਾ ਕਿ ਉਹ ਅਜਿਹੀ ਕਹਾਣੀ ਵੇਖ ਕੇ ਸੁੰਨ ਹੋ ਗਿਆ। ਉਸ ਨੇ ਕਿਹਾ ਕਿ ਇਹ ਸਿੱਖ ਇਤਿਹਾਸ ਦਾ ਅਹਿਮ ਦਸਤਾਵੇਜ਼ ਹੈ ਤੇ ਹਰ ਪੰਜਾਬੀ ਲਈ ਵੇਖਣਾ ਲਾਜ਼ਮੀ ਹੈ। ਸਰਤਾਜ ਦੇ ਗਾਏ ਗੀਤਾਂ ਅਤੇ ਫ਼ਿਲਮਾਂਕਣ ਨੇ ਕਈਆਂ ਨੂੰ ਰੁਆਇਆ। ਪਾਕਿਸਤਾਨ ਵਿੱਚ ਪ੍ਰਮੋਸ਼ਨ ਲਈ ਗਏ ਹੋਏ ਫ਼ਿਲਮ ਦੇ ਨਿਰਦੇਸ਼ਕ ਕਵੀ ਰਾਜ਼ ਨੇ ਲਾਹੌਰ ਤੋਂ ਗੱਲਬਾਤ ਕਰਦਿਆਂ ਲੋਕਾਂ ਦੇ ਹੁੰਗਾਰੇ ਬਾਰੇ ਤਸੱਲੀ ਪ੍ਰਗਟ ਕੀਤੀ ਅਤੇ ਇਸ ਨੂੰ ਆਪਣੇ ਅਗਲੇ ਪ੍ਰੋਜੈਕਟ ਲਈ ਹੌਸਲਾ ਆਖਿਆ।