ਜਲਵਾਯੂ ਦੀ ਤਬਦੀਲੀ ਭਾਰਤ ‘ਚ ਲੈ ਰਹੀ ਹੈ ਕਿਸਾਨਾਂ ਦੀਆਂ ਜਾਨਾਂ

ਜਲਵਾਯੂ ਦੀ ਤਬਦੀਲੀ ਭਾਰਤ ‘ਚ ਲੈ ਰਹੀ ਹੈ ਕਿਸਾਨਾਂ ਦੀਆਂ ਜਾਨਾਂ

ਲਾਸ ਏਂਜਲਸ/ਬਿਊਰੋ ਨਿਊਜ਼:
ਜਲਵਾਯੂ ਤਬਦੀਲੀ ਕਾਰਨ ਪਿਛਲੇ 30 ਸਾਲਾਂ ਵਿੱਚ ਭਾਰਤ ‘ਚ 59 ਹਜ਼ਾਰ ਤੋਂ ਵੱਧ ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ ਹੈ। ਇਹ ਖ਼ੁਲਾਸਾ ਇਕ ਖੋਜ ‘ਚ ਕੀਤਾ ਗਿਆ ਹੈ, ਜਿਸ ਵਿੱਚ ਚਿਤਾਵਨੀ ਦਿੱਤੀ ਗਈ ਹੈ ਕਿ ਆਲਮੀ ਤਪਸ਼ ਵਧਣ ਕਾਰਨ ਮੁਲਕ ਵਿੱਚ ਖ਼ੁਦਕੁਸ਼ੀਆਂ ਦੀ ਗਿਣਤੀ ਵੱਡੇ ਪੱਧਰ ਉਤੇ ਵਧੇਗੀ। ਅਮਰੀਕਾ ਦੀ ਯੂਨੀਵਰਸਿਟੀ ਆਫ ਕੈਲੀਫੋਰਨੀਆ, ਬਰਕਲੇ ਦੇ ਖੋਜਕਾਰਾਂ ਨੇ ਕਿਹਾ ਕਿ ਫ਼ਸਲਾਂ ਮਾਰੇ ਜਾਣ ਕਾਰਨ ਕਿਸਾਨ ਗ਼ੁਰਬਤ ਵਿੱਚ ਘਿਰ ਗਏ ਹਨ, ਜੋ ਖ਼ੁਦਕੁਸ਼ੀਆਂ ਦੀ ਮੁੱਖ ਦੋਸ਼ੀ ਹੈ।
ਖੋਜਕਾਰਾਂ ਮੁਤਾਬਕ ਫ਼ਸਲ ਦੇ ਵਧਣ-ਫੁੱਲਣ ਦੇ ਸੀਜ਼ਨ ਦੌਰਾਨ ਜੇਕਰ ਤਾਪਮਾਨ ਵਿੱਚ ਮਹਿਜ਼ ਇਕ ਡਿਗਰੀ ਦਾ ਵਾਧਾ ਵੀ ਹੁੰਦਾ ਹੈ ਤਾਂ ਇਹ ਦੇਸ਼ ਭਰ ਵਿੱਚ ਅੰਦਾਜ਼ਨ 65 ਖ਼ੁਦਕੁਸ਼ੀਆਂ ਦਾ ਕਾਰਨ ਬਣਦਾ ਹੈ। ਇਕ ਦਿਨ ਵਿੱਚ ਪੰਜ ਡਿਗਰੀ ਤਾਪਮਾਨ ਵਧਣ ਨਾਲ ਇਹ ਅਸਰ ਪੰਜ ਗੁਣਾ ਹੁੰਦਾ ਹੈ। ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਖੋਜਕਾਰ ਟੈਮਾ ਕਾਰਲਟਨ ਨੇ ਦੱਸਿਆ, ‘ਇਸ ਤਰ੍ਹਾਂ ਦੇ ਹਾਲਾਤ ਦਾ ਸਾਹਮਣੇ ਕਰ ਰਹੇ ਹਜ਼ਾਰਾਂ ਲੋਕਾਂ ਨੂੰ ਦੇਖਣਾ ਸੁੰਨ ਕਰਨ ਅਤੇ ਦਿਲ ਤੋੜਨ ਵਾਲਾ ਹੈ, ਜੋ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਦੇ ਰਾਹ ਪੈਂਦੇ ਹਨ। ਪਰ ਨਿਰਾਸ਼ਾ ਦਾ ਇਹ ਆਲਮ ਆਰਥਿਕ ਕਮਜ਼ੋਰੀ ਕਾਰਨ ਹੈ। ਇਸ ਬਾਰੇ ਅਸੀਂ ਜ਼ਰੂਰ ਕੁੱਝ ਕਰ ਸਕਦੇ ਹਾਂ। ਸਹੀ ਤੇ ਢੁਕਵੀਆਂ ਨੀਤੀਆਂ ਹਜ਼ਾਰਾਂ ਜਾਨਾਂ ਬਚਾਅ ਸਕਦੀਆਂ ਹਨ।’
ਫ਼ਸਲਾਂ ਦੀ ਫੋਟ ਵਾਲੇ ਸੀਜ਼ਨ ਵਿੱਚ ਵੱਧ ਤਾਪਮਾਨ ਤੇ ਘੱਟ ਮੀਂਹ ਪੈਣ ਕਾਰਨ ਸਾਲਾਨਾ ਖ਼ੁਦਕੁਸ਼ੀਆਂ ਦੀ ਦਰ ‘ਤੇ ਵੱਡਾ ਅਸਰ ਪੈਂਦਾ ਹੈ। ਪਰ ਇਸ ਤਰ੍ਹਾਂ ਦੇ ਹਾਲਾਤ ਦਾ ਗ਼ੈਰ-ਫ਼ਸਲੀ ਸੀਜ਼ਨ ਦੌਰਾਨ ਕੋਈ ਅਸਰ ਦਿਖਾਈ ਨਹੀਂ ਦਿੱਤਾ।
ਰਸਾਲੇ ‘ਪ੍ਰੋਸੀਡਿੰਗਜ਼ ਆਫ ਦਿ ਨੈਸ਼ਨਲ ਅਕੈਡਮੀ ਆਫ ਸਾਇੰਸਿਜ਼’ ਵਿੱਚ ਪ੍ਰਕਾਸ਼ਿਤ ਹੋਈ ਇਹ ਖੋਜ ਭਾਰਤ ਵਿੱਚ ਮਹਾਂਮਾਰੀ ਵਾਂਗ ਫੈਲੀਆਂ ਖ਼ੁਦਕੁਸ਼ੀਆਂ ਨੂੰ ਸਮਝਣ ਵਿੱਚ ਮਦਦ ਕਰੇਗੀ, ਜਿਥੇ 1980 ਬਾਅਦ ਖ਼ੁਦਕੁਸ਼ੀਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ ਅਤੇ ਹਰ ਸਾਲ 130,000 ਤੋਂ ਵੱਧ ਵਿਅਕਤੀ ਮੌਤ ਗਲ ਲਾਉਂਦੇ ਹਨ।
ਖੋਜਕਾਰਾਂ ਨੇ ਦੱਸਿਆ ਕਿ ਵਿਸ਼ਵ ਭਰ ਵਿੱਚ ਹੁੰਦੀਆਂ ਖ਼ੁਦਕੁਸ਼ੀਆਂ ਵਿੱਚੋਂ 75 ਫ਼ੀਸਦ ਤੋਂ ਵੀ ਵੱਧ ਵਿਕਾਸਸ਼ੀਲ ਮੁਲਕਾਂ ਵਿੱਚ ਹੁੰਦੀਆਂ ਹਨ, ਜਿਨ੍ਹਾਂ ‘ਚੋਂ 15 ਫ਼ੀਸਦ ਇਕੱਲੇ ਭਾਰਤ ਵਿੱਚ ਹੁੰਦੀਆਂ ਹਨ। ਹਾਲਾਂਕਿ ਇਸ ਗੱਲ ਦੇ ਥੋੜ੍ਹੇ ਠੋਸ ਸਬੂਤ ਹਨ ਕਿ ਗ਼ਰੀਬ ਵਸੋਂ ਹੀ ਐਨੇ ਜ਼ੋਖ਼ਮ ਹੇਠ ਕਿਉਂ ਹੈ। ਖੋਜਕਾਰਾਂ ਨੇ ਭਵਿੱਖਬਾਣੀ ਕੀਤੀ ਹੈ ਕਿ ਤਾਪਮਾਨ ਵਿੱਚ ਵਾਧਾ ਜਾਰੀ ਰਹਿਣ ਕਾਰਨ ਖ਼ੁਦਕੁਸ਼ੀਆਂ ਦੀ ਗਿਣਤੀ ਵਧੇਗੀ।

ਭਾਰਤ ਦੀ ਅੱਧੀ ਤੋਂ ਵੱਧ ਕੰਮਕਾਜੀ ਵਸੋਂ ਨੂੰ ਖੇਤੀਬਾੜੀ ਸੈਕਟਰ ਦਿੰਦੈ ਰੁਜ਼ਗਾਰ
ਭਾਰਤ ‘ਚ ਖ਼ੁਦਕੁਸ਼ੀਆਂ ਵਧਣ ਤੇ ਇਨ੍ਹਾਂ ਦੀ ਉੱਚੀ ਦਰ ਦੇ ਹੱਲ ਬਾਰੇ ਬਹਿਸ ਭਖੀ ਹੋਈ ਹੈ ਅਤੇ ਇਹ ਕਿਸਾਨਾਂ ਦੇ ਵਿੱਤੀ ਜ਼ੋਖ਼ਮ ਘਟਾਉਣ ਦੁਆਲੇ ਕੇਂਦਰਿਤ ਹੈ। ਖੋਜਕਾਰਾਂ ਨੇ ਕਿਹਾ ਕਿ ਖ਼ੁਦਕੁਸ਼ੀਆਂ ਨੂੰ ਠੱਲ੍ਹ ਪਾਉਣ ਲਈ ਸਰਕਾਰ ਵੱਲੋਂ 1.3 ਅਰਬ ਡਾਲਰ ਦੀ ਫ਼ਸਲ ਬੀਮਾ ਯੋਜਨਾ ਸ਼ੁਰੂ ਕੀਤੀ ਗਈ ਹੈ ਪਰ ਹਾਲੇ ਇਹ ਪਤਾ ਨਹੀਂ ਲੱਗਾ ਹੈ ਕਿ ਇਹ ਯੋਜਨਾ ਖ਼ੁਦਕੁਸ਼ੀਆਂ ਦੇ ਹੱਲ ਲਈ ਕਾਫ਼ੀ ਤੇ ਪ੍ਰਭਾਵਸ਼ਾਲੀ ਵੀ ਹੈ ਜਾਂ ਨਹੀਂ। ਦੱਸਣਯੋਗ ਹੈ ਕਿ ਭਾਰਤ ਦੀ ਅੱਧੀ ਤੋਂ ਵੱਧ ਕੰਮਕਾਜੀ ਵਸੋਂ ਨੂੰ ਮੀਂਹ ‘ਤੇ ਨਿਰਭਰ ਖੇਤੀਬਾੜੀ ਸੈਕਟਰ ਰੁਜ਼ਗਾਰ ਦਿੰਦਾ ਹੈ, ਜਿਸ ਨੂੰ ਕਦੇ ਹੜ੍ਹਾਂ, ਕਦੇ ਸੋਕੇ ਤੇ ਕਦੇ ਗਰਮੀ ਦੀ ਮਾਰ ਪੈ ਰਹੀ ਹੈ। ਭਾਰਤ ਦੀ ਕਿਰਤੀ ਜਮਾਤ ਦੀ ਆਮਦਨ ਪਹਿਲਾਂ ਹੀ ਕੌਮਾਂਤਰੀ ਗ਼ਰੀਬੀ ਰੇਖਾ ਤੋਂ ਹੇਠਾਂ ਹੈ।