ਕਾਂਗਰਸੀਆਂ ਤੇ ਅਕਾਲੀਆਂ ਵਿਚਾਲੇ ਰਾਜਸੀ ਦੰਗਲ ਭੱਖਣ ਲੱਗਾ

ਕਾਂਗਰਸੀਆਂ ਤੇ ਅਕਾਲੀਆਂ ਵਿਚਾਲੇ ਰਾਜਸੀ ਦੰਗਲ ਭੱਖਣ ਲੱਗਾ

ਅਕਾਲੀਆਂ ਵਲੋਂ ਖੁੱਸੀ ਚੌਧਰ ਦੀ ਬਹਾਲੀ ਲਈ ‘ਜਬਰ ਵਿਰੋਧੀ ਲਹਿਰ’ ਸ਼ੁਰੂ 
ਅਧਿਕਾਰੀਆਂ ਨੂੰ ਧਮਕੀਆਂ ਦੇਣ ਵਿਰੁੱਧ ਕੈਪਟਨ ਦੀ ਸੁਖਬੀਰ ਨੂੰ ਤਾੜਣਾ
ਚੰਡੀਗੜ੍ਹ/ਬਿਊਰੋ ਨਿਊਜ਼:
ਪੰਜਾਬ ਦੀਆਂ ਦੋ ਮੁੱਖ ਸਿਆਸੀ ਪਾਰਟੀਆਂ ਪੰਜਾਬ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿਚਾਲੇ ਇਸ ਸਾਲ ਦੀ ਪਹਿਲੀ ਤਿਮਾਹੀ ਦੌਰਾਨ ਹੋਈਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਹੋਏ ਸਿਰ ਧੜ ਦੀ ਬਾਜ਼ੀ ਵਾਲੇ ਰਾਜਸੀ ਯੁੱਧ ਬਾਅਦ ਦੋਵਾਂ ਸਿਆਸੀ ਸੌਂਕਣਾਂ ਵਿਚਲੇ ਲੜਾਈ ਫਿਰ ਭਖ਼ਦੀ ਨਜ਼ਰ ਆ ਰਹੀ ਹੈ। ਲਗਾਤਾਰ 10 ਸਾਲ ਪੰਜਾਬ ਉੱਤੇ ਰਾਜ ਕਰਨ ਬਾਅਦ ਚੋਣਾਂ ‘ਚ ਕਾਂਗਰਸ ਹੱਥੋਂ ਭੁਰੀ ਤਰ੍ਹਾਂ ਚਿੱਣ ਹੋਣ ਵਾਲੇ ਅਕਾਲੀ ਦਲ ਦੇ ਆਗੂਆਂ ਦੇ ਬਿਆਨ ਤੇ ਸਰਗਰਮੀਆਂ ਦਾ ਨਿਸ਼ਾਨਾ ਭਾਵੇਂ ਕਹਿਣ ਨੂੰ ਤਾਂ ਪੰਜਾਬ ਦੇ ਲੋਕਾਂ ਦੀ ‘ਚਾਰ ਮਹੀਨੇ’ ਪੁਰਾਣੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੀਆਂ ਲੋਕ ਵਿਰੋਧੀ ਕਾਰਵਾਈਆਂ ਨੂੰ ਨੰਗਿਆਂ ਕਰਨਾ ਹੈ, ਪਰ ਅਸਲ ਮਸਲਾ ਤਾਂ ਪਾਰਟੀ ਦੇ ਆਗੂਆਂ ਦੀ ਚੌਧਰ ਦੀ ਛੇਤੀ ਤੋਂ ਛੇਤੀ ਬਹਾਲੀ ਦਾ ਹੈ। ਇਸ ਲਈ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ‘ਜਬਰ ਵਿਰੋਧੀ ਲਹਿਰ’ ਸ਼ੁਰੂ ਕਰਨ ਦੇ ਨਾਲ ਹੀ ਪੰਜਾਬ ਦੀ ਅਫਸਰਸ਼ਾਹੀ ਨੂੰ ‘ਸਿੱਧਾ ਕਰਨ’ ਦੀ ਧਮਕੀ ਦੇਣ ਨਾਲ ਮਸਲਾ ਗਰਮਾ ਗਿਆ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅਫ਼ਸਰਸ਼ਾਹੀ ਅਤੇ ਪੁਲੀਸ ਅਧਿਕਾਰੀਆਂ ਨੂੰ ਧਮਕੀਆਂ ਦੇਣ ਦੇ ਮਾਮਲੇ ਵਿੱਚ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਬਾਅ ਬਣਾਉਣ ਵਾਲੇ ਦਾਅ-ਪੇਚਾਂ ਨੂੰ ਸਹਿਣ ਨਹੀਂ ਕਰੇਗੀ ਅਤੇ ਅਜਿਹੇ ਮਾਮਲਿਆਂ ਵਿੱਚ ਸਖ਼ਤ ਕਾਰਵਾਈ ਕਰੇਗੀ। ਮੁੱਖ ਮੰਤਰੀ ਨੇ ਪੁਲੀਸ ਤੇ ਪ੍ਰਸ਼ਾਸਨ ਨੂੰ ਬਿਨਾਂ ਭੈਅ ਤੋਂ ਕੰਮਕਾਜ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਅਧਿਕਾਰੀਆਂ ਨੂੰ ਜਾਇਜ਼ ਕਾਰਵਾਈਆਂ ਅਤੇ ਫ਼ੈਸਲਿਆਂ ਸਬੰਧੀ ਪੂਰੀ ਹਮਾਇਤ ਦਾ ਭਰੋਸਾ ਦਿੱਤਾ।
ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਵਰਕਰਾਂ ਵਿਰੁੱਧ ਝੂਠੇ ਕੇਸ ਦਰਜ ਹੋਣ ਦਾ ਦਾਅਵਾ ਕਰਦੇ ਹੋਏ ਅਧਿਕਾਰੀਆਂ ਨੂੰ ਦਿੱਤੀਆਂ ਧਮਕੀਆਂ ‘ਤੇ ਤਿੱਖੀ ਪ੍ਰਤੀਕਿਰਿਆ ਜਤਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬਦਲਾਖੋਰੀ ਦੀ ਸਿਆਸਤ ਵਿੱਚ ਵਿਸ਼ਵਾਸ ਨਹੀਂ ਰੱਖਦੀ ਅਤੇ ਹਰੇਕ ਮਾਮਲੇ ਵਿੱਚ ਜਮਹੂਰੀ ਨਿਯਮਾਂ ‘ਤੇ ਚੱਲਦੀ ਹੈ। ਉਨ੍ਹਾਂ ਕਿਹਾ ਕਿ ਸਾਬਕਾ ਉਪ ਮੁੱਖ ਮੰਤਰੀ ਨੂੰ ਇਸ ਤਰ੍ਹਾਂ ਦੇ ਭੜਕਾਊ ਬਿਆਨ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਇਸ ਤਰ੍ਹਾਂ ਦੇ ਬਿਆਨ ਸੂਬੇ ਦੀ ਸ਼ਾਂਤੀ ਅਤੇ ਸਥਿਰਤਾ ਨੂੰ ਭੰਗ ਕਰ ਸਕਦੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਸਰਕਾਰ ਹਰੇਕ ਉਸ ਵਿਅਕਤੀ ਜਾਂ ਸੰਸਥਾ ਵਿਰੁੱਧ ਤਿੱਖੀ ਕਾਰਵਾਈ ਕਰੇਗੀ, ਜੋ ਇਸ ਤਰ੍ਹਾਂ ਦੀਆਂ ਕਾਰਵਾਈਆਂ ਵਿੱਚ ਸ਼ਾਮਲ  ਹੋਵੇਗਾ। ਅਕਾਲੀਆਂ ਵਿਰੁੱਧ ਝੂਠੇ ਕੇਸ ਦਰਜ ਕਰਨ ਸਬੰਧੀ ਆਪਣੀ ਸਰਕਾਰ ਜਾਂ ਅਧਿਕਾਰੀਆਂ ‘ਤੇ ਲੱਗੇ ਦੋਸ਼ਾਂ ਨੂੰ ਰੱਦ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਅਜਿਹਾ ਤਾਂ ਬਾਦਲ ਸਰਕਾਰ ਕਰਦੀ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ  ਕਮਿਸ਼ਨ ਦਾ ਗਠਨ ਕਰ ਕੇ ਸਾਰੇ ਕੇਸਾਂ ਦੀ ਜਾਂਚ ਕਰਵਾ ਰਹੀ ਹੈ ਤਾਂ ਜੋ ਬੇਗੁਨਾਹਾਂ ਲਈ ਨਿਆਂ ਯਕੀਨੀ ਬਣਾਇਆ ਜਾ ਸਕੇ ਅਤੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾ ਸਕੇ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕੋਲ ਅਕਾਲੀ ਆਗੂਆਂ ਅਤੇ ਵਰਕਰਾਂ ਵਿਰੁੱਧ ਭਾਵੇਂ ਕਈ ਸਬੂਤ ਹਨ ਪਰ ਸਰਕਾਰ ਜਾਂਚ ਕਮਿਸ਼ਨ ਦੀ ਰਿਪੋਰਟ ਦਾ ਇੰਤਜ਼ਾਰ ਕਰੇਗੀ। ਕੈਪਟਨ ਨੇ ਕਿਹਾ ਕਿ ਉਹ ਸਾਰੀ ਕਾਰਵਾਈ ਕਾਨੂੰਨ ਅਨੁਸਾਰ ਕਰਨਾ ਚਾਹੁੰਦੇ ਹਨ ਅਤੇ ਕਾਨੂੰਨੀ ਪ੍ਰਕਿਰਿਆ ਤੋਂ ਲਾਂਭੇ ਜਾ ਕੇ ਕੋਈ ਵੀ ਕਦਮ ਨਹੀਂ ਚੁੱਕਣਗੇ। ਕੈਪਟਨ ਨੇ ਅਕਾਲੀ ਦਲ ਦੀ ‘ਜਬਰ ਵਿਰੋਧੀ ਲਹਿਰ’ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਜਬਰ ਕਰਨਾ, ਬਾਦਲ ਸਰਕਾਰ ਦੀ ਕਾਰਜਪ੍ਰਣਾਲੀ ਦਾ ਹਿੱਸਾ ਸੀ, ਜਦੋਂਕਿ ਕਾਂਗਰਸ ਹਮੇਸ਼ਾ ਜਮਹੂਰੀ ਸਿਧਾਂਤਾਂ ਅਤੇ ਕਾਨੂੰਨਾਂ ਨੂੰ ਲਾਗੂ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ। ਉਨ੍ਹਾਂ  ਕਿਹਾ ਕਿ ਸੁਖਬੀਰ ਅਤੇ ਹੋਰ ਅਕਾਲੀ ਆਗੂ ਆਪਾ ਬਚਾਉਣ ਲਈ ਗੁੰਮਰਾਹਕੁਨ ਪ੍ਰਚਾਰ ਕਰ ਰਹੇ ਹਨ।

ਸੁਖਬੀਰ ਬਾਦਲ ਨੇ ਡੇਰਾ ਬਾਬਾ ਨਾਨਕ ਤੋਂ ਸ਼ੁਰੂ ਕੀਤੀ ‘ਜਬਰ ਵਿਰੋਧੀ ਲਹਿਰ’
ਕਿਹਾ-ਅਕਾਲੀਆਂ ਖ਼ਿਲਾਫ਼ ਦਰਜ ਹੋ ਰਹੇ ਪਰਚਿਆਂ ਸਬੰਧੀ ਕੇਸ ਪਾਰਟੀ ਖ਼ਰਚੇ ‘ਤੇ ਲੜੇ ਜਾਣਗੇ
ਬਟਾਲਾ/ਬਿਊਰੋ ਨਿਊਜ਼ :
ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਹਲਕਾ ਡੇਰਾ ਬਾਬਾ ਨਾਨਕ ਤੋਂ ‘ਜਬਰ ਵਿਰੋਧੀ ਲਹਿਰ’ ਦੀ ਸ਼ੁਰੂਆਤ ਕਰਦਿਆਂ ਵੱਖ-ਵੱਖ ਥਾਈਂ ਵਰਕਰਾਂ ਦੇ ਦੁਖੜੇ ਸੁਣੇ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਜਿਸ ਦਿਨ ਤੋਂ ਕਾਂਗਰਸ ਦੀ ਸਰਕਾਰ ਬਣੀ ਹੈ, ਉਸੇ ਦਿਨ ਤੋਂ ਅਕਾਲੀ ਵਰਕਰਾਂ ਉੱਪਰ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ। ਕਾਂਗਰਸੀਆਂ ਵੱਲੋਂ ਸੱਤਾ ਵਿਚ ਆਉਂਦਿਆਂ ਹੀ ਵਿਕਾਸ ਕਰਨ ਦੀ ਬਜਾਏ ਧੱਕੇਸ਼ਾਹੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਵੋਟ ਹਰ ਆਦਮੀ ਦਾ ਆਪਣਾ ਹੱਕ ਹੈ, ਜੋ ਕਿਸੇ ਨੂੰ ਡਰਾ-ਧਮਕਾ ਕੇ ਨਹੀਂ ਖੋਹਿਆ ਜਾ ਸਕਦਾ।
‘ਜਬਰ ਵਿਰੋਧੀ ਲਹਿਰ’ ਤਹਿਤ ਉਹ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿਚ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਨਾਲ ਸ. ਬਿਕਰਮ ਸਿੰਘ ਮਜੀਠੀਆ, ਜਥੇਦਾਰ ਸੁੱਚਾ ਸਿੰਘ ਲੰਗਾਹ, ਸ. ਨਿਰਮਲ ਸਿੰਘ ਕਾਹਲੋਂ, ਜਥੇਦਾਰ ਸੇਵਾ ਸਿੰਘ ਸੇਖਵਾਂ, ਦੇਸ ਰਾਜ ਸਿੰਘ ਧੁੱਗਾ, ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਤੇ ਹੋਰ ਆਗੂ ਵੀ ਹਾਜ਼ਰ ਹੁੰਦੇ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਬਣਨ ਉਪਰੰਤ ਅਕਾਲੀ ਵਰਕਰਾਂ ‘ਤੇ ਸਭ ਤੋਂ ਜ਼ਿਆਦਾ ਪਰਚੇ ਹਲਕਾ ਡੇਰਾ ਬਾਬਾ ਨਾਨਕ ਵਿਚ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜਿਹੜੇ ਅਕਾਲੀ ਵਰਕਰਾਂ ਉੱਪਰ ਝੂਠੇ ਪਰਚੇ ਦਰਜ ਹੋ ਰਹੇ ਹਨ, ਉਨ੍ਹਾਂ ਦੀ ਕਾਨੂੰਨੀ ਲੜਾਈ ਲੜਨ ਲਈ ਅਕਾਲੀ ਦਲ ਵੱਲੋਂ ਵਕੀਲਾਂ ਦਾ ਪੈਨਲ ਬਣ ਰਿਹਾ ਹੈ, ਜੋ ਜ਼ਿਲ੍ਹਾ ਪੱਧਰ ‘ਤੇ ਹਾਈਕੋਰਟ ਵਿਚ ਕੇਸ ਲੜੇਗਾ, ਜਿਸ ਦਾ ਖਰਚਾ ਅਕਾਲੀ ਦਲ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਇਹ ਜ਼ਿਆਦਤੀਆਂ ਅਤੇ ਧੱਕੇਸ਼ਾਹੀਆਂ ਬੰਦ ਨਾ ਹੋਈਆਂ ਤਾਂ ਅਕਾਲੀ ਦਲ ਦੀ ਸਰਕਾਰ ਆਉਣ ‘ਤੇ ਇਨ੍ਹਾਂ ਥਾਣਿਆਂ ਵਿਚ ਹੀ ਇਨ੍ਹਾਂ ਥਾਣੇਦਾਰਾਂ ਕੋਲੋਂ ਇਸੇ ਤਰ੍ਹਾਂ ਹੀ ਪਰਚੇ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸੱਤਾ ਵਿਚ ਆਉਣ ਲਈ ਆਪਣੇ ਚੋਣ ਮਨੋਰਥ ਪੱਤਰ ਵਿਚ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਤੇ ਸ਼ਾਇਦ ਇਹ ਪਹਿਲੀ ਸਰਕਾਰ ਹੋਵੇਗੀ ਜੋ ਸੱਤਾ ਵਿਚ ਆਉਣ ਦੇ 5 ਮਹੀਨੇ ਬਾਅਦ ਇਕ ਵੀ ਚੋਣ ਵਾਅਦਾ ਪੂਰਾ ਨਹੀਂ ਕਰ ਸਕੀ। ਉਨ੍ਹਾਂ ਅਮਨ-ਕਾਨੂੰਨ ਦੀ ਸਥਿਤੀ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਪੰਜਾਬ ਵਿਚ ਸ਼ਰੇਆਮ ਗੁੰਡਾ ਅਨਸਰਾਂ ਵੱਲੋਂ ਹੱਤਿਆਵਾਂ ਤੇ ਲੁੱਟਾਂ-ਖੋਹਾਂ ਕੀਤੀਆਂ ਜਾ ਰਹੀਆਂ ਹਨ। ਬੇਅਦਬੀ ਦੀਆਂ ਘਟਨਾਵਾਂ ਆਏ ਦਿਨ ਵਧ ਰਹੀਆਂ ਹਨ ਤੇ ਸਾਡੇ ਵੱਲੋਂ ਸ਼ੁਰੂ ਕੀਤੇ ਵਿਕਾਸ ਕਾਰਜ ਵੀ ਰੋਕ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਆਪਣੇ ਕੀਤੇ ਚੋਣ ਵਾਅਦੇ ਅਨੁਸਾਰ ਕਿਸੇ ਵੀ ਕਿਸਾਨ ਦਾ ਕੋਈ ਕਰਜ਼ਾ ਮੁਆਫ਼ ਨਹੀਂ ਕਰ ਸਕੀ ਤੇ ਕਿਸਾਨ ਖੁਦਕੁਸ਼ੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵਿਕਾਸ ਕਰਨ ਦੀ ਥਾਂ ਧੱਕੇਸ਼ਾਹੀਆਂ ਕਰਨ ਵਿਚ ਰੁੱਝ ਗਈ ਹੈ ਅਤੇ 5 ਮਹੀਨੇ ਵਿਚ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ, ਹਰ ਘਰ ਵਿਚ ਪੱਕੀ ਨੌਕਰੀ ਦੇਣ ਅਤੇ ਪੰਜਾਬ ਨੂੰ ਇਕ ਮਹੀਨੇ ਵਿਚ ਨਸ਼ਾ ਮੁਕਤ ਕਰਨ ਜਿਹੇ ਇਕ ਵੀ ਵਾਅਦੇ ਨੂੰ ਬੂਰ ਨਹੀਂ ਪਿਆ। ਵਿਧਾਇਕ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਥਾਨਕ ਕਾਂਗਰਸੀ ਵਿਧਾਇਕ ਨੇ ਵਿਧਾਨ ਸਭਾ ਵਿਚ ਕਿਹਾ ਸੀ ਕਿ ਮਜੀਠੀਆ ਨੂੰ ਜੇਲ੍ਹ ਅੰਦਰ ਸੁੱਟਾਂਗੇ ਅਤੇ ਮੈਂ ਉਸ ਦੇ ਹਲਕੇ ਵਿਚ ਆਇਆ ਹਾਂ, ਉਸ ਵਿਚ ਹਿੰਮਤ ਹੈ ਤਾਂ ਮੈਨੂੰ ਗ੍ਰਿਫ਼ਤਾਰ ਕਰਕੇ ਵਿਖਾਏ, ਨਹੀਂ ਤਾਂ ਅਕਾਲੀ ਸਰਕਾਰ ਆਉਣ ‘ਤੇ ਸਭ ਤੋਂ ਪਹਿਲਾਂ ਇਸ (ਕਾਂਗਰਸੀ ਵਿਧਾਇਕ) ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਵਿਚ ਭੇਜਿਆ ਜਾਵੇਗਾ। ਜਥੇਦਾਰ ਸੁੱਚਾ ਸਿੰਘ ਲੰਗਾਹ ਨੇ ਹਲਕੇ ਵਿਚ ਅਕਾਲੀ ਵਰਕਰਾਂ ਨਾਲ ਹੋ ਰਹੀਆਂ ਧੱਕੇਸ਼ਾਹੀਆਂ ਦੀ ਤਿਆਰ ਕੀਤੀ ਰਿਪੋਰਟ ਤੋਂ ਸਾਰਿਆਂ ਨੂੰ ਜਾਣੂ ਕਰਵਾਇਆ ਅਤੇ ਕਿਹਾ ਕਿ ਹਲਕਾ ਵਿਧਾਇਕ ਦੀ ਸ਼ਹਿ ‘ਤੇ ਅਕਾਲੀ ਸਰਪੰਚਾਂ ਉੱਪਰ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ ਅਤੇ ਗਰਾਂਟਾਂ ਦੀ ਜਾਂਚ ਕਰਵਾਉਣ ਦੇ ਡਰਾਵੇ ਦੇ ਕੇ ਸਰਪੰਚਾਂ ਨੂੰ ਕਾਂਗਰਸ ਵਿਚ ਸ਼ਾਮਲ ਹੋਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਸ ਮੌਕੇ ਸੁਖਜਿੰਦਰ ਸਿੰਘ ਲੰਗਾਹ, ਸਾਬਕਾ ਚੇਅਰਮੈਨ ਸੁਖਬੀਰ ਸਿੰਘ ਵਾਹਲਾ, ਯੂਥ ਪ੍ਰਧਾਨ ਪਰਮਵੀਰ ਸਿੰਘ ਲਾਡੀ, ਬਾਬਾ ਬਚਿੱਤਰ ਸਿੰਘ ਹਰਦੋਰਵਾਲ, ਗੁਰਸ਼ਰਨ ਸਿੰਘ ਸੋਨੂੰ ਮੱਲ੍ਹੀ, ਮੰਗਲ ਸਿੰਘ ਬਟਾਲਾ, ਹਰਦਿਆਲ ਸਿੰਘ ਭਾਮ, ਜ਼ਿਲ੍ਹਾ ਯੂਥ ਰਮਨਦੀਪ ਸਿੰਘ ਸੰਧੂ, ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਅਤੇ ਗੁਰਦੇਵ ਸਿੰਘ ਧਾਰੋਵਾਲੀ ਵੀ ਹਾਜ਼ਰ ਸਨ।