ਸਿੰਘਾਪੁਰ : ਸਿੱਖ ਰੈਫ਼ਰੀ ਸੋਸ਼ਲ ਮੀਡੀਆ ‘ਤੇ ਨਸਲੀ ਟਿੱਪਣੀਆਂ ਦਾ ਸ਼ਿਕਾਰ

ਸਿੰਘਾਪੁਰ : ਸਿੱਖ ਰੈਫ਼ਰੀ ਸੋਸ਼ਲ ਮੀਡੀਆ ‘ਤੇ ਨਸਲੀ ਟਿੱਪਣੀਆਂ ਦਾ ਸ਼ਿਕਾਰ

ਸਿੰਘਾਪੁਰ/ਬਿਊਰੋ ਨਿਊਜ਼ :
ਇਥੇ ਇਕ ਫੁੱਟਬਾਲ ਮੈਚ ਤੋਂ ਬਾਅਦ 33 ਸਾਲਾ ਸਿੰਘਾਪੁਰ ਦੇ ਇਕ ਸਿੱਖ ਰੈਫ਼ਰੀ ਸੁਖਬੀਰ ਸਿੰਘ ਦੇ ਖ਼ਿਲਾਫ਼ ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਵੱਲੋਂ ਨਸਲੀ ਟਿੱਪਣੀਆਂ ਕੀਤੀਆਂ ਗਈਆਂ। ਹੁਣ ਇਸ ਮਾਮਲੇ ਵਿਚ ਬਰਤਾਨੀਆ ਦੀ ਇਕ ਸੰਸਥਾ ‘ਕਿਕ ਇਟ ਆਊਟ’ ਜਾਂਚ ਕਰ ਰਹੀ ਹੈ। ਬੀਤੇ ਸ਼ਨਿਚਰਵਾਰ ਨੂੰ ਸਿੰਘਾਪੁਰ ਦੇ ਨੈਸ਼ਨਲ ਸਟੇਡੀਅਮ ਵਿਚ ਇੰਟਰ ਮਿਲਾਨ ਅਤੇ ਚੈਲਸੀਆ ਵਿਚਾਲੇ ਇਕ ਮੈਚ ਖੇਡਿਆ ਗਿਆ, ਜਿਸ ਵਿਚ ਸੁਖਬੀਰ ਸਿੰਘ ਰੈਫ਼ਰੀ ਸੀ। ਇੰਟਰ ਮਿਲਾਨ ਨੇ ਇਸ ਮੈਚ ਵਿਚ ਚੈਲਸੀਆ ਨੂੰ 2-1 ਨਾਲ ਹਰਾ ਦਿੱਤਾ। ਮੈਚ ਦੌਰਾਨ ਸੁਖਬੀਰ ਸਿੰਘ ਦੇ ਕੁਝ ਫ਼ੈਸਲਿਆਂ ‘ਤੇ ਵਿਵਾਦ ਵੇਖਣ ਨੂੰ ਮਿਲਿਆ। ਜਿਸ ਤੋਂ ਬਾਅਦ ਟਵਿੱਟਰ ‘ਤੇ ਕਈ ਲੋਕਾਂ ਨੇ ਸੁਖਬੀਰ ਸਿੰਘ ਦੇ ਫ਼ੈਸਲਿਆਂ ਦੀ ਆਲੋਚਨਾ ਕੀਤੀ ਅਤੇ ਉਨ੍ਹਾਂ ਖ਼ਿਲਾਫ਼ ਨਸਲੀ ਟਿੱਪਣੀਆਂ ਵੀ ਕੀਤੀਆਂ। ਮੈਚ ਦੌਰਾਨ ਇਕ ਫ਼ੈਸਲੇ ਤਹਿਤ ਸੁਖਬੀਰ ਨੇ ਇੰਟਰ ਮਿਲਾਨ ਨੂੰ ਉਸ ਸਮੇਂ ਪੈਨਲਟੀ ਦੇ ਦਿੱਤੀ ਜਦੋਂ ਚੈਲਸੀਆ ਦੇ ਰੱਖਿਆ ਪੰਕਤੀ ਦੇ ਇਕ ਖ਼ਿਡਾਰੀ ਨੇ ਇੰਟਰ ਮਿਲਾਨ ਦੇ ਸਟ੍ਰਾਈਕਰ ਸਟੀਵਨ ਜੋਵੇਟਿਕ ਨੂੰ ਸੁੱਟਿਆ ਅਤੇ ਇਕ-ਦੂਸਰੇ ਫ਼ੈਸਲੇ ਵਿਚ ਸੁਖਬੀਰ ਨੇ ਚੈਲਸੀਆ ਦੇ ਖ਼ਿਡਾਰੀ ਵੱਲੋਂ ਕੀਤੇ ਗਏ ਗੋਲ ਨੂੰ ਆਫ਼ ਸਾਈਡ ਕਹਿ ਕੇ ਨਕਾਰ ਦਿੱਤਾ। ਫ਼ੀਫ਼ਾ ਮੈਚ ਏਜੰਟ ਬਲਜੀਤ ਰਿਹਾਲ ਅਨੁਸਾਰ ‘ਕਿਕ ਇਟ ਆਊਟ’ ਨੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਸੁਖਬੀਰ ਸਿੰਘ ਦੇ ਖ਼ਿਲਾਫ਼ ਕੀਤੀਆਂ ਗਈਆਂ ਨਸਲੀ ਟਿੱਪਣੀਆਂ ਬਾਰੇ ਲੋਕਾਂ ਤੋਂ ਸਾਨੂੰ ਸ਼ਿਕਾਇਤਾਂ ਮਿਲੀਆਂ ਹਨ। ਹਾਲਾਂਕਿ ਸਿੰਘਾਪੁਰ ਫੁੱਟਬਾਲ ਐਸੋਸੀਏਸ਼ਨ ਅਤੇ ਸੁਖਬੀਰ ਸਿੰਘ ਨੇ ਇਸ ਮਾਮਲੇ ‘ਤੇ ਅਜੇ ਕੋਈ ਟਿੱਪਣੀ ਨਹੀਂ ਕੀਤੀ। ਦੱਸਣਯੋਗ ਹੈ ਕਿ ਸੁਖਬੀਰ ਸਿੰਘ ਨੂੰ ਪਿਛਲੇ ਸਾਲ ਸਿੰਘਾਪੁਰ ਲੀਗ ਵਿਚ ਰੈਫ਼ਰੀ ਆਫ਼ ਦਾ ਯੀਅਰ ਚੁਣਿਆ ਗਿਆ ਸੀ।